ਮਜੀਠਾ, 26 ਜਨਵਰੀ (ਪੋਸਟ ਬਿਊਰੋ)- ਕਸਬਾ ਮਜੀਠਾ ਵਿੱਚ ਪੈਸਿਆਂ ਦੇ ਲੈਣ-ਦੇਣ ਪਿੱਛੇ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ, ਜਿਸ ਬਾਰੇ ਪੁਲਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਿਲੀ ਜਾਣਕਾਰੀ ਅਨੁਸਾਰ ਜੋਬਨਪ੍ਰੀਤ (25) ਪੁੱਤਰ ਗਰੀਬ ਦਾਸ ਪਿੰਡ ਗੁੱਜਰਪੁਰਾ ਭੰਗਾਲੀ ਕਲਾਂ ਫਾਈਨਾਂਸ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਕਿਸ਼ਤਾਂ ਦੀ ਉਗਰਾਹੀ ਲਈ ਮਜੀਠਾ ਆਉਂਦਾ ਸੀ। ਕੱਲ੍ਹ ਸ਼ਾਮ ਉਹ ਖਾਸਾਪੱਤੀ, ਨੇੜੇ ਸਰਕਾਰੀ ਹਸਪਤਾਲ ਮਜੀਠਾ ਵਿਖੇ ਉਗਰਾਹੀ ਕਰਨ ਪੁੱਜਾ ਸੀ।ਇਸ ਦੌਰਾਨ ਉਹ ਰੋਸ਼ਨ ਪੁੱਤਰ ਪ੍ਰਕਾਸ਼ ਵਾਸੀ ਮਜੀਠਾ ਨੂੰ ਮਿਲਿਆ, ਜਿਸ ਨੂੰ ਉਹ ਪਹਿਲਾਂ ਤੋਂ ਜਾਣਦਾ ਸੀ। ਦੋਵਾਂ ਵਿਚਾਲੇ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ। ਰੋਸ਼ਨ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੇ ਸਿਰ `ਚ ਕਈ ਵਾਰ ਕੀਤੇ, ਜਿਸ ਕਾਰਨ ਜੋਬਨਪ੍ਰੀਤ ਦੀ ਮੌਕੇ `ਤੇ ਮੌਤ ਹੋ ਗਈ। ਇਸ ਦੀ ਸੂਚਨਾ ਮਿਲਣ `ਤੇ ਥਾਣਾ ਮਜੀਠਾ ਦੇ ਐਸ ਐਚ ਓ ਇੰਸਪੈਕਟਰ ਕਪਿਲ ਕੌਸ਼ਲ ਪੁਲਸ ਪਾਰਟੀ ਨਾਲ ਮੌਕੇ `ਤੇ ਪਹੁੰਚੇ ਤੇ ਮੁਲਜ਼ਮ ਨੂੰ ਕਾਬੂ ਕਰ ਲਿਆ। ਐਸ ਐਚ ਓ ਦਾ ਕਹਿਣਾ ਹੈ ਕਿ ਮਿਲੀ ਸੂਚਨਾ ਅਨੁਸਾਰ ਮਾਮਲਾ ਪੈਸਿਆਂ ਦੇ ਲੈਣ-ਦੇਣ ਦਾ ਹੈ। ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਮੁਲਜ਼ਮ ਕੋਲੋਂ ਪੁੱਛਗਿੱਛ ਤੋਂ ਬਾਅਦ ਹੀ ਅਸਲ ਤੱਥ ਸਾਹਮਣੇ ਆਉਣਗੇ। ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।