ਕੈਪਟਾਊਨ, 18 ਸਤੰਬਰ (ਪੋਸਟ ਬਿਊਰੋ): ਦੱਖਣੀ ਅਫਰੀਕਾ ਦੇ ਉੱਤਰੀ ਕਵਾਜ਼ੁਲੂ-ਨਤਾਲ 'ਚ ਸ਼ਨੀਵਾਰ ਨੂੰ ਇਕ ਭਿਆਨਕ ਸੜਕ ਹਾਦਸੇ 'ਚ 19 ਸਕੂਲੀ ਵਿਦਿਆਰਥੀਆਂ ਸਮੇਤ 21 ਲੋਕਾਂ ਦੀ ਮੌਤ ਹੋ ਗਈ। ਮਾਰੇ ਗਏ ਸਾਰੇ ਵਿਦਿਆਰਥੀਆਂ ਦੀ ਉਮਰ 12 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਇਹ ਸਾਰੇ ਬੱਚੇ ਸਕੂਲ ਤੋਂ ਘਰ ਪਰਤ ਰਹੇ ਸਨ। ਕਵਾਜ਼ੁਲੂ-ਨਤਾਲ ਟਰਾਂਸਪੋਰਟ ਦੇ ਐਮਈਸੀ ਸਿਫੋ ਹਲਾਮੁਕਾ ਨੇ ਕਿਹਾ ਕਿ ਸਾਡਾ ਮੰਨਣਾ ਹੈ ਕਿ ਅਜਿਹੇ ਹਾਦਸੇ ਡਰਾਈਵਰ ਦੀ ਲਾਪਰਵਾਹੀ ਕਾਰਨ ਹੁੰਦੇ ਹਨ।
ਅਫ਼ਰੀਕਾ ਦੀ ਐਮਰਜੈਂਸੀ ਮੈਡੀਕਲ ਸਰਵਿਸ ਮੁਤਾਬਕ ਇਕ ਬੇਕਾਬੂ ਟਰੱਕ ਦੂਜੇ ਟਰੱਕ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਓਵਰਟੇਕ ਕਰਦੇ ਸਮੇਂ ਟਰੱਕ ਸਾਹਮਣੇ ਤੋਂ ਆ ਰਹੀ ਸਕੂਲ ਵੈਨ ਨਾਲ ਟਕਰਾ ਗਿਆ।ਪੁਲਿਸ ਮੁਤਾਬਕ ਇਹ ਟੱਕਰ ਆਹਮੋ-ਸਾਹਮਣੇ ਸੀ। ਹਾਦਸੇ ਤੋਂ ਬਾਅਦ ਕੁਝ ਬੱਚੇ ਵੈਨ ਵਿੱਚ ਫਸ ਗਏ।