Welcome to Canadian Punjabi Post
Follow us on

03

July 2025
 
ਨਜਰਰੀਆ

ਬਿਹਾਰ ਵਿੱਚ ਸੱਤਾ ਪਰਿਵਰਤਨ ਦੇ ਮਾਅਨੇ

August 14, 2022 04:44 PM

-ਮੁਹੰਮਦ ਅੱਬਾਸ ਧਾਲੀਵਾਲ
ਵਸੀਮ ਬਰੇਲਵੀ ਨੇ ਆਪਣੇ ਇੱਕ ਸ਼ਿਅਰ ਵਿੱਚ ਕਿਹਾ ਹੈ, ‘‘ਉਸੀ ਕੋ ਜੀਨੇਕਾ ਹੱਕ ਹੈ, ਜੋ ਇਸ ਜ਼ਮਾਨੇ ਮੇਂ, ਇਧਰ ਕਾ ਲਗਤਾ ਰਹੇ, ਔਰ ਉਧਰ ਕਾ ਹੋ ਜਾਏ।” ਵਸੀਮ ਬਰੇਲਵੀ ਦੀਆਂ ਇਹ ਸਤਰਾਂ ਓਦੋਂਮਨ ਵਿੱਚ ਆ ਗਈਆਂ ਜਦੋਂ ਜਨਤਾ ਦਲ (ਯੂ) ਦੇ ਨੇਤਾ ਨਿਤੀਸ਼ ਕੁਮਾਰ ਨੇ 10 ਅਗਸਤ ਦਿਨ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਇੱਕ ਵਾਰ ਫਿਰ ਸਹੁੰ ਚੁੱਕੀ। ਇਸੇ ਸਮਾਰੋਹ ਦੌਰਾਨ ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਨੇਤਾ ਤੇਜੱਸਵੀ ਯਾਦਵ ਨੇ ਮੰਤਰੀ ਵਜੋਂ ਸਹੁੰ ਚੁੱਕੀ ਅਤੇ ਆਸ ਹੈ ਕਿ ਉਹ ਦੂਜੀ ਵਾਰ ਉਪ ਮੁੱਖ ਮੰਤਰੀ ਬਣਾਏ ਜਾ ਸਕਦੇ ਹਨ।
ਸਹੁੰ ਚੁੱਕਣ ਪਿੱਛੋਂ ਮੀਡੀਆ ਨਾਲ ਗੱਲ ਕਰਦਿਆਂ ਨਿਤੀਸ਼ ਕੁਮਾਰ ਨੇ ਕਿਹਾ ਕਿ ਭਾਜਪਾ ਦੀ ਅਗਵਾਈ ਵਾਲੇ ਐੱਨ ਡੀ ਏ ਨੂੰ 2024 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਬਾਰੇ ਚਿੰਤਾ ਕਰਨੀ ਚਾਹੀਦੀ ਹੈ। ਉਨ੍ਹਾਂ ਦਾਅਵਾ ਕਰਦਿਆਂ ਸੰਕੇਤਕ ਰੂਪ ਵਿੱਚ ਕਿਹਾ ਕਿ ‘2014 ਮੇਂ ਆਨੇ ਵਾਲੇ 2024 ਮੇਂ ਰਹੇਂਗੇ ਤਬ ਨਾ, ਹਮ ਰਹੇ ਯਾ ਨਾ ਰਹੇਂ, ਵੇ 2024 ਮੇਂ ਨਹੀਂ ਰਹੇਂਗੇ।’ ਉਨ੍ਹਾਂ ਕਿਹਾ ਕਿ ਮੈਂ ਚਾਹਾਂਗਾ ਕਿ 2024 ਲਈ ਸਭ ਵਿਰੋਧੀ ਪਾਰਟੀਆਂ ਇਕਜੁੱਟ ਹੋ ਜਣ। ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਨਿਤੀਸ਼ ਕੁਮਾਰ ਦੇ ਉਸ ਬਿਆਨ ਨਾਲ ਬਿਹਾਰ ਦੀ ਸਿਆਸਤ ਦਾ ਇੱਕ ਚੱਕਰ ਪੂਰਾ ਹੋ ਗਿਆ ਹੈ। ਸੰਨ 2015 ਵਿੱਚ ਉਹ ਮਹਾ ਗੱਠਜੋੜ ਦੀ ਸਰਕਾਰ ਦੇ ਮੁਖੀ ਬਣੇ ਸਨ ਅਤੇ ਲਾਲੂ ਪ੍ਰਸਾਦ ਯਾਦਵ ਅਤੇ ਨਿਤੀਸ਼ ਕੁਮਾਰ ਨੇ ਮਿਲ ਕੇ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੇ ਜਿੱਤ ਦੇ ਰੱਥ ਨੂੰ ਰੋਕ ਦਿੱਤਾ, ਪਰ 20 ਮਹੀਨਿਆਂ ਬਾਅਦ ਤੇਜੱਸਵੀ ਯਾਦਵ ਉੱਤੇ ਲੱਗੇ ਭਿ੍ਰਸ਼ਟਾਚਾਰ ਦੇ ਦੋਸ਼ਾਂ ਕਾਰਨ ਉਨ੍ਹਾਂ ਨੇ ਜੁਲਾਈੇ 2017 ਵਿੱਚ ਜਲਦਬਾਜ਼ੀ ਵਿੱਚ ਆਰ ਜੇ ਡੀ ਛੱਡ ਕੇ ਭਾਜਪਾ ਨਾਲ ਹੱਥ ਮਿਲਾਇਆ ਸੀ। ਪਿਛਲੇ ਕੁਝ ਮਹੀਨਿਆਂ ਤੋਂ ਸਿਆਸੀ ਪੰਡਤਾਂ ਵਿੱਚ ਚਰਚਾ ਆਮ ਸੀ ਕਿ ਨਿਤੀਸ਼ ਕੁਮਾਰ ਇੱਕ ਵਾਰ ਮੁੜ ਪਾਲਾ ਬਦਲਣ ਜਾ ਰਹੇ ਹਨ। ਇਸ ਦੀ ਪੁਸ਼ਟੀ ਓਦੋਂ ਹੋ ਗਈ ਸੀ, ਜਦੋਂ ਜਨਤਾ ਦਲ ਯੂਨਾਈਟਿਡ ਦੇ ਅੰਦਰ ਦੇ ਭਿ੍ਰਸ਼ਟਾਚਾਰ ਦੀ ਖਬਰ ਆਉਣ ਪਿੱਛੋਂ ਆਰ ਸੀ ਪੀ ਸਿੰਘ ਨੇ ਜੇ ਡੀ ਯੂ ਅਤੇ ਨਿਤੀਸ਼ ਕੁਮਾਰ ਨੂੰ ਨਿਸ਼ਾਨੇ ਉੱਤੇ ਲਿਆ ਸੀ। ਉਨ੍ਹਾਂ ਨੇ ਨਿਤੀਸ਼ ਉੱਤੇ ਸ਼ਬਦੀ ਹਮਲਾ ਕਰਦਿਆਂ ਦੋ ਅਜਿਹੀਆਂ ਗੱਲਾਂ ਆਖ ਦਿੱਤੀਆਂ, ਜੋ ਨਿਤੀਸ਼ ਦੇ ਵਿਰੋਧੀ ਵੀ ਖੁੱਲ੍ਹ ਕੇ ਨਹੀਂ ਕਰਦੇ ਸਨ। ਉਨ੍ਹਾਂ ਨੇ ਕਿਹਾ ਸੀ, ‘‘ਨਿਤੀਸ਼ ਕੁਮਾਰ ਕਦੇ ਵੀ ਪ੍ਰਧਾਨ ਮੰਤਰੀ ਨਹੀਂ ਬਣ ਸਕਦੇ, ਸੱਤ ਜਨਮਾਂ ਤੱਕ ਨਹੀਂ।” ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਸੀ, ‘‘ਜਨਤਾ ਦਲ ਯੂਨਾਈਟਿਡ ਇੱਕ ਡੁੱਬਦੇ ਜਹਾਜ਼ ਵਾਂਗ ਹੈ। ਤੁਸੀਂ ਲੋਕ ਤਿਆਰ ਰਹੋ, ਇਕਜੁੱਟ ਰਹੋ।”
ਇਹ ਦੋ ਅਜਿਹੀਆਂ ਗੱਲਾਂ ਸਨ ਜਿਨ੍ਹਾਂ ਉੱਤੇ ਨਿਤੀਸ਼ ਕੁਮਾਰੇ ਹਮੇਸ਼ਾ ਤੋਂ ਹੀ ਵਧੇਰੇ ਚੌਕਸ ਰਹੇ ਸਨ। ਮਾਹਰਾਂ ਦਾ ਮੰਨਣਾ ਹੈ ਕਿ ਸਿਆਸੀ ਤੌਰ ਉੱਤੇ ਨਿਤੀਸ਼ ਦੀ ਲਾਲਸਾ ਦੇਸ਼ ਦੇ ਸਰਬਉਚ ਅਹੁਦੇ ਉੱਤੇ ਪੁੱਜਣ ਦੀ ਕਿਤੇ ਪਹਿਲਾਂ ਤੋਂ ਰਹੀ ਹੈ। ਇਹੋ ਵਜ੍ਹਾ ਹੈ ਕਿ ਜੇ ਡੀ ਯੂ ਦੇ ਪਾਰਲੀਮੈਂਟਰੀ ਬੋਰਡ ਦੇ ਪ੍ਰਧਾਨ ਉਪੇਂਦਰ ਕੁਸ਼ਵਾਹਾ ਨੇ ਭਾਜਪਾ ਤੋਂ ਵੱਖ ਹੋਣ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਨਿਤੀਸ਼ ਕੁਮਾਰ ਵਿੱਚ ਪ੍ਰਧਾਨ ਮੰਤਰੀ ਬਣਨ ਦੇ ਸਾਰੇ ਗੁਣ ਹਨ। ਇਸ ਤੋਂ ਇਲਾਵਾ ਪਟਨਾ ਵਿੱਚ ਹੋਈ ਜੇ ਡੀ ਯੂ ਦੇ ਵਿਧਾਇਕਾਂ ਅਤੇ ਪਾਰਲੀਮੈਂਟ ਮੈਂਬਰਾਂ ਦੀ ਬੈਠਕ ਵਿੱਚ ਨਿਤੀਸ਼ ਕੁਮਾਰ ਨੇ ਵੀ ਆਪਣੇ ਆਗੂਆਂ ਨੂੰ ਖੁਦ ਸੰਬੋਧਨ ਕਰਦੇ ਵਕਤਕਿਹਾ ਸੀ ਕਿ ਸਾਡੀ ਪਾਰਟੀ ਨੂੰ ਲਗਾਤਾਰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਬਿਹਾਰ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਜਪਾ ਪ੍ਰਧਾਨ ਜੇ ਪੀ ਨੱਢਾ ਨੇ ਇੱਕ ਬਿਆਨ ਵਿੱਚ ਕਿਹਾ ਸੀ ਕਿ ਅਗਲੇ ਦਿਨਾਂ ਵਿੱਚ ਸਾਰੀਆਂ ਖੇਤਰੀ ਪਾਰਟੀਆਂ ਖਤਮ ਹੋ ਜਾਣਗੀਆਂ। ਇਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੇ ਜਿਸ ਤਰ੍ਹਾਂ ਮਹਾਰਾਸ਼ਟਰ ਵਿੱਚ ਸ਼ਿਵ ਸੈਨਾ ਨੂੰ ਦੋ ਧੜਿਆਂ ਵੰਡਿਆ ਸੀ, ਉਸ ਦੇ ਬਾਅਦ ਜਨਤਾ ਦਲ ਯੂਨਾਈਟਿਡ ਦੇ ਨਿਤੀਸ਼ ਕੁਮਾਰ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ।
ਬਿਹਾਰ ਦੀ ਸਿਆਸਤ ਉੱਤੇ ਲੰਬੇ ਸਮੇਂ ਤੋਂ ਨਜ਼ਰ ਰੱਖ ਰਹੇ ਸੀਨੀਅਰ ਪੱਤਰਕਾਰ ਮਣੀਕਾਂਤ ਠਾਕੁਰ ਦਾ ਆਖਣਾ ਹੈ, ‘‘ਆਰ ਸੀ ਪੀ ਸਿੰਘ ਉੱਤੇ ਸਾਰੀ ਗੱਲ ਦਾ ਭਾਂਡਾ ਭੰਨਿਆ ਜਾ ਰਿਹਾ ਹੈ, ਪਰ ਨਿਤੀਸ਼ ਕੁਮਾਰ ਪਿਛਲੇ ਲੰਬੇ ਸਮੇਂ ਤੋਂ ਇਸ ਗੱਠਜੋੜ ਵਿੱਚੋਂ ਬਾਹਰ ਜਾਣ ਦਾ ਯਤਨ ਕਰ ਰਹੇ ਸਨ।” ਅਸਲ ਵਿੱਚ 2020 ਦੀਆਂ ਵਿਧਾਨ ਸਭਾ ਚੋਣਾਂ ਪਿੱਛੋਂ ਨਿਤੀਸ਼ ਕੁਮਾਰ ਲਈ ਲਗਾਤਾਰ ਅਸਹਿਜ ਸਥਿਤੀ ਬਣੀ ਹੋਈ ਸੀ। ਉਹ ਸਰਕਾਰ ਦਾ ਮੁਖੀ ਹੋਣ ਦੇ ਬਾਵਜੂਦ ਭਾਜਪਾ ਦੇ ਮੰਤਰੀਆਂ, ਵਿਧਾਨ ਸਭਾ ਸਪੀਕਰ ਅਤੇ ਆਗੂਆਂ ਦੇ ਲਗਾਤਾਰ ਦਬਾਅ ਹੇਠ ਸਨ। ਯੂਨੀਫਾਰਮ ਸਿਵਲ ਕੋਡ ਅਤੇ ਤਿੰਨ ਤਲਾਕ ਵਰਗੇ ਮੁੱਦਿਆਂ ਦੀ ਚਰਚਾ ਨਿਤੀਸ਼ ਕੁਮਾਰ ਦੀ ਰਾਜਨੀਤੀ ਨੂੰ ਅਸਹਿਜ ਕਰਨ ਵਾਲੀ ਸੀ। ਏਸੇ ਲਈ ਗੱਠਜੋੜ ਤੋਂ ਵੱਖ ਹੋਣ ਤੋਂ ਪਹਿਲਾਂ ਨਿਤੀਸ਼ ਨੇ ਆਪਣੇ ਆਗੂਆਂ ਨੂੰ ਕਿਹਾ ਕਿ ਭਾਜਪਾ ਨੇ ਉਨ੍ਹਾਂ ਨੂੰ ਜ਼ਲੀਲ ਕਰਨ ਦਾ ਕੋਈ ਮੌਕਾ ਨਹੀਂ ਜਾਣ ਦਿੱਤਾ। ਇਸ ਦੀ ਸ਼ੁਰੂਆਤ ਸਰਕਾਰ ਬਣਨ ਤੋਂ ਤੁਰੰਤ ਬਾਅਦ ਹੋ ਗਈ ਸੀ, ਜਦੋਂ ਭਾਜਪਾ ਨੇ ਨਿਤੀਸ਼ ਦੇ ਬੇਹੱਦ ਕਰੀਬੀ ਸੁਸ਼ੀਲ ਕੁਮਾਰ ਮੋਦੀ ਨੂੰ ਬਿਹਾਰ ਦੀ ਸਰਕਾਰ ਤੋਂ ਬਾਹਰ ਦਾ ਰਾਹ ਵਿਖਾ ਦਿੱਤਾ ਸੀ। ਅਸਲ ਵਿੱਚ ਸਮਝ ਅਜਿਹੀ ਸੀ ਕਿ ਉਹ ਦੋਵੇਂ ਇੱਕ ਦੂਜੇ ਦੀਆਂ ਜ਼ਰੂਰਤਾਂ ਚੰਗੀ ਤਰ੍ਹਾਂ ਸਮਝਦੇ ਸਨ। ਓਧਰ ਜਾਤੀ ਆਧਾਰਤ ਜਨਗਣਨਾ ਦੇ ਬਾਰੇ ਵੀ ਨਿਤੀਸ਼ ਕੁਮਾਰ ਨੇ ਅੱਡ ਰਸਤਾ ਚੁਣ ਲਿਆ ਸੀ, ਪਰ ਉਦੋਂ ਬਿਹਾਰ ਭਾਜਪਾ ਦੇ ਕੌਮੀ ਲੀਡਰਸ਼ਿਪ ਤੋਂ ਵੱਖਰਾ ਰਸਤਾ ਲੈ ਕੇ ਗੱਠਜੋੜ ਨੂੰ ਕਾਇਮ ਰੱਖਣ ਦੀ ਕੋਸ਼ਿਸ਼ ਕੀਤੀ ਸੀ। ਇਸ ਪਿੱਛੋਂ ਨਿਤੀਸ਼ ਇਫਤਾਰ ਪਾਰਟੀ ਵਿੱਚ ਤੇਜਸਵੀ ਯਾਦਵ ਦੇ ਘਰ ਪਹੁੰਚੇ ਤੇ ਉਥੇ ਕੁਝ ਦੂਰੀ ਤੱਕ ਚੱਲ ਕੇ ਉਨ੍ਹਾਂ ਨੇ ਭਾਜਪਾ ਨੂੰ ਇੱਕ ਸਪੱਸ਼ਟ ਸੰਕੇਤ ਦਿੱਤਾ ਸੀ।
