Welcome to Canadian Punjabi Post
Follow us on

13

July 2024
 
ਨਜਰਰੀਆ

ਰਮਿੰਦਰ ਰੰਮੀ ਦੀ ਕਾਵਿ-ਪੁਸਤਕ ‘ਤੇਰੀ ਚਾਹਤ’ ਮੇਰੀ ਨਜ਼ਰ ‘ਚ ...

July 07, 2024 12:42 PM

ਡਾ. ਸੁਖਦੇਵ ਸਿੰਘ ਝੰਡ

 ਫ਼ੋਨ : +1 647-567-9128

‘ਤੇਰੀ ਚਾਹਤ’ ਰਮਿੰਦਰ ਰੰਮੀ ਦਾ ਦੂਸਰਾ ਕਾਵਿ-ਸੰਗ੍ਰਹਿ ਹੈ। ਇਸ ਤੋਂ ਪਹਿਲਾਂ ਉਸ ਦੀ ਪਲੇਠੀ ਕਾਵਿ-ਪੁਸਤਕ 2021 ਵਿਚ ਆਈ ਸੀ। ਉਹ ਤਾਂ ਮੈਂ ਉਦੋਂ ਮੇਰੀ ਨਜ਼ਰੇ ਨਾ ਪਈ, ਅਲਬੱਤਾ! ਆਪਣੀ ਇਹ ਦੂਸਰੀ ਪੁਸਤਕ ਰੰਮੀ ਨੇ ਮੈਨੂੰ ਪਿਛਲੇ ਦਿਨੀਂ ਇੱਕ ਸਾਹਿਤਕ ਸਮਾਗ਼ਮ ਦੌਰਾਨ ਦਿੱਤੀ ਤੇ ਨਾਲ ਹੀ ਇਸ ਦੇ ਬਾਰੇ ਕੁਝ ਸ਼ਬਦ ਲਿਖਣ ਲਈ ਵੀ ਕਿਹਾ ਜਿਸ ਦੇ ਲਈ ਮੈਂ ਹਾਮੀ ਭਰ ਦਿੱਤੀ। ਇਹ ਕਿਤਾਬ ਪੜ੍ਹ ਤਾਂ ਮੈਂ ਦੋ ਕੁ ਦਿਨਾਂ ‘ਚ ਹੀ ਲਈ ਪਰ ਇਸ ਦੇ ਬਾਰੇ ਕੁਝ ਲਿਖਣ ‘ਚ ਮੇਰੇ ਵੱਲੋਂ ਕਾਫ਼ੀ ਘੌਲ਼ ਹੋ ਗਈ। ਕਾਰਨ ਕੁਝ ਘਰੇਲੂ ਤੇ ਸਮਾਜਿਕ ਰੁਝੇਵੇਂ ਤੇ ਕਈ ਵਾਰ ਕੁਝ ਵੀ ਲਿਖਣ/ਪੜ੍ਹਨ ਨੂੰ ਮਨ ਨਾ ਕਰਨਾ।

ਹਿੰਮਤ ਕਰਕੇ ਪੁਸਤਕ ਨੂੰ ਦੋਬਾਰਾ ਫਰੋਲਿਆ। ਫਿਰ ਸਮਝ ਨਾ ਆਵੇ ਕਿ ਗੱਲ ਕਿੱਥੋਂ ਸ਼ੁਰੂ ਕੀਤੀ ਜਾਵੇ, ਕਿਉਂਕਿਪੁਸਤਕ ਵਿਚ ਰੰਮੀ ਦੀ‘ਚਾਹਤ’ ਦੀਆਂ ਕਈ ਵੰਨਗੀਆਂ ਤੇ ਪਰਤਾਂ ਹਨ। ਕਿਹੜੀ ਨੂੰ ਪਹਿਲਾਂ ਹੱਥ ਪਾਵਾਂ, ਇਸ ਦਾ ਫ਼ੈਸਲਾ ਕਰਦਿਆਂ ਵੀ ਦੋ-ਤਿੰਨ ਦਿਨ ਲੰਘ ਗਏ। ਫਿਰ ਸੋਚਿਆ ਇਸ ਦੀ ਸ਼ੁਰੂਆਤ ਰੰਮੀ ਦੀ ਰੱਬ ਨੂੰ ਮੁਖ਼ਾਤਬ ਪੁਸਤਕ ਦੇ ਟਾਈਟਲ ਵਾਲੀਪਹਿਲੀ ਕਵਿਤਾ ‘ਤੇਰੀ ਚਾਹਤ’ਨਾਲ ਹੀਕਰਦਾ ਹਾਂ ਜਿਸ ਵਿਚ ਉਹ‘ਰੱਬ’ ਨੂੰ ਗੁਰਬਾਣੀ ਦੀਆਂ ਕਈ ਤੁਕਾਂ ਨਾਲ ਸੰਬੋਧਿਤ ਹੁੰਦੀ ਹੈ :

