ਮਾਸਕੋ, 20 ਫਰਵਰੀ (ਪੋਸਟ ਬਿਊਰੋ): ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਜੋਂਗ ਉਨ ਨੂੰ ਕਰੀਬ 4 ਕਰੋੜ ਰੁਪਏ ਦੀ ਲਗਜ਼ਰੀ ਕਾਰ ਗਿਫ਼ਟ ਕੀਤੀ ਹੈ।ਕਿਮ ਦੀ ਭੈਣ ਕਿਮ ਯੋ ਜੋਂਗ ਅਤੇ ਇਕ ਉਚ ਅਧਿਕਾਰੀ ਨੂੰ ਸੋਮਵਾਰ ਨੂੰ ਇਹ ਤੋਹਫ਼ਾ ਮਿਲਿਆ ਹੈ।ਉਨ੍ਹਾਂ ਪੁਤਿਨ ਨੂੰ ਤਾਨਾਸ਼ਾਹ ਦਾ ਸੰਦੇਸ਼ ਵੀ ਦਿੱਤਾ।
ਪੁਤਿਨ ਦਾ ਇਹ ਤੋਹਫ਼ਾ ਸੰਯੁਕਤ ਰਾਸ਼ਟਰ ਦੇ ਨਿਯਮਾਂ ਦੇ ਖਿਲਾਫ਼ ਹੈ ਕਿਉਂਕਿ ਉੱਤਰੀ ਕੋਰੀਆ ਨੂੰ ਕਿਸੇ ਵੀ ਤਰ੍ਹਾਂ ਦੀਆਂ ਲਗਜ਼ਰੀ ਚੀਜ਼ਾਂ ਦੇਣ 'ਤੇ ਪਾਬੰਦੀ ਹੈ।ਯੂਕਰੇਨ 'ਤੇ ਹਮਲੇ ਬਾਅਦ ਰੂਸ 'ਤੇ ਵੀ ਕਈ ਪਾਬੰਦੀਆਂ ਹਨ।
ਪੁਤਿਨ ਅਤੇ ਕਿਮ ਦੇ ਬਹੁਤ ਚੰਗੇ ਸਬੰਧ ਹਨ।ਜਦੋਂ ਕਿਮ ਨੇ ਸਤੰਬਰ, 2023 ਵਿਚ ਰੂਸ ਦਾ ਦੌਰਾ ਕੀਤਾ ਸੀ, ਤਾਂ ਉਹ ਪੁਤਿਨ ਦੀ ਸਰਕਾਰੀ ਕਾਰ ਦੀ ਪਿਛਲੀ ਸੀਟ 'ਤੇ ਬੈਠੇ ਸਨ।ਕਾਰ ਨੂੰ ਸੋਮਵਾਰ ਨੂੰ ਪਿਓਂਗਯਾਂਗ ਪਹੁੰਚਾਇਆ ਗਿਆ।
ਤੋਹਫ਼ਾ ਪ੍ਰਾਪਤ ਕਰਦੇ ਹੋਏ ਕਿਮ ਜੋਂਗ ਉਨ ਦੀ ਭੈਣ ਕਿਮ ਯੋ ਜੋਂਗ ਨੇ ਕਿਹਾ ਕਿ ਦੋਵਾਂ ਦੇਸ਼ਾਂ ਵਿਚਾਲੇ ਕਰੀਬੀ ਸਬੰਧ ਹਨ ਅਤੇ ਇਹ ਤੋਹਫ਼ਾ ਇਸ ਦਾ ਸਬੂਤ ਹੈ।