ਮੁੰਬਈ/ਕਾਬੁਲ, 5 ਮਈ (ਪੋਸਟ ਬਿਊਰੋ): ਮੁੰਬਈ ਹਵਾਈ ਅੱਡੇ 'ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੇ ਫੜ੍ਹੀ ਗਈ ਅਫ਼ਗਾਨ ਡਿਪਲੋਮੈਟ ਨੇ ਅਸਤੀਫਾ ਦੇ ਦਿੱਤਾ ਹੈ। ਦਰਅਸਲ, 25 ਅਪ੍ਰੈਲ ਨੂੰ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਵਿਭਾਗ ਨੇ ਭਾਰਤ ਵਿੱਚ ਅਫਗਾਨਿਸਤਾਨ ਦੇ ਕੌਂਸਲ ਜਨਰਲ ਜ਼ਕੀਆ ਵਾਰਦਕ ਨੂੰ 1-1 ਕਿਲੋ ਦੀਆਂ 25 ਸੋਨੇ ਦੀਆਂ ਬਾਰਜ਼ ਸਮੇਤ ਫੜ੍ਹਿਆ ਸੀ।
ਉਹ ਉਨ੍ਹਾਂ ਨੂੰ ਦੁਬਈ ਤੋਂ ਭਾਰਤ ਲਿਆਏ ਸਨ। ਇਸ ਮਾਮਲੇ ਦੀ ਜਾਣਕਾਰੀ ਸ਼ੁੱਕਰਵਾਰ (3 ਮਈ) ਨੂੰ ਸਾਹਮਣੇ ਆਈ। ਵਾਰਦਕ ਕੋਲ ਸੋਨੇ ਦੀ ਪ੍ਰਮਾਣਿਕਤਾ ਸਾਬਤ ਕਰਨ ਲਈ ਕੋਈ ਦਸਤਾਵੇਜ਼ ਨਹੀਂ ਸਨ। ਹਾਲਾਂਕਿ ਕੂਟਨੀਤਕ ਛੋਟ ਕਾਰਨ ਉਨ੍ਹਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ।
ਸ਼ਨੀਵਾਰ ਨੂੰ ਆਪਣੇ ਅਸਤੀਫੇ ਦਾ ਐਲਾਨ ਕਰਦੇ ਹੋਏ ਵਾਰਦਕ ਨੇ ਕਿਹਾ ਕਿ ਪਿਛਲੇ ਇੱਕ ਸਾਲ ਵਿੱਚ, ਮੇਰੇ ਖਿਲਾਫ ਕਈ ਨਿੱਜੀ ਹਮਲੇ ਹੋਏ ਹਨ। ਮੇਰੇ ਅਤੇ ਮੇਰੇ ਪਰਿਵਾਰ ਨਾਲ ਬਦਸਲੂਕੀ ਕੀਤੀ ਗਈ ਹੈ। ਇਸ ਨਾਲ ਮੇਰਾ ਕੰਮ ਪ੍ਰਭਾਵਿਤ ਹੁੰਦਾ ਹੈ। ਇਹ ਅਫਗਾਨਿਸਤਾਨ ਵਿੱਚ ਔਰਤਾਂ ਦੀ ਮਾੜੀ ਹਾਲਤ ਦਾ ਸਬੂਤ ਹੈ।
ਉਨ੍ਹ ਨੇ ਕਿਹਾ ਕਿ ਮੈਂ ਹੁਣ ਇਨ੍ਹਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਇਹ ਮੈਨੂੰ ਬਦਨਾਮ ਕਰਨ ਅਤੇ ਮੇਰੀਆਂ ਕੋਸਿ਼ਸ਼ਾਂ ਨੂੰ ਸਾਬੋਤਾਜ ਕਰਨ ਦੀ ਕੋਸਿ਼ਸ਼ ਦਾ ਹਿੱਸਾ ਹੈ। ਅਫਗਾਨਿਸਤਾਨ ਦੀ ਇਕਲੌਤੀ ਮਹਿਲਾ ਡਿਪਲੋਮੈਟ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੈਨੂੰ ਉਮੀਦ ਹੈ ਕਿ ਇੱਕ ਦਿਨ ਅਜਿਹਾ ਆਵੇਗਾ ਜਦੋਂ ਔਰਤਾਂ ਦੀ ਲੀਡਰਸਿ਼ਪ ਦਾ ਸਨਮਾਨ ਕੀਤਾ ਜਾਵੇਗਾ।