                            “ਜੇ ਤੂ ਮਿਤ੍ਰ ਅਸਾਡੜਾ ਹਿਕ ਭੋਰੀ ਨਾ ਵਿਛੋੜਿ।।“     

ਅਤੇ                                                                                                                       

“ਮੇਰੇ ਹਿਰਦੇ ਸੁੱਧ ਬੁੱਧ ਵਿਸਰ ਗਈ

                             ਮਨ ਆਸਾ ਚਿੰਤ ਵਿਸਾਰਿਆ।।“                  (ਪੰਨਾ-20)

ਰੰਮੀ ਨੂੰ ਗੁਰਬਾਣੀ, ਮਾਂ-ਪਿਓ, ਅਧਿਆਪਕਾਂ, ਬੱਚਿਆਂ, ਗ਼ਰੀਬਾਂ, ਅਨਾਥਾਂ,ਮਜ਼ਲੂਮਾਂ ਤੇ ਪੁਸਤਕਾਂ ਨਾਲ ਮੁਹੱਬਤ ਹੈ। ਉਹ ਕਈ ਕਵਿਤਾਵਾਂ ਵਿੱਚ ‘ਨੂਰੀ ਪ੍ਰੀਤਮ’ (ਪ੍ਰਮਾਤਮਾ) ਨੂੰ ਯਾਦ ਕਰਦੀ ਹੈ।ਉਸ ਦਾ ਕਹਿਣਾ ਹੈ ਕਿ ਇਹ ਮੁਹੱਬਤ ਬਿਨਾਂ ਕੁਝ ਬੋਲਿਆਂ ਤੇ ਬਿਨਾਂ ਕਿਸੇ ਦੇ ਕੁਝ ਕਹਿਣ/ਸੁਣਨ ਦੇਹੋ ਜਾਂਦੀ ਹੈ ਅਤੇ ਇਸ ਦੇ ਲਈ ਕੋਈ ਪ੍ਰੀਖਿਆ ਦੇਣ ਦੀ ਜ਼ਰੂਰਤ ਨਹੀਂ ਹੈ।ਇਹ ਮੁਹੱਬਤ ਰੱਬ ਦੇ ਵੱਲੋਂ ਭੇਜੀ ਗਈ ਕਿਸੇ ‘ਪਾਕਿ-ਰੂਹ’ (ਕੁੱਤੇ) ਦੇ ਰੂਪ ਵਿਚ‘ਨਾਨੂੰ’ਵਿੱਚਵੀ ਰੂਪਮਾਨ ਹੋ ਸਕਦੀ ਹੈ।(ਪੰਨਾ: 125-128)

        ਰਮਿੰਦਰ ਰੰਮੀ ਦੀ ਆਪਣੇ ਅੰਦਰ ਨੂੰ ਜਾਣਨ ਦੀ ਭਾਰੀ ਤਾਂਘ ਤੇ ਚਾਹਤ ਹੈ। ਇਹ ਅਹਿਸਾਸ ਤੇ ਇਸ ਨੂੰ ਪਾਉਣ ਦੀ ਕੋਸ਼ਿਸ਼ ਉਸ ਦੀ ਕਵਿਤਾ ਦਾ ਆਧਾਰ ਬਣਦੇ ਹਨ ਅਤੇ ਇਨ੍ਹਾਂ ਰਾਹੀਂ ਉਹ ਸਮਾਜਿਕ ਸਰੋਕਾਰ ਰਚਾਉਂਦੀ ਹੈ। ਕਦੇ ਅੰਤਰਮੁਖੀ ਤੇ ਕਦੇ ਬਾਹਰਮੁਖੀ ਹੋ ਕੇ ਉਹ ਦੋਸਤਾਂ,ਸਖੀਆਂਤੇ ਮਹਿਬੂਬ ਨੂੰ ਸੰਬੋਧਿਤ ਹੁੰਦੀ ਉਨ੍ਹਾਂ ਨੂੰ ਪੁੱਛਦੀ ਹੈ :

