Welcome to Canadian Punjabi Post
Follow us on

03

July 2025
 
ਨਜਰਰੀਆ

ਮਸੀਹਾ

January 18, 2021 10:43 PM

-ਕਮਲਜੀਤ ਸਿੰਘ ਬਨਵੈਤ
ਜਦੋਂ ਅਸੀਂ ਛੋਟੇ ਹੁੰਦੇ ਸਾਂ, ਪੁਲਸ ਨੇ ਕਦੇ ਪਿੰਡ ਗੇੜਾ ਮਾਰਨਾ ਹੁੰਦਾ ਤਾਂ ਸਾਈਕਲ ਦੀ ਸਵਾਰੀ ਕਰਨੀ ਪੈਂਦੀ ਸੀ। ਰਾਹ-ਵਾਟੇ ਜਾਂਦਿਆਂ ਸਾਈਕਲ ਵਿੱਚ ਡੰਡਾ ਫਸਾ ਪੁਲਸ ਮੁਲਾਜ਼ਮਾਂ ਨੂੰ ਘੁੰਮਦੇ ਕਈ ਵਾਰ ਦੇਖਿਆ ਸੀ। ਉਦੋਂ ਮੋਬਾਈਲ ਫੋਨ ਤਾਂ ਇੱਕ ਪਾਸੇ ਰਹੇ, ਪਿੰਡਾਂ ਵਿੱਚ ਲੈਂਡਲਾਈਨ ਵੀ ਨਹੀਂ ਸੀ ਹੁੰਦੇ। ਪੁਲਸ ਨੂੰ ਸ਼ਿਕਾਇਤ ਦੇਣ ਲਈ ਪਿੰਡਾਂ ਦੇ ਲੋਕਾਂ ਨੂੁੰ ਦੂਰ-ਦੁਰਾਡੇ ਸ਼ਹਿਰ ਜਾਣਾ ਪੈਂਦਾ ਸੀ, ਉਹ ਵੀ ਤੁਰ ਕੇ ਜਾਂ ਸਾਈਕਲ ਉਤੇ। ਫਿਰ ਅਗਲੇ ਦਿਨ ਜਾ ਕੇ ਕਿਤੇ ਪੁਲਸ ਵਾਲਾ ਆਉਂਦਾ। ਮੈਨੂੰ ਯਾਦ ਹੈ ਕਿ ਅਸੀਂ ਪੁਲਸ ਵਾਲਿਆਂ ਤੋਂ ਡਰਦੇ ਘਰਾਂ ਜਾਂ ਵਾੜਿਆਂ ਵਿੱਚ ਜਾ ਲੁਕਦੇ ਸੀ।
ਫਿਰ ਵਕਤ ਬਦਲਿਆ, ਪਿਛਲੀ ਸਦੀ ਦੇ ਪਿਛਲੇ ਸਾਲਾਂ ਦੌਰਾਨ ਕੁਝ ਬਹੁਤ ਜ਼ਿਆਦਾ। ਮੈਂ ਜਿਸ ਪੁਲਸ ਮੁਲਾਜ਼ਮ ਦੀ ਗੱਲ ਕਰਨ ਲੱਗਾ ਹਾਂ, ਉਸ ਨੇ ਪੂਰੀ ਨੌਕਰੀ ਦੌਰਾਨ ਲੋਕਾਂ ਨੂੰ ਰੱਜ ਕੇ ਲੁੱਟਿਆ ਅਤੇ ਕੁੱਟਿਆ ਵੀ। ਲੋਕਾਂ ਦੇ ਸਿਰ ਉਤੇ ਮਹਿਲ ਖੜ੍ਹਾ ਕਰ ਲਿਆ, ਵੱਡੀਆਂ ਕਾਰਾਂ ਵੀ, ਪਰ ਅੱਜਕੱਲ੍ਹ ਮਸੀਹੇ ਵਜੋਂ ਜਾਣਿਆ ਜਾਣ ਲੱਗਾ ਹੈ। ਅਸਲ ਵਿੱਚ ਇੱਕ ਹੀ ਘਟਨਾ ਨੇ ਉਸ ਦੀ ਜ਼ਿੰਦਗੀ ਬਦਲ ਦਿੱਤੀ। ਜਦੋਂ ਤੋਂ ਕੋਰੋਨਾ ਦੀ ਬਿਮਾਰੀ ਸ਼ੁਰੂ ਹੋਈ, ਉਸ ਤੋਂ ਮਹੀਨਾ ਕੁ ਪਹਿਲਾਂ ਹੀ ਉਹ ਸੇਵਾਮੁਕਤ ਹੋਇਆ ਸੀ। ਨੌਕਰੀ ਤੋਂ ਵਿਹਲਾ ਹੋਇਆ ਤਾਂ ਕੋਰੋਨਾ ਨੇ ਘਰ ਅੰਦਰ ਡੱਕ ਦਿੱਤਾ। ਜਦੋਂ ਘਰ ਰਹਿਣਾ ਪਿਆ ਤਾਂ ਉਸ ਨੇ ਦੇਖਿਆ ਕਿ ਮਿੱਤਰ ਸੱਜਣ, ਆਂਢ-ਗੁਆਂਢ ਜਿਹੜੇ ਪਹਿਲਾਂ ਵਰਦੀ ਦੇਖ ਕੇ ਸਲੂਟ ਮਾਰਦੇ ਸਨ, ਫਿਰ ਅੱਖਾਂ ਚੁਰਾਉਣ ਲੱਗ ਪਏ। ਉਹਨੂੰ ਛੇਤੀ ਹੀ ਸਮਝ ਪੈ ਗਈ ਕਿ ਵਰਦੀ ਦੇ ਨਸ਼ੇ ਵਿੱਚ ਜਿਹੜਾ ਉਹ ਬਾਹਾਂ ਫੈਲਾਅ ਕੇ ਤੁਰਦਾ ਰਿਹਾ, ਇਹ ਉਸੇ ਦਾ ਨਤੀਜਾ ਹੈ। ਫਿਰ ਉਹ ਆਪਣੇ ਆਪ ਨੂੰ ਕੋਸਣ ਲੱਗ ਪੈਂਦਾ, ਆਂਢੀ-ਗੁਆਂਢੀ ਦੀ ਸਿਫਾਰਸ਼ ਵਾਲੇ ਲੋਕਾਂ ਨੂੰ ਜੇ ਉਹ ਬਖਸ਼ ਦਿੰਦਾ ਤਾਂ ਕਿਹੜਾ ਮਹਿਲ ਪੈਣ ਤੋਂ ਰਹਿ ਜਾਣੇ ਸਨ।
ਉਹਨੂੰ ਲੱਗਾ ਕਿ ਉਹ ਰਿਟਾਇਰਮੈਂਟ ਤੋਂ ਬਾਅਦ ਘਰ ਵਿੱਚ ਵਧੇਰੇ ਤੰਗ ਤੇ ਨਾਖੁਸ਼ ਰਹਿਣ ਲੱਗਾ ਹੈ। ਉਹਦੇ ਦੋਵੇਂ ਮੁੰਡੇ ਪਹਿਲਾਂ ਹੀ ਉਸ ਨੂੰ ਗੱਲ ਗੱਲ `ਤੇ ਟੋਕ ਦਿੰਦੇ ਸਨ, ਫਿਰ ਨੌਬਤ ਤਕਰਾਰ ਹੋਣ ਦੀ ਆਉਣ ਲੱਗ ਪਈ ਸੀ। ਉਹਨੂੰ ਲੱਗਣ ਲੱਗਾ ਕਿ ਉਸ ਨੇ ਨੌਕਰੀ ਦੌਰਾਨ ਉਪਰਲੀ ਕਮਾਈ ਨਾਲ ਬੱਚਿਆਂ ਨੂੰ ਬੇਅੰਤ ਸਹੂਲਤਾਂ ਦੇ ਕੇ ਗਲਤੀ ਕੀਤੀ ਹੈ। ਕਦੇ ਕਦੇ ਉਹ ਸੋਚਦਾ, ਅਜਿਹੀ ਕਮਾਈ ਨਾਲ ਪਾਲੇ ਬੱਚੇ ਵਿਗੜਦੇ ਹੀ ਹਨ।
ਫਿਰ ਉਹ ਕੋਰੋਨਾ ਦੌਰਾਨ ਮੁਹੱਲੇ ਦੇ ਗੁਰਦੁਆਰੇ ਵਿੱਚ ਮਰੀਜ਼ਾਂ ਲਈ ਤਿਆਰ ਕੀਤੇ ਜਾਂਦੇ ਲੰਗਰ ਦੀ ਸੇਵਾ ਕਰਨ ਲੱਗ ਪਿਆ। ਇੱਕ ਦਿਨ ਉਹ ਪੰਗਤ ਨੂੰ ਲੰਗਰ ਵਰਤਾ ਰਿਹਾ ਸੀ ਕਿ ਪਿੱਛੋਂ ਖਿੰਡਰੇ ਵਾਲਾਂ ਵਾਲੀ ਬੱਚੀ ਮਲਕ ਜਿਹੇ ਆ ਕੇ ਬੋਲੀ, ‘ਅੰਕਲ ਰੋਟੀ ਨਹੀਂ, ਬੁੱਕ ਚਾਹੀਦੀ ਹੈ।’ ਉਹਦੇ ਪੈਰ ਥਾਏਂ ਰੁਕ ਗਏ। ਉਹ ਲੰਗਰ ਵਰਤਾਉਣਾ ਵਿੱਚੇ ਛੱਡ ਕੇ ਬੱਚੀ ਨਾਲ ਨੇੜੇ ਪੈਂਦੇ ਬਾਜ਼ਾਰ ਤੋਂ ਉਹਨੂੰ ਕਿਤਾਬਾਂ-ਕਾਪੀਆਂ ਦਿਵਾਉਣ ਚਲਾ ਗਿਆ। ਇਸ ਪਿੱਛੋਂ ਉਹਨੇੇ ਮਨ ਵਿੱਚ ਧਾਰ ਲਿਆ ਕਿ ਉਹ ਕਿਸੇ ਸੇਵਾ ਲਈ ਨਹੀਂ ਜਾਇਆ ਕਰੇਗਾ, ਲੋੜਵੰਦ ਬੱਚੇ ਲੱਭ ਕੇ ਉਨ੍ਹਾਂ ਕਿਤਾਬਾਂ-ਕਾਪੀਆਂ ਲੈ ਕੇ ਦੇਣ ਦੀ ਸੇਵਾ ਕਰੇਗਾ। ਹੌਲੀ-ਹੌਲੀ ਅਜਿਹੇ ਬੱਚਿਆਂ ਦੀ ਗਿਣਤੀ ਡੇਢ ਸੌ ਤੋਂ ਉਤੇ ਹੋ ਗਈ। ਬੱਚੇ ਉਹਨੂੰ ਅੰਕਲ ਅੰਕਲ ਕਰਦੇ ਨਹੀਂ ਸੀ ਥੱਕਦੇ ਅਤੇ ਉਸ ਨਾਲ ਹੋਰ ਸਮਾਂ ਗੁਜ਼ਾਰਨ ਲਈ ਕਹਿੰਦੇ। ਪਾਰਕ ਵਿੱਚ ਖੇਡਣ ਲਈ ਵੀ ਕਹਿੰਦੇ। ਉਹਦਾ ਵੀ ਬੱਚਿਆਂ ਨਾਲ ਜੀਅ ਲੱਗਣ ਲੱਗ ਪਿਆ। ਉਹ ਘਰ ਨਾਲੋਂ ਪਾਰਕ ਵਿੱਚ ਵੱਧ ਸਮਾਂ ਗੁਜ਼ਾਰਨ ਲੱਗਾ। ਉਹ ਦੇਖਦਾ ਕਿ ਜਿਨ੍ਹਾਂ ਬੱਚਿਆਂ ਲਈ ਉਹਨੇ ਸਿਰਫ ਦੋ-ਚਾਰ ਸੌ ਖਰਚੇ ਹਨ, ਬੋਲਣ ਵੇਲੇ ਉਨ੍ਹਾਂ ਦੇ ਮੂੰਹ ਤੋਂ ਫੁੱਲ ਕਿਰਦੇ ਹਨ ਤੇ ਜਿਹੜੇ ਘਰ ਵਿੱਚ ਬੈਠੇ ਦੋਵਾਂ ਨੂੰ ਰਾਜੇ-ਮਹਾਰਾਜਿਆਂ ਵਰਗੀਆਂ ਸਹੂਲਤਾਂ ਦਿੱਤੀਆਂ, ਉਨ੍ਹਾਂ ਨੂੰ ਬੋਲਣ ਦਾ ਚੱਜ ਤਾਂ ਇੱਕ ਪਾਸੇ ਰਿਹਾ, ਲਾਹ-ਪਾਹ ਕਰਨ ਲੱਗੇ ਵੀ ਮਿੰਟ ਨਹੀਂ ਲਾਉਂਦੇ। ਬੱਚਿਆਂ ਦੀ ਮਾਂ ਵੀ ਅਕਸਰ ਉਨ੍ਹਾਂ ਨਾਲ ਰਲ ਜਾਂਦੀ ਹੈ।
