ਟੋਕੀਓ, 27 ਸਤੰਬਰ, 27 ਸਤੰਬਰ (ਪੋਸਟ ਬਿਊਰੋ): ਜਾਪਾਨ ਦੇ ਸਾਬਕਾ ਪ੍ਰਧਾਨ ਮੰਤਰੀ ਸਿ਼ੰਜੋ ਆਬੇ ਦਾ ਸਰਕਾਰੀ ਤੌਰ ‘ਤੇ ਅੰਤਿਮ ਸਸਕਾਰ ਟੋਕੀਓ ਦੇ ਨਿਪੋਨ ਬੁਡੋਕਾਨ ਕਮਿਊਨਿਟੀ ਸੈਂਟਰ ਵਿੱਚ ਕੀਤਾ ਗਿਆ। ਇੱਥੇ ਮੋਦੀ ਸਮੇਤ 700 ਤੋਂ ਵੱਧ ਵਿਸ਼ਵ ਦੇ ਨੇਤਾਵਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਇਸ ਦੌਰਾਨ ਜਾਪਾਨ ਦਾ ਸ਼ਾਹੀ ਪਰਿਵਾਰ ਵੀ ਮੌਜੂਦ ਸੀ। ਕ੍ਰਾਊਨ ਪ੍ਰਿੰਸ ਅਕੀਸ਼ਿਨੋ, ਉਨ੍ਹਾਂ ਦੀ ਪਤਨੀ ਕ੍ਰਾਊਨ ਪ੍ਰਿੰਸੈਸ ਕੀਕੋ ਅਤੇ ਸ਼ਾਹੀ ਪਰਿਵਾਰ ਦੇ ਹੋਰ ਮੈਂਬਰਾਂ ਨੇ ਆਬੇ ਨੂੰ ਸ਼ਰਧਾਂਜਲੀ ਦਿੱਤੀ। ਇਸ ਤੋਂ ਬਾਅਦ ਰਾਸ਼ਟਰੀ ਗੀਤ ਗਾਇਆ ਗਿਆ ਅਤੇ ਆਬੇ ਨੂੰ 19 ਤੋਪਾਂ ਦੀ ਸਲਾਮੀ ਦਿੱਤੀ ਗਈ। ਆਬੇ ਦੀ ਯਾਦ ਵਿੱਚ 2 ਮਿੰਟ ਦਾ ਮੌਨ ਵੀ ਰੱਖਿਆ ਗਿਆ।ਜ਼ਿਕਰਯੋਗ ਹੈ ਕਿ ਆਬੇ ਦੀ 8 ਜੁਲਾਈ ਨੂੰ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ 15 ਜੁਲਾਈ ਨੂੰ ਸ਼ਿੰਜੋ ਦਾ ਪਰਿਵਾਰਕ ਤੌਰ ‘ਤੇ ਸਸਕਾਰ ਕਰ ਦਿੱਤਾ ਗਿਆ। ਇਸ ਲਈ, ਅੱਜ ਜੋ ਸਰਕਾਰੀ ਅੰਤਿਮ ਸਸਕਾਰ ਹੋਇਆ, ਉਹ ਪ੍ਰਤੀਕਾਤਮਕ ਸੀ। ਲੋਕ ਅਜੇ ਵੀ ਇਸ ਸਸਕਾਰ ਦਾ ਵਿਰੋਧ ਕਰ ਰਹੇ ਹਨ। ਨਿਪੋਨ ਬੁਡੋਕਨ ਦੇ ਬਾਹਰ ਪ੍ਰਦਰਸ਼ਨ ਜਾਰੀ ਹੈ।