ਓਟਵਾ, 21 ਨਵੰਬਰ (ਪੋਸਟ ਬਿਊਰੋ) : ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੀ ਗਈ ਫਾਲ ਇਕਨੌਮਿਕ ਸਟੇਟਮੈਂਟ ਵਿੱਚ ਇਹ ਸਵੀਕਾਰ ਕੀਤਾ ਗਿਆ ਹੈ ਕਿ ਕੌਸਟ ਆਫ ਲਿਵਿੰਗ ਕੈਨੇਡੀਅਨਜ਼ ਲਈ ਵੱਡਾ ਬੋਝ ਬਣ ਚੁੱਕੀ ਹੈ ਪਰ ਇਸ ਦੇ ਨਾਲ ਹੀ ਘਾਟੇ ਨੂੰ ਕੰਟਰੋਲ ਵਿੱਚ ਰੱਖਣ ਦੇ ਨਾਲ ਨਾਲ ਲਿਬਰਲਾਂ ਨੇ ਮਹਿੰਗਾਈ ਨਾਲ ਨਜਿੱਠਣ ਲਈ ਕੁੱਝ ਨਵੇਂ ਮਾਪਦੰਡ ਵੀ ਪੇਸ਼ ਕੀਤੇ ਹਨ।
ਮੰਗਲਵਾਰ ਨੂੰ ਵਿੱਤ ਮੰਤਰੀ ਕ੍ਰਿਸਟੀਆ ਫਰੀਲੈਂਡ ਨੇ ਆਪਣੀ ਵਿੱਤੀ ਅਪਡੇਟ ਹਾਊਸ ਆਫ ਕਾਮਨਜ਼ ਵਿੱਚ ਪੇਸ਼ ਕੀਤੀ। ਉਨ੍ਹਾਂ ਇਹ ਵੀ ਆਖਿਆ ਕਿ ਕਿਸ ਤਰ੍ਹਾਂ ਇਹ ਮਹਿੰਗਾਈ ਤੇ ਮੱਠੀ ਪੈ ਰਹੀ ਅਰਥਚਾਰੇ ਦੀ ਰਫਤਾਰ ਫੈਡਰਲ ਬਜਟ ਉੱਤੇ ਬੋਝ ਪਾ ਰਹੀਆਂ ਹਨ।ਫਰੀਲੈਂਡ ਨੇ ਆਖਿਆ ਕਿ ਉਨ੍ਹਾਂ ਵੱਲੋਂ ਘਾਟੇ ਨੂੰ ਕੁੱਲ ਘਰੇਲੂ ਉਤਪਾਦ (ਜੀਡੀਪੀ) ਦੇ ਇੱਕ ਫੀ ਸਦੀ ਨਾਲੋਂ ਵੀ ਹੇਠਾਂ ਰੱਖਿਆ ਜਾਵੇਗਾ। ਲਿਬਰਲ ਮੌਜੂਦਾ ਵਿੱਤੀ ਵਰ੍ਹੇ ਦੇ ਘਾਟੇ ਨੂੰ ਬਸੰਤ ਵਿੱਚ ਪੇਸ਼ ਕੀਤੇ ਆਪਣੇ ਬਜਟ ਵਿੱਚ ਕੀਤੀ ਗਈ ਪੇਸ਼ੀਨਿਗੋਈ ਤੋਂ ਹੇਠਾਂ ਰੱਖਣਾ ਚਾਹੁੰਦੇ ਹਨ ਤੇ 2024-25 ਵਿੱਚ ਜੀਡੀਪੀ ਦੇ ਮੁਕਾਬਲੇ ਵੀ ਘਾਟੇ ਨੂੰ ਘੱਟ ਰੱਖਣਾ ਚਾਹੁੰਦੇ ਹਨ।
ਇਹ ਵੀ ਮੰਨਿਆ ਜਾ ਰਿਹਾ ਹੈ ਕਿ ਇਹ ਨਵੀਂ ਵਿੱਤੀ ਅਪਡੇਟ ਇਸ ਲਈ ਆਈ ਹੈ ਕਿਉਂਕਿ ਇੱਕ ਤਾਂ ਫੈਡਰਲ ਚੋਣਾਂ ਵਿੱਚ ਦੋ ਸਾਲ ਦਾ ਸਮਾਂ ਰਹਿ ਗਿਆ ਹੈ ਤੇ ਦੂਜੇ ਪਾਸੇ ਹਵਾ ਦਾ ਰੁਖ ਇਸ ਸਮੇਂ ਕੰਜ਼ਰਵੇਟਿਵਾਂ ਵੱਲ ਹੈ। ਮੰਗਲਵਾਰ ਨੂੰ ਹਾਊਸ ਆਫ ਕਾਮਨਜ਼ ਵਿੱਚ ਦਿੱਤੇ ਆਪਣੇ ਭਾਸ਼ਣ ਵਿੱਚ ਫਰੀਲੈਂਡ ਨੇ ਆਖਿਆ ਕਿ ਵਾਅਦਿਆਂ ਨੂੰ ਪੂਰਾ ਕਰਨ ਵਾਲੇ ਕੈਨੇਡਾ ਦਾ ਨਿਰਮਾਣ ਅਗਲੇ ਦੋ ਸਾਲਾਂ ਤੇ ਉਸ ਤੋਂ ਵੀ ਅਗਾਂਹ ਲਈ ਸਾਡਾ ਮੁੱਖ ਟੀਚਾ ਹੋਵੇਗਾ। ਸਾਡੇ ਲਈ ਇਹ ਭਾਵੇਂ ਮੁਸ਼ਕਲ ਸਮਾਂ ਚੱਲ ਰਿਹਾ ਹੈ ਪਰ ਅਸੀਂ ਰਲ ਕੇ ਇਸ ਵਿੱਚੋਂ ਬਾਹਰ ਆਵਾਂਗੇ।
ਹਾਊਸਿੰਗ ਦੇ ਮਾਮਲੇ ਵਿੱਚ ਫੈਡਰਲ ਸਰਕਾਰ ਲੋਅ ਕੌਸਟ ਲੋਨਜ਼ ਲਈ 15 ਬਿਲੀਅਨ ਡਾਲਰ ਡਿਵੈਲਪਰਜ਼ ਲਈ ਰੱਖੇਗੀ ਤੇ ਨਾਲ ਹੀ ਅਫੋਰਡੇਬਲ ਹਾਊਸਿੰਗ ਲਈ ਇੱਕ ਬਿਲੀਅਨ ਡਾਲਰ ਰੱਖਿਆ ਜਾਵੇਗਾ। ਰੈਂਟਲ ਡਿਵੈਲਪਮੈਂਟਸ ਤੋਂ ਜੀਐਸਟੀ ਚਾਰਜਿਜ਼ ਹਟਾਏ ਜਾਣਗੇ ਤੇ ਕੋ-ਆਪ ਰੈਂਟਲ ਹਾਊਸਿੰਗ ਨੂੰ ਇਸ ਵਿੱਚ ਸ਼ਾਮਲ ਕੀਤਾ ਜਾਵੇਗਾ।
ਇਸ ਦੌਰਾਨ ਫਰੀਲੈਂਡ ਨੇ ਆਖਿਆ ਕਿ ਅਗਲੇ ਪੰਜ ਸਾਲਾਂ ਵਿੱਚ 20·8 ਬਿਲੀਅਨ ਡਾਲਰ ਦੇ ਨਵੇਂ ਖਰਚੇ ਕੀਤੇ ਜਾਣਗੇ। ਇਸ ਵਿੱਚ ਰੈਂਟਲ ਯੂਨਿਟਸ ਤੇ ਕਿਫਾਇਤੀ ਹਾਊਸਿੰਗ ਸਮੇਤ ਹਾਊਸਿੰਗ ਸਪਲਾਈ ਨੂੰ ਹੱਲਾਸ਼ੇਰੀ ਦੇਣ ਲਈ ਨਵੇਂ ਮਾਪਦੰਡ ਅਪਣਾਏ ਜਾਣਗੇ। ਪਰ ਬਹੁਤੇ ਨਵੇਂ ਖਰਚੇ ਉਨ੍ਹਾਂ ਨੀਤੀਆਂ ਤੇ ਪ੍ਰੋਗਰਾਮਾਂ ਨਾਲ ਹੀ ਜੁੜੇ ਹੋਏ ਹੋਣਗੇ ਜਿਨ੍ਹਾਂ ਬਾਰੇ ਫੈਡਰਲ ਸਰਕਾਰ ਆਪਣੀ ਇਸ ਫਾਲ ਇਕਨੌਮਿਕ ਸਟੇਟਮੈਂਟ ਤੋਂ ਪਹਿਲਾਂ ਹੀ ਐਲਾਨ ਕਰ ਚੁੱਕੀ ਹੈ। ਇਨ੍ਹਾਂ ਵਿੱਚ ਇਲੈਕਟ੍ਰਿਕ ਵ੍ਹੀਕਲ ਬੈਟਰੀ ਪਲਾਂਟਸ ਲਈ ਵੀ ਕਈ ਬਿਲੀਅਨ ਡਾਲਰ ਸ਼ਾਮਲ ਹਨ।