ਐ ਦੋਸਤ

                               ਜਾਣਦਾ ਤੇ ਤੂੰ ਹੈ ਹੀ

                               ਮੈਂ ਵੀ ਜਾਣਦੀ ਹਾਂ ਇਹ

                               ਕਿ ਤੂੰ ਮੇਰੇ ਨਾਲ ਨਰਾਜ਼ ਨਹੀਂ ਹੈਂ

ਨਰਾਜ਼ ਮੈਂ ਵੀ ਨਹੀਂ ਹਾਂ ਤੇਰੇ ਨਾਲ

                               ਤੂੰ ਫਿਰ ਮੇਰੇ ਨਾਲ ਯਕਦਮ

                               ਇਹ ਦੂਰੀ ਕਿਉਂ ਬਣਾ ਲਈ?               (ਪੰਨਾ-93)

ਲੱਗਦਾ ਹੈ, ਰਮਿੰਦਰ ਰੰਮੀ ਨੇ ‘ਬਿਰਹਾ ਦੇ ਸੁਲਤਾਨ’ ਸ਼ਿਵ ਕੁਮਾਰ ਬਟਾਲਵੀ ਨੂੰ ਵਾਹਵਾ ਈ ਪੜ੍ਹਿਆ ਹੈ। ਤਾਂ ਹੀ ਆਪਣੀ ਕਵਿਤਾ ‘ਆ ਸ਼ਿਵ ਬਹਿ ਗੱਲਾਂ ਕਰੀਏ ਵਿਚ ਉਹ ਉਸ ਨੂੰਯਾਦ ਕਰਦਿਆਂ ਕਹਿੰਦੀ ਹੈ : 

ਆ ਸ਼ਿਵ ਬਹਿ

                               ਗੱਲਾਂ ਕਰੀਏ

                               ਕੁਝ ਆਰ ਦੀਆਂ

                               ਕੁਝ ਪਾਰ ਦੀਆਂ

ਇਕ ਸ਼ਿਕਰਾ ਯਾਰ ਬਣਾਉਣ ਦੀਆਂ।         (ਪੰਨਾ-110)

ਏਥੇ ਹੀ ਬੱਸ ਨਹੀਂ, ਉਹ ਆਪਣੀ ਇਸ ਕਵਿਤਾ ਵਿਚਸ਼ਿਵਕੁਮਾਰ ਦੀਆਂ ਸਤਰਾਂ “ਕਿੰਨੀ ਬੀਤੀ ਤੇ ਕਿੰਨੀ ਬਾਕੀ ਹੈ, ਮੈਨੂੰ ਇਹੋ ਹਿਸਾਬ ਲੈ ਬੈਠਾ”, “ਸੁਣਿਓ ਵੇ ਕਲਮਾਂ ਵਾਲਿਓ” , ‘ਗ਼ਮਾਂ ਦੀ ਰਾਤ ਲੰਮੀ ਏ ਜਾਂ ਮੇਰੇ ਗੀਤ ਲੰਮੇ ਨੇ”, ਆਦਿ ਵੀ ਦੁਹਰਾਉਂਦੀ ਹੈ।

 

ਕਵਿਤਾ ‘ਹੁਣ ਚੁੱਪ ਨਹੀਂ ਬੈਠਾਂਗੀ’ ਵਿਚ ਉਸ ਦੀ ਕਲਮਔਰਤ ਨੂੰ ਜੀਵਨ ਵਿੱਚ ਅੱਗੇ ਆਉਣ ਲਈ ਝੰਜੋੜਦੀ ਤੇਵੰਗਾਰਦੀ ਹੈ :

