Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਸੰਪਾਦਕੀ

ਕੀ ਧਰਮ ਦਾ ਚਾਲਨ ਧਰਮ-ਅਰਥ ਨਹੀਂ?

April 09, 2021 08:56 AM

ਪੰਜਾਬੀ ਪੋਸਟ ਸੰਪਾਦਕੀ
ਵਿਸ਼ਵ ਦਾ ਸ਼ਾਇਦ ਹੀ ਕੋਈ ਧਰਮ ਹੋਵੇਗਾ ਜਿਸਦੇ ਚਾਲਨ-ਕਰਤਾ ਇਹ ਗੱਲ ਨਹੀਂ ਕਰਦੇ ਕਿ ਉਹਨਾਂ ਦੇ ਧਰਮ ਨੂੰ ਬਾਹਰਲੀਆਂ ਤਾਕਤਾਂ ਤੋਂ ਖਤਰਾ ਹੈ। ਹਿੰਦੂ, ਮੁਸਲਿਮ, ਸਿੱਖ ਈਸਾਈ ਆਦਿ ਸੱਭ ਧਰਮਾਂ ਦੇ ਸੰਚਾਲਕ ਇਸ ਬਿਰਤਾਂਤ ਨੂੰ ਗਾਹੇ ਬਗਾਹੇ ਪੇਸ਼ ਕਰਦੇ ਰਹਿੰਦੇ ਹਨ ਕਿ ਸਾਡੇ ਧਰਮ ਨੂੰ ਕਿਹਨਾਂ ਕਿਹਨਾਂ ਗੱਲਾਂ ਕਰਕੇ ਖਤਰਾ ਹੈ। ਪਰਸੋਂ Centre for Inquiry Canada (CFIC) ਵੱਲੋਂ ਇੱਕ 21 ਪੰਨਿਆਂ ਦੀ The Cost of Religion in Canada ਨਾਮਕ ਰਿਪੋਰਟ ਜਾਰੀ ਕੀਤੀ ਗਈ ਹੈ। ਇਸ ਰਿਪੋਰਟ ਦੇ ਪ੍ਰਤੀਕਰਮ ਵਿੱਚ ਕੈਨੇਡਾ ਵਿੱਚ ਪਾਏ ਜਾਂਦੇ ਸਾਰੇ ਧਾਰਮਿਕ ਸਥਾਨਾਂ ਦੇ ਸੰਚਾਲਕ ਇੱਕ ਸੁਰ ਹੋ ਕੇ ਆਖਣਗੇ ਕਿ ਇਸ ਰਿਪੋਰਟ ਤੋਂ ਸੱਭਨਾਂ ਨੂੰ ਸਾਂਝਾਂ ਖਤਰਾ ਹੈ। ਰਿਪੋਰਟ ਵਿੱਚ ਸੰਸਥਾ ਵੱਲੋਂ ਕੈਨੇਡੀਅਨ ਸਰਕਾਰ ਨੂੰ ਸੁਝਾਅ ਦਿੱਤਾ ਗਿਆ ਹੈ ਕਿ ਕੋਵਿਡ-19 ਤੋਂ ਬਾਅਦ ਆਰਥਕਤਾ ਨੂੰ ਮੁੜ ਮਜ਼ਬੂਤ ਕਰਨ ਦੇ ਇਰਾਦੇ ਨਾਲ ਧਾਰਮਿਕ ਸਥਾਨਾਂ ਦਾ ਪ੍ਰਬੰਧ ਕਰਨ ਵਾਲੀਆਂ ਚੈਰਟੀ ਸੰਸਥਾਵਾਂ ਨੂੰ ਮਿਲਣ ਵਾਲੀ ਟੈਕਸ ਛੋਟ ਬੰਦ ਕਰ ਦਿੱਤੀ ਜਾਣੀ ਚਾਹੀਦੀ ਹੈ। ਧਾਰਮਿਕ ਸਥਾਨ ਚੈਰਟੀਆਂ ਨੂੰ ਨਿਸ਼ਾਨਾ ਬਣਾਉਣ ਵੇਲੇ CFIC ਵੱਲੋਂ ਕਿਸੇ ਇੱਕ ਧਰਮ ਨੂੰ ਨਿਸ਼ਾਨਾ ਨਹੀਂ ਬਣਾਇਆ ਹੈ ਸਗੋਂ ਟੈਕਸ ਡਾਲਰ ਬਚਾਉਣ ਲਈ ਧਾਰਮਿਕ ਸਥਾਨ ਚਲਾਉਣ ਵਾਲੀਆਂ ਸਮੂਹ ਚੈਰਟੀ ਸੰਸਥਾਵਾਂ ਪ੍ਰਤੀ ਇੱਕੋ ਜਿਹੀ ਪਹੁੰਚ ਅਪਨਾਉਣ ਦੀ ਸਿਫਾਰਸ਼ ਕੀਤੀ ਹੈ।

ਇਹ ਸਪੱਸ਼ਟ ਕਰਨਾ ਬਣਦਾ ਹੈ ਕਿ CFIC ਨੇ ਧਾਰਮਿਕ ਸਥਾਨ ਚਲਾਉਣ ਭਾਵ ਚਰਚਾਂ, ਮਸਜਿਦਾਂ, ਗੁਰਦੁਆਰਿਆਂ ਅਤੇ ਮੰਦਰਾਂ ਦਾ ਪ੍ਰਬੰਧ ਕਰਨ ਵਾਲੀਆਂ ਚੈਰਟੀਆਂ ਨੂੰ ਟੈਕਸ ਛੋਟਾਂ ਤੋਂ ਵਿਰਵਾ ਕਰਨ ਦੀ ਗੱਲ ਕੀਤੀ ਹੈ, ਧਰਮ ਤੋਂ ਉਤਸ਼ਾਹਿਤ ਹੋ ਕੇ ਸਮਾਜ ਸੇਵਾ ਕਰਨ ਵਾਲੀਆਂ ਸਮਾਜ ਸੇਵੀ ਸੰਸਥਾਵਾਂ ਨੂੰ ਆਪਣੀ ਨੁਕਤਾਚੀਨੀ ਵਿੱਚ ਸ਼ਾਮਲ ਨਹੀਂ ਕੀਤਾ ਹੈ। ਮਿਸਾਲ ਵਜੋਂ ਇੱਕ ਚਰਚ, ਮੰਦਰ ਜਾਂ ਗੁਰਦੁਆਰੇ ਨੂੰ ਚਲਾਉਣ ਵਾਲੀ ਚੈਰਟੀ ਟੈਕਸ ਛੋਟ ਵਾਪਸੀ ਦੀ ਗੱਲ ਕੀਤੀ ਹੈ ਪਰ ਕਿਸੇ ਧਾਰਮਿਕ ਸੰਸਥਾ ਵੱਲੋਂ ਕੋਈ ਵਿੱਦਿਅਕ ਅਦਾਰਾ ਜਾਂ ਸਮਾਜ ਸੇਵਾ ਕਰਨ ਲਈ ਛੋਟ ਦੇਂਦੇ ਰਹਿਣ ਲਈ ਕਿਹਾ ਹੈ।

Bloomberg Canadian Charity Law ਦੀ 2019 ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ 2017 ਵਿੱਚ ਚੈਰਟੀ ਸੰਸਥਾਵਾਂ ਨੇ 18 ਬਿਲੀਅਨ ਡਾਲਰ ਦੀਆਂ ਚੈਰਟੀ ਰਸੀਦਾਂ ਜਾਰੀ ਕੀਤੀਆਂ ਜਿਸ ਵਿੱਚੋਂ 38% ਧਾਰਮਿਕ ਸੰਸਥਾਵਾਂ ਚਲਾਉਣ ਵਾਲੀਆਂ ਚੈਰਟੀਆਂ ਨੇ ਜਾਰੀ ਕੀਤੀਆਂ ਸਨ। ਇਸਦਾ ਭਾਵ ਹੈ ਕਿ ਧਾਰਮਿਕ ਸੰਸਥਾਵਾਂ ਨੂੰ ਉਸ ਸਾਲ 7 ਬਿਲੀਅਨ ਡਾਲਰ ਦੀ ਛੋਟ ਪ੍ਰਾਪਤ ਹੋਈ। ਟੈਕਸ ਛੋਟ ਲੈਣ ਵਾਲੀਆਂ 80% ਧਾਰਮਿਕ ਸੰਸਥਾਵਾਂ ਈਸਾਈ ਧਰਮ ਨਾਲ ਸਬੰਧਿਤ ਹਨ, 1% ਇਸਲਾਮ, 1% ਯਹੂਦੀ ਅਤੇ 2.9% ਹੋਰ ਧਰਮ (ਸਿੱਖ ਵੀ ਇਸ ਵਿੱਚ ਸ਼ਾਮਲ ਹੋਣਗੇ)। ਕੈਨੇਡਾ ਵਿੱਚ ਇਹਨਾਂ ਚੈਰਟੀਆਂ ਕੋਲ 48 ਬਿਲੀਅਨ ਡਾਲਰ ਦੇ ਅਸਾਸੇ ਹਨ ਅਤੇ ਦੇਣਦਾਰੀਆਂ ਮਨਫ਼ੀ ਕਰਨ ਤੋਂ ਬਾਅਦ 38 ਬਿਲੀਅਨ ਡਾਲਰ ਬਰਾਬਰ ਧਨ ਇਹਨਾਂ ਚੈਰਟੀਆਂ ਕੋਲ ਬੱਚਦਾ ਸੀ ਜਿਸ ਵਿੱਚ ਕੈਸ਼, ਨਿਵੇਸ਼, ਇਮਾਰਤਾਂ ਆਦਿ ਸ਼ਾਮਲ ਹਨ।

ਰਿਪੋਰਟ ਅਨੁਸਾਰ ਸਾਲ 2018 ਵਿੱਚ ਕੈਨੇਡਾ ਵਿੱਚ 32000 ਤੋਂ ਵੱਧ ਧਾਰਮਿਕ ਚੈਰਟੀਆਂ ਸਨ ਜਿਹੜੀਆਂ ਟੈਕਸ ਛੋਟਾਂ ਦਾ ਲਾਭ ਪ੍ਰਾਪਤ ਕਰ ਰਹੀਆਂ ਸਨ। ਇਹਨਾਂ ਸੰਸਥਾਵਾਂ ਦੀ ਗਿਣਤੀ 2017 ਵਿੱਚ 31000 ਸੀ। ਸੁਆਲ ਪੁੱਛਿਆ ਗਿਆ ਹੈ ਕਿ ਇਹ ਕਿਵੇਂ ਹੈ ਕਿ ਇੱਕ ਪਾਸੇ ਧਾਰਮਿਕ ਚੈਰਟੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਜਦੋਂ ਕਿ ਦੂਜੇ ਪਾਸੇ World population review, 2019 ਅਨੁਸਾਰ ਕੈਨੇਡੀਅਨਾਂ ਦਾ ਧਰਮ ਵਿੱਚ ਯਕੀਨ ਘੱਟਦਾ ਜਾ ਰਿਹਾ ਹੈ। ਰਿਪੋਰਟ ਲੇਖਕਾਂ ਦਾ ਆਖਣਾ ਹੈ ਕਿ ਧਰਮ ਦੇ ਫੈਲਾਅ ਦੇ ਨਾਮ ਉੱਤੇ ਬਿਲੀਅਨਾਂ ਹੀ ਡਾਲਰਾਂ ਦੀ ਪ੍ਰਤੀ ਸਾਲ ਛੋਟ ਕਾਰਣ ਉਹਨਾਂ ਲੋਕਾਂ ਦੇ ਹਿਰਦੇ ਵਲੂੰਧਰੇ ਜਾਂਦੇ ਹਨ ਜਿਹਨਾਂ ਦਾ ਧਰਮ ਜਾਂ ਰੱਬ ਵਿੱਚ ਯਕੀਨ ਹੀ ਨਹੀਂ ਹੈ।

CFIC ਖੁਦ ਨੂੰ ਇੱਕ ਸਾਇੰਸ ਦੇ ਸਿਧਾਤਾਂ ਉੱਤੇ ਚੱਲਣ ਵਾਲੀ ਅਤੇ ਰੱਬੀ ਸ਼ਕਤੀ ਨੂੰ ਨਾ ਮੰਨਣ ਵਾਲਿਆਂ ਦਾ ਗਰੁੱਪ ਹੈ ਜਿਸਦਾ ‘ਧਰਮ ਦੇ ਪਸਾਰ’ ਵਿੱਚ ਰੁੱਝੀਆਂ ਸੰਸਥਾਵਾਂ ਬਾਬਤ ਨੁਕਤਾਚੀਨੀ ਕਰਨੀ ਸੁਭਾਵਿਕ ਹੈ। ਬੇਸ਼ੱਕ ਗੁੱਟ ਨਾਸਤਿਕ ਵਾਲਿਆਂ ਦਾ ਹੈ ਪਰ ਰਿਪੋਰਟ ਨੇ ਇੱਕ ਦਿਲਚਸਪ ਨੁਕਤਾ ਜਰੂਰ ਖੜਾ ਕੀਤਾ ਹੈ ਕਿ ਕੀ ਧਰਮ ਅਤੇ ਧਰਮ-ਅਰਥ ਇੱਕ ਦੂਜੇ ਦੇ ਪੂਰਕ ਹਨ?। ਸੁਆਲ ਇਹ ਵੀ ਉੱਠਦਾ ਹੈ ਕਿ ਕੀ ਸਰਕਾਰ ਦਾ ਰੋਲ ਨੁਕਤਾਚੀਨੀ ਭਰੀਆਂ ਆਵਾਜ਼ਾਂ ਨੂੰ ਬਰਦਾਸ਼ਤ ਕਰਨਾ ਹੈ ਜਾਂ ਟੈਕਸ ਛੋਟਾਂ ਪ੍ਰਦਾਨ ਕਰਕੇ ਧਰਮ ਦੇ ਕੰਮ ਨੂੰ ਉਤਸ਼ਾਹਿਤ ਕਰਨਾ ਹੈ। ਇਹ ਇੱਕ ਗੁੰਝਲਦਾਰ ਵਿਸ਼ਾ ਹੈ ਜਿਸ ਬਾਬਤ ਆਸਾਨੀ ਨਾਲ ਕੋਈ ਸਹਿਮਤੀ ਨਹੀਂ ਬਣਾਈ ਜਾ ਸਕਦੀ। ਹਾਂ ਇੱਕ ਗੱਲ ਉੱਤੇ ਆਸਤਿਕ ਅਤੇ ਨਾਸਤਿਕ ਸ਼ਾਇਦ ਦੋਵੇਂ ਸਹਿਮਤ ਹੋਣਗੇ ਕਿ ਧਾਰਮਿਕ ਸਥਾਨ ਚਲਾਉਣ ਵਾਲੀਆਂ ਜਿਹਨਾਂ ਚੈਰਟੀਆਂ ਕੋਲ ਧਨ ਦੌਲਤ ਦੀ ਬਹੁਤਾਤ ਹੈ, ਉਹ ਇਸ ਦੌਲਤ ਨੂੰ ਲੋਕ ਭਲਾਈ ਦੇ ਲੇਖੇ ਲਾਉਣ।

 

 
Have something to say? Post your comment