ਫਿਰ ਇਸ ਪਿੱਛੋਂ ਲਾਲੂ ਪ੍ਰਸਾਦ ਯਾਦਵ ਦੇ ਬਿਮਾਰ ਹੋਣ ਉੱਤੇ ਨਿਤੀਸ਼ ਨਾ ਸਿਰਫ ਉਨ੍ਹਾਂ ਨੂੰ ਵੇਖਣ ਗਏ, ਸਗੋਂ ਮੀਡੀਆ ਵਿੱਚ ਐਲਾਨ ਕੀਤਾ ਕਿ ਸੂਬਾ ਸਰਕਾਰ ਲਾਲੂ ਜੀ ਦੇ ਇਲਾਜ ਦਾ ਸਾਰਾ ਖਰਚਾ ਚੁੱਕੇਗੀ। ਮਾਹਰਾਂ ਦੇ ਅਨੁਸਾਰ ਨਿਤੀਸ਼ ਕੁਮਾਰਦੇ ਭਾਜਪਾ ਤੋਂ ਵੱਖ ਹੋਣ ਦੀ ਇਸ ਕਹਾਣੀ ਪਿੱਛੇ ਏਮਜ਼ ਹਸਪਤਾਲ ਦੀ ਵੀ ਅਹਿਮ ਭੂਮਿਕਾ ਹੈ ਜਿੱਥੇ ਲਾਲੂ ਪ੍ਰਸਾਦ ਯਾਦਵ ਇਲਾਜ ਕਰਵਾ ਰਹੇ ਸਨ, ਉਥੇ ਜਨਤਾ ਦਲ ਯੂਨਾਈਟਿਡ ਦੇ ਸੀਨੀਅਰ ਆਗੂ ਵਸ਼ਿਸ਼ਠ ਨਾਰਾਇਣ ਸਿੰਘ ਵੀ ਇਲਾਜ ਲਈ ਪਹੁੰਚੇ ਸਨ। ਇਨ੍ਹਾਂ ਦੋਵਾਂ ਸਮਾਜਵਾਦੀ ਧੜਿਆਂ ਦੇ ਆਗੂਆਂ ਦੀਆਂ ਆਪਸੀ ਮੁਲਾਕਾਤਾਂ ਨੇ ਮਹਾ ਗੱਠਜੋੜ ਨੂੰ ਇਕਜੁੱਟ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ, ਇਸ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸ ਤੋਂ ਪਹਿਲਾਂ ਲਾਲੂ ਪ੍ਰਸਾਦ ਯਾਦਵ ਤੇ ਤੇਜਸਵੀ ਯਾਦਵ ਨੇ ਕਈ ਵਾਰ ਨਿਤੀਸ਼ ਕੁਮਾਰ ਨੂੰ ‘ਪਲਟੂ ਰਾਮ’ ਅਤੇ ‘ਪਲਟੂ ਚਾਚਾ’ ਤੱਕ ਕਿਹਾ ਸੀ, ਪਰ ਸਿਆਸਤ ਦੇ ਰੰਗ ਵੇਖੋ ਕਿ ਇੱਕ ਵਾਰ ਫਿਰ ਇਕੱਠੇ ਹਨ। ਮਹਾ ਗੱਠਜੋੜ ਵਿੱਚ ਕਾਂਗਰਸ ਦੀ ਭੂਮਿਕਾ ਵੀ ਅਹਿਮ ਹੈ। ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਅਗਲੇ ਦਿਨਾਂ ਵਿਚ ਨਿਤੀਸ਼ ਕੁਮਾਰ ਯੂ ਪੀ ਏ ਵਿੱਚ ਅਹਿਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਨੂੰ ਕਨਵੀਨਰ ਵਰਗਾ ਅਹੁਦਾ ਮਿਲ ਸਕਦਾ ਹੈ। ਉਹ 2024 ਵਿੱਚ ਵਿਰੋਧੀ ਧਿਰ ਵੱਲੋਂ ਪ੍ਰਧਾਨ ਮੰਤਰੀ ਅਹੁਦੇ ਦਾ ਚਿਹਰਾ ਹੋ ਸਕਦੇ ਹਨ।
ਨਿਤੀਸ਼ ਨੇ ਆਪਣੀ ਰਾਜਨੀਤਕ ਪਾਰੀ ਦੀ ਸ਼ੁਰੂਆਤ ਲਾਲੂ ਪ੍ਰਸਾਦ ਯਾਦਵ ਦੇ ਸਹਿਯੋਗੀ ਵਜੋਂ ਕੀਤੀ ਸੀ। ਇਸ ਦਾ ਆਰੰਭ 1974 ਦੇ ਵਿਦਿਆਰਥੀ ਅੰਦੋਲਨ ਨਾਲ ਹੋਇਆ ਸੀ। ਸੰਨ 1990 ਵਿੱਚ ਜਦੋਂ ਲਾਲੂ ਪ੍ਰਸਾਦ ਯਾਦਵ ਬਿਹਾਰ ਦੇ ਮੁੱਖ ਮੰਤਰੀ ਬਣੇ ਤਾਂ ਨਿਤੀਸ਼ ਕੁਮਾਰ ਉਨ੍ਹਾਂ ਦੇ ਅਹਿਮ ਸਹਿਯੋਗੀ ਸਨ, ਪਰ ਜਾਰਜ ਫਰਨਾਂਡੀਜ਼ ਨਾਲ ਮਿਲ ਕੇ 1994 ਵਿੱਚ ਉਨ੍ਹਾਂ ਨੇ ਸਮਤਾ ਪਾਰਟੀ ਬਣਾ ਲਈ ਤੇ ਫਿਰ 1995 ਵਿੱਚ ਪਹਿਲੀ ਵਾਰ ਨਿਤੀਸ਼ ਦੀ ਸਮਤਾ ਪਾਰਟੀ ਨੇ ਲਾਲੂ ਪ੍ਰਸਾਦ ਯਾਦਵ ਦੇ ਰਾਜ ਦੇ ਜੰਗਲ ਰਾਜ ਨੂੰ ਮੁੱਦਾ ਬਣਾਇਆ ਸੀ। ਓਦੋਂਂ ਪਟਨਾ ਹਾਈ ਕੋਰਟ ਨੇ ਸੂਬੇ ਵਿੱਚ ਵਧ ਰਹੇ ਅਗਵਾ ਤੇ ਫਿਰੌਤੀ ਦੇ ਕੇਸਾਂ ਬਾਰੇ ਟਿੱਪਣੀ ਕਰਦਿਆਂ ਰਾਜ ਪ੍ਰਬੰਧ ਨੂੰ ‘ਜੰਗਲ ਰਾਜ’ ਕਿਹਾ ਸੀ। ਮਗਰੋਂ ਇਸ ਮੁੱਦੇ ਉੱਤੇ ਹੀ ਵਿਰੋਧੀ ਧਿਰ ਨੇ 2000 ਅਤੇ 2005 ਦੀਆਂ ਚੋਣਾਂ ਲੜੀਆਂ ਸਨ ਤੇ ਆਖਰਕਾਰ 2005 ਵਿੱਚ ਨਿਤੀਸ਼ ਕੁਮਾਰ ਦੀ ਅਗਵਾਈ ਵਿੱਚ ਐੱਨ ਡੀ ਏ ਦੀ ਸਰਕਾਰ ਬਣੀ। ਜਦੋਂ 2013 ਵਿੱਚ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਗਿਆ ਤਾਂ ਨਿਤੀਸ਼ ਨੇ ਭਾਜਪਾ ਤੋਂ ਨਾਤਾ ਤੋੜ ਲਿਆ ਤੇ 2014 ਦੀਆਂ ਲੋਕ ਸਭਾ ਚੋਣਾਂ ਦੌਰਾਨ ਉਨ੍ਹਾਂ ਨੂੰ ਸਿਰਫ ਦੋ ਸੀਟਾਂ ਮਿਲੀਆਂ ਸਨ। ਫਿਰ 2015 ਵਿੱਚ ਉਹ ਰਾਸ਼ਟਰੀ ਜਨਤਾ ਦਲ ਨਾਲ ਜਾ ਜੁੜੇ। 20 ਮਹੀਨਿਆਂ ਬਾਅਦ ਉਹ ਇੱਕ ਵਾਰ ਫਿਰ ਭਾਜਪਾ ਵੱਲ ਚਲੇ ਗਏ ਤੇ ਇਸ ਵਾਰ ਫਿਰ ਆਰ ਜੇ ਡੀ ਦੀ ਝੋਲੀ ਪੈ ਗਏ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