Welcome to Canadian Punjabi Post
Follow us on

31

January 2023
ਬ੍ਰੈਕਿੰਗ ਖ਼ਬਰਾਂ :
ਚੀਨ ਖਿਲਾਫ AUKUS ਸਮਝੌਤੇ 'ਚ ਭਾਰਤ ਨੂੰ ਸ਼ਾਮਲ ਕਰਨਾ ਚਾਹੁੰਦਾ ਹੈ ਬ੍ਰਿਟੇਨਯੂਕਰੇਨ-ਰੂਸ ਤੋਂ ਬਾਅਦ ਹੁਣ ਏਸ਼ੀਆ 'ਚ ਹੋ ਸਕਦੀ ਹੈ ਤਾਈਵਾਨ-ਚੀਨ ਜੰਗ!ਪੇਸ਼ਾਵਰ ਮਸਜਿਦ ਆਤਮਘਾਤੀ ਹਮਲੇ ਵਿਚ ਮੌਤਾਂ ਦੀ ਗਿਣਤੀ 95 ਹੋਈਅੰਤਰ-ਰਾਜੀ ਫਾਰਮਾ ਡਰੱਗ ਕਾਰਟੇਲ ਦਾ ਪਰਦਾਫਾਸ਼: ਦੋ ਜੇਲ੍ਹ ਕੈਦੀਆਂ ਸਮੇਤ ਚਾਰ ਵਿਅਕਤੀ 5.31 ਲੱਖ ਫਾਰਮਾ ਓਪੀਓਡਜ਼ ਨਾਲ ਗਿਫ਼ਤਾਰਮੀਤ ਹੇਅਰ ਨੇ ਕਿਹਾ: ਸੂਬੇ ਵਿਚ ਆਮ ਲੋਕਾਂ ਲਈ ਰੇਤੇ ਦੀਆਂ ਖੱਡਾਂ ਜਲਦ ਸ਼ੁਰੂ ਹੋਣਗੀਆਂਸੂਬੇ ਦੇ 1294 ਸਕੂਲਾਂ ਵਿੱਚ 1741ਨਵੇਂ ਕਲਾਸ-ਰੂਮ ਬਣਾਉਣ ਲਈ 130.75 ਕਰੋੜ ਰੁਪਏ ਦੀ ਰਕਮ ਮਨਜ਼ੂਰ : ਬੈਂਸਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ: ਬਜਟ ਸੈਸ਼ਨ ਦੌਰਾਨ ਪੰਜਾਬ ਨਾਲ ਸੰਬੰਧਿਤ ਸਾਰੇ ਮੁੱਦੇ ਸਦਨ ਵਿਚ ਚੁੱਕੇ ਜਾਣਗੇਪਾਕਿਸਤਾਨ ਦੀ ਮਾਸਜਿਦ ਵਿਚ ਹੋਇਆ ਫਿਦਾਈਨ ਹਮਲਾ, 61 ਦੀ ਮੌਤ
 
ਨਜਰਰੀਆ

ਕਾਨੂੰਨ

August 22, 2022 01:42 PM

-ਫਰਾਂਜ਼ ਕਾਫਕਾ
ਕਾਨੂੰਨ ਦੇ ਬੂਹੇ ਉੱਤੇ ਰਾਖਾ ਖੜ੍ਹਾ ਹੈ। ਉਸ ਦੇਸ਼ ਦਾ ਇੱਕ ਆਮ ਆਦਮੀ ਉਸ ਦੇ ਕੋਲ ਪਹੁੰਚ ਕੇ ਕਾਨੂੰਨ ਦੇ ਸਾਹਮਣੇ ਪੇਸ਼ ਹੋਣ ਦੀ ਇਜਾਜ਼ਤ ਮੰਗਦਾ ਹੈ, ਪਰ ਉਹ ਉਸ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੰਦਾ।
ਆਮ ਆਦਮੀ ਸੋਚੀਂ ਪੈ ਜਾਂਦਾ ਹੈ। ਫਿਰ ਪੁੱਛਦਾ ਹੈ, ‘‘ਕੀ ਕੁਝ ਸਮੇਂ ਬਾਅਦ ਮੇਰੀ ਗੱਲ ਸੁਣੀ ਜਾਵੇਗੀ?”
‘‘ਦੇਖਿਆ ਜਾਵੇਗਾ”, ਕਾਨੂੰਨ ਦਾ ਰਾਖਾ ਕਹਿੰਦਾ ਹੈ, ‘‘ਪਰ ਇਸ ਵੇਲੇ ਬਿਲਕੁਲ ਨਹੀਂ।”
ਕਾਨੂੰਨ ਦਾ ਬੂਹਾ ਸਦਾ ਵਾਂਗ ਅੱਜ ਵੀ ਖੁੱਲ੍ਹਾ ਹੋਇਆ ਹੈ। ਆਦਮੀ ਅੰਦਰ ਝਾਕਦਾ ਹੈ।
ਉਸ ਨੂੰ ਇੰਝ ਕਰਦਿਆਂ ਦੇਖ ਕੇ ਰਾਖਾ ਝਿੜਕਣ ਲੱਗਦਾ ਹੈ ਅਤੇ ਕਹਿੰਦਾ ਹੈ, ‘‘ਮੇਰੇ ਮਨ੍ਹਾ ਕਰਨ ਉੱਤੇ ਵੀ ਤੂੰ ਅੰਦਰ ਜਾਣ ਲਈ ਇੰਨਾ ਕਾਹਲਾਂ ਹੈਂ ਤਾਂ ਕੋਸ਼ਿਸ਼ ਕਰ ਕੇ ਦੇਖ ਕਿਉਂ ਨਹੀਂ ਲੈਂਦਾ, ਪਰ ਯਾਦ ਰੱਖੀਂ ਮੈਂ ਬਹੁਤ ਸਖਤ ਹਾਂ, ਜਦ ਕਿ ਮੈਂ ਦੂਜੇ ਰਾਖਿਆਂ ਤੋਂ ਬਹੁਤ ਛੋਟਾ ਹਾਂ। ਇੱਥੇ ਇੱਕ ਕਮਰੇ ਤੋਂ ਦੂਜੇ ਤੱਕ ਜਾਣ ਵਿੱਚ ਹਰ ਬੂਹੇ ਉੱਤੇ ਇੱਕ ਰਾਖਾ ਹੈ ਅਤੇ ਹਰ ਰਾਖਾ ਦੂਜੇ ਤੋਂ ਤਾਕਤਵਰ ਹੈ। ਕਈਆਂ ਦੇ ਸਾਹਮਣੇ ਹੋਣ ਦੀ ਹਿੰਮਤ ਮੇਰੇ ਵਿੱਚ ਵੀ ਨਹੀਂ ਹੈ।”
ਆਦਮੀ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਕਾਨੂੰਨ ਤੱਕ ਪਹੁੰਚਣ ਵਿੱਚ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਹ ਇਹੀ ਸਮਝਦਾ ਸੀ ਕਿ ਕਾਨੂੰਨ ਤੱਕ ਹਰ ਆਦਮੀ ਦੀ ਪਹੁੰਚ ਹਰ ਸਮੇਂ ਹੋਣੀ ਚਾਹੀਦੀ ਹੈ। ਫਿਰ ਕੋਟ ਵਾਲੇ ਰਾਖੇ ਦਾ ਤਿੱਖਾ ਨੱਕ, ਖਿਲਰੀ ਲੰਬੀ ਕਾਲੀ ਦਾੜ੍ਹੀ ਨੂੰ ਕੋਲੋਂ ਦੇਖਣ ਪਿੱਛੋਂ ਉਹ ਇਜਾਜ਼ਤ ਮਿਲਣ ਤੱਕ ਬਾਹਰ ਉਡੀਕਣ ਦਾ ਨਿਸ਼ਚਾ ਕਰਦਾ ਹੈ। ਰਾਖਾ ਉਸ ਨੂੰ ਬੂਹੇ ਦੇ ਇੱਕ ਪਾਸੇ ਸਟੂਲ ਉੱਤੇ ਬਹਿਣ ਦਿੰਦਾ ਹੈ। ਉਹ ਉਥੇ ਕਈ ਦਿਨਾਂ ਤੱਕ ਬੈਠਦਾ ਹੈ। ਇੱਥੋਂ ਤੱਕ ਕਿ ਵਰ੍ਹੇ ਲੰਘ ਜਾਂਦੇ ਹਨ। ਇਸ ਵਿੱਚ ਉਹ ਅੰਦਰ ਜਾਣ ਲਈ ਕਈ ਵਾਰ ਰਾਖੇ ਦੇ ਹਾੜ੍ਹੇ ਕੱਢਦਾ ਹੈ। ਰਾਖਾ ਵਿੱਚ ਵਿੱਚ ਅਣਮੰਨੇ ਅੰਦਾਜ਼ ਵਿੱਚ ਉਸ ਤੋਂ ਉਸ ਦੇ ਘਰ ਅਤੇ ਦੂਜੀਆਂ ਬਹੁਤ ਸਾਰੀਆਂ ਗੱਲਾਂ ਪੁੱਛਣ ਲੱਗਦਾ ਹੈ, ਹਰ ਵਾਰ ਉਸ ਦੀ ਗੱਲਬਾਤ ਇਸੇ ਨਿਰਣੇ ਨਾਲ ਖਤਮ ਹੋ ਜਾਂਦੀ ਹੈ ਕਿ ਅਜੇ ਉਸ ਨੂੰ ਦਾਖਲਾ ਨਹੀਂ ਮਿਲ ਸਕਦਾ।
ਆਦਮੀ ਨੇ ਸਫਰ ਲਈ ਜਿਹੜਾ ਸਾਮਾਨ ਇਕੱਠਾ ਕੀਤਾ ਸੀ ਅਤੇ ਹੋਰ ਜੋ ਕੁਝ ਵੀ ਉਸ ਦੇ ਕੋਲ ਸੀ, ਉਹ ਸਾਰਾ ਉਸ ਰਾਖੇ ਨੂੰ ਖੁਸ਼ ਕਰਨ ਵਿੱਚ ਖਰਚ ਕਰ ਦਿੰਦਾ ਹੈ।ਰਾਖਾ ਉਸ ਕੋਲੋਂ ਸਭ ਕੁਝ ਇਸ ਤਰ੍ਹਾਂ ਸਵੀਕਾਰ ਕਰਦਾ ਰਹਿੰਦਾ ਹੈ ਜਿਵੇਂ ਉਸ ਉੱਤੇ ਕੋਈ ਅਹਿਸਾਨ ਕਰ ਰਿਹਾ ਹੋਵੇ।
ਵਰ੍ਹਿਆਂਬੱਧੀ ਆਸ ਭਰੀਆਂ ਨਜ਼ਰਾਂ ਨਾਲ ਰਾਖੇ ਵੱਲ ਦੇਖਦਿਆਂ ਉਹ ਦੂਜੇ ਰਾਖਿਆਂ ਬਾਰੇ ਭੁੱਲ ਜਾਂਦਾ ਹੈ। ਕਾਨੂੰਨ ਤੱਕ ਪਹੁੰਚਣ ਦੇ ਰਾਹ ਵਿੱਚ ਇੱਕ ਮਾਤਰ ਉਹੀ ਰਾਖਾ ਉਸ ਨੂੰ ਰੁਕਾਵਟ ਨਜ਼ਰ ਆਉਂਦਾ ਹੈ। ਉਹ ਆਦਮੀ ਜਵਾਨੀ ਦੇ ਦਿਨਾਂ ਵਿੱਚ ਉਚੀ ਆਵਾਜ਼ ਵਿੱਚ ਅਤੇ ਫਿਰ ਬੁੱਢਾ ਹੋਣ ਉੱਤੇ ਹਲਕੀ ਫੁਸਫੁਸਾਹਟ ਵਿੱਚ ਆਪਣੀ ਕਿਸਮਤ ਨੂੰ ਕੋਸਦਾ ਰਹਿੰਦਾ ਹੈ। ਉਹ ਬੱਚੇ ਵਰਗਾ ਹੋ ਜਾਂਦਾ ਹੈ। ਵਰ੍ਹਿਆਂਬੱਧੀ ਰਾਖੇ ਵੱਲ ਟਿਕਟਿਕੀ ਲਾਈ ਰੱਖਣ ਕਾਰਨ ਉਸ ਨੂੰ ਉਸ ਦੇ ਕਾਲਰ ਵਿੱਚ ਲੁਕੇ ਪਿੱਸੂਆਂ ਬਾਰੇ ਪਤਾ ਲੱਗ ਜਾਂਦਾ ਹੈ। ਉਹ ਪਿੱਸੂਆਂ ਦੀ ਵੀ ਖੁਸ਼ਾਮਦ ਕਰਦਾ ਹੈ ਤਾਂ ਕਿ ਉਹ ਰਾਖੇ ਦਾ ਦਿਮਾਗ ਉਸ ਦੇ ਹੱਕ ਵਿੱਚ ਕਰ ਦੇਣ। ਅੰਤ ਵਿੱਚ ਉਸ ਦੀਆਂ ਅੱਖਾਂ ਜਵਾਬ ਦੇਣ ਲੱਗਦੀਆਂ ਹਨ। ਉਸ ਨੂੰ ਇਹ ਸਮਝ ਨਹੀਂ ਆਉਂਦੀ ਕਿ ਕੀ ਦੁਨੀਆ ਸੱਚਮੁੱਚ ਪਹਿਲਾਂ ਤੋਂ ਵੱਧ ਹਨੇਰੀ ਹੋ ਗਈ ਹੈ ਜਾਂ ਉਸ ਦੀਆਂ ਅੱਖਾਂ ਧੋਖਾ ਦੇ ਰਹੀਆਂ ਹਨ, ਪਰ ਅਜੇ ਵੀ ਚਾਰੇ ਪਾਸਿਆਂ ਦੇ ਹਨੇਰੇ ਵਿੱਚ ਕਾਨੂੰਨ ਦੇ ਬੂਹੇ ਵਿੱਚੋਂ ਫੁੱਟਦੇ ਰੋਸ਼ਨੀ ਦੇ ਘੇਰੇ ਮਹਿਸੂਸ ਕਰਦਾ ਹੈ।
ਉਹ ਨੇੜੇ ਆਉਂਦੀ ਮੌਤ ਨੂੰ ਮਹਿਸੂਸ ਕਰਨ ਲੱਗਦਾ ਹੈ। ਮਰਨ ਤੋਂ ਪਹਿਲਾਂ ਰਾਖੇ ਨੂੰ ਸਵਾਲ ਪੁੱਛਣਾ ਚਾਹੁੰਦਾ ਹੈ ਜਿਹੜਾ ਉਸ ਨੂੰ ਕਈ ਸਾਲਾਂ ਤੋਂ ਉਸ ਨੂੰ ਤੰਗ ਕਰ ਰਿਹਾ ਹੈ। ਉਹ ਹੱਥ ਦੇ ਇਸ਼ਾਰੇ ਨਾਲ ਰਾਖੇ ਨੂੰ ਕੋਲ ਬੁਲਾਉਂਦਾ ਹੈ ਕਿਉਂਕਿ ਬੈਠਿਆਂ ਬੈਠਿਆਂ ਉਸ ਦਾ ਸਰੀਰ ਏਦਾਂ ਆਕੜ ਗਿਆ ਹੈ ਕਿ ਚਾਹੁੰਦਾ ਹੋਇਆ ਵੀ ਉਠ ਨਹੀਂ ਸਕਦਾ। ਰਾਖੇ ਨੂੰ ਉਸ ਵੱਲ ਝੁਕਣਾ ਪੈਂਦਾ ਹੈ ਕਿਉਂਕਿ ਕੱਦ ਵਿੱਚ ਕਾਫੀ ਫਰਕ ਆਉਣ ਕਾਰਨ ਉਹ ਬੌਣਾ ਦਿਖਾਈ ਦਿੰਦਾ ਹੈ।
‘‘ਤੂੰ ਕੀ ਪੁੱਛਣਾ ਚਾਹੁੰਦਾ ਏ?” ਰਾਖਾ ਪੁੱਛਦਾ ਹੈ,‘‘ਤੇਰੀ ਇੱਛਾ ਦਾ ਕੋਈ ਅੰਤ ਵੀ ਹੈ?”
‘‘ਕਾਨੂੰਨ ਤਾਂ ਹਰੇਕ ਲਈ ਹੈ”, ਆਦਮੀ ਕਹਿੰਦਾ ਹੈ, ‘‘ਪਰ ਮੇਰੀ ਸਮਝ ਵਿੱਚ ਇਹ ਗੱਲ ਨਹੀਂ ਆ ਰਹੀ ਕਿ ਇੰਨੇ ਸਾਲਾਂ ਵਿੱਚ ਮੇਰੇ ਤੋਂ ਬਿਨਾਂ ਕਿਸੇ ਹੋਰ ਨੇ ਇੱਥੇ ਦਾਖਲੇ ਲਈ ਦਸਤਕ ਕਿਉਂ ਨਹੀਂ ਦਿੱਤੀ।”
ਰਾਖੇ ਨੂੰ ਇਹ ਸਮਝਦਿਆਂ ਦੇਰ ਨਹੀਂ ਲੱਗਦੀ ਕਿ ਇਹ ਆਦਮੀ ਅੰਤਿਮ ਘੜੀਆਂ ਗਿਣ ਰਿਹਾ ਹੈ। ਉਹ ਉਸ ਦੇ ਲਗਭਗ ਬੋਲੇ ਹੋ ਰਹੇ ਕੰਨ ਵਿੱਚ ਚੀਕ ਕੇ ਕਹਿੰਦਾ ਹੈ,‘‘ਕਿਸੇ ਦੂਜੇ ਦੇ ਇੱਥੇ ਦਾਖਲੇ ਦਾ ਮਤਲਬ ਨਹੀਂ ਸੀ, ਕਿਉਂਕਿ ਕਾਨੂੰਨ ਤੱਕ ਪਹੁੰਚਣ ਦਾ ਇਹ ਬੂਹਾ ਸਿਰਫ ਤੇਰੇ ਲਈ ਖੋਲ੍ਹਿਆ ਸੀ ਅਤੇ ਅੱਜ ਮੈਂ ਇਸ ਨੂੰ ਬੰਦ ਕਰਨ ਲੱਗਾ ਹਾਂ।”

 
Have something to say? Post your comment