ਦੁਬਈ, 22 ਫਰਵਰੀ (ਪੋਸਟ ਬਿਊਰੋ)- ਭਾਰਤ ਦੇ ਇੱਕ 33 ਸਾਲਾਂ ਦੇ ਨੌਜਵਾਨ ਤੋਂ ਚਾਰ ਔਰਤਾਂ ਨੇ ਡੇਟਿੰਗ ਐਪ ਦੇ ਮਾਧਿਅਮ ਰਾਹੀਂ ਫ਼ਰਜ਼ੀ ਮਸਾਜ ਸੈਂਟਰ ਉਤੇ ਬੁਲਾ ਕੇ 50 ਲੱਖ ਰੁਪਏ ਲੁੱਟ ਲਏ। ਇਸ ਮਾਮਲੇ ਦੇ ਸੰਬੰਧ ਵਿੱਚ ਦੁਬਈ ਦੀ ਅਦਾਲਤ ਵਿੱਚ ਸੁਣਵਾਈ ਕੀਤੀ ਜਾ ਰਹੀ ਹੈ।
ਨੌਜਵਾਨ ਅਨੁਸਾਰ ਡੇਟਿੰਗ ਐਪ 'ਤੇ ਦਿੱਤੇ ਗਏ ਨੰਬਰ ਦੇ ਮਾਧਿਅਮ ਰਾਹੀਂ ਨਵੰਬਰ 2020 ਵਿੱਚ ਉਹ ਦੁਬਈ ਦੇ ਅਲ ਰੇਫਾ ਖੇਤਰ ਵਿੱਚ ਬਣੇ ਇੱਕ ਅਪਾਰਟਮੈਂਟ ਵਿੱਚ ਪੁੱਜਾ ਸੀ। ਇਥੇ ਉਸ ਨੂੰ ਚਾਰ ਅਫ਼ਰੀਕਨ ਔਰਤਾਂ ਮਿਲੀਆਂ। ਇਨ੍ਹਾਂ ਔਰਤਾਂ ਨੇ ਉਸ ਨੂੰ ਘੇਰ ਲਿਆ ਅਤੇ ਚਾਕੂ ਦਿਖਾ ਕੇ ਮੋਬਾਈਲ ਬੈਂਕ ਦੀ ਐਪ ਖੋਲ੍ਹਣ ਨੂੰ ਕਿਹਾ। ਨਾਂਹ-ਨੁਕਰ ਕਰਨ 'ਤੇ ਉਸ ਦੇ ਗਲੇ 'ਤੇ ਚਾਕੂ ਰੱਖਦੇ ਹੋਏ ਥੱਪੜ ਮਾਰਿਆ। ਇਸ ਪਿੱਛੋਂ ਉਨ੍ਹਾਂ ਨੇ ਲੱਗਭਗ 50 ਲੱਖ ਰੁਪਏ ਟਰਾਂਸਫ਼ਰ ਕਰਵਾ ਲਏ। ਬਾਅਦ ਵਿੱਚ ਨੌਜਵਾਨ ਦਾ ਫ਼ੋਨ ਵੀ ਰੱਖਵਾ ਲਿਆ।
ਦੁਬਈ ਪੁਲਸ ਅਨੁਸਾਰ ਇਸ ਘਟਨਾ ਦੇ ਸਬੰਧ ਵਿੱਚ ਤਿੰਨ ਨਾਈਜੀਰੀਆਈ ਔਰਤਾਂ ਨੂੰ ਗ਼੍ਰਿਫ਼ਤਾਰ ਕੀਤਾ ਹੈ। ਚੌਥੀ ਔਰਤ ਅਜੇ ਪਕੜ ਤੋਂ ਬਾਹਰ ਹੈ। ਫੜੀ ਗਈ ਇੱਕ ਔਰਤ ਨੇ ਦਸਿਆ ਕਿ ਉਨ੍ਹਾਂ ਨੇ ਟਿੰਡਰ ਐਪ ਰਾਹੀਂ ਉਸ ਨੂੰ ਮਸਾਜ ਸਰਵਿਸ ਦੇਣ ਦੇ ਨਾਂ 'ਤੇ ਫਸਾਇਆ ਸੀ। ਉਸ ਨੇ ਨੌਜਵਾਨ ਨੂੰ ਬੰਧਕ ਬਣਾ ਕੇ ਧਨ ਦੁਬਈ ਤੋਂ ਬਾਹਰ ਟਰਾਂਸਫ਼ਰ ਕਰਨ ਅਤੇ ਕੈ੍ਰਡਿਟ ਕਾਰਡ ਰਾਹੀਂ ਕੱਢਣ ਦੀ ਗੱਲ ਵੀ ਮੰਨ ਲਈ ਹੈ। ਇਨ੍ਹਾਂ ਔਰਤਾਂ 'ਤੇ ਲੁੱਟ, ਬੰਧਕ ਬਣਾਉਣ ਅਤੇ ਵੇਸਵਾਪੁਣੇ ਦਾ ਮੁਕੱਦਮਾ ਚਲਾਇਆ ਜਾ ਰਿਹਾ ਹੈ।