ਵੈਨਕੂਵਰ, 21 ਨਵੰਬਰ (ਪੋਸਟ ਬਿਊਰੋ) : ਮੰਗਲਵਾਰ ਸਵੇਰੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਉੱਤੇ ਐਡਮੰਟਨ ਦੀ ਇੱਕ ਫਲਾਈਟ ਨੂੰ ਐਮਰਜੰਸੀ ਲੈਂਡਿੰਗ ਕਰਨੀ ਪਈ।
ਵਾਈਵੀਆਰ ਦੇ ਤਰਜ਼ਮਾਨ ਨੇ ਇੱਕ ਈਮੇਲ ਵਿੱਚ ਆਖਿਆ ਕਿ ਸਵੇਰੇ 8:00 ਵਜੇ ਏਸੀ 235 ਨੇ ਐਮਰਜੰਸੀ ਲੈਂਡਿੰਗ ਲਈ ਬੇਨਤੀ ਕੀਤੀ। ਬਿਆਨ ਵਿੱਚ ਆਖਿਆ ਗਿਆ ਕਿ ਜਹਾਜ਼ ਸੁਰੱਖਿਅਤ ਢੰਗ ਨਾਲ ਲੈਂਡ ਕਰ ਗਿਆ। ਵਾਈਵੀਆਰ ਫਾਇਰ ਤੇ ਰੈਸਕਿਊ ਵੱਲੋਂ ਤੁਰੰਤ ਮੌਕੇ ਉੱਤੇ ਪਹੁੰਚ ਕੇ ਜਹਾਜ਼ ਨੂੰ ਸੁਰੱਖਿਅਤ ਥਾਂ ਉੱਤੇ ਪਹੁੰਚਾਇਆ ਗਿਆ ਜਿੱਥੇ ਸਾਰੇ ਯਾਤਰੀ ਜਹਾਜ਼ ਤੋਂ ਸਹੀ ਸਲਾਮਤ ਉਤਰਨ ਵਿੱਚ ਕਾਮਯਾਬ ਰਹੇ।
ਜਹਾਜ਼ ਵਿੱਚ ਵੱਧ ਦਬਾਅ ਬਣਨ ਕਾਰਨ ਇਹ ਦਿੱਕਤ ਆਈ ਤੇ ਪਾਇਲਟਸ ਵੱਲੋਂ ਤੁਰੰਤ ਲੈਂਡਿੰਗ ਦੀ ਬੇਨਤੀ ਕੀਤੀ ਗਈ।ਬਿਆਨ ਵਿੱਚ ਇਹ ਵੀ ਦੱਸਿਆ ਗਿਆ ਕਿ ਆਕਸੀਜ਼ਨ ਮਾਸਕ ਲਾਉਣ ਦੀ ਲੋੜ ਨਹੀਂ ਪਈ ਤੇ ਕੋਈ ਵੀ ਵਿਅਕਤੀ ਜ਼ਖ਼ਮੀ ਨਹੀਂ ਹੋਇਆ। ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਹ ਗੜਬੜ ਕਿਉਂ ਹੋਈ।