Welcome to Canadian Punjabi Post
Follow us on

24

April 2024
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਦੀ ਕੋਲੰਬੀਆ ਯੁਨੀਵਰਸਿਟੀ ਵਿਚ ਫਲਸਤੀਨ ਪੱਖੀ ਪ੍ਰਦਰਸ਼ਨ ਦੌਰਾਨ ਪ੍ਰਦਰਸ਼ਨਕਾਰੀ ਪੁਲਿਸ ਨਾਲ ਭਿੜੇ, 100 ਤੋਂ ਵਧ ਗ੍ਰਿਫਤਾਰਗੁਰਦੁਆਰਾ ਸ੍ਰੀ ਨਾਨਕ ਮਤਾ ਸਾਹਿਬ ਦੀ ਪ੍ਰਬੰਧਕ ਕਮੇਟੀ ਨੂੰ ਤੰਗ ਪ੍ਰੇਸ਼ਾਨ ਨਾ ਕਰੇ ਉਤਰਾਖੰਡ ਸਰਕਾਰ : ਐਡਵੋਕੇਟ ਧਾਮੀਨਾਸਾ ਦੇ ਵਾਇਜਰ-1 ਨੇ 24 ਅਰਬ ਕਿਲੋਮੀਟਰ ਤੋਂ ਸਿਗਨਲ ਭੇਜਿਆ, 46 ਸਾਲ ਪਹਿਲਾਂ ਕੀਤਾ ਸੀ ਲਾਂਚਰੂਸ ਦਾ ਉਪ ਰੱਖਿਆ ਮੰਤਰੀ ਰਿਸ਼ਵਤ ਲੈਂਦਿਆਂ ਕਾਬੂ, ਭ੍ਰਿਸ਼ਟਾਚਾਰ ਦੇ ਦੋਸ਼ ਵੀ ਲੱਗੇਤੀਜੀ ਪੁਲਾੜ ਯਾਤਰਾ ਲਈ ਸੁਨੀਤਾ ਵਿਲੀਅਮਜ਼ ਤਿਆਰ, 6 ਮਈ ਨੂੰ ਬੋਇੰਗ ਦੇ ਕੈਪਸੂਲ ਵਿੱਚ ਪੁਲਾੜ `ਚ ਜਾਣਗੇਪੱਛਮੀ ਮੀਡੀਆ ਭਾਰਤ ਦੀ ਆਲੋਚਨਾ ਕਰਕੇ ਚੋਣਾਂ ਨੂੰ ਪ੍ਰਭਾਵਿਤ ਕਰਨ ਦੀ ਕੋਸਿ਼ਸ਼ ਕਰ ਰਿਹਾ : ਵਿਦੇਸ਼ ਮੰਤਰੀ ਜੈਸ਼ੰਕਰਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ
 
ਨਜਰਰੀਆ

ਡਾ. ਸੁਖਦੇਵ ਸਿੰਘ ਝੰਡ ਦੀ ਪੁਸਤਕ ‘ਸਰੋਕਾਰ ਤੇ ਸ਼ਖ਼ਸੀਅਤਾਂ ਨੂੰ ਪੜ੍ਹਦਿਆਂ...

August 30, 2023 03:58 AM

  

ਸੁਰਜੀਤ ਕੌਰ, ਟੋਰਾਂਟੋ
ਫ਼ੌਨ: 1 416-605-3784
ਵਾਰਤਕ ਸਾਹਿਤ ਦਾ ਅਜਿਹਾ ਮਹੱਤਵਪੂਰਨ ਹੈ ਜਿਸ ਵਿਚ ਲੇਖਕ ਆਪਣੇ ਮਨੋਭਾਵਾਂ ਨੂੰ ਕਲਾਤਮਕ ਢੰਗ ਨਾਲ ਗੁੰਦ ਕੇ ਪਾਠਕਾਂ ਸਾਹਮਣੇ ਪੇਸ਼ ਕਰਦਾ ਹੈ। ਾਰਤਕ ਪੜ੍ਹ ਕੇ ਪਾਠਕ ਦੀ ਬੌਧਿਕ ਸੰਤੁਸ਼ਟੀ ਹੁੰਦੀ ਹੈ। ਜਿੰਨੀ ਕਲਾਤਮਕਤਾ ਨਾਲ ਲੇਖਕ ਵਾਰਤਾਕਾਰ ਆਪਣੇ ਵਿਚਾਰਾਂ ਨੂੰ ਜੋੜਦਾ ਹੈ, ਉਸ ਦੀ ਵਾਰਤਕ ਓਨੀ ਹੀ ਪ੍ਰਭਾਵਸ਼ਾਲੀ ਹੁੰਦੀ ਹੈ। ਪੰਜਾਬੀ ਵਿਚ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ ਅਤੇ ਕੁਝ ਗਿਣੇ-ਚੁਣੇ ਲੇਖਕ ਹੀ ਵਾਰਤਕ ਲਿਖ ਰਹੇ ਹਨ। ਸੁਖਦੇਵ ਸਿੰਘ ਝੰਡ ਕਨੇਡਾ ਦੇ ਉਨ੍ਹਾਂ ਚੰਦ ਲੇਖਕਾਂ ਵਿੱਚੋਂ ਹੈ ਜਿਹੜੇ ਵਾਰਤਕ ਲਿਖਣ ਵੱਲ ਰੁਚਿਤ ਹਨ। ‘ਸਰੋਕਾਰ ਤੇ ਸ਼ਖ਼ਸੀਅਤਾਂ’ ਉਸ ਦੀ ਨਵੀਂ ਵਾਰਤਕ ਪੁਸਤਕ ਹੈ।
ਡਾ. ਝੰਡ ਪੰਜਾਬੀ ਸਾਹਿਤ ਦਾ ਬਹੁ-ਵਿਧਾਵੀ ਲੇਖਕ ਹੈ ਜੋ ਇਸ ਤੋਂ ਪਹਿਲਾਂ ਰੁੱਖਾਂ ਬਾਰੇ ਤਿੰਨ ਪੁਸਤਕਾਂ ਲਿਖ ਚੁੱਕਾ ਹੈ। ਉਸ ਨੇ ਆਪਣੀ ਸਵੈ-ਜੀਵਨੀ ‘ਪੱਤੇ ਤੇ ਪਰਛਾਵੇਂ : ਚੌਹਾਨ ਤੋਂ ਬਰੈਂਪਟਨ, ਕਾਵਿ-ਸੰਗ੍ਰਹਿ ‘ਕਦੋਂ’ ਅਤੇ ਤਿੰਨ ਪੁਸਤਕਾਂ ਲਾਇਬ੍ਰੇਰੀ ਸਾਇੰਸ ਬਾਰੇ ਲਿਖੀਆਂ ਹਨ। ਹੱਥਲੀ ਪੁਸਤਕ ਬਹੁਤ ਸਾਰੇ ਵਿਸਿ਼ਆਂ ਨੂੰ ਮੁਖਾਤਿਬ ਹੈ; ਜਿਵੇਂ ਕਿ ਇਸ ਦੇ ਨਾਂ ਤੋਂ ਹੀ ਪਤਾ ਲੱਗਦਾ ਹੈ ਕਿ ਇਸ ਵਿਚ ਵੱਖ-ਵੱਖ ਸਰੋਕਾਰਾਂ ਅਤੇ ਸ਼ਖ਼ਸੀਅਤਾਂ ਬਾਰੇ ਗੱਲ ਕੀਤੀ ਗਈ ਹੈ।
ਦੋ ਭਾਗਾਂ ਵਿਚ ਵੰਡੀ ਇਸ ਵੱਡ-ਆਕਾਰੀ ਪੁਸਤਕ ਵਿਚ 28 ਲੇਖ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਵਿਚ ਬਹੁ-ਪੱਖੀ ਗਿਆਨ ਹੈ। ਮੁੱਖਬੰਦ ਵਿਚ ਵੱਖ-ਵੱਖ ਵਿਦਵਾਨਾਂ ਡਾ. ਗੁਰਬਖ਼ਸ਼ ਸਿੰਘ ਭੰਡਾਲ, ਪੂਰਨ ਸਿੰਘ ਪਾਂਧੀ, ਕੁਲਜੀਤ ਮਾਨ ਅਤੇ ਮਲਵਿੰਦਰ ਸਿੰਘ ਦੇ ਲੇਖ ਸ਼ਾਮਲ ਹਨ ਜੋ ਇਸ ਕਿਤਾਬ ਦੇ ਪਹਿਲੇ 24 ਪੰਨਿਆਂ ‘ਤੇ ਫ਼ੈਲੇ ਹੋਏ ਹਨ। ਪੁਸਤਕ ਦੇ ਪਹਿਲੇ ਭਾਗ ਵਿਚ 16 ਸਰੋਕਾਰਾਂ ਦੀ ਗੱਲ ਕੀਤੀ ਗਈ ਹੈ ਅਤੇ ਦੂਸਰੇ ਭਾਗ ਵਿਚ 12 ਵਿਅਕਤੀ ਵਿਸ਼ੇਸ਼ ਸ਼ਾਮਲ ਕੀਤੇ ਗਏ ਹਨ।
