Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
ਪ੍ਰਧਾਨ ਮੰਤਰੀ ਮਾਰਕ ਕਾਰਨੀ ਮੰਗਲਵਾਰ ਨੂੰ ਨਵੀਂ ਕੈਬਨਿਟ ਦਾ ਕਰਨਗੇ ਐਲਾਨceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲਸ੍ਰੀਲੰਕਾ ਦੀ ਝੀਲ ਵਿੱਚ ਹਾਦਸਾਗ੍ਰਸਤ ਹੋਇਆ ਹੈਲੀਕਾਪਟਰ, ਛੇ ਫੌਜੀਆਂ ਦੀ ਮੌਤਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਮੀ ਕਾਰਨ ਕਿਊਬੈੱਕ ਯੂਨੀਵਰਸਿਟੀਆਂ ਨੂੰ ਹੋ ਸਕਦੈ 200 ਮਿਲੀਅਨ ਡਾਲਰ ਦਾ ਘਾਟਾਰਿਟੇਲ ਸਟੋਰ ਵਿੱਚ ਹਥਿਆਰਾਂ ਨਾਲ ਡਕੈਤੀ ਮਾਮਲੇ `ਚ ਇੱਕ ਕਾਬੂਸਾਸਕਾਟੂਨ `ਚ ਰੂਮਮੇਟ ਦੀ ਹੱਤਿਆ `ਚ ਦੋਸ਼ੀ ਪਾਏ ਵਿਅਕਤੀ ਨੇ ਮੈਜਿਕ ਮਸ਼ਰੂਮ ਖਾਣ ਦੀ ਗੱਲ ਤੋਂ ਕੀਤਾ ਇਨਕਾਰਸਕਾਰਬਰੋ ਵਿੱਚ 2 ਵਾਹਨਾਂ ਦੀ ਟੱਕਰ `ਚ ਪੈਦਲ ਜਾ ਰਹੀ ਔਰਤ ਦੀ ਮੌਤਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ
 
ਨਜਰਰੀਆ

ਕਾਸ਼!‘ਵਿਸ਼ਵ ਪੰਜਾਬੀ ਖੇਡਾਂ’ਕਰਾਉਣ ਦਾ ਸੁਫਨਾ ਸੱਚ ਹੋਵੇ

August 11, 2022 11:18 PM

-ਪ੍ਰਿੰ. ਸਰਵਣ ਸਿੰਘ

ਪੰਜਾਬੀਆਂ ਲਈ ਬੜੀ ਅਹਿਮ ਖ਼ਬਰ ਹੈ ਕਿ ਚਾਰ ਮੁਲਕਾਂ ਦੇ ਚਾਰ ਪੰਜਾਬੀ ਪਹਿਲਵਾਨ `ਕੱਠੇ ਰਾਸ਼ਟਰਮੰਡਲ ਖੇਡਾਂ ਦੇ ਵਿਕਟਰੀ ਸਟੈਂਡ `ਤੇ ਚੜ੍ਹੇ ਹਨ। 