ਕੌਣ ਬਣਿਆ ਆਪਣਾ ਤੇਰਾ

ਮਾਂ-ਪਿਓ, ਭੈਣ ਭਰਾ, ਬੱਚੇ

                              ਦੋਸਤ, ਸਮਾਜ

                              ਕਿਸ ਨੇ ਫੜ੍ਹੀ ਬਾਂਹਤੇਰੀ

                              ਤੇਰੇ ‘ਡੂ’/‘ਡਾਈ’ ਕਹਿਣ ਦਾ

ਕਿਸ ‘ਤੇ ਹੋਇਆ ਅਸਰ

                              ਕਮਜ਼ੋਰ ਹੈ ਕੀ ਤੂੰ?

                              ਕੀ ਹਿੰਮਤ ਨਹੀਂ ਤੇਰੇ ਵਿੱਚ?

                              ਹੁਣ ਤਾਂ ਜਹਾਜ਼ ਉਡਾਉਂਦੀਆਂ

ਨੇ ਤੀਵੀਆਂ

                              ਚੰਦਰਮਾ ਔਰ ਮੈਦਾਨੇ-ਜੰਗ

                              ਵੀ ਪਹੁੰਚ ਗਈ ਹੈ ਤੀਵੀਂ ਹੁਣ

                              ਕੀ ਤੂੰ ਆਪਣੇ ਹੱਕਾਂ ਲਈ

                              ਲੜ ਨਹੀਂ ਸਕਦੀ? (ਪੰਨਾ-158)

       ਪੋਠੋਹਾਰੀ ਬੋਲੀ ਵਿਚ ਲਿਖੀ ਗਈ ਕਵਿਤਾ ‘ਸੁਣ ਸੱਜਣ ਜੀ’ ਮੈਨੂੰ ਕਾਫ਼ੀ ਦਿਲਚਸਪ ਲੱਗੀ। ਇਸ ਵਿਚ ਆਏ ਸ਼ਬਦ ‘ਹੋਸੀ’, ‘ਜਾਸੀ’, ‘ਲੱਭਸੀ’, ‘ਨਿਕਲਸੀ’ਬਹੁਤ ਵਧੀਆ ਲੱਗੇ :

ਸੁਣ ਸੱਜਣ ਜੀ

                              ਹਿਕ ਗੱਲ ਅਸਾਡੀ

                              ਅਸਾਂ ਪ੍ਰੀਤ ਤੁਝ ਸਿਉਂ ਲਗਾਈ

                              ਰੱਬ ਜਾਣੇ ਕਦ ਹੋਸੀ ਮੇਲੇ

                              ਸਾਡੀਜਾਨ ਦੁੱਖਾਂ ਨੂੰ ਆਈ

ਕੈਸਾ ਰੋਗ ਅਵੱਲੜਾ ਇਸ਼ਕੇ ਦਾ ਲੱਗਾ

                              ਹੁਣਸਹਿਣਨਾ ਹੋਸੀ ਤੇਰੀ ਜੁਦਾਈ

ਸਾਡੀ ਜ਼ਬਾਨ ਤਾਲ਼ੂ ਸੰਗ ਲੱਗ ਜਾਸੀ

                              ਮੂੰਹੋਂ ਬੋਲ ਨਾ ਨਿਕਲਸੀ ਕਾਈ।                    (ਪੰਨਾ-137)