ਕਿਤਾਬ ਖੋਲ੍ਹਦਿਆਂ ਸਾਰ ਪੂਰਨ ਸਿੰਘ ਪਾਂਧੀ ਦਾ ਭੂਮਿਕਾ ਵਿਚ ਸ਼ਾਮਲ ਲੇਖ ਪੜ੍ਹ ਕੇ ਪਾਠਕ ਇਸ ਗੱਲ ਦਾ ਅੰਦਾਜ਼ਾ ਲਗਾ ਸਕਦਾ ਹੈ ਕਿ ਇਹ ਪੁਸਤਕ ਆਪਣੇ ਵਿਚ ਕੀ ਕੁਝ ਸਮੋਈ ਬੈਠੀ ਹੈ ਅਤੇ ਇਸ ਦੇ ਨਾਲ ਹੀ ਪਾਂਧੀ ਸਾਹਿਬ ਦੀ ਵਾਰਤਕ ਸ਼ੈਲੀ ਦੀ ਤਾਰੀਫ਼ ਕਰਨੋਂ ਵੀ ਪਾਠਕ ਨਹੀਂ ਰਹਿ

ਸਕਦਾ। ਡਾ. ਝੰਡ ਦੀ ਇਸ ਪੁਸਤਕ ਦੇ ਪੰਨਾ-17 ‘ਤੇ ਪਾਂਧੀ ਸਾਹਿਬ ਲਿਖਦੇ ਹਨ, “ਕਿਤਾਬ ਦੀ ਸਮੁੱਚੀ ਸਮੱਗਰੀ ਤੋਂ ਇਹ ਸਿੱਧ ਹੁੰਦਾ ਹੈ ਕਿ ਡਾ. ਸੁਖਦੇਵ ਸਿੰਘ ਝੰਡ ਦੇ ਅੰਤਹਿਕਰਣ ਵਿਚ ਬਹੁ-ਪੱਖੀ ਤੇ ਬਹੁ-ਮੰਤਵੀ ਵਿਸ਼ਾਲ ਗਿਆਨ ਦੀਆਂ ਜੋਤਾਂ ਜਗਦੀਆਂ ਪਈਆਂ ਹਨ। ਉਹ ਪ੍ਰਤਿਭਾ ਦੀ ਉੱਚੀ ਪ੍ਰਵਾਜ਼, ਗਿਆਨ ਦੇ ਡੂੰਘੇ ਸਾਗਰਾਂ ਦਾ ਤਾਰੂ ਅਤੇ ਬ੍ਰਹਿਮੰਡੀ ਚੇਤਨਾ ਦੇ ਚਾਨਣ ਦਾ ਚਿਰਾਗ ਹੈ। ਗਿਆਨ-ਵਿਗਿਆਨ ਦੇ ਔਖੇ ਰਾਹਾਂ ਦਾ ਪਾਂਧੀ, ਅਰਸ਼ੀ ਉਡਾਰੀਆਂ ਦਾ ਮਤਵਾਲਾ ਅਤੇ ਵਿਸ਼ਾਲ ਜਾਣਕਾਰੀ ਦਾ ਭੰਡਾਰ ਹੈ। ਉਸ ਦੀ ਬੋਲੀ, ਸ਼ੈਲੀ ਅਤੇ ਸ਼ਬਦਾਵਲੀ ਦੀ ਸਰੋਦੀ ਲੈਅ ਤੇ ਵਿਸਮਾਦੀ ਰਿਦਮ ਪਾਠਕ ਨੂੰ ਆਪਣੇ ਨਾਲ ਜੋੜਨ ਅਤੇ ਕੀਲਣ ਦੀ ਸਮਰੱਥਾ ਰੱਖਦੀ ਹੈ।”
ਪਾਂਧੀ ਸਾਹਿਬ ਦਾ ਇਹ ਲੇਖ ਕਿਤਾਬ ਦੇ ਵਿਸਿ਼ਆਂ, ਬੋਲੀ ਅਤੇ ਸੈ਼ਲੀ ਬਾਰੇ ਜਾਣਕਾਰੀ ਦੇ ਕੇ ਪਾਠਕ ਨੂੰ ਇਹ ਕਿਤਾਬ ਪੜ੍ਹਨ ਲਈ ਪ੍ਰੇਰਨਾ ਕਰਦਾ ਹੈ। ਜਿਵੇਂ ਕਿ ਪਹਿਲਾਂ ਦੱਸਿਆ ਗਿਆ ਹੈ ਕਿ ਇਸ ਪੁਸਤਕ ਦੇ ਪਹਿਲੇ ਭਾਗ ਵਿਚ 16 ਲੇਖ ਸਰੋਕਾਰਾਂ ਬਾਰੇ ਹਨ ਅਤੇ ਦੂਸਰੇ ਵਿਚ 12 ਵੱਖ-ਵੱਖ ਸ਼ਖ਼ਸੀਅਤਾਂ ਸਬੰਧੀ ਹਨ। ਪਹਿਲੇ ਭਾਗ ਵਿਚ ਪੰਜਾਬ ਅਤੇ ਪੰਜਾਬੀਅਤ ਬਾਰੇ ਦੋ ਲੇਖ ਹਨ ਜਿਨ੍ਹਾਂ ਵਿਚ ਪੰਜਾਬ ਦੇ ਪਿਛੋਕੜ ਅਤੇ ਮੌਜੂਦਾ ਹਾਲਾਤ ਬਾਰੇ ਬੜੇ ਦਰਦ ਭਿੰਨੇ ਲਹਿਜ਼ੇ ਵਿਚ ਗੱਲ ਕੀਤੀ ਗਈ ਗਈ ਹੈ। ਮਹਿੰਜੋਦਾੜੋ ਤੋਂ ਲੈ ਕੇ ਸਿਕੰਦਰ, ਬਾਬਰ, ਅਬਦਾਲੀ, ਗ਼ਜ਼ਨਵੀ ਤੱਕ ਦੇ ਪੰਜਾਬ ਨੂੰ ਉਸ ਨੇ ਸੂਖਮਤਾ ਨਾਲ ਛੋਹਿਆ ਹੈ ਅਤੇ ਸਿੱਖ ਰਾਜ ਦੇ ਦਿਨਾਂ ਨੂੰ ਵੀ ਯਾਦ ਕੀਤਾ ਹੈ। ਇਨ੍ਹਾਂ ਸਮਿਆਂ ਵਿਚ ਪੰਜਾਬੀਆਂ ਦੇ ਪਿੰਡੇ ‘ਤੇ ਹੰਢਾਏ ਗਏ ਦਰਦ ਦੀ ਗੱਲ ਅਤਿ ਸੂਖ਼ਮ ਲਹਿਜ਼ੇ ਵਿਚ ਕਰਦਾ ਹੈ।
ਦੂਜਾ ਲੇਖ ਦਿੱਲੀ ਵਿਚ ਇਕ ਸਾਲ ਤੋਂ ਵੱਧ ਚੱਲੇ ਕਿਸਾਨ ਅੰਦੋਲਨ ਬਾਰੇ ਹੈ ਜਿਸ ਵਿਚ 700 ਤੋਂ ਵਧੇਰੇ ਲੋਕਾਂ ਨੇ ਕੁਰਬਾਨੀ ਦਿੱਤੀ ਅਤੇ ਬੇਹੱਦ ਮਾਲੀ ਨੁਕਸਾਨ ਵੀ ਹੋਇਆਂ। ਤਾਂ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਲ਼ੇ ਕਾਨੂੰਨ ਵਾਪਸ ਲਏ। ਅੰਦੋਲਨ ਦੇ ਵੱਖ-ਵੱਖ ਪੜਾਵਾਂ ਦੀ ਗੱਲ ਬੜੀ ਬਾਰੀਕੀ ਨਾਲ ਕੀਤੀ ਗਈ ਹੈ। ਇਸ ਅੰਦੋਲਨ ਦਾ ਖ਼ੂਬਸੂਰਤ ਹਾਸਿਲ ਇਹ ਸੀ ਕਿ ਇਸ ਵਿਚ ਇਸ ਵਿਚ ਪੰਜਾਬ ਅਤੇ ਹਰਿਆਣੇ ਦੇ ਕਿਸਾਨ ਭਰਾਵਾਂ ਵਾਂਗ ਵਿਚਰੇ ਅਤੇ ਇਸ ਅੰਦੋਲਨ ਨੂੰ ਅੰਤਰਰਾਸ਼ਟਰੀ ਪ੍ਰਸਿੱਧੀ ਮਿਲੀ ਜਿਸ ਵਿਚ ਹਰ ਉਮਰ ਦੇ ਮਰਦਾਂ ਅਤੇ ਔਰਤਾਂ ਦੀ ਭਰਪੂ੍ਰਰ ਸ਼ਮੂਲੀਅਤ ਰਹੀ ਅਤੇ ਧਰਮ ਤੇ ਜ਼ਾਤ-ਪਾਤ ਖ਼ਤਮ ਹੋਈ।
