ਕਾਬੁਲ, 30 ਨਵੰਬਰ (ਪੋਸਟ ਬਿਊਰੋ): ਅਫਗਾਨਿਸਤਾਨ ਵਿਚ ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਜਿੱਥੇ ਤਾਲਿਬਾਨ ਸਰਕਾਰ ਅਤੇ ਪਾਕਿਸਤਾਨ ਵਿਚਾਲੇ ਤਣਾਅ ਵਧਿਆ ਹੈ, ਉੱਥੇ ਹੀ ਤਾਲਿਬਾਨ ਸਰਕਾਰ ਭਾਰਤ ਨਾਲ ਸਬੰਧਾਂ ਨੂੰ ਮਜ਼ਬੂਤ ਕਰਨ ਲਈ ਕਦਮ ਚੁੱਕ ਰਹੀ ਹੈ। ਤਾਜ਼ਾ ਮਾਮਲੇ ਵਿਚ ਅਫਗਾਨਿਸਤਾਨ ਇਕ ਵਾਰ ਫਿਰ ਭਾਰਤ 'ਚ ਦੂਤਾਵਾਸ ਦਾ ਕੰਮ ਸ਼ੁਰੂ ਕਰੇਗਾ। ਇਹ ਗੱਲ ਅਫਗਾਨਿਸਤਾਨ ਦੀ ਤਾਲਿਬਾਨ ਸਰਕਾਰ ਦੇ ਉਪ ਵਿਦੇਸ਼ ਮੰਤਰੀ ਨੇ ਕਹੀ। ਤਾਲਿਬਾਨ ਦੀ ਸਰਕਾਰ ਬਣਨ ਤੋਂ ਬਾਅਦ ਦੇਸ਼ ਵਿੱਚ ਆਰਥਿਕ ਚੁਣੌਤੀਆਂ ਅਤੇ ਭੋਜਨ ਸੰਕਟ ਦੇ ਵਿਚਕਾਰ, ਭਾਰਤ ਨੇ ਮੱਦਦ ਲਈ ਭਾਰਤੀ ਕਣਕ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਭੇਜੀ। ਦੂਜੇ ਪਾਸੇ ਤਾਲਿਬਾਨ ਅਤੇ ਪਾਕਿਸਤਾਨ ਵਿਚਾਲੇ ਮਤਭੇਦ ਸਾਹਮਣੇ ਆਉਣ ਲੱਗੇ ਹਨ।
ਤਾਲਿਬਾਨ ਸ਼ਾਸਨ ਦੇ ਅਧੀਨ ਉਪ ਵਿਦੇਸ਼ ਮੰਤਰੀ ਸ਼ੇਰ ਮੁਹੰਮਦ ਅੱਬਾਸ ਸਟੈਨਿਕਜ਼ਈ ਨੇ ਕਿਹਾ ਹੈ ਕਿ ਨਵੀਂ ਦਿੱਲੀ ਵਿੱਚ ਅਫਗਾਨ ਦੂਤਾਵਾਸ ਅਗਲੇ ਕੁਝ ਦਿਨਾਂ ਵਿੱਚ ਆਪਣਾ ਕੰਮ ਮੁੜ ਸ਼ੁਰੂ ਕਰੇਗਾ। ਸਟੈਨਿਕਜ਼ਈ ਨੇ ਅਫਗਾਨ ਬ੍ਰੌਡਕਾਸਟਰ ਆਰਟੀਏ ਨੂੰ ਦੱਸਿਆ ਕਿ ਹੈਦਰਾਬਾਦ ਅਤੇ ਮੁੰਬਈ ਸਥਿਤ ਅਫਗਾਨ ਕੌਂਸਲਰ ਦਫਤਰਾਂ ਦੇ ਅਧਿਕਾਰੀਆਂ ਨੇ ਕਾਬੁਲ ਦੇ ਨਿਰਦੇਸ਼ਾਂ ਤੋਂ ਬਾਅਦ ਦੂਤਾਵਾਸ ਦਾ ਦੌਰਾ ਕੀਤਾ ਸੀ।
ਤਾਲਿਬਾਨ ਨੇਤਾ ਨੇ ਕਿਹਾ ਕਿ ਅਫਗਾਨਿਸਤਾਨ ਗੁਆਂਢੀ ਦੇਸ਼ਾਂ ਨਾਲ ਚੰਗੇ ਸਬੰਧ ਚਾਹੁੰਦਾ ਹੈ। ਅਫਗਾਨ ਦੂਤਘਰ 'ਤੇ ਕੰਮ ਮੁੜ ਸ਼ੁਰੂ ਕਰਨ ਬਾਰੇ ਉਨ੍ਹਾਂ ਦੀਆਂ ਟਿੱਪਣੀਆਂ ਕੁਝ ਦਿਨ ਬਾਅਦ ਆਈਆਂ ਹਨ, ਜਦੋਂ ਰਾਜਦੂਤ ਫਰੀਦ ਮਾਮੁੰਦਜੇ ਦੀ ਅਗਵਾਈ ਵਾਲੇ ਮਿਸ਼ਨ ਨੇ 'ਭਾਰਤ ਸਰਕਾਰ ਦੀਆਂ ਲਗਾਤਾਰ ਚੁਣੌਤੀਆਂ' ਦਾ ਹਵਾਲਾ ਦਿੰਦੇ ਹੋਏ ਦੂਤਾਵਾਸ ਨੂੰ ਸਥਾਈ ਤੌਰ 'ਤੇ ਬੰਦ ਕਰਨ ਦਾ ਐਲਾਨ ਕੀਤਾ ਸੀ।