ਇਸ ਦੇ ਨਾਲ ਹੀ ਇਸ ਪੁਸਤਕ ਦੀਆਂ ਕਈ ਕਵਿਤਾਵਾਂ ਦੇ ਹੋਰ ਪੱਖਾਂ ਬਾਰੇ ਵੀ ਗੱਲ ਕਰਨ ਨੂੰ ਜੀਅ ਕਰਦਾ ਹੈ। ਪੁਸਤਕ ਵਿਚ ਕਈ ਕਵਿਤਾਵਾਂ ਦੇ ਸਿਰਲੇਖ ਰੰਮੀ ਨੇ ਹੋਰ ਕਵੀਆਂ ਦੀਆਂ ਕਵਿਤਾਵਾਂ ਵਾਲੇ ਉਵੇਂ ਦੇ ਉਵੇਂ ਹੀ ਰੱਖ ਲਏ ਹਨ ਜੋ ਮੈਨੂੰਏਨੇ ਸਹੀ ਨਹੀਂ ਲੱਗੇ। ਜਿਵੇਂ, ਸੰਤ ਰਾਮ ਉਦਾਸੀ ਦੀ ਮਸ਼ਹੂਰ ਕਵਿਤਾ “ਮੇਰੀ ਮੌਤ ‘ਤੇ ਨਾ ਰੋਇਓ ਮੇਰੀ ਸੋਚ ਨੂੰ ਬਚਾਇਓ” ਨੂੰ ਉਹਆਪਣੀ ਏਸੇ ਸਿਰਲੇਖ ਵਾਲੀ ਕਵਿਤਾ ਵਿੱਚ ਏਸੇ ਮੁਖੜੇ ਦੀ ਹੀ ਪਹਿਲੀ ਸਤਰ ਨਾਲ ਆਰੰਭ ਕਰਦੀ ਹੈ :

                               ਮੇਰੀ ਮੌਤ ‘ਤੇ ਨਾ ਰੋਇਓ,

ਮੈਨੂੰ ਦਿਲ ਵਿੱਚ ਵਸਾਇਓ।

                               ਜਦ ਯਾਦ ਕਦੀ ਮੇਰੀ ਆਏ,

                               ਥੋੜ੍ਹਾ ਜਿਹਾ ਮੁਸਕਰਾਇਓ।           (ਪੰਨਾ-43)

ਏਸੇ ਤਰ੍ਹਾਂ ਬਾਬਾ ਬੁਲ੍ਹੇ ਸ਼ਾਹ ਦੇ ਕਲਾਮ “ਤੇਰੇ ਇਸ਼ਕ ਨਚਾਇਆ ਕਰਕੇ ਥਈਆ ਥਈਆ” ਨੂੰ ਵੀ ਉਹ ਆਪਣੀ ਇਕ ਕਵਿਤਾਦਾ ਸਿਰਲੇਖ ਬਣਾਉਂਦੀ ਹੈ ਇਸ ਦੇ ਇਕ ਬੰਦ ਨੂੰ ਉਸ ਕਵਿਤਾ ਦੇ ਅੰਤ ਵਿਚ ਹੂ-ਬਹੂ ਵਰਤਦੀ ਹੈ :

                               “ਬਹੁੜੀ ਵੇ ਤਬੀਬਾ ਮੈਂਡੀ ਜਿੰਦ ਗਈਆ।

                               ਤੇਰੇ ਇਸ਼ਕ ਨਚਾਇਆ ਕਰ ਥਈਆ ਥਈਆ।“   (ਪੰਨਾ-112)

ਇੱਕ ਕਵਿਤਾ ਦਾ ਸਿਰਲੇਖ ਉਰਦੂ ਦੇ ਮਹਾਨ ਸ਼ਾਇਰ ਮਿਰਜ਼ਾ ਗ਼ਾਲਿਬ ਦੇ ਸ਼ਿਅਰ “ਦਿਲੇ-ਨਾਦਾਂ ਤੁਝੇ ਹੁਆ ਕਿਆ ਹੈ” ਦੇ ਨਾਂ ‘ਤੇ ਵੀ ਰੱਖਿਆ ਗਿਆ ਹੈਅਤੇ ਇਸ ਸ਼ਿਅਰ ਨੂੰ ਕਵਿਤਾ ਦੇ ਅਖ਼ੀਰ ਵਿਚ ਪੂਰੇ ਦਾ ਪੂਰਾ ਦਰਜ ਵੀ ਕੀਤਾ ਗਿਆ ਹੈ :

“ਦਿਲੇ-ਨਾਦਾਂ ਤੁਝੇ ਹੁਆ ਕਿਆ ਹੈ,

                                  ਆਖਰ ਇਸ ਦਰਦ ਕੀ ਦਵਾ ਕਿਆ ਹੈ।”(ਪੰਨਾ-63)

