ਇਸਲਾਮਾਬਾਦ, 2 ਅਪ੍ਰੈਲ (ਪੋਸਟ ਬਿਊਰੋ): ਅਦਿਆਲਾ ਜੇਲ੍ਹ ਵਿਚ ਦੋ ਮਾਮਲਿਆਂ ਵਿਚ ਸਜ਼ਾ ਕੱਟ ਰਹੇ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਪਤਨੀ ਬੁਸ਼ਰਾ ਬੀਬੀ ਨੂੰ ਥਾਂ ਦਿੱਤੀ ਗਈ ਹੈ। ਬੁਸ਼ਰਾ ਬਨੀਗਾਲਾ ਸਥਿਤ ਖਾਨ ਦੇ ਆਲੀਸ਼ਾਨ ਘਰ 'ਚ ਸਜ਼ਾ ਕੱਟ ਰਹੀ ਹੈ। ਇਸ ਦੇ ਇੱਕ ਹਿੱਸੇ ਨੂੰ ਸਬ-ਜੇਲ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਇਮਰਾਨ ਨੇ ਇਹ ਦੋਸ਼ ਮੰਗਲਵਾਰ ਨੂੰ ਜੇਲ 'ਚ ਸਥਾਪਿਤ ਅਸਥਾਈ ਅਦਾਲਤ 'ਚ ਸੁਣਵਾਈ ਦੌਰਾਨ ਲਗਾਏ। ਸਮਾਚਾਰ ਏਜੰਸੀ ਪੀ.ਟੀ.ਆਈ. ਮੁਤਾਬਕ ਖਾਨ ਨੇ ਇਹ ਵੀ ਕਿਹਾ ਕਿ ਜੇਕਰ ਬੁਸ਼ਰਾ ਨੂੰ ਕੋਈ ਨੁਕਸਾਨ ਹੁੰਦਾ ਹੈ ਤਾਂ ਇਸ ਦੇ ਲਈ ਫੌਜ ਮੁਖੀ ਜਨਰਲ ਅਸੀਮ ਮੁਨੀਰ ਜਿ਼ੰੰਮੇਵਾਰ ਹੋਣਗੇ।
ਜੇਲ੍ਹ 'ਚ ਕਰੀਬ 45 ਮਿੰਟ ਚੱਲੀ ਸੁਣਵਾਈ ਦੌਰਾਨ ਇਮਰਾਨ ਨੇ ਜੱਜ ਨਾਸਿਰ ਜਾਵੇਦ ਰਾਣਾ ਨੂੰ ਕਿਹਾ ਕਿ ਮੇਰੀ ਪਤਨੀ ਨੂੰ ਜ਼ਹਿਰ ਦਿੱਤਾ ਗਿਆ ਹੈ। ਇਸ ਜ਼ਹਿਰ ਕਾਰਨ ਬੁਸ਼ਰਾ ਦੇ ਸਰੀਰ ਅਤੇ ਜੀਭ 'ਤੇ ਨਿਸ਼ਾਨ ਦਿਖਾਈ ਦਿੱਤੇ ਹਨ। ਮੈਂ ਜਾਣਦਾ ਹਾਂ ਕਿ ਇਸ ਪਿੱਛੇ ਕਿਸਦਾ ਹੱਥ ਹੈ।
ਖਾਨ ਨੇ ਅਦਾਲਤ ਨੂੰ ਕਿਹਾ ਕਿ ਮੇਰੀ ਮੰਗ ਹੈ ਕਿ ਬੁਸ਼ਰਾ ਦਾ ਚੈਕਅਪ ਸ਼ੌਕਤ ਖਾਨਮ ਹਸਪਤਾਲ ਦੇ ਡਾਕਟਰ ਅਸੀਮ ਤੋਂ ਕਰਵਾਇਆ ਜਾਵੇ। ਮੈਂ ਅਤੇ ਮੇਰੀ ਪਾਰਟੀ ਸਰਕਾਰ ਦੇ ਡਾਕਟਰਾਂ 'ਤੇ ਭਰੋਸਾ ਨਹੀਂ ਕਰ ਸਕਦੇ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ।