Welcome to Canadian Punjabi Post
Follow us on

02

July 2025
 
ਨਜਰਰੀਆ

ਮੋਹ ਦੀਆਂ ਕਣੀਆਂ

May 05, 2022 02:06 AM

-ਇਕਬਾਲ ਸਿੰਘ ਬਰਾੜ
ਕੁੜੱਤਣ ਵਾਲਾ ਮਾਹੌਲ ਸਿਰਜਣ ਦੀਆਂ ਕੋਸ਼ਿਸ਼ਾਂ ਜਿੰਨੀਆਂ ਮਰਜ਼ੀ ਹੋਣ, ਪਰ ਸਮਾਜ ਨੂੰ ਇੱਕ ਮਾਲਾ ਵਿੱਚ ਪਰੋਅ ਦੇਣ ਵਾਲੇ ਵੀ ਜੁਗਨੂ ਵਾਂਗ ਰੁਸ਼ਨਾਉਂਦੇ ਰਹਿਣਗੇ। ਮਾਨਵਤਾਵਾਦੀ ਸੋਚ ਨੂੰ ਪ੍ਰਨਾਇਆ ਸ਼ਖਸ ਧਰਮ, ਜਾਤ ਤੇ ਫਿਰਕੇ ਦੀਆਂ ਤੰਗ-ਨਜ਼ਰਾਂ ਤੋਂ ਬਾਗੀ ਹੁੰਦਾ ਆਇਆ ਅਤੇ ਹੁੰਦਾ ਰਹੇਗਾ। ਇਹ ਵਰਤਾਰਾ ਅਜੋਕੇ ਸਮੇਂ ਵੀ ਵਾਪਰ ਰਿਹਾ ਅਤੇ ਅਤੀਤ ਵਿੱਚ ਵੀ ਵਾਪਰਦਾ ਰਿਹਾ। ਕੋਈ ਘਟਨਾ ਬਹੁਤ ਛੋਟੀ ਤੇ ਆਮ ਜਿਹੀ ਜਾਪਦੀ ਹੈ, ਪਰ ਉਸ ਦੇ ਮਾਇਨੇ ਬਹੁਤ ਡੂੰਘੇ ਹੁੰਦੇ ਹਨ। ਕਈ ਸੱਜਣ-ਪੁਰਸ਼ ਸਾਨੂੰ ਅਜਿਹੀ ਸੇਧ ਦੇ ਜਾਂਦੇ ਹਨ, ਜੋ ਸਾਡੇ ਜੀਵਨ ਦਾ ਹਿੱਸਾ ਬਣ ਜਾਂਦੀ ਹੈ।
ਸਾਲ 2004 ਦੀ ਗੱਲ ਹੈ। ਜਲੰਧਰ ਵਿੱਚ ਨੌਕਰੀ ਕਰਦਿਆਂ ਗੁਆਂਢੀ ਬਾਊ ਜੀ ਦਾ ਸੁਭਾਅ ਅਤੇ ਸਲੀਕਾ ਮੇਰੇ ਲਈ ਅਭੁੱਲ ਯਾਦ ਬਣਿਆ ਹੋਇਆ ਹੈ। ਅੱਜ ਵੀ ਜਦੋਂ ਮਜ਼੍ਹਬੀ ਵੰਡੀਆਂ ਪਾਉਣ ਦੇ ਯਤਨ ਹੋਣ ਤਾਂ ਬਾਊ ਜੀ ਵਰਗੇ ਲੋਕ ਮਿਸਾਲ ਬਣ ਕੇ ਸਾਹਮਣੇ ਆ ਖੜ੍ਹਦੇ ਹਨ। ਬਾਊ ਜੀ ਮੇਰਾ ਅਤੇ ਸਾਥੀਆਂ ਇੰਨਾ ਖਿਆਲ ਰੱਖਦੇ ਸਨ, ਸਾਨੂੰ ਇਉਂ ਪ੍ਰਤੀਤ ਹੁੰਦਾ ਜਿਵੇਂ ਅਸਲੀ ਇਨਸਾਨ ਤਾਂ ਇਹ ਬਾਊ ਜੀ ਹਨ, ਜਿਨ੍ਹਾਂ ਨੇ ਸਾਡਾ ਧਰਮ ਜਾਂ ਜਾਤ ਦੇਖੇ ਬਿਨਾਂ ਹੀ ਮਾਨਵੀ ਪਹੁੰਚ ਅਪਣਾ ਕੇ ਸਾਨੂੰ ਬੱਚਿਆਂ ਵਾਂਗ ਰੱਜ ਕੇ ਪਿਆਰ ਦਿੱਤਾ।