ਮਨੁੱਖੀ ਸਰੋਕਾਰ ਵਾਲੇ ਭਾਗ ਵਿਚ ਪੰਜ ਲੇਖ ਹਨ- ‘ਪਹਿਲਾ ਪਾਣੀ ਜੀਓ ਹੈ’, ‘ਲਗਾਤਾਰ ਵਿਗੜ ਰਿਹਾ ਏ ਵਾਤਾਵਰਣ’, ‘ਆਚਰਣ ਹੀ ਸੱਭ ਕੁਝ ਹੈ, ‘ਆਦਤਾਂ ਬਦਲੀਆਂ ਵੀ ਜਾ ਸਕਦੀਆਂ ਹਨ’ ਅਤੇ ‘ਚਿੰਤਾ ਚਿਖ਼ਾ ਬਰਾਬਰੀ’ ਜਿਨ੍ਹਾਂ ਦੇ ਵਿਸ਼ੇ ਇਨ੍ਹਾਂ ਦੇ ਸਿਰਲੇਖਾਂ ਤੋਂ ਹੀ ਭਲੀ-ਭਾਂਤ ਪਛਾਣੇ ਜਾ

ਸਕਦੇ ਹਨ। ਅਗਲੇ ਚਾਰ ਲੇਖ ਸਮਾਜਿਕ ਸਰੋਕਾਰਾਂ ਬਾਰੇ ਹਨ- ਪਹਿਲਾ ਹੈ, ‘ਫ਼ੈਸਲਾ ਲੈਣਾ ਕਲਾ ਏ, ਪ੍ਰਕਿਰਿਆ ਜਾਂ ਜੁਗਾੜ’। ਦੂਸਰੇ ਲੇਖ ‘ਪਰਿਵਾਰਾਂ ਦੀ ਟੁੱਟ-ਭੱਜ’ ਵਿਚ ਨਿਊਕਲੀਅਰ ਬਨਾਮ ਸੰਯੁਕਤ ਪਰਿਵਾਰਾਂ ਦੀ ਗੱਲ ਕੀਤੀ ਗਈ ਹੈ। ‘ਏਕਾਂਤਵਾਸ ਬਨਾਮ ਘਰੇਲੂ ਬਨਵਾਸ’ ਵਿਚ ਲੇਖਕ਼ ਕਰੋਨਾ ਕਾਲ ਦੌਰਾਨ ਨਿੱਜੀ ਅਨੁਭਵ ਅਤੇ ‘ਏਕਾਂਤਵਾਸ’ (ਕੰੁਆਰਟੀਨ) ਬਾਰੇ ਬੜੇ ਰੌਚਕ ਢੰਗ ਨਾਲ ਬਿਆਨ ਕਰਦਿਆਂ ਦੱਸਦਾ ਹੈ ਕਿ ਕਿਵੇਂ ਉਸ ਸਮੇਂ ਉਹ ਅਤੇ ਉਨ੍ਹਾਂ ਵਰਗੇ ਬਹੁਤ ਸਾਰੇ ਪਰਿਵਾਰ ਘਰਾਂ ਤੋਂ ਦੂਰ ਰਹਿਣ ਲਈ ਮਜਬੂਰ ਹੋਏ।
ਅਗਲੇ ਤਿੰਨ ਬਹੁਤ ਹੀ ਮਹੱਤਵਪੂਰਨ ਲੇਖ ਭਾਈ ਗੁਰਦਾਸ ਜੀ ਦੀਆਂ ਵਾਰਾਂ ਨਾਲ ਸਬੰਧਿਤ ਹਨ। ਡਾ. ਝੰਡ ਨੇ ਚੋਣਵੀਆਂ ਵਾਰਾਂ ਦੀ ਵਿਆਖਿਆ ਕਰਕੇ ਉਨ੍ਹਾਂ ਵਿਚ ਸਿੱਖੀ ਜੀਵਨ-ਜਾਚ, ਸੱਚੇ ਗੁਰੁ ਦਾ ਸੰਕਲਪ ਅਤੇ ਗੁਰਮੁਖ, ਮਨਮੁਖ ਤੇ ਨਿੰਦਕ ਬਾਰੇ ਭਾਈ ਗੁਰਦਾਸ ਜੀ ਕੀ ਕਹਿੰਦੇ ਹਨ, ਬਾਰੇ ਦੱਸਿਆ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਪਤਾ ਲੱਗਦਾ ਹੈ ਕਿ ਲੇਖਕ ਨੂੰ ‘ਗੁਰੁ ਗ੍ਰੰਥ ਸਾਹਿਬ ਜੀ ਦੀ ਕੁੰਜੀ’ ਜਾਣੀ ਭਾਈ ਗੁਰਦਾਸ ਜੀ ਦੀਆਂ ਵਾਰਾਂ ਬਾਰੇ ਵੀ ਗਿਆਨ ਹੈ। ਇਸ ਤੋਂ ਇਲਾਵਾ ਇਸ ਭਾਗ ਵਿਚ ਪੰਜਾਬੀਆਂ ਦੇ ਅਹਿਮ ਧਾਰਮਿਕ ਤੇ ਸੱਭਿਆਚਰਕ ਤਿਓਹਾਰ ਵਿਸਾਖੀ ਅਤੇ ਕੈਨੇਡਾ ਵਿਚ ਪੰਜਾਬੀ ਮੀਡੀਆ ਦੀ ਸਥਿਤੀ ਬਾਰੇ ਵੀ ਬੜੇ ਖੋਜ ਭਰਪੂਰ ਲੇਖ ਸ਼ਾਮਲ ਕੀਤੇ ਗਏ ਹਨ।