125 ਕਿੱਲੋ ਵਜ਼ਨ ਵਰਗ ਦਾ ਗੋਲਡ ਮੈਡਲ ਕੈਨੇਡਾ ਦੇ ਅਮਰਬੀਰ ਸਿੰਘ ਢੇਸੀ ਨੇ ਜਿੱਤਿਆ ਹੈ, ਸਿਲਵਰ ਮੈਡਲ ਪਾਕਿਸਤਾਨ ਦੇ ਜ਼ਮਾਨ ਅਨਵਰ ਨੇ ਅਤੇ ਬਰਾਂਜ਼ ਮੈਡਲ ਭਾਰਤ ਦੇ ਮੋਹਿਤ ਗਰੇਵਾਲ ਤੇ ਇੰਗਲੈਂਡ ਦੇ ਮਨਧੀਰ ਸਿੰਘ ਕੂਨਰ ਨੇ ਜਿੱਤੇ ਹਨ। ਹੁਣ ਜਦੋਂ ਕੁਸ਼ਤੀ `ਚ ਸਿਖਰਲੇ ਵੇਟ ਦੇ ਚਾਰੇ ਮੈਡਲ ਪੰਜਾਬੀ ਪਹਿਲਵਾਨਾਂ ਦੇ ਗਲੀਂ ਪਏ ਹਨ ਤਾਂ ਮੈਨੂੰ ਮੁੜ ‘ਪੰਜਾਬੀ ਓਲੰਪਿਕਸ’ ਦਾ ਚੇਤਾ ਆ ਗਿਆ ਹੈ। 2001 ਵਿਚ ਲਾਹੌਰ ਦੀ ਆਲਮੀ ਪੰਜਾਬੀ ਕਾਨਫਰੰਸ ਸਮੇਂ ਪੰਜਾਬੀਆਂ ਦੀਆਂ ਖੇਡਾਂ ਬਾਰੇ ਪਰਚਾ ਪੜ੍ਹਦਿਆਂ ਮੈਂ ‘ਪੰਜਾਬੀ ਓਲੰਪਿਕਸ’ ਦਾ ਵਿਚਾਰ ਪੇਸ਼ ਕੀਤਾ ਸੀ ਜਿਸ ਦਾ ਪਾਕਿਸਤਾਨ ਦੇ ਮੀਡੀਏ ਨੇ ਵਿਸ਼ੇਸ਼ ਨੋਟਿਸ ਲਿਆ ਸੀ। ਉਸ ਤੋਂ ਚਾਰ ਸਾਲ ਬਾਅਦ ਪਟਿਆਲੇ ਵਿਚ ਇੰਡੋ-ਪਾਕਿ ਪੰਜਾਬ ਖੇਡਾਂ-2004ਸ਼ੁਰੂ ਹੋ ਗਈਆਂ ਸਨ। ਇੰਡੋ-ਪਾਕਿ ਪੰਜਾਬ ਖੇਡਾਂ-2005 ਲਾਹੌਰ ਵਿਚ ਹੋਣੀਆਂ ਸਨ ਪਰ ਕਸ਼ਮੀਰ ਵਿਚ ਆਏ ਭੁਚਾਲ ਕਾਰਨ ਮੁਲਤਵੀ ਹੋ ਗਈਆਂ ਸਨ ਜੋ ਹੁਣ ਤਕ ਨਹੀਂ ਹੋ ਸਕੀਆਂ। 2010 ਵਿਚ ਪੰਜਾਬ ਸਰਕਾਰ ਵੱਲੋਂ ਨੌਂ ਮੁਲਕਾਂ ਦੀਆਂ ਕਬੱਡੀ ਟੀਮਾਂ ਦਾ ਕਬੱਡੀ ਵਰਲਡ ਕੱਪ ਪੰਜਾਬ ਦੇ ਅੱਠ ਸ਼ਹਿਰਾਂ ਵਿਚ ਕਰਵਾਇਆ ਗਿਆ ਸੀ। ਉਸ ਦੀ ਪੰਜਾਬੀ ਕੁਮੈਂਟਰੀ ਨੇ ਕੁਲ ਦੁਨੀਆ ਵਿਚ ਵਸਦੇ ਪੰਜਾਬੀਆਂ ਦੇ ਰੋਮ-ਰੋਮ ਵਿਚ ਝਰਨਾ੍ਹਟਾਂ ਛੇੜ ਦਿੱਤੀਆਂ ਸਨ। ਦਸ ਦਿਨ ਕੁਲ ਆਲਮ ਦੇ ਪੰਜਾਬੀ ਕਬੱਡੀਓ-ਕਬੱਡੀ ਹੋਏ ਰਹੇ ਸਨ ਜਿਸ ਨਾਲ ਪੰਜਾਬੀਅਤ ਦੀ ਅਜਬ ਧੜਕਣ ਮਹਿਸੂਸ ਕੀਤੀ ਸੀ।
ਪੰਜਾਬੀ ਲੋਕ ਹੁਣ ਪੰਜ ਦਰਿਆਵਾਂ ਦੀ ਧਰਤੀ ਤਕ ਹੀ ਸੀਮਤ ਨਹੀਂ ਰਹੇ। ਇਹ ਕੁਲ ਦੁਨੀਆ ਵਿਚ ਪਸਰ ਗਏ ਹਨ। ਐਸੇ ਸੌ ਤੋਂ ਵੱਧ ਮੁਲਕ ਹਨ ਜਿਨ੍ਹਾਂ ਵਿਚ ਥੋੜ੍ਹੇ ਬਹੁਤੇ ਪੰਜਾਬੀ ਵੀ ਵਸਦੇ ਹਨ। ਪਿਛਲੇ ਸੌ ਸਾਲਾਂ ਤੋਂ ਪੰਜਾਬੀਆਂ ਦਾ ਵਧਦਾ ਪਰਵਾਸ ਹੁਣ ਗਲੋਬਲ ਵਾਸਾ ਹੋ ਗਿਆ ਹੈ ਤੇ ਪੰਜਾਬੀ ਗਲੋਬਲ ਭਾਸ਼ਾ ਬਣ ਗਈ ਹੈ। ਪੰਜਾਬੀ ਹੁਣ ਪੰਜ ਦਰਿਆਵਾਂ ਦੀ ਭਾਸ਼ਾ ਨਹੀਂ ਰਹੀ ਬਲਕਿ ਸੱਤ ਸਮੁੰਦਰਾਂ ਦੀ ਜ਼ੁਬਾਨ ਜਾਣੀ ਜਾਣ ਲੱਗੀ ਹੈ। ਜਿਨ੍ਹਾਂ ਮੁਲਕਾਂ `ਚ ਪੰਜਾਬੀ ਲੋਕ ਅਜੇ ਤਕ ਨਹੀਂ ਜਾ ਸਕੇ ਹੋਰ ਕੁਝ ਸਾਲਾਂ ਤਕ ਉਥੇ ਵੀ ਚਲੇ ਜਾਣਗੇ ਕਿਉਂਕਿ ਪੰਜਾਬੀਆਂ ਵਿਚ ਪਰਦੇਸੀਂ ਜਾਣ ਦੀ ਪਰਬਲ ਲੋਚਾ ਹੈ। ਉਹ ਤਾਂ ਜਹਾਜ਼ ਦੇ ਪਹੀਆਂ `ਤੇ ਬੈਠ ਕੇ ਜਾਣ ਲਈ ਵੀ ਤਿਆਰ ਹਨ! ਜਦੋਂ ਕਦੇ ਚੰਦ ਜਾਂ ਕਿਸੇ ਹੋਰ ਗ੍ਰਹਿ `ਤੇ ਜਾਣ ਦਾ ਗੇੜ ਬਣਿਆ ਤਾਂ ਪੰਜਾਬੀ ਦੂਲੇ ਕਿਸੇ ਤੋਂ ਪਿੱਛੇ ਨਹੀਂ ਰਹਿਣੇ। ਸੰਭਵ ਹੈ ਕਿਸੇ ਦਿਨ ਚੰਦ ਉਤੇ ਵੀ ਪੰਜਾਬੀਆਂ ਦੀ ਮਹਿਬੂਬ ਖੇਡ ਕਬੱਡੀ ਦੇ ਮੈਚ ਹੋਣ ਲੱਗ ਪੈਣ!
