ਤਲਅਵੀਵ, 7 ਜੁਲਾਈ (ਪੋਸਟ ਬਿਊਰੋ): ਇਜ਼ਰਾਇਲੀ ਫੌਜ ਨੇ ਸ਼ਨੀਵਾਰ ਨੂੰ ਗਾਜ਼ਾ ਦੇ ਇੱਕ ਸਕੂਲ 'ਤੇ ਹਵਾਈ ਹਮਲਾ ਕੀਤਾ। ਇਸ ਵਿਚ 16 ਲੋਕਾਂ ਦੀ ਮੌਤ ਹੋ ਗਈ ਅਤੇ 75 ਤੋਂ ਵੱਧ ਜ਼ਖਮੀ ਹੋ ਗਏ। ਅਲਜਜ਼ੀਰਾ ਦੀ ਰਿਪੋਰਟ ਮੁਤਾਬਕ ਇਹ ਸਕੂਲ ਸੰਯੁਕਤ ਰਾਸ਼ਟਰ (ਯੂ.ਐੱਨ.) ਦਾ ਸੀ, ਜਿੱਥੇ ਸ਼ਰਨਾਰਥੀਆਂ ਨੂੰ ਰੱਖਿਆ ਗਿਆ ਸੀ।
ਸਥਾਨਕ ਲੋਕਾਂ ਮੁਤਾਬਕ ਇਜ਼ਰਾਇਲੀ ਫੌਜ ਨੇ ਪਹਿਲਾਂ ਸਕੂਲ ਨੂੰ ਘੇਰ ਲਿਆ ਅਤੇ ਫਿਰ ਹਮਲਾ ਕਰ ਦਿੱਤਾ। ਇਜ਼ਰਾਇਲੀ ਹਮਲੇ ਕਾਰਨ ਸਕੂਲ ਦੀ ਇਮਾਰਤ ਢਹਿ ਗਈ, ਜਿਸ ਵਿਚ ਰਹਿਣ ਵਾਲੇ ਬੱਚੇ ਫਸ ਗਏ। ਸਥਾਨਕ ਲੋਕ ਬਚਾਅ ਕਾਰਜ ਚਲਾ ਰਹੇ ਹਨ। ਹੁਣ ਤੱਕ ਦੋ ਬੱਚਿਆਂ ਨੂੰ ਬਚਾ ਲਿਆ ਗਿਆ ਹੈ, ਜਿਨ੍ਹਾਂ ਵਿੱਚੋਂ ਇੱਕ ਬੱਚੀ ਦੇ ਹੱਥ ਵਿੱਚ ਗੰਭੀਰ ਸੱਟ ਲੱਗੀ ਹੈ। ਦੂਜੇ ਬੱਚੇ ਦੇ ਚਿਹਰੇ ਅਤੇ ਸਿਰ 'ਤੇ ਸੱਟਾਂ ਦੇ ਕਈ ਨਿਸ਼ਾਨ ਹਨ।
ਸੰਯੁਕਤ ਰਾਸ਼ਟਰ ਦੀ ਬਚਾਅ ਟੀਮ ਮੁਤਾਬਕ ਪਿਛਲੇ ਮਹੀਨੇ ਵੀ ਇਜ਼ਰਾਇਲੀ ਫੌਜ ਨੇ ਇਕ ਸਕੂਲ ਨੂੰ ਨਿਸ਼ਾਨਾ ਬਣਾਇਆ ਸੀ।
ਫਲਸਤੀਨੀ ਸਿਹਤ ਮੰਤਰਾਲੇ ਮੁਤਾਬਕ ਮਰਨ ਵਾਲਿਆਂ 'ਚ ਜਿ਼ਆਦਾਤਰ ਬੱਚੇ ਅਤੇ ਔਰਤਾਂ ਹਨ। 50 ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ, ਬਾਕੀਆਂ ਦਾ ਮੌਕੇ 'ਤੇ ਹੀ ਇਲਾਜ ਕੀਤਾ ਗਿਆ। ਇਜ਼ਰਾਇਲੀ ਫੌਜ ਨੇ ਸਕੂਲ ਨੂੰ ਅੱਤਵਾਦੀਆਂ ਦਾ ਅੱਡਾ ਦੱਸਿਆ ਹੈ।