ਵਾਸਿ਼ੰਗਟਨ, 30 ਨਵੰਬਰ (ਪੋਸਟ ਬਿਊਰੋ): ਅਮਰੀਕਾ ਦੇ ਸਾਬਕਾ ਵਿਦੇਸ਼ ਮੰਤਰੀ ਹੈਨਰੀ ਕਿਸਿੰਗਰ ਦਾ ਬੁੱਧਵਾਰ ਨੂੰ 100 ਸਾਲ ਦੀ ਉਮਰ ਵਿਚ ਕਨੈਕਟੀਕਟ 'ਚ ਉਨ੍ਹਾਂ ਦੇ ਘਰ 'ਚ ਦਿਹਾਂਤ ਹੋ ਗਿਆ। ਕਿਸਿੰਗਰ ਐਸੋਸੀਏਟਸ, ਇੰਕ ਨੇ ਇੱਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਹੈ। ਕਿਸਿੰਗਰ ਇੱਕ ਸਿਆਸਤਦਾਨ ਅਤੇ ਮਸ਼ਹੂਰ ਡਿਪਲੋਮੈਟ ਸਨ ਜਿਨ੍ਹਾਂ ਨੇ ਰਾਸ਼ਟਰਪਤੀ ਰਿਚਰਡ ਐੱਮ. ਨਿਕਸਨ ਅਤੇ ਗੇਰਾਲਡ ਫੋਰਡ ਦੇ ਪ੍ਰਸ਼ਾਸਨ ਦੌਰਾਨ ਅਮਰੀਕੀ ਵਿਦੇਸ਼ ਨੀਤੀ ਨੂੰ ਪ੍ਰਭਾਵਿਤ ਕੀਤਾ ਸੀ। ਉਹ ਇਕੱਲੇ ਅਜਿਹੇ ਨੇਤਾ ਸਨ ਜੋ ਵਿਦੇਸ਼ ਮੰਤਰੀ ਹੋਣ ਦੇ ਨਾਲ-ਨਾਲ ਵ੍ਹਾਈਟ ਹਾਊਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਵੀ ਰਹੇ ਅਤੇ ਦੋਵੇਂ ਅਹੁਦਿਆਂ 'ਤੇ ਨਾਲੋ-ਨਾਲ ਰਹੇ। ਉਨ੍ਹਾਂ ਨੇ ਇਸ ਸਾਲ 27 ਮਈ ਨੂੰ ਆਪਣਾ 100ਵਾਂ ਜਨਮਦਿਨ ਮਨਾਇਆ।
1971 ਦੀ ਭਾਰਤ-ਪਾਕਿਸਤਾਨ ਜੰਗ ਦੌਰਾਨ ਉਨ੍ਹਾਂ ਦੀ ਭੂਮਿਕਾ ਕਾਫੀ ਵਿਵਾਦਤ ਰਹੀ ਸੀ। ਇਸ ਜੰਗ ਕਾਰਨ ਇੱਕ ਆਜ਼ਾਦ ਦੇਸ਼ ਬੰਗਲਾਦੇਸ਼ ਦੁਨੀਆਂ ਦੇ ਨਕਸ਼ੇ 'ਤੇ ਉਭਰਿਆ। ਹੈਨਰੀ ਕਿਸਿੰਗਰ 1971 ਦੀ ਜੰਗ ਦੌਰਾਨ ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਸਨ। ਉਨ੍ਹਾਂ ਦੇ ਸੁਝਾਅ 'ਤੇ ਉਸ ਸਮੇਂ ਦੇ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ ਭਾਰਤ ਨੂੰ ਡਰਾਉਣ ਦੀ ਕੋਸਿ਼ਸ਼ ਕੀਤੀ ਸੀ। ਜੰਗ ਸ਼ੁਰੂ ਹੋਣ ਤੋਂ ਪਹਿਲਾਂ ਜਦੋਂ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਰਿਚਰਡ ਨਿਕਸਨ ਨੂੰ ਮਿਲਣ ਅਤੇ ਉਨ੍ਹਾਂ ਨੂੰ ਸਥਿਤੀ ਬਾਰੇ ਜਾਣਕਾਰੀ ਦੇਣ ਲਈ ਅਮਰੀਕਾ ਪਹੁੰਚੇ ਤਾਂ ਉਨ੍ਹਾਂ ਨੂੰ ਲੰਬਾ ਸਮਾਂ ਉਡੀਕ ਕਰਨੀ ਪਈ। ਜਦੋਂ ਉਹ ਨਿਕਸਨ ਨੂੰ ਮਿਲੇ ਤਾਂ ਉਨ੍ਹਾਂ ਨੇ ਬਹੁਤ ਉਦਾਸੀਨਤਾ ਨਾਲ ਜਵਾਬ ਦਿੱਤਾ। ਇਸ ਤੋਂ ਬਾਅਦ ਇੰਦਰਾ ਗਾਂਧੀ ਨੇ ਫੈਸਲਾ ਕਰ ਲਿਆ ਸੀ ਕਿ ਹੁਣ ਜੋ ਵੀ ਕਰਨਾ ਹੈ, ਭਾਰਤ ਖੁਦ ਕਰੇਗਾ।