Welcome to Canadian Punjabi Post
Follow us on

03

July 2025
 
ਨਜਰਰੀਆ

ਉਦਾਸੀ ਦਾ ਮਾਸੂਮ ਮਨੋਵੇਗ ਨੇ ਅੱਥਰੂ

July 05, 2021 02:37 AM

-ਪ੍ਰੋਫੈਸਰ ਕੁਲਵੰਤ ਸਿੰਘ ਔਜਲਾ
ਮੇਰੇ ਭਰਾ ਸਰਵਣ ਸਿੰਘ ਔਜਲਾ ਦਾ ਬੇਟਾ ਪੜ੍ਹਨ ਵਾਸਤੇ ਕੈਨੇਡ ਚਲਾ ਗਿਆ ਸੀ। ਦੂਜੇ-ਤੀਜੇ ਦਿਨ ਮੈਂ ਸਰਵਣ ਨੂੰ ਫੋਨ ਉੱਤੇ ਪੁੱਛਦਾ ਰਹਿੰਦਾ ਹਾਂ ਕਿ ਕਾਕੇ ਦਾ ਜੀਅ ਲੱਗ ਗਿਐ? ਉਹ ਆਪਣੇ ਮਿੱਤਰਾਂ-ਸੰਬੰਧੀਆਂ ਵੱਲੋਂ ਕਾਕੇ ਪ੍ਰਤੀ ਦਿਖਾਏ ਜਾਂਦੇ ਸਨੇਹ ਦੀਆਂ ਗੱਲਾਂ ਸੁਣ ਕੇ ਆਪਣੇ ਉਦਾਸ ਅਤੇ ਓਦਰੇ ਜੀਅ ਨੂੰ ਪਰਚਾਉਂਦਾ ਹੈ। ਡਾਕਟਰ ਉਪਿੰਦਰਜੀਤ ਕੌਰ ਮਿਲੇ ਤਾਂ ਉਨ੍ਹਾਂ ਵੀ ਮੇਰੇ ਵਾਲਾ ਸਵਾਲ ਕੀਤਾ, ‘ਸਰਵਣ, ਕਾਕੇ ਦਾ ਜੀਅ ਲੱਗ ਗਿਐ?’ ਉਸ ਦੇ ਜਵਾਬ ਤੋਂ ਪਹਿਲਾਂ ਉਹ ਖੁਦ ਹੀ ਕਹਿ ਦਿੱਤਾ, ‘ਪਰਦੇਸਾਂ ਵਿੱਚ ਜੀਅ ਲਾਉਣਾ ਬੜਾ ਔਖਾ ਹੁੰਦੈ।’ ਉਦਾਸੀ ਪੰਜਾਬੀ ਮਨ ਦ ਖਾਸਾ, ਖਾਬਗੋਈ ਤੇ ਖਬਤ ਹੈ। ਸਫਰ ਤੇ ਸੰਘਰਸ਼ ਵਿੱਚੋਂ ਉਪਜੇ ਲੋਕ ਧਰਤੀਆਂ ਦੀ ਥਾਂ ਅੰਬਰਾਂ ਉਤੇ ਜ਼ਿਆਦਾ ਰਹਿੰਦੇ ਹਨ। ਜੀਅ ਲੱਗਣ ਜਾਂ ਲਾਉਣ ਦਾ ਪੜ੍ਹਈ ਨਾਲ ਕੋਈ ਸੰਬੰਧ ਨਹੀਂ।
ਮੇਰਾ ਛੋਟਾ ਭਰਾ ਬਲਦੀਸ਼ ਬਹੁਤ ਪੜ੍ਹ-ਲਿਖ ਕੇੇ ਵਿਦੇਸ਼ ਚਲਾ ਗਿਆ ਸੀ। ਜੀਅ ਨਾ ਲੱਗੇ। ਕਿੱਥੇ ਡਾਕਟਰੇਟ ਦੀ ਪੜ੍ਹਾਈ ਤੇ ਕਿੱਥੇ ਡਾਲਰ ਯੁਕਤ ਦਿਹਾੜੀਆਂ। ਨਿਮਨ ਕਿਸਾਨ ਬਾਪ ਨੇ ਕਿਹਾ ਕਿ ‘ਪੁੱਤ ਵਾਪਸ ਆ ਜਾ।’ ਪੁੱਤਰ ਨੂੰ ਪਤਾ ਸੀ ਕਿ ਬਾਪ ਉਸ ਨੂੰ ਲੰਬਾ ਸਮਾਂ ਰੋਟੀ ਨਹੀਂ ਖੁਆ ਸਕਦਾ। ਸਿੱਟੇ ਵਜੋਂ ਉਹ ਜੀਅ ਲਾਉਣ ਲਈ ਜ਼ਿੰਦਗੀ ਨੂੰ ਨਵੇਂ ਸਿਰੇ ਤੋਂ ਪੜ੍ਹਨ ਤੇ ਘੜਨ ਦੇ ਸਫਰ ਤੇ ਸੰਘਰਸ਼ ਦੀਆਂ ਨੀਹਾਂ ਪੁੱਟਣ ਲੱਗ ਪਿਆ। ਭਾਵੇਂ ਉਸ ਦਾ ਜੀਅ ਲੱਗ ਗਿਆ ਅਤੇ ਚੰਗਾ ਕਾਰੋਬਾਰ ਵੀ ਚਲਾ ਲਿਆ, ਪਰ ਜਦੋਂ ਵੀ ਪਿੰਡ ਆਉਂਦਾ ਤਾਂ ਵਿਛੜਨ ਲੱਗਾ ਬੱਚਿਆਂ ਵਾਂਗੂੰ ਰੋਂਦਾ। ਮੈਂ ਉਸ ਬਾਰੇ ਨਜ਼ਮ ਲਿਖੀ। ਮੇਰੇ ਭਰਾ ਨੂੰ ਵੀਹ ਵਰ੍ਹੇ ਹੋ ਗਏ ਨੇ ਪਰਦੇਸ ਰਹਿੰਦਿਆਂ, ਪਰ ਅਜੇ ਤੀਕ ਵੀ ਸੁੱਕੇ ਨਹੀਂ ਉਸ ਦੀਆਂ ਅੱਖਾਂ ਵਿੱਚੋਂ ਅੱਥਰੂ। ਅੱਥਰੂ ਉਦਾਸੀ ਦਾ ਮਾਸੂਮ ਮਨੋਵੇਗ ਹੁੰਦੇ ਹਨ। ਜਿਊਂਦੇ ਆਦਮੀ ਦੇ ਰਾਹ ਚਸ਼ਮੇ। ‘ਵਿਛੜਨ ਲੱਗਾ ਰੋਂਦਾ ਹੈ ਤੇ ਸਾਰਿਆਂ ਨੂੰ ਰਵਾਉਂਦਾ ਹੈ। ਮੇਰਾ ਭਰਾ ਅੱਖਾਂ ਨੂੰ ਪਿਘਲਾਉਣ ਲਈ ਪਿੰਡ ਆਉਂਦਾ ਹੈ।’
ਪਿੰਡ ਵੀ ਜੇ ਕੋਈ ਮੋਹ ਕਰਨ ਵਾਲਾ ਹੋਵੇ ਤਾਂ ਜੀਅ ਕਰਦਾ ਪਿੰਡ ਆਉਣ ਨੂੰ। ਕਈਆਂ ਲਈ ਪਿੰਡ ਵੀ ਪਰਦੇਸ ਹੋ ਗਏ। ਗਾਇਕ ਦੀਦਾਰ ਪਰਦੇਸੀ ਅੰਬਾਂ ਦੇ ਬੂਟਿਆਂ ਨੂੰ ਮਿਲਣ ਦੇ ਬਹਾਨੇ ਪਿੰਡ ਆਉਂਦਾ ਹੈ। ਸੁਰਜੀਤ ਪਾਤਰ ਨੇ ਪਿੰਡ ਵਾਲਾ ਘਰ ਤਿਆਗ ਦਿੱਤਾ। ਪਿੰਡ ਘਰ ਅਤੇ ਦੇਸ਼ ਆਪਣਿਆਂ ਕਰ ਕੇ ਧੜਕਦੇ ਹਨ। ਸੁਰਜੀਤ ਪਾਤਰ ਨੇ ‘ਹੁਣ ਘਰਾਂ ਨੂੰ ਪਰਤਣਾ ਮੁਸ਼ਕਲ ਬੜਾ ਹੈ’, ‘ਇਸ ਨਗਰੀ ਮੇਰਾ ਜੀਅ ਨਹੀਂ ਲੱਗਦਾ’ ਤੇ ‘ਦਿਲ ਹੀ ਉਦਾਸ ਹੈ ਜੀ ਬਾਕੀ ਸਭ ਖੈਰ ਏ’ ਵਰਗੀਆਂ ਉਦਾਸ ਨਜ਼ਮਾਂ ਲਿਖ ਕੇ ਪੰਜਾਬੀ ਬੰਦੇ ਨੂੰ ਅਮਰ ਅਤੇ ਅਮੀਰ ਕਰ ਦਿੱਤਾ। ਰੇਸ਼ਮਾ ਦੀ ਦਰਦ ਭਿੱਜੀ ਆਵਾਜ਼ ਵਿੱਚ ਗਾਇਆ ਗੀਤ ‘ਹਾਏ ਓ ਰੱਬਾ ਨਹੀਉਂ ਲੱਗਦਾ ਦਿਲ ਮੇਰਾ’ ਸਾਡੇ ਸਮਿਆਂ ਦੇ ਬਹੁਤੇ ਵਿਦਿਆਰਥੀਆਂ ਦੇ ਦਿਲ ਨੂੰ ਖਿੱਚ ਪਾਉਂਦਾ ਸੀ। ਦਿਲ ਨੂੰ ਖਿੱਚ ਪਾਉਂਦੀ ਗੀਤਕਾਰੀ ਤੇ ਗਾਇਕੀ ਰੂਹ ਨੂੰ ਰਾਹਤ ਤੇ ਰਹਾਊ ਦਿੰਦੀ ਹੈ। ਉਦਾਸੀ ਵਿੱਚੋਂ ਫਿਕਰ, ਫਿਰਾਕ ਤੇ ਫਲਸਫੇ ਦੀਆਂ ਧੁਨੀਆਂ ਉਦੈ ਹੁੰਦੀਆਂ ਹਨ। ਉਦਾਸੀ ਨੂੰ ਮਾਣਨ ਤੇ ਮੋਹ ਕਰਨ ਵਾਲੇ ਲੋਕਾਂ ਅੰਦਰ ਦਰਵੇਸ਼ੀ, ਦਾਰਸ਼ਨਿਕਤਾ ਤੇ ਦੂਰਅੰਦੇਸ਼ੀ ਪਨਪਦੀ ਹੈ। ਅਸੀਂ ਰਲ ਕੇ ਰੇਸ਼ਮਾ ਦਾ ਗੀਤ ਸੁਣਦੇ ਤੇ ਰੂਹਾਂ ਤਿ੍ਰਪਤ-ਕਰਦੇ।
ਯੂਨੀਵਰਸਿਟੀ ਵਿੱਚ ਪੜ੍ਹਨ ਲਈ ਪਹਿਲੀ ਵਾਰ ਜਦੋਂ ਮੈਂ ਪਟਿਆਲੇੇ ਗਿਆ ਤਾਂ ਮੇਰੇ ਲਈ ਇੱਕ ਹਫਤਾ ਕੱਢਣਾ ਔਖਾ ਹੋ ਗਿਆ। ਜੀਅ ਨਾ ਲੱਗੇ। ਦਿਨ ਗਿਣ-ਗਿਣ ਕੇ ਸ਼ਨੀਵਾਰ ਆਇਆ ਤੇ ਲਗਭਗ ਅਸੀਂ ਸਾਰੇ ਵਿਦਿਆਰਥੀ ਪਿੰਡਾਂ ਨੂੰ ਭੱਜ ਗਏ। ਮਾਂ ਕਹਿੰਦੀ ਕਿ ‘ਏਨੀ ਜਲਦੀ ਕਿਉਂ ਆ ਗਿਆ ਤੂੰ?’
ਮੈਂ ਕਿਹਾ,‘‘ਮਾਂ, ਦਿਲ ਨਹੀਂ ਲੱਗਦਾ।”
ਮਾਂ ਕਹਿੰਦੀ, ‘‘ਦਿਲ ਲਾਉਣਾ ਪੈਂਦਾ ਪੁੱਤਰ, ਕਿਤਾਬਾਂ ਨੂੰ ਮਾਂ ਬਣਾ, ਲੱਗ ਜਾਏਗਾ ਦਿਲ।” ਮਾਂ ਦੀ ਨੇਕ ਨਸੀਹਤ ਮੰਨ ਕੇ ਕਿਤਾਬਾਂ ਨੂੰ ਮਾਂ ਬਣਾ ਲਿਆ। ਕਿਤਾਬਾਂ ਨਾਲ ਮੋਹ ਪੈ ਗਿਆ। ਅੱਜ ਵੀ ਜਦੋਂ ਦਿਲ ਉਦਾਸ ਹੁੰਦਾ ਹੈ ਤਾਂ ਕਿਤਾਬ ਮੇਰਾ ਜੀਅ ਲਾਉਂਦੀ ਹੈ। ਕਿਤਾਬਾਂ ਨਾਲ ਨੇੜਤਾ ਵਿੱਚੋਂ ਕਵਿਤਾ ਜਨਮੀ। ਅਨਪੜ੍ਹ ਮਾਂ ਦੇ ਬੋਲਾਂ ਦੀ ਸਾਦਾ ਦਿਲ ਸਿੱਖਿਆ ਤੇ ਸੰਵੇਦਨਾ ਨੇ ਮੈਨੂੰ ਮਾਂ ਵਰਗੀ ਕਵਿਤਾ ਦੇ ਪਾਕੀਜ਼ ਪੰਧ ਦਾ ਰਸਤਾ ਤੇ ਰੂਹ ਦਿਖਾਈ। ਅੱਜ ਕੱਲ੍ਹ ਪੁਸਤਕਾਂ ਨਾਲ ਜੀਅ ਲਾਉਂਦਾ ਹਾਂ।
‘ਪੁਸਤਕਾਂ ਦਾ ਨੇੜ ਉਦਰੇਵੇਂ ਉਦਾਸੀਆਂ ਭਜਾਵੇ,
ਪੁਸਤਕਾਂ ਦਾ ਨਿਹੁੰ ਸੰਘਰਸ਼ ਕਰਨਾ ਸਿਖਾਵੇ।’
ਮਾਂ ਦੇ ਦਿਲ ਵਰਗਾ ਦਿਲ ਹੋਰ ਕਿਸੇ ਕੋਲ ਨਹੀਂ। ਮਾਂ ਦਾ ਦਿਲ ਬੱਚਿਆਂ ਦੇ ਦਿਲਾਂ ਦੀ ਹਰ ਹਰਕਤ ਅਤੇ ਹਰ ਧੜਕਣ ਨੂੰ ਜਾਣਦਾ ਹੈ। ਮਾਂ ਭਾਵੇਂ ਦੁਨੀਆ ਤੋਂ ਚਲੀ ਜਾਂਦੀ ਹੈ, ਪਰ ਮਰਦੀ ਨਹੀਂ। ਅਸੀਂ ਆਪਣ ਦੁੱਖ, ਫਿਕਰ, ਝੋਰਾ, ਵਿਯੋਗ ਤੇ ਬੇਗਾਨਗੀ ਮੋਈ ਮਾਂ ਨੂੰ ਦੱਸਦੇ ਰਹਿੰਦੇ ਹਾਂ। ਸੱਚੇ ਸਮੁੱਚੇ, ਸੰਵੇਦਨਸ਼ੀਲ ਤੇ ਸੁਪਨਸਾਜ਼ ਜਜ਼ਬਿਆਂ ਦੀ ਕੁੱਖੋਂ ਜਨਮੀਆਂ ਕਵਿਤਾਵਾਂ ਮਾਂ ਵਰਗੀਆਂ ਹੁੰਦੀਆਂ ਹਨ। ਉਦਾਸ ਸ਼ਾਇਰੀ ਮਾਂ ਦੇ ਫਿਕਰ ਵਰਗੀ ਹੁੰਦੀ ਹੈ।
ਕਿਸੇ ਜ਼ਮਾਨੇ ਬਸ਼ੀਰ ਬਦਰ ਦਾ ਗੀਤ ਬਹੁਤ ਮਕਬੂਲ ਹੋਇਆ, ‘ਦਿਲ ਚੀਜ਼ ਕਯਾ ਹੈ ਆਪ ਮੇਰੀ ਜਾਨ ਲੀਜੀਏ’ ਗੀਤ ਦਾ ਸੂਖਮ ਸੰਬੋਧਨ ਅਰਪਿਤ ਨਿਛਾਵਰ ਕਰਨ ਦੀ ਲੈਆਤਮਕ ਹੂਕ ਬੇਚੈਨ ਰੂਹਾਂ ਨੂੰ ਅੰਦਰੋਂ ਤੜਫਾਉਂਦੀ ਅਤੇ ਤਰੰਨੁਮ ਕਰਦੀ ਰਹੀ। ਕੋਰੋਨਾ ਦੇ ਖੌਫ ਨੇ ਚੰਗੇ-ਭਲੀ ਦੁਨੀਆ ਨੂੰ ਅਲਹਿਦਗੀ, ਆਵਾਜ਼ਾਰੀ ਅਤੇ ਅਸਥਿਰਤਾ ਕਾਰਨ ਬੇਚੈਨ ਕਰ ਦਿੱਤਾ ਹੈ। ਦੂਰੀਆਂ ਤੇ ਵਿੱਥਾਂ ਨੇ ਆਦਮੀ ਨੂੰ ਮਾਤਮੀ ਤੇ ਮੋਹਹੀਣ ਅਹਿਸਾਸਾਂ ਤੇ ਅਫਵਾਹਾਂ ਨਾਲ ਭਰ ਦਿੱਤਾ। ਘਰ ਬੇਗਾਨਗੀ ਹੰਢਾਉਣ ਲੱਗੇ। ਇਸੇ ਲਈ ਦਿਲ ਲੱਗਣੇ ਹਟ ਗਏ। ਮੋਹਭੰਗਤਾ ਤੇ ਮਾਤਮ ਦੇ ਮਾਹੌਲ ਸਦਕਾ ਜਿਊਣ ਦੇ ਜਜ਼ਬੇ ਤੇ ਜੀਵੰਤਤਾ ਨਿਰਬਲ ਹੋ ਗਈ ਹੈ। ਸਿਰਫ ਕਲਾ, ਕਿਤਾਬ ਤੇ ਕੁਦਰਤ ਨੂੰ ਪਿਆਰ ਕਰਨ ਵਾਲੇ ਲੋਕ ਹੀ ਨਿਰਾਸ਼ ਤੇ ਨਾਂਹ ਮੁਖੀ ਹੋਣ ਤੋਂ ਬਚ ਸਕੇ ਹਨ। ਇਸ ਦੌਰ ਵਿੱਚ ਬਹੁਤ ਲੋਕਾਂ ਨੂੰ ਫੋਨ ਕੀਤੇ। ਸਾਰੇ ਲੋਕ ਦਿਲ ਡਾਹੂ ਬਿਮਾਰੀ ਤੋਂ ਪੀੜਤ ਲੱਗੇ। ਮੌਤ ਮਨਾਂ ਵਿੱਚ ਵੜ ਗਈ ਜਾਪਦੀ ਹੈ।
ਦਿਸ਼ਾਹੀਣ ਹੋ ਗਿਆ ਜਹਾਨ ਸਾਰਾ। ਅਜਿਹੇ ਉਬਾਟ ਤੇ ਓਦਰੇ ਮੌਸਮ ਵਿੱਚ ਕਿਤਾਬਾਂ ਨੇ ਜੀਅ ਲਾਇਆ। ਪੰਜਾਬੀ ਮਨ ਕੋਲ ਅਸੀਸਾਂ, ਅਰਜ਼ੋਈਆਂ ਤੇ ਦੁਆਵਾਂ ਦੀ ਕਾਵਿਕ ਵਿਰਾਸਤ ਦਾ ਦਾਰਸ਼ਨਿਕ ਖਜ਼ਾਨਾ ਹੈ। ‘ਰੱਬਾ ਰੱਬਾ ਮੀਂਹ ਵਰ੍ਹਾ' ਜਿਹੀ ਅਰਜ਼ੋਈ ਨੇ ਸਾਡੇ ਮਨਾਂ ਅੰਦਰ ਉਮੀਦ ਉਡੀਕ ਤੇ ਊਰਜਾ ਕਦੇ ਮੁੱਕਣ ਨਹੀਂ ਦਿੱਤੀ।
ਇਸੇ ਲਈ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਨਿੱਕੇ ਨਿੱਕੇ ਪੰਜਾਬ ਵਸਾ ਲਏ ਹਨ। ਵਿਰਾਸਤ ਤੋਂ ਬੇਮੁਖ ਹੋ ਕੇ ਬਾਜ਼ਾਰ ਵੱਲ ਆਕਰਸ਼ਿਤ ਹੋਣ ਨਾਲ ਬੰਦਾ ਵਸਤੂ ਹੋਣ ਦੇ ਚੱਕਰ ਵਿੱਚ ਫਸ ਜਾਂਦਾ ਹੈ। ਮਾਨਵੀ ਧੜਕਣਾਂ ਦੀ ਬਰਸਾਤ ਬਿਨਾਂ ਮਾਰੂਥਲ ਹੋ ਜਾਂਦਾ ਹੈ ਆਦਮੀ, ਮਨ, ਚਿੱਤ, ਜਾਨ ਅਤੇ ਜੀਅ ਵਾਸਤਵ ਵਿੱਚ ਦਿਲ ਦੇ ਵੱਖ-ਵੱਖ ਰੰਗਾਂ ਦੀਆਂ ਮਾਨਵੀ ਧੁਨੀਆਂ ਤੇ ਧੜਕਣਾਂ ਹਨ। ਪੁਰਾਣੇ ਲੋਕਾਂ ਕੋਲ ਸਾਦਗੀ, ਸੁਹਿਰਦਤਾ, ਸੁਦਿ੍ਰੜਤਾ, ਸਹਿਯੋਗ ਅਤੇ ਸਮਰਪਣ ਜਿਹੀਆਂ ਮਾਨਵੀ ਬਿਰਤੀਆਂ ਤੇ ਬਾਦਸ਼ਾਹੀਆਂ ਸਨ, ਜੋ ਉਨ੍ਹਾਂ ਨੂੰ ਔਂਕੜਾਂ ਵਿੱਚ ਵੀ ਡੋਲਣ ਨਹੀਂ ਸਨ ਦਿੰਦੀਆਂ। ਅਜੋਕੇ ਬੰਦੇ ਕੋਲ ਮਾਨਵੀ ਔਸ਼ਧੀਆਂ ਤੇ ਆਕਸੀਜਨਾਂ ਦਾ ਭੰਡਾਰ ਨਹੀਂ ਹੈ. ਪੈਸੇ, ਪਦਾਰਥ, ਪ੍ਰਾਪਤੀਆਂ ਤੇ ਪ੍ਰਭੂਤਾਵਾਂ ਨੇ ਬੰਦੇ ਨੂੰ ਬਿਮਾਰ ਤੇ ਬੇਦਿਲ ਕਰ ਦਿੱਤਾ ਹੈ। ਕਿਤਾਬਾਂ ਕਾਗਜ਼ੀ ਹੋ ਗਈਆਂ ਹਨ।
ਸਿਧਾਂਤਾਂ ਕੋਲ ਸੰਵੇਦਨਾ ਨਹੀਂ। ਸਿਆਸਤ ਸੱਤਾ ਦਾ ਆਨੰਦ ਲੈਣ ਲਈ ਮਸ਼ਰੂਫ ਹੈ। ਕਾਵਿਕ, ਕਰਮਾਂਵਾਲੇ, ਕਿਰਿਆਸ਼ੀਲ ਅਤੇ ਕਲਾਵੰਤ ਲੋਕਾਂ ਦਾ ਜਹਾਨ ਸੁੰਗੜਦਾ ਜਾ ਰਿਹਾ ਹੈ। ਬਾਜ਼ਾਰ ਨੇ ਉਦਾਸੀਆਂ, ਹੇਰਵਿਆਂ, ਹਿਰਖਾਂ ਤੇ ਹੈਰਾਨਗੀਆਂ ਲਈ ਵਸਤੂ ਭੋਗੀ ਫਾਰਮੂਲੇ ਤੇ ਫਲਸਫੇ ਘੜ ਲਏ ਹਨ। ਡਿਜੀਟਲ ਲਿਫਾਫੇਬਾਜ਼ੀਆਂ ਨਾਲ ਦਿਲ ਪਰਚਾਏ ਜਾ ਰਹੇ ਹਨ। ਸਾਡਾ ਨਿੱਕਾ ਜਿਹਾ ਪੋਤਰਾ ਚਾਰ ਮਹੀਨੇ ਸਾਡੇ ਕੋਲ ਰਿਹਾ। ਖਾਣਾ-ਪੀਣਾ ਤੇ ਪੜ੍ਹਨਾ-ਲਿਖਣਾ ਸਭ ਕੁਝ ਭੁੱਲ ਗਏ ਅਸੀਂ। ਬੱਚੇ ਨਾਲ ਬੱਚੇ ਹੋ ਗਏ। ਬਹੁਤ ਜੀਅ ਲੱਗਾ। ਬਿਰਧ ਸਰੀਰਾਂ ਵਿੱਚ ਜਾਨ, ਜੁੰਬਿਸ਼ ਤੇ ਜ਼ਿੰਦਗੀ ਉਰਜਿਤ ਹੋਈ। ਕੁਝ ਨਹੀਂ ਲਿਖ ਹੋਇਆ ਮੈਥੋਂ। ਮੈਂ ਉਸ ਬੱਚੇ ਦੀਆਂ ਨਜ਼ਮਾਂ ਗੀਤ ਸੁਣ ਸੁਣ ਕੇ ਕਾਵਿਕ ਹੁੰਦਾ ਰਿਹਾ। ਉਸ ਦੇ ਯੂ ਕੇ ਚਲੇ ਜਾਣ ਪਿੱਛੋਂ ਘਰ ਉਦਾਸ ਹੈ। ਰੋਜ਼ ਡਿਜੀਟਲ ਗੱਲਬਾਤ ਹੁੰਦੀ ਹੈ, ਪਰ ਮਿਲਾਪ ਅਤੇ ਮੋਹ ਦੀਆਂ ਆਦਰਾਂ ਪਹਿਲਾਂ ਵਾਂਗ ਨਹੀਂ ਪੰਘਰਦੀਆਂ। ਪਰਦੇਸ ਦੀਆਂ ਦੂਰੀਆਂ ਇੰਝ ਹੀ ਹੌਲੀ-ਹੌਲੀ ਮੋਹ, ਮਿਲਾਪ ਅਤੇ ਮਿਠਾਸ ਨੂੰ ਸੁਕਾ ਦਿੰਦੀਆਂ ਹਨ। ਜੀਅ ਨਾ ਲੱਗਣਾ ਸਜੀਵ ਤੇ ਸਜਿੰਦੇ ਲੋਕਾਂ ਦੀ ਫਿਤਰਤ ਤੇ ਫਲਸਫਾ ਹੈ। ਸੁੱਕੇ ਹੋਏ ਤਨ ਕੀ ਉਦਾਸ ਹੋਣਗੇ?
ਉਦਾਸੀਆਂ ਦੀ ਖ਼ੈਰ ਮੰਗੀਏ ਤਾਂ ਕਿ ਰਾਹਤ ਜਿਊਂਦੀ ਰਹੇ। ਉਦਾਸ ਹੋਣ ਨਾਲ ਸਵੇਰ ਵਰਗੀ ਉਡੀਕ ਜਾਗਦੀ ਹੈ। ਜਜ਼ਬਿਆਂ ਦੀਆਂ ਜਗੀਰਾਂ ਮੁੱਕਦੀਆਂ ਨਹੀਂ। ਜਜ਼ਬੇ ਹੋਣਗੇ ਤਾਂ ਸਰੀਰ ਜ਼ਿੰਦਾ ਰਹਿਣਗੇ। ਸਿਰਫ ਸਰੀਰਾਂ ਦਾ ਕੀ ਕਰਾਂਗੇ। ਜੀਅ ਲਾਉਣ ਲਈ ਮਨੁੱਖ ਨੂੰ ਖਾਬਸ਼ੀਲ ਤੇ ਖ਼ਾਕਸਾਰ ਹੋਣਾ ਪੈਣਾ। ਨੇੜਲਿਆਂ ਨੂੰ ਆਵਾਜ਼ ਮਾਰਨੀ ਪਵੇਗੀ। ਖੁਦ ਨੂੰ ਖੁਦਾ ਸਮਝ-ਸਮਝ ਕੇ ਅਕਾਵਿਕ ਤੇ ਅਪਾਹਜ ਹੋ ਜਾਵਾਂਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