ਪੁਸਤਕ ਦੇ ਦੂਸਰੇ ਭਾਗ ਸ਼ਖ਼ਸੀਅਤਾਂ ਵਿਚ ਸਿੱਖ ਗੁਰੂੁ ਸਾਹਿਬਾਨ ਬਾਰੇ ਤਿੰਨ ਲੇਖ ਹਨ। ਪਹਿਲਾ ਲੇਖ ਗੁਰੁ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਦੀ ਸਾਰਥਿਕਤਾ ਬਾਰੇ ਹੈ, ਦੂਜੇ ਲੇਖ ਦਾ ਵਿਸ਼ਾ ਗੁਰੁ ਤੇਗ਼ ਬਹਾਦਰ ਜੀ ਦੀ ਅਦੁੱਤੀ ਕੁਰਬਾਨੀ ਹੈ ਅਤੇ ਤੀਸਰਾ ਲੇਖ ਗੁਰੁ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਨ੍ਹਾਂ ਵੱਲੋਂ ‘ਖ਼ਾਲਸਾ ਪੰਥ’ ਸਾਜਣ ਤੋਂ ਬਾਅਦ ਜਬਰ, ਜ਼ੁਲਮ ਤੇ ਅਨਿਆਂ ਵਿਰੁੱਧ ਲੜਾਈ ਕਰਨ ਬਾਰੇ ਹੈ। ਇਨ੍ਹਾਂ ਲੇਖਾਂ ਨੂੰ ਪੜ੍ਹ ਕੇ ਗੁਰੁ ਸਾਹਿਬਾਨ ਦੇ ਜੀਵਨ ਅਤੇ ਉਨ੍ਹਾਂ ਦੇ ਚਰਿੱਤਰ ਦੀ ਤਸਵੀਰ ਪਾਠਕ ਦੇ ਸਨਮੁੱਖ ਸਾਕਾਰ ਹੁੰਦੀ ਹੈ। ਖੋਜ ਅਤੇ ਤਰਕ ਦੇ ਆਧਾਰਿਤ ਇਹ ਲੇਖ ਗੁਰੁ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਤੋਂ ਸਾਨੂੰ ਕੁਝ ਸਿੱਖਣ ਲਈ ਪ੍ਰੇਰਦੇ ਹਨ। ਇਸ ਤੋਂ ਅਗਲੇ ਭਾਗ ਦੇ ਪੰਜ ਲੇਖਾਂ ਵਿਚ ਸਮਾਜਿਕ ਸ਼ਖ਼ਸੀਅਤਾਂ ਸ਼ਹੀਦ ਭਗਤ ਸਿੰਘ, ਡਾ. ਮਹਿੰਦਰ ਸਿੰਘ ਰੰਧਾਵਾ, ਡਾ. ਬਲਵੰਤ ਸਿੰਘ ਲੱਛੜ, ਪੂਰਨ ਸਿੰਘ ਪਾਂਧੀ ਅਤੇ ਡਾ. ਰਾਜੇਸ਼ ਕੁਮਾਰ ਪੱਲਣ ਬਾਰੇ ਗੱਲ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀ ਮਿਹਨਤ ਅਤੇ ਲਿਆਕਤ ਸਦਕਾ ਵੱਖ-ਵੱਖ ਖ਼ੇਤਰਾਂ ਵਿਚ ਸਮਾਜ ਨੂੰ ਸਾਰਥਿਕ ਸੇਧ ਦਿੱਤੀ।