ਪੰਜਾਬੀ ਜਿਥੇ ਗਏ ਹਨ ਉਥੇ ਆਪਣਾ ਸਭਿਆਚਾਰ ਵੀ ਲੈ ਗਏ ਹਨ ਜਿਸ ਵਿਚ ਉਨ੍ਹਾਂ ਦੀਆਂ ਖੇਡਾਂ ਵੀ ਸ਼ਾਮਲ ਹਨ। ਐਸੇ ਅਨੇਕਾਂ ਮੁਲਕ ਹਨ ਜਿਨ੍ਹਾਂ ਵਿਚ ਪੰਜਾਬੀ ਖੇਡ ਮੇਲੇ ਲੱਗਣ ਲੱਗ ਪਏ ਹਨ। ਪੰਜਾਬ ਦੀ ਧਰਤੀ ਤੋਂ ਦੂਜੇ ਪਾਸੇ ਅਮਰੀਕਾ ਦੀ ਧਰਤੀ ਉਤੇ ਦਰਜਨਾਂ ਪੰਜਾਬੀ ਖੇਡ ਮੇਲੇ ਲੱਗਦੇ ਹਨ ਜਿਨ੍ਹਾਂ ਵਿਚੋਂ ਨਿਊਯਾਰਕ, ਸਿ਼ਕਾਗੋ, ਸਿਆਟਲ, ਸਿਨਸਿਨਾਟੀ, ਡੇਅਟਨ, ਡਿਟਰਾਇਟ, ਸੈਲਮਾ, ਬੇਕਰਜ਼ਫੀਲਡ, ਫਰਿਜ਼ਨੋ, ਸੈਕਰਾਮੈਂਟੋ, ਸੈਨਹੋਜ਼ੇ ਤੇ ਹੇਵਰਡ ਦੇ ਖੇਡ ਮੇਲੇ ਮੈਂ ਆਪਣੀ ਅੱਖੀਂ ਵੇਖੇ ਹਨ। ਕੈਨੇਡਾ, ਇੰਗਲੈਂਡ, ਇਟਲੀ, ਆਸਟ੍ਰੇਲੀਆ, ਨਿਊਜ਼ੀਲੈਂਡ, ਨਾਰਵੇ, ਸਪੇਨ, ਜਰਮਨੀ, ਬੈਲਜੀਅਮ, ਹਾਲੈਂਡ, ਆਸਟਰੀਆ, ਮਲਾਇਆ, ਸਿੰਘਾਪੁਰ, ਹਾਂਗਕਾਂਗ, ਅਰਬ ਤੇ ਅਫਰੀਕੀ ਦੇਸ਼ਾਂ ਦੇ ਪੰਜਾਬੀ ਖੇਡ ਮੇਲਿਆਂ ਦੀਆਂ ਰਿਪੋਰਟਾਂ ਅਕਸਰ ਪੜ੍ਹਨ ਨੂੰ ਮਿਲਦੀਆਂ ਹਨ। ਭਾਰਤ ਤੇ ਪਾਕਿਸਤਾਨ ਤੋਂ ਬਾਹਰ ਸੌ ਕੁ ਪੰਜਾਬੀ ਖੇਡ ਮੇਲੇ ਲੱਗਦੇ ਹਨ ਜਿਨ੍ਹਾਂ ਦਾ ਜਿ਼ਕਰ ਮੈਂਆਪਣੀ ਪੁਸਤਕ ‘ਮੇਲੇ ਕਬੱਡੀ ਦੇ’ ਵਿਚ ਵੀ ਕੀਤਾ ਹੈ।
ਇੰਡੋ-ਪਾਕਿ ਪੰਜਾਬ ਖੇਡਾਂ ਕਰਾਉਣ ਵਿਚ ਅਕਸਰ ਸਿਆਸੀ ਕਾਰਨ ਅੜਿੱਕਾ ਬਣਦੇ ਰਹੇ ਹਨ ਜਿਵੇਂ ਭਾਰਤ-ਪਾਕਿ ਕ੍ਰਿਕਟ ਤੇ ਹਾਕੀ ਦੀਆਂ ਖੇਡਾਂ ਲਈ ਕਈ ਸਾਲ ਮੁੰਬਈ ਦਾ ਦਹਿਸ਼ਤੀ ਕਾਂਡ ਅੜਿੱਕਾ ਬਣਿਆ ਰਿਹਾ। ਇੱਕੀਵੀਂ ਸਦੀ ਮੰਗ ਕਰਦੀ ਹੈ ਕਿ ਓਲੰਪਿਕ ਖੇਡਾਂ ਦੀ ਤਰਜ਼ `ਤੇ ਹਰ ਚਾਰ ਸਾਲ ਬਾਅਦ ‘ਵਿਸ਼ਵ ਪੰਜਾਬੀ ਖੇਡਾਂ’ ਕਰਾਉਣ ਦੇ ਵਿਚਾਰ ਉਤੇ ਗੌਰ ਕੀਤਾ ਜਾਵੇ। ਇਨ੍ਹਾਂ ਖੇਡਾਂ `ਚ ਕੁਲ ਦੁਨੀਆ ਵਿਚ ਵਸਦੇ ਪੰਜਾਬੀ ਮੂਲ ਦੇ ਖਿਡਾਰੀ ਭਾਗ ਲੈਣ। ਜਾਤ ਪਾਤ, ਧਰਮ, ਮੁਲਕ ਤੇ ਊਚ ਨੀਚ ਦਾ ਕੋਈ ਵਿਤਕਰਾ ਨਾ ਹੋਵੇ। ‘ਵਿਸ਼ਵ ਪੰਜਾਬੀ ਖੇਡਾਂ’ ਦੇ ਸੰਚਾਰ ਦੀ ਭਾਸ਼ਾ ਪੰਜਾਬੀ ਤੇ ਸੰਪਰਕ ਭਾਸ਼ਾ ਅੰਗਰੇਜ਼ੀ ਹੋਵੇ ਜਿਵੇਂ ਕਬੱਡੀ ਦੇ ਵਰਲਡ ਕੱਪ ਦੀ ਸੀ। ਉਹ ਖੇਡਾਂ ਪੰਜਾਬੀ ਸਭਿਆਚਾਰ ਨਾਲ ਓਤ ਪੋਤ ਹੋਣ ਤੇ ਉਨ੍ਹਾਂ ਵਿਚ ਪੰਜਾਬ ਦੀਆਂ ਦੇਸੀ ਖੇਡਾਂ ਵੀ ਸ਼ਾਮਲ ਕੀਤੀਆਂ ਜਾਣ ਜਿਵੇਂ ਕਬੱਡੀ, ਕੁਸ਼ਤੀ, ਰੱਸਾਕਸ਼ੀ, ਗਤਕਾ ਤੇ ਨੇਜ਼ਾਬਾਜੀ ਆਦਿ। ਓਲੰਪਿਕ ਖੇਡਾਂ ਵਾਲੀਆਂ ਆਧੁਨਿਕ ਖੇਡਾਂ ਵੀ ਸ਼ਾਮਲ ਹੋਣ। ਵੱਖ ਵੱਖ ਮੁਲਕਾਂ ਵਿਚ ਵੱਸਦੇ ਪੰਜਾਬੀ ਆਪੋ ਆਪਣੇ ਮੁਲਕਾਂ ਵੱਲੋਂ ਜਾਂ ਆਜ਼ਾਦ ਤੌਰ `ਤੇ ਖੇਡਾਂ ਵਿਚ ਭਾਗ ਲੈ ਸਕਣ। ਇਹਦੇ ਨਾਲ ਪੰਜਾਬੀਅਤ ਦੀ ਸਾਂਝ ਹੋਰ ਮਜ਼ਬੂਤ ਹੋਵੇਗੀ ਤੇ ਪੰਜਾਬੀ ਕੌਮ ਵਿਸ਼ਵ ਪੱਧਰ `ਤੇ ਆਪਣੀ ਹੋਂਦ ਜਤਲਾ ਸਕੇਗੀ। ਪੰਜਾਬੀਅਤ ਦਾ ਜਜ਼ਬਾ ਪ੍ਰਫੁੱਲਤ ਹੋਣ ਨਾਲ ਸੌੜੀਆਂ ਫਿਰਕੂ ਸੋਚਾਂ ਨੂੰ ਢਾਹ ਲੱਗੇਗੀ।