ਉਹਨੇ ਰਹਿੰਦੀ ਜ਼ਿੰਦਗੀ ਸਮਾਜ-ਸੇਵੀ ਸੰਸਥਾ ਬਣਾ ਕੇ ਲੋਕ ਭਲਾਈ ਦੇ ਕੰਮਾਂ ਨੂੰ ਸਮਰਪਿਤ ਕਰਨ ਦਾ ਮਨ ਬਣਾ ਲਿਆ। ਹੌਲੀ ਹੌਲੀ ਉਹਦਾ ਘਰ ਨਾਲੋਂ ਮੋਹ ਟੁੱਟ ਗਿਆ। ਫਿਰ ਉਹਨੇ ਜ਼ੀਰਕਪੁਰ ਵਾਲਾ ਪਲਾਟ ਵੇਚ ਕੇ ਲੋੜਵੰਦ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਚੁੱਕਣ ਅਤੇ ਉਨ੍ਹਾਂ ਦੀਆਂ ਵਰਦੀਆਂ ਦਾ ਜ਼ਿੰਮਾ ਓਟ ਲਿਆ, ਪਰ ਘਰ ਵਿੱਚ ਕਲੇਸ਼ ਵਧ ਗਿਆ। ਉਸ ਨੇ ਜ਼ੱਦੀ ਘਰ ਦੋਵਾਂ ਬੱਚਿਆਂ ਦੇ ਨਾਂਅ ਲਵਾ ਕੇ ਨੌਕਰੀ ਨਾਲ ਬਣਾਏ ਦੋਵੇਂ ਪਲਾਟ ਵੇਚ ਦਿੱਤੇ। ਨੌਕਰੀ ਦੌਰਾਨ ਕਈ ਵਾਰ ਉਹ ਗਰੀਬਾਂ ਤੋਂ ਪੈਸੇ ਕਢਵਾਉਣ ਲਈ ਉਨ੍ਹਾਂ ਦੀ ਕੀਤੀ ਬੇਲੋੜੀ ਕੁੱਟਮਾਰ ਯਾਦ ਕਰ ਕੇ ਤੜਫਦਾ, ਕਈ ਵਾਰ ਰਾਤ ਦੀ ਨੀਂਦ ਖੁੱਲ੍ਹ ਜਾਂਦੀ। ਆਲੇ ਦੁਆਲੇ ਘੋਰ ਉਦਾਸੀ ਫੈਲਦੀ ਜਾਪਦੀ।
ਫਿਰ ਇੱਕ ਦੌਰ ਉਹ ਵੀ ਆਇਆ ਕਿ ਉਹਨੇ ਆਪਣੀ ਪੈਨਸ਼ਨ ਨਾਲ ਸਾਦੀ ਜ਼ਿੰਦਗੀ ਜਿਊਣ ਅਤੇ ਪੀ ਐਫ ਦੇ ਵਿਆਜ ਨਾਲ ਲੋਕ ਭਲਾਈ ਦੇ ਕੰਮ ਕਰਨ ਦਾ ਫੈਸਲਾ ਕਰ ਲਿਆ। ਬੱਚਿਆਂ ਦਾ ਵਤੀਰਾ ਹੋਰ ਬੇਗਾਨਾ ਹੋ ਗਿਆ। ਇੱਕ ਦਿਨ ਉਹ ਵੀ ਆਇਆ ਕਿ ਉਹਨੂੰ ਘਰ ਦੀ ਰੋਟੀ ਸੁਆਦ ਲੱਗਣੋਂ ਹਟ ਗਈ। ਉਹਨੂੰ ਇਸ ਵਿੱਚੋਂ ਬੇਕਸੂਰ ਲੋਕਾਂ ਦੀਆਂ ਜੇਬਾਂ ਵਿੱਚੋਂ ਜਬਰੀ ਕਢਾਏ ਪੈਸੇ ਦੀ ਬਦਬੂ ਆਉਂਦੀ। ਉਂਝ ਉਹਨੂੰ ਇੰਨੀ ਤਸੱਲੀ ਸੀ ਕਿ ਉਹ ਜਮ੍ਹਾਂ ਕੀਤਾ ਗਿਆ ਪੈਸਾ ਲੋੜਵੰਦਾਂ ਲਈ ਖਰਚ ਰਿਹਾ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