ਆਪਣੇ ਸ਼ਹਿਰ ਬਰੈਂਪਟਨ ਦੇ ਵਿਦਵਾਨ ਪੂਰਨ ਸਿੰਘ ਪਾਂਧੀ ਦੀ ਸਿਆਣਪ ਅਤੇ ਵਿਦਵਤਾ ਬਾਰੇ ਅਸੀਂ ਸਾਰੇ ਜਾਣਦੇ ਹੀ ਹਾਂ ਜਿਸ ਦੇ ਵਿਸਥਾਰ ਵਿਚ ਜਾਣ ਦੀ ਜ਼ਰੂਰਤ ਨਹੀਂ। ਅਲਬੱਤਾ! ਇਸ

ਪੁਸਤਕ ਤੋਂ ਡਾ. ਪੱਲਣ ਬਾਰੇ ਜਾਣ ਕੇ ਬੜਾ ਚੰਗਾ ਲੱਗਿਆ ਕਿ ਸਾਡੇ ਸ਼ਹਿਰ ਵਿਚ ਬੈਠਾ ਇਕ ਹੋਰ ਵਿਦਵਾਨ ਬੜੀ ਸਹਿਜਤਾ ਅਤੇ ਸੁਚੱਜਤਾ ਨਾਲ ਕੰਮ ਕਰ ਰਿਹਾ ਹੈ। ਉਸ ਦੇ ਪਿਛੋਕੜ, ਵਿੱਦਿਆ, ਅਧਿਆਪਨ ਅਤੇ ਖੋਜ ਕਾਰਜਾਂ ਬਾਰੇ ਗੱਲ ਕਰਦਿਆਂ ਇਸ ਗੱਲ ਦੀ ਸ਼ਲਾਘਾ ਕੀਤੀ ਗਈ ਹੈ ਕਿ ਉਹ ਕੁਝ ਗਿਣੇ ਚੁਣੇ ਵਿਦਵਾਨਾਂ ਵਿੱਚੋਂ ਇਕ ਹੈ ਜੋ ਅੰਗਰੇਜ਼ੀ ਵਿਚ ਪੀਐੱਚ.ਡੀ ਕਰਨ ਦੇ ਬਾਵਜੂਦ ਪੰਜਾਬੀ ਵਿਚ ਲਿਖਦੇ ਹਨ।
ਏਸੇ ਤਰ੍ਹਾਂ ਦਿੱਲੀ ਕਿਸਾਨ ਅੰਦੋਲਨ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਡਾ. ਸਵੈਮਾਣ ਸਿੰਘ ਪੱਖੋਕੇ ਅਤੇ ਪੰਜਾਬੀ ਦੇ ਸਿਰਮੌਰ ਲੇਖਕਾਂ ਲਾਲਾ ਧਨੀ ਰਾਮ ਚਾਤ੍ਰਿਕ, ਨਾਨਕ ਸਿੰਘ ਅਤੇ ਜਸਵੰਤ ਸਿੰਘ ਕੰਵਲ ਦੇ ਸ਼ਬਦ-ਚਿੱਤਰ ਬਹੁਤ ਖ਼ੂਬਸੂਰਤੀ ਨਾਲ ਉਲੀਕੇ ਗਏ ਹਨ। ਜਸਵੰਤ ਸਿੰਘ ਕੰਵਲ ਦੀ ਮੁੱਢਲੀ ਪੜ੍ਹਾਈ, ਮਲੇਸ਼ੀਆ ਦੌਰਾ ਅਤੇ ਕਵਿਤਾ ਦੀ ਚੇਟਕ ਲੱਗਣ ਤੋਂ ਲੈ ਕੇ ਢੁੱਡੀਕੇ ਵਾਪਸੀ, ਨਾਵਲਕਾਰੀ ਵਿਚ ਸਥਾਪਿਤ ਹੋਣ, ਇਨਾਮਾਂ-ਸਨਮਾਨਾਂ ਦੀ ਪ੍ਰਾਪਤੀ ਤੋਂ ਲੈ ਕੇ ਡਾ. ਜਸਵੰਤ ਗਿੱਲ ਨਾਲ ਦੂਜਾ ਵਿਆਹ ਕਰਾਉਣ ਬਾਰੇ ਖੁੱਲ੍ਹ ਕੇ ਲਿਖਿਆ ਗਿਆ ਹੈ। ਜਦੋਂ ਕੰਵਲ ਸ਼੍ਰੋਮਣੀ ਗੁਰਦੁਆਰਾ ਕਮੇਟੀ ਅੰਮ੍ਰਿਤਸਰ ਵਿਖੇ ਨੌਕਰੀ ਕਰਦਾ ਸੀ ਤਾਂ ਨਾਨਕ ਸਿੰਘ ਦਾ ਉੱਥੇ ਆ ਕੇ ਕੰਵਲ ਨੂੰ ਕਹਿਣਾ “ਤੂੰ ਬਹੁਤ ਵਧੀਆ ਲਿਖਦਾ ਏਂ, ਲਿਖਣਾ ਨਾ ਛੱਡੀਂ” ਪੜ੍ਹ ਕੇ ਬਹੁਤ ਖੁਸ਼ੀ ਹੋਈ। ਇਸ ਨਾਲ ਬਹੁਤ ਸਾਰੇ ਲੇਖਕਾਂ ਨੂੰ ਪ੍ਰੇਰਨਾ ਵੀ ਮਿਲੀ ਹੋਵੇਗੀ ਕਿ ਇਕ ਲੇਖਕ ਨੂੰ ਦੂਸਰੇ ਨੂੰ ਹੋਰ ਲਿਖਣ ਲਈ ਉਤਸ਼ਾਹਿਤ ਕਰਨਾ ਚਾਹੀਦਾ ਹੈ।
ਇਹ ਕਿਤਾਬ ਇਕ ਮਹੱਤਵਪੂਰਨ ਦਸਤਾਵੇਜ਼ ਹੈ ਜੋ ਆਪਣੇ ਅੰਦਰ ਗਿਆਨ ਵੱਡਾ ਖ਼ਜ਼ਾਨਾ ਸਮੋਈ ਸਮੋਈ ਬੈਠੀ ਹੈ। ਇਸ ਵਿੱਚ ਸਮਾਜਿਕ, ਧਾਰਮਿਕ, ਵਿਗਿਆਨਕ, ਪਰਿਵਾਰਕ ਅਤੇ ਵਾਤਾਵਰਣ ਨਾਲ ਸਬੰਧਿਤ ਬਹੁਤ ਸਾਰੇ ਵਿਸਿ਼ਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਇਸ ਦੀ ਭਾਸ਼ਾ ਸਾਦੀ ਅਤੇ ਰਵਾਂ ਹੈ ਜੋ ਬੜੀ ਜਲਦੀ ਅਤੇ ਆਸਾਨੀ ਨਾਲ ਪੜ੍ਹੀ ਜਾਂਦੀ ਹੈ। ਲੇਖਕ ਕਿਤੇ ਵੀ ਅਕਾਊ ਪ੍ਰਤੀਤ ਨਹੀਂ ਹੁੰਦਾ। ਉਸ ਨੇ ਵਿਸਿ਼ਆਂ ਅਨੁਸਾਰ ਲੇਖਾਂ ਦੀ ਵੰਡ ਕਰਕੇ ਪਾਠਕ ਨੂੰ ਕਿਤਾਬ ਨਾਲ ਜੋੜੀ ਰੱਖਿਆ ਹੈ। ਇਸ ਨਾਲ ਪਾਠਕ ਦਾ ਧਿਆਨ ਇੱਕ ਸਮੇਂ ਇੱਕੋ ਵਿਸ਼ੇ ‘ਤੇ ਕੇਂਦ੍ਰਿਤ ਰਹਿੰਦਾ ਹੈ। ਕੁਲ ਮਿਲਾ ਕੇ ਇਸ ਪੁਸਤਕ ਦਾ ਪੰਜਾਬੀ ਸਾਹਿਤ ਵਿਚ ਆਉਣਾ ਇਕ ਸ਼ੁਭ ਸ਼ਗਨ ਹੈ। ਜਿਵੇਂ ਆਰੰਭ ਵਿਚ ਪਹਿਲਾਂ ਕਿਹਾ ਗਿਆ ਹੈ ਕਿ ਪੰਜਾਬੀ ਵਿਚ ਵਾਰਤਕ ਬਹੁਤ ਘੱਟ ਲਿਖੀ ਜਾ ਰਹੀ ਹੈ, ਖ਼ਾਸ ਕਰਕੇ ਕੈਨੇਡਾ ਵਿਚ ਤਾਂ ਕੋਈ ਟਾਂਵੀਂ-ਟਾਂਵੀ ਪੁਸਤਕ ਹੀ ਵਾਰਤਕ ਦੀ ਆਉਂਦੀ ਹੈ, ਮੈਂ ਝੰਡ ਸਾਹਿਬ ਨੂੰ ਗੁਜ਼ਾਰਿਸ਼ ਕਰਦੀ ਹਾਂ ਕਿ ਉਹ ਇੰਜ ਹੀ ਲਿਖਣਾ ਜਾਰੀ ਰੱਖਣ ਅਤੇ ਪੰਜਾਬੀ ਵਾਰਤਕ ਸਾਹਿਤ ਵਿਚ ਵਾਧਾ ਕਰਨ।

 

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’