ਨਵੀਂ ਦਿੱਲੀ, 6 ਮਈ (ਪੋਸਟ ਬਿਊਰੋ): ਪਾਕਿਸਤਾਨ-ਅਫਗਾਨਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਆਈਐੱਸ ਖੁਰਾਸਾਨ ਨੇ ਟੀ-20 ਵਿਸ਼ਵ ਕੱਪ ਦੌਰਾਨ ਅੱਤਵਾਦੀ ਹਮਲੇ ਕਰਨ ਦੀ ਧਮਕੀ ਦਿੱਤੀ ਹੈ। ਤ੍ਰਿਨੀਦਾਦ ਅਤੇ ਟੋਬੈਗੋ ਦੇ ਪ੍ਰਧਾਨ ਮੰਤਰੀ ਕੀਥ ਰਾਊਲੀ ਨੇ ਕਿਹਾ ਕਿ ਅੱਤਵਾਦੀ ਸੰਗਠਨ ਨੇ ਵੈਸਟਇੰਡੀਜ਼ ਸਮੇਤ ਕਈ ਦੇਸ਼ਾਂ ਨੂੰ ਵੀਡੀਓ ਸੰਦੇਸ਼ ਭੇਜੇ ਹਨ।
ਟੀ-20 ਵਿਸ਼ਵ ਕੱਪ 2 ਜੂਨ ਤੋਂ 29 ਜੂਨ ਤੱਕ ਵੈਸਟਇੰਡੀਜ਼ ਅਤੇ ਅਮਰੀਕਾ ਵਿੱਚ ਖੇਡਿਆ ਜਾਵੇਗਾ। ਭਾਰਤ ਦੇ ਸਾਰੇ ਲੀਗ ਮੈਚ ਅਮਰੀਕਾ ਵਿੱਚ ਹੋਣੇ ਹਨ। ਇਸ ਤੋਂ ਬਾਅਦ ਜੇਕਰ ਟੀਮ ਸੁਪਰ-8 ਲਈ ਕੁਆਲੀਫਾਈ ਕਰਦੀ ਹੈ ਤਾਂ ਉਸ ਨੂੰ ਇਹ ਮੈਚ ਵੈਸਟਇੰਡੀਜ਼ 'ਚ ਖੇਡਣੇ ਹੋਣਗੇ।
ਇਸਲਾਮਿਕ ਸਟੇਟ ਪੱਖੀ ਮੀਡੀਆ ਨੇ ਕਈ ਦੇਸ਼ਾਂ ਵਿੱਚ ਖੇਡ ਸਮਾਗਮਾਂ ਦੌਰਾਨ ਹਿੰਸਾ ਦੀ ਧਮਕੀ ਦਿੱਤੀ ਹੈ। ਆਈਐੱਸ ਖੁਰਾਸਾਨ ਦੀ ਅਫਗਾਨਿਸਤਾਨ-ਪਾਕਿਸਤਾਨ ਸ਼ਾਖਾ ਨੇ ਪ੍ਰੋਪੇਗੰਡਾ ਚੈਨਲ ਨਸੀਰ-ਏ-ਪਾਕਿਸਤਾਨ ਰਾਹੀਂ ਇੱਕ ਵੀਡੀਓ ਸੰਦੇਸ਼ ਜਾਰੀ ਕੀਤਾ ਹੈ। ਇਸ ਵਿੱਚ ਸਮਰਥਕਾਂ ਨੂੰ ਇਨ੍ਹਾਂ ਦੇਸ਼ਾਂ ਵਿੱਚ ਹਮਲਿਆਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਗਈ ਹੈ।
ਕ੍ਰਿਕਟ ਵੈਸਟਇੰਡੀਜ਼ ਦੇ ਸੀਈਓ ਜੌਨੀ ਗ੍ਰੇਵਜ਼ ਨੇ ਕ੍ਰਿਕ ਬਜ਼ ਨੂੰ ਕਿਹਾ ਕਿ ਅਸੀਂ ਅਧਿਕਾਰੀਆਂ ਨਾਲ ਮਿਲ ਕੇ ਕੰਮ ਕਰ ਰਹੇ ਹਾਂ। ਅਸੀਂ ਇਹ ਯਕੀਨੀ ਬਣਾਵਾਂਗੇ ਕਿ ਮੇਜ਼ਬਾਨ ਦੇਸ਼ ਅਤੇ ਸ਼ਹਿਰ ਪੂਰੇ ਵਿਸ਼ਵ ਕੱਪ ਦੌਰਾਨ ਲਗਾਤਾਰ ਨਿਗਰਾਨੀ ਹੇਠ ਰਹਿਣ ਅਤੇ ਅਸੀਂ ਕਿਸੇ ਵੀ ਸੰਭਾਵੀ ਖਤਰੇ ਨਾਲ ਨਜਿੱਠਣ ਲਈ ਤਿਆਰ ਰਹਿਣ।