ਕੁਲੰਬੋ, 11 ਸਤੰਬਰ (ਪੋਸਟ ਬਿਊਰੋ): ਏਸ਼ੀਆ ਕੱਪ ਦੇ ਸੁਪਰ 4 ਦਾ ਤੀਜੇ ਮੈਚ ਦੇ ਰਿਜ਼ਰਵ ਡੇ ਦਾ ਖੇਡ ਅੱਜ ਭਾਰਤ ਤੇ ਪਾਕਿਸਤਾਨ ਦਰਮਿਆਨ ਕੋਲੰਬੋ ਦੇ ਆਰ ਪ੍ਰੇਮਦਾਸਾ ਸਟੇਡੀਅਮ ਵਿਚ ਖੇਡਿਆ ਗਿਆ। ਮੈਚ ਵਿਚ ਭਾਰਤ ਨੇ ਪਾਕਿਸਤਾਨ ਨੂੰ 228 ਦੌੜਾਂ ਨਾਲ ਹਰਾ ਦਿੱਤਾ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਕੇ. ਐੱਲ. ਰਾਹੁਲ ਤੇ ਵਿਰਾਟ ਕੋਹਲੀ ਦੇ ਸ਼ਾਨਦਾਰ ਸੈਂਕੜਿਆਂ ਦੀ ਬਦੌਲਤ 50 ਓਵਰਾਂ ਵਿਚ 2 ਵਿਕਟਾਂ ਗੁਆ ਕੇ 356 ਦੌੜਾਂ ਬਣਾਈਆਂ ਤੇ ਪਾਕਿਸਤਾਨ ਨੂੰ ਜਿੱਤ ਲਈ 357 ਦੌੜਾਂ ਦਾ ਟੀਚਾ ਦਿੱਤਾ। ਟੀਚੇ ਦਾ ਪਿੱਛਾ ਕਰਦੇ ਹੋਏ ਪਾਕਿਸਤਾਨ ਦੀ ਟੀਮ ਦਾ ਪ੍ਰਦਰਸ਼ਨ ਬਹੁਤ ਖਰਾਬ ਰਿਹਾ। ਪਾਕਿਸਤਾਨ ਦੀ ਟੀਮ 32 ਓਵਰਾਂ 'ਚ 8 ਵਿਕਟਾਂ ਗੁਆ ਕੇ 128 ਦੌੜਾਂ ਹੀ ਬਣਾ ਸਕੀ। ਇਸ ਤੋਂ ਬਾਅਦ ਮੈਚ ਸਮਾਪਤ ਕਰ ਦਿੱਤਾ ਗਿਆ। ਇਸ ਤਰ੍ਹਾਂ ਭਾਰਤ ਨੇ ਪਾਕਿਸਤਾਨ ਨੂੰ 228 ਦੌੜਾ ਨਾਲ ਹਰਾ ਦਿੱਤਾ। ਕੇ. ਐੱਲ. ਰਾਹੁਲ ਨੇ 12 ਚੌਕੇ ਤੇ 2 ਛੱਕਿਆਂ ਦੀ ਮੱਦਦ ਨਾਲ 111 ਦੌੜਾਂ ਜਦਕਿ ਵਿਰਾਟ ਨੇ 9 ਚੌਕੇ 3 ਛੱਕਿਆਂ ਦੀ ਮਦਦ ਨਾਲ 122 ਦੌੜਾਂ ਬਣਾਈਆਂ। ਭਾਰਤ ਦੇ ਗੇਂਦਬਾਜ਼ ਕੁਲਦੀਪ ਯਾਦਵ ਨੇ 5 ਖਿਡਾਰੀਆਂ ਨੂੰ ਆਊਟ ਕੀਤਾ।