ਬਾਊ ਜੀ ਸਾਡੇ ਕਿਰਾਏ ਵਾਲੇ ਘਰ ਦੇ ਸਾਹਮਣੇ ਰਹਿੰਦੇ ਸਨ, ਜਿਨ੍ਹਾਂ ਨੂੰ ਅਸੀਂ ਅੰਕਲ ਜੀ ਕਿਹਾ ਕਰਦੇ ਸਾਂ। ਉਸ ਘਰ ਵਿੱਚ ਮੇਰੇ ਨਾਲ ਹੋਰ ਸਾਥੀ ਵੀ ਸਨ। ਪਹਿਲਾਂ-ਪਹਿਲ ਸਾਡੀ ਉਨ੍ਹਾਂ ਨਾਲ ਬਹੁਤੀ ਬੋਲ-ਬਾਣੀ ਨਹੀਂ ਸੀ, ਪਰ ਹੌਲੀ-ਹੌਲੀ ਉਹ ਸਾਡੇ ਉੱਤੇ ਬੱਚਿਆਂ ਵਾਂਗ ਹੱਕ ਜਤਾਉਣ ਲੱਗੇ। ਅਸੀਂ ਆਪਣੀ ਡਿਊਟੀ ਤੋਂ ਵਿਹਲੇ ਹੋ ਕੇ ਦੇਰ ਰਾਤ 10.30 ਵਜੇ ਤੱਕ ਘਰ ਪਹੁੰਚਦੇ ਤਾਂ ਬਾਊ ਜੀ ਸਾਨੂੰ ਆਪਣੇ ਘਰ ਅੱਗੇ ਕੁਰਸੀ ਉੱਤੇ ਬੈਠ ਕੇ ਸਾਡੇ ਘਰ ਦੀ ਨਿਗ੍ਹਾ ਰੱਖਦੇ ਹੋਏ ਮਿਲਦੇ। ਸਾਡੇ ਘਰ ਵਿੱਚ ਚੋਰੀ ਹੋਣ ਵਾਲਾ ਹੁੰਦਾ ਕੁਝ ਨਹੀਂ ਸੀ, ਜਿਸ ਕਰ ਕੇ ਅਸੀਂ ਤਾਂ ਬੇਪ੍ਰਵਾਹ ਹੁੰਦੇ ਸਾਂ, ਪਰ ਬਾਬੂ ਜੀ ਹਮੇਸ਼ਾ ਫਿਕਰਾਂ ਵਿੱਚ ਰਹਿੰਦੇ। ਅਸੀਂ ਬਹੁਤ ਹੈਰਾਨ ਵੀ ਹੁੰਦੇ ਕਿ ਬੇਗਾਨਾ ਬੰਦਾ ਜਿਸ ਨਾਲ ਸਾਡੀ ਕੋਈ ਸਿੱਧੀ ਸਾਂਝ-ਭਿਆਲੀ ਵੀ ਨਹੀਂ, ਸਾਡੇ ਲਈ ਇੰਨਾ ਵੱਧ ਫਿਕਰਮੰਦ ਕਿਉਂ ਰਹਿੰਦਾ ਹੈ। ਉਹ ਸਾਡੇ ਘਰ ਆਏ ਗਏ ਹਰ ਸ਼ਖਸ ਉੱਤੇ ਨਿਗ੍ਹਾ ਰੱਖਦੇ। ਸਾਡੀ ਗੈਰ ਹਾਜ਼ਰੀ ਵਿੱਚ ਸਾਡੇ ਘਰ ਰੋਟੀ-ਟੁੱਕ ਪਕਾਉਣ ਆਉਂਦੀ ਆਂਟੀ ਜੇ ਸਬਜ਼ੀ ਵਗੈਰਾ ਆਪਣੇ ਘਰ ਲੈ ਜਾਂਦੀ ਤਾਂ ਅੰਕਲ ਜੀ ਨੇ ਅਗਲੀ ਸਵੇਰੇ ਸ਼ਿਕਾਇਤ ਕਰਨੀ ਹੀ ਹੁੰਦੀ ਸੀ ਅਤੇ ਅਗਾਂਹ ਤੋਂ ਚੌਕਸ ਰਹਿਣ ਲਈ ਕਹਿਣਾ ਹੀ ਕਹਿਣਾ ਹੁੰਦਾ ਸੀ।
ਇੱਕ ਦਿਨ ਤਾਂ ਅੰਕਲ ਜੀ ਨੇ ਮੁਹੱਬਤ ਦਾ ਐਸਾ ਪੈਗਾਮ ਪੇਸ਼ ਕੀਤਾ ਜਿਸ ਨਾਲ ਸਾਡੀਆਂ ਅੱਖਾਂ ਛਲਕ ਪਈਆਂ। ਸਿਖਰਾਂ ਦੀ ਗਰਮੀ ਸੀ ਤੇ ਮੈਂ ਤੇ ਮੇਰਾ ਸਾਥੀ ਉਸ ਦਿਨ ਰਾਤ 11 ਵਜੇ ਤੱਕ ਘਰ ਪਹੁੰਚੇ ਤਾਂ ਘਰ ਦੇ ਗੇਟ ਅੱਗੇ ਫਰਿਜ਼ ਵਾਲੀ ਬਰਫ ਦੇ ਚਾਰ ਛੋਟੇ-ਛੋਟੇ ਬਲਾਕ ਲਿਫਾਫਿਆਂ ਵਿੱਚ ਲਪੇਟ ਕੇ ਲਟਕਾਏ ਸਨ। ਅਸੀਂ ਦੇਖ ਕੇ ਇਕਦਮ ਹੈਰਾਨ ਤੇ ਭਾਵੁਕ ਹੋ ਗਏ। ਸਾਨੂੰ ਪਤਾ ਸੀ ਕਿ ਇਹ ਪਰਉਪਕਾਰ ਅੰਕਲ ਜੀ ਹੀ ਕਰ ਸਕਦੇ ਹਨ। ਉਸ ਬਰਫ ਦਾ ਠੰਢਾ ਪਾਣੀ ਪੀ ਕੇ ਸਾਡਾ ਕਾਲਜਾ ਠਰ ਗਿਆ ਅਤੇ ਮਨ ਪਸੀਜ ਗਿਆ।
ਅਗਲੀ ਸਵੇਰ ਘਰ ਦੀ ਘੰਟੀ ਵੱਜੀ, ਜਦੋਂ ਦਰਵਾਜ਼ਾ ਖੋਲ੍ਹਿਆ ਤਾਂ ਅੰਕਲ ਜੀ ਫਿਕਰਮੰਦ ਹੋਏ ਕਹਿਣ ਲੱਗੇ, ‘‘ਪੁੱਤਰ, ਮੈਂ ਤੁਹਾਨੂੰ ਰਾਤ 10.30 ਵਜੇ ਤੱਕ ਉਡੀਕਦਾ ਰਿਹਾ ਤਾਂ ਕਿ ਤੁਹਾਨੂੰ ਗਰਮੀ ਵਿੱਚ ਠੰਢਾ ਪਾਣੀ ਪਰੋਸ ਸਕਾਂ, ਪਰ ਤੁਸੀਂ ਲੇਟ ਹੋ ਗਏ। ਤੁਹਾਨੂੰ ਪਤਾ ਹੈ ਕਿ ਦਮੇ ਦੀ ਸ਼ਿਕਾਇਤ ਕਰ ਕੇ ਮੈਂ ਬਹੁਤੀ ਬੇਆਰਾਮੀ ਨਹੀਂ ਝੱਲ ਸਕਦਾ ਤੇ ਮੈਂ ਤੁਹਾਡੇ ਲਈ ਆਪਣੀ ਫਰਿਜ਼ ਦੇ ਸਾਰੇ ਬਲਕ ਲਪੇਟ ਕੇ ਗੇਟ ਨਾਲ ਲਮਕਾ ਦਿੱਤੇ ਸਨ ਤਾਂ ਕਿ ਤੁਸੀਂ ਆਪਣੀ ਤ੍ਰੇਹ ਬੁਝਾ ਸਕੋ।” ਇਸ ਤੋਂ ਬਾਅਦ ਅੰਕਲ ਜੀ ਉਸੇ ਤਰ੍ਹਾਂ ਸਾਨੂੰ ਗਰਮੀ ਤੋਂ ਨਿਜਾਤ ਦਿਵਾਉਂਦੇ ਰਹੇ। ਸਾਨੂੰ ਸਮਝ ਨਾ ਆਵੇ ਕਿ ਇਸ ਇਨਸਾਨ ਦਾ ਕਿਸ ਤਰ੍ਹਾਂ ਧੰਨਵਾਦ ਕਰੀਏ, ਜੋ ਸਾਨੂੰ ਮਾਪਿਆਂ ਤੋਂ ਵੱਧ ਪਿਆਰ-ਦੁਲਾਰ ਦੇ ਰਿਹਾ ਹੈ। ਇਸ ਛੋਟੀ ਜਿਹੀ ਘਟਨਾ ਨੇ ਜੀਵਨ ਵਿੱਚ ਬਹੁਤ ਵੱਡੇ ਸਬਕ ਦਿੱਤੇ। ਬੜੀ ਸ਼ਿੱਦਤ ਨਾਲ ਮਹਿਸੂਸ ਹੋਇਆ ਕਿ ਨ੍ਹੇਰੇ ਵਿੱਚ ਦੀਵੇ ਜਗਾਉਣ ਵਾਲੇ ਕਦੀ ਖਤਮ ਨਹੀਂ ਹੋਣੇ। ਨਫਰਤ ਦੇ ਬੀਜ ਕੋਈ ਜਿੰਨੇ ਮਰਜ਼ੀ ਬੀਜ ਦੇਵੇ, ਪਰ ਮੋਹ ਦੀਆਂ ਕਣੀਆਂ ਉਸ ਬੀਜ ਨੂੰ ਕਰੰਡ ਕਰ ਦੇਣਗੀਆਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