ਨਵੀਂ ਦਿੱਲੀ, 17 ਅਕਤੂਬਰ (ਪੋਸਟ ਬਿਊਰੋ): ਇੱਕ ਦਿਨਾ ਵਿਸ਼ਵ ਕੱਪ 2023 ਬਹੁਤ ਹੀ ਸ਼ਾਨਦਾਰ ਅੰਦਾਜ਼ ਵਿੱਚ ਖੇਡਿਆ ਜਾ ਰਿਹਾ ਹੈ। ਵਿਸ਼ਵ ਕੱਪ 2023 ਵਿੱਚ ਵੱਡੇ ਉਲਟਫੇਰ ਹੋ ਰਹੇ ਹਨ। ਅਫਗਾਨਿਸਤਾਨ ਨੇ ਇੰਗਲੈਂਡ ਨੂੰ 69 ਦੌੜਾਂ ਨਾਲ ਹਰਾ ਕੇ ਸਨਸਨੀ ਮਚਾ ਦਿੱਤੀ ਹੈ। ਅੱਜ ਨੀਦਰਲੈਂਡ ਦੀ ਟੀਮ ਨੇ ਦੱਖਣੀ ਅਫ਼ਰੀਕਾ ਨੂੰ 38 ਦੌੜਾਂ ਨਾਲ ਹਰਾ ਕੇ ਹੰਗਾਮਾ ਕਰ ਦਿੱਤਾ ਹੈ। ਵਨਡੇ ਕ੍ਰਿਕਟ ਦੇ ਇਤਿਹਾਸ ਵਿੱਚ ਦੱਖਣੀ ਅਫਰੀਕਾ ਖਿਲਾਫ ਨੀਦਰਲੈਂਡ ਦੀ ਇਹ ਪਹਿਲੀ ਜਿੱਤ ਹੈ। ਇਸ ਦੇ ਨਾਲ ਹੀ ਨੀਦਰਲੈਂਡ ਨੇ ਪਹਿਲੀ ਵਾਰ 50 ਓਵਰਾਂ ਦੇ ਵਿਸ਼ਵ ਕੱਪ ਵਿੱਚ ਟੈਸਟ ਖੇਡਣ ਵਾਲੇ ਦੇਸ਼ ਨੂੰ ਹਰਾਇਆ ਹੈ।
ਟੇਂਬਾ ਬਾਵੁਮਾ ਅਤੇ ਕਵਿੰਟਨ ਡੀ ਕਾਕ ਨੇ ਦੱਖਣੀ ਅਫਰੀਕਾ ਲਈ ਚੰਗੀ ਸ਼ੁਰੂਆਤ ਕੀਤੀ, ਪਰ ਉਹ ਚੰਗੀ ਸ਼ੁਰੂਆਤ ਨੂੰ ਵੱਡੀ ਪਾਰੀ ਵਿੱਚ ਨਹੀਂ ਬਦਲ ਸਕੇ ਅਤੇ ਜਲਦੀ ਆਊਟ ਹੋ ਗਏ। ਬਾਵੁਮਾ ਨੇ 16 ਅਤੇ ਡੀ ਕਾਕ ਨੇ 20 ਦੌੜਾਂ ਬਣਾਈਆਂ। ਰੋਸੀ ਵੈਨ ਡੂਸ ਨੇ 4 ਦੌੜਾਂ, ਏਡਨ ਮਾਰਕਰਮ ਨੇ 28 ਦੌੜਾਂ ਬਣਾਈਆਂ। ਡੇਵਿਡ ਮਿਲਰ ਨੇ ਯਕੀਨੀ ਤੌਰ 'ਤੇ ਕੁਝ ਦੇਰ ਵਿਕਟ 'ਤੇ ਬਣੇ ਰਹਿਣ ਦੀ ਕੋਸਿ਼ਸ਼ ਕੀਤੀ ਪਰ ਉਹ 43 ਦੌੜਾਂ ਬਣਾ ਕੇ ਆਊਟ ਹੋ ਗਏ ਅਤੇ ਟੀਮ ਨੂੰ ਜਿੱਤ ਵੱਲ ਨਹੀਂ ਲਿਜਾਅ ਸਕੇ। ਦੱਖਣੀ ਅਫਰੀਕਾ ਦੀ ਪੂਰੀ ਟੀਮ 207 ਦੌੜਾਂ 'ਤੇ ਆਲ ਆਊਟ ਹੋ ਗਈ। ਨੀਦਰਲੈਂਡ ਲਈ ਪਾਲ ਵੈਨ ਮੀਕਰੇਨ, ਰਿਲੋਫ ਮਰਵ ਅਤੇ ਬਾਸ ਡੀ ਲੀਡੇ ਨੇ 2-2 ਵਿਕਟਾਂ ਲਈਆਂ। ਟੀਮ ਲਈ ਲੋਗਨ ਵਾਨ ਵਿਕ ਨੇ ਸਭ ਤੋਂ ਵੱਧ 3 ਵਿਕਟਾਂ ਲਈਆਂ। ਇਨ੍ਹਾਂ ਖਿਡਾਰੀਆਂ ਦੀ ਬਦੌਲਤ ਹੀ ਨੀਦਰਲੈਂਡ ਦੀ ਟੀਮ ਮੈਚ ਜਿੱਤਣ ਵਿਚ ਸਫਲ ਰਹੀ।