ਪਤਾ ਨਹੀਂ, ਇਹ ਉਸ ਦੀ ਇਨ੍ਹਾਂ ਕਵੀਆਂ ਪ੍ਰਤੀ ਸ਼ਰਧਾ ਹੈ, ਮਜਬੂਰੀ ਹੈ ਜਾਂ ਕੋਈ ਹੋਰ ਭਾਵਨਾ ਹੈ, ਇਹ ਤਾਂ ਉਹੀ ਜਾਣਦੀ ਹੈ ਪਰ ਮੈਨੂੰ ਇਹ ਪਿਰਤ ਏਨੀ ਸਾਰਥਿਕ ਨਹੀਂ ਲੱਗਦੀ।  

ਕਵਿਤਾਵਾਂ ਵਿਚ ਕਈ ਅੱਖਰਾਂ ਉੱਪਰ ਅੱਧਕ ਦੀ ਬੇਲੋੜੀ ਵਰਤੋਂ ਕਈ ਥਾਈਂ ਰੜਕਦੀ ਹੈ, ਜਿਵੇਂ ਕਦ, ਜਦ, ਤਦ ਆਦਿ ਅੱਖਰਾਂ ਉੱਪਰ ਅੱਧਕ ਦੀ ਬਿਲਕੁਲ ਜ਼ਰੂਰਤ ਨਹੀਂ ਹੈ। ਅੱਧਕ ਪਾਉਣ ਨਾਲ ਸਗੋਂ ਇਨ੍ਹਾਂ ਦੇ ਤਾਂ ਅਰਥ ਹੀ ਬਦਲ ਜਾਂਦੇ ਹਨ। ਕਈ ਥਾਈਂ ਇਹ ਅੱਧਕ ਗ਼ਲਤ ਜਗ੍ਹਾ ‘ਤੇ ਵੀ ਪਈ ਹੈ, ਜਿਵੇਂ ਸ਼ਬਦ ‘ਇਕੱਲੀ’ ਨੂੰ ‘ਇੱਕਲੀ’ ਅਤੇ ‘ਅਵੱਲੜਾ’ ਨੂੰ ‘ਅਵਲੱੜਾ’ ਲਿਖਿਆ ਗਿਆ ਹੈ। ਰਮਿੰਦਰ ਦੀ ਇਹ ਦੂਸਰੀ ਕਿਤਾਬ ਹੈ ਅਤੇ ਉਸ ਨੂੰ ਸ਼ਬਦ-ਜੋੜਾਂ ਦੀਆਂ ਇਨ੍ਹਾਂ ਨਿੱਕੀਆਂ-ਨਿੱਕੀਆਂ ਗੱਲਾਂ ਵੱਲ ਧਿਆਨ ਦੇਣ ਦੀ ਲੋੜ ਹੈ, ਕਿਉਂਕਿਪਾਠਕਾਂ ਵੱਲੋਂ ਇਨ੍ਹਾਂ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ।