ਇਨ੍ਹਾਂ ਖੇਡਾਂ ਲਈ ਪਹਿਲਾ ਸਥਾਨ ਲਾਹੌਰ, ਲੁਧਿਆਣਾ, ਲੰਡਨ, ਲਾਸ ਏਂਜਲਸ, ਮੈਲਬੌਰਨ, ਅਮਰੀਕਾ ਜਾਂ ਕੈਨੇਡਾ ਦਾ ਕੋਈ ਵੀ ਸ਼ਹਿਰ ਹੋ ਸਕਦੈ। ਚਾਰ ਸਾਲਾਂ ਬਾਅਦ ਇਹ ਖੇਡਾਂ ਬਦਲਵੇਂ ਦੇਸ਼ ਵਿਚ ਹੋਣ ਜਿਵੇਂ ਓਲੰਪਿਕ, ਏਸ਼ੀਅਨ ਤੇ ਕਾਮਨਵੈਲਥ ਖੇਡਾਂ ਹੁੰਦੀਆਂ ਹਨ। ਪਹਿਲਾਂ ਇਹ ਸੀਮਤ ਪੱਧਰ `ਤੇ ਸ਼ੁਰੂ ਕਰ ਕੇ ਸਮੇਂ ਨਾਲ ਵਧਾਈਆਂ ਜਾ ਸਕਦੀਆਂ ਹਨ। ਏਥਨਜ਼ ਦੀਆਂ ਪਹਿਲੀਆਂ ਓਲੰਪਿਕ ਖੇਡਾਂ ਵਿਚ ਕੇਵਲ 14 ਮੁਲਕਾਂ ਦੇ ਸਿਰਫ਼ 200 ਖਿਡਾਰੀ ਹੀ ਸ਼ਾਮਲ ਹੋਏ ਸਨ ਤੇ ਦਿੱਲੀ ਦੀਆਂ ਪਹਿਲੀਆਂ ਏਸਿ਼ਆਈ ਖੇਡਾਂ ਵਿਚ ਵੀ 11 ਦੇਸ਼ਾਂ ਦੇ 489 ਖਿਡਾਰੀਆਂ ਨੇ ਹੀ ਭਾਗ ਲਿਆ ਸੀ। ਅੱਜ ਉਨ੍ਹਾਂ ਖੇਡਾਂ ਵਿਚ ਸੈਂਕੜੇ ਮੁਲਕ ਤੇ ਹਜ਼ਾਰਾਂ ਖਿਡਾਰੀ ਭਾਗ ਲੈ ਰਹੇ ਹਨ। ‘ਵਿਸ਼ਵ ਪੰਜਾਬੀ ਖੇਡਾਂ’ ਦਾ ਵਿਚਾਰ ਬੇਸ਼ਕ ਹਾਲ ਦੀ ਘੜੀ ਸੁਫਨਾ ਲੱਗਦਾ ਹੈ ਪਰ ਸੁਫ਼ਨੇ ਹੀ ਸਮੇਂ ਨਾਲ ਸਾਕਾਰ ਹੁੰਦੇ ਹਨ। ਕਦੇ ਕਬੱਡੀ ਦੇ ਵਰਲਡ ਕੱਪ ਦਾ ਸੁਫ਼ਨਾ ਹੀ ਲਿਆ ਸੀ ਜੋ 2010 ਵਿਚ ਸਾਕਾਰ ਹੋ ਗਿਆ ਸੀ। ਉਮੀਦ ਹੈ ਖੇਡਾਂ ਨਾਲ ਜੁੜੇ ਪੰਜਾਬੀ ਖੇਡ ਪ੍ਰੇਮੀ, ਖਿਡਾਰੀ, ਖੇਡ ਪ੍ਰਮੋਟਰ ਤੇ ਖੇਡ ਅਧਿਕਾਰੀ ‘ਵਿਸ਼ਵ ਪੰਜਾਬੀ ਖੇਡਾਂ’ ਦੇ ਵਿਚਾਰ ਉਤੇ ਗ਼ੌਰ ਕਰਨਗੇ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