176 ਪੰਨਿਆਂ ਦੀ ਇਸ ਪੁਸਤਕ ਵਿਚ ਰੰਮੀਨੇ ਆਪਣੀਆਂ 73 ਕਵਿਤਾਵਾਂ ਦਰਜ ਕੀਤੀਆਂ ਹਨ। ਬਹੁਤ ਸਾਰੀਆਂ ਕਵਿਤਾਵਾਂ ਨਿੱਜ ਨਾਲ ਤੇ ਔਰਤ ਜਾਤ ਨਾਲ ਸਬੰਧਿਤ ਹਨ। ਦੋ ਕੁ ਰੇਖਾ-ਚਿੱਤਰ ਵੀ ਹਨ ਅਤੇ ਕਈ ਹੋਰਨਾਂ ਦੇ ਵਿਸ਼ੇ ਵੱਖਰੇ ਵੀ ਹਨ। ਕਈ ਕਵਿਤਵਾਂ ਕਾਫ਼ੀ ਲੰਮੀਆਂ ਚਾਰ-ਚਾਰ/ਪੰਜ-ਪੰਜ ਸਫ਼ਿਆਂ ਦੀਆਂ ਹਨ ਪਰ ਬਹੁਤੀਆਂ ਦੋ ਜਾਂ ਤਿੰਨ ਪੰਨਿਆਂ ਵਿਚ ਹੀ ਸਮੇਟੀਆਂ ਗਈਆਂ ਹਨ। ਰਮਿੰਦਰ ਰੰਮੀ ਵੱਲੋਂ ਇਹ ਵਧੀਆ ਉਪਰਾਲਾ ਕੀਤਾ ਗਿਆ ਹੈ ਅਤੇ ਅੱਗੋਂ ਵੀ ਉਸ ਕੋਲੋਂ ਨਵੇਂ ਵਿਸ਼ਿਆਂ ਉੱਪਰ ਲਿਖੀਆਂ ਕਵਿਤਾਵਾਂ ਲਿਖੇ ਜਾਣ ਦੀ ਆਸ ਹੈ। ਇਨ੍ਹਾਂ ਸ਼ਬਦਾਂ ਨਾਲ ਮੈਂ ਉਸ ਨੂੰ ਇਸ ਉਪਰਾਲੇ ਦੀ ਹਾਰਦਿਕ ਵਧਾਈ ਦਿੰਦਾ ਹਾਂ ਅਤੇ ਹੋਰ ਵੀ ਵਧੀਆ ਲਿਖਣ ਲਈ ਕਹਿੰਦਾ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਜਸਵੰਤ ਸਿੰਘ ਕੰਵਲ ਦੇ 105ਵੇਂ ਜਨਮ ਦਿਵਸ `ਤੇ ‘ਪੰਜਾਬੀਆਂ ਦਾ ਬਾਈ ਜਸਵੰਤ ਸਿੰਘ ਕੰਵਲ’ ਪੁਸਤਕ ਵਰਿਆਮ ਸਿੰਘ ਸੰਧੂ ਨੂੰ ਭੇਟ ਕਰਦਿਆਂ ਭੀੜਾਂ ਦੀ ਭਾਜੜ ਵਿੱਚ ਮਰਦੇ ਲੋਕ ਤੇ ਚਿੰਤਾ ਸਿਰਫ ਮੁਆਵਜ਼ੇ ਦੇਣ ਦੇ ਐਲਾਨਾਂ ਤੱਕ ਸੀਮਤ! ਕਹਿਣ ਨੂੰ ਤਾਂ ਲੋਕਤੰਤਰ, ਪਰ ਅਸਲ ਵਿੱਚ ਲੋਕਤੰਤਰੀ ਸਰਕਸ ਬਣ ਚੁੱਕਾ ਹੈ ਭਾਰਤ ਵਿਸ਼ਵ ਦੇ ਮਹਾਨ ਖਿਡਾਰੀ: ਫੁੱਟਬਾਲ ਦਾ ਸ਼ਹਿਨਸ਼ਾਹ ਕ੍ਰਿਸਟਿਆਨੋ ਰੋਨਾਲਡੋ ਨਵੀਂ ਸਰਕਾਰ ਡਿੱਗਣ ਵਾਲੀ ਨਹੀਂ, ਹਾਲਾਤ ਮੁਤਾਬਕ ਲੋਕ ਹਿੱਤ ਲਈ ਨਵੇਂ ਰਾਹ ਉਲੀਕਣੇ ਪੈਣਗੇ ਸੰਜੀਦਾ ਧਿਰਾਂ ਨੂੰ ਨਵੇਂ ਸਿਰਿਉਂ ਪੰਜਾਬ ਬਾਰੇ ਵੀ ਸੋਚਣਾ ਪਵੇਗਾ, ਦੇਸ਼ ਬਾਰੇ ਵੀ ਇਨ੍ਹਾਂ ਚੋਣਾਂ ਨੇ ਸਾਬਤ ਕਰ ਦਿੱਤੈ ਕਿ ਚੋਣ ਕਮਿਸ਼ਨ ਬਿਨਾਂ ਵੀ ਭਾਰਤ ਦਾ ਕੰਮ ਚੱਲ ਸਕਦੈ ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ...