Welcome to Canadian Punjabi Post
Follow us on

03

July 2025
 
ਨਜਰਰੀਆ

ਤਜਰਬੇ ਤੋਂ ਵੱਡੀ ਪਾਠਸ਼ਾਲਾ ਨਹੀਂ ਹੁੰਦੀ

November 26, 2020 09:10 AM

-ਗੋਵਰਧਨ ਗੱਬੀ
ਮਾਂ ਦੀ ਸਿਹਤ ਅੱਜਕੱਲ੍ਹ ਥੋੜ੍ਹੀ ਨਾਸਾਜ਼ ਚੱਲ ਰਹੀ ਹੈ। ਜਦੋਂ ਦੀ ਹਸਪਤਾਲ ਵਿੱਚ ਕੋਰੋਨਾ ਵਿਰੁੱਧ 14 ਦਿਨ ਦਾ ਯੁੱਧ ਜਿੱਤ ਕੇ ਮਾਂ ਘਰ ਪਰਤੀ, ਉਦੋਂ ਤੋਂ ਹੀ ਝੰਬੀ ਗਈ ਹੈ। ਅੱਠ-ਦਸ ਕਿਲੋ ਭਾਰ ਘੱਟ ਗਿਆ ਹੈ। ਕਮਜ਼ੋਰ ਹੋ ਗਈ ਹੈ। ਚਿਹਰੇ ਦਾ ਨੂਰ ਥੋੜ੍ਹਾ ਧੁਆਂਖਿਆ ਗਿਆ ਹੈ। ਹਸਪਤਾਲ ਦੇ ਡਾਕਟਰਾਂ ਤੇ ਆਪਣੇ ਨਿੱਕੇ ਡਾਕਟਰ ਪੁੱਤਰ ਦੀਆਂ ਹਦਾਇਤਾਂ ਦੀ ਪਾਲਣਾ ਕਰ ਰਹੀ ਹੈ। ਕੋਰੋਨਾ ਅਤੇ ਉਸ ਨਾਲ ਉਪਜੀਆਂ ਹੋਰ ਬਿਮਾਰੀਆਂ ਨੂੰ ਹਰਾਉਣ ਵਾਸਤੇ ਉਨ੍ਹਾਂ ਨਾਲ ਜੂਝ ਰਹੀ ਹੈ। ਸਾਨੂੰ ਪੂਰੀ ਆਸ ਹੈ ਕਿ ਜੇ ਸਭ ਕੁਝ ਠੀਕ ਰਿਹਾ ਅਤੇ ਕੁਦਰਤ ਦੀ ਮਿਹਰ ਰਹੀ ਤਾਂ ਬਹੁਤ ਜਲਦੀ ਮਾਂ ਸਿਹਤਯਾਬ ਹੋ ਜਾਵੇਗੀ। ਅਠੱਤਰ ਸਾਲਾਂ ਦੀ ਸਾਡੀ ਮਾਂ ਦੀ ਕੁਝ ਸ਼ੂਗਰ ਵੱਧ ਹੈ। ਨਿੱਕਾ ਭਰਾ ਉਸ ਨੂੰ ਲੋੜੀਂਦੇ ਟੀਕੇ ਤੇ ਦਵਾਈਆਂ ਦੇ ਰਿਹਾ ਹੈ। ਗੱਲ-ਗੱਲ 'ਤੇ ਮਾਂ ਹੱਥ ਜੋੜਦੀ ਆਕਾਸ਼ ਵੱਲ ਦੇਖਦੀ ਹੈ। ਮੋਬਾਈਲ ਫੋਨ ਉਪਰ ਪ੍ਰਵਚਨ ਸੁਣਦੀ ਰਹਿੰਦੀ ਹੈ।
ਇਸ ਸਭ ਦੌਰਾਨ ਵੀ ਉਹ ਸਾਨੂੰ ਸਾਰਿਆਂ ਨੂੰ ਆਪਣੀ ਸਿਹਤ ਦਾ ਖਿਆਲ ਰੱਖਣ ਵਾਸਤੇ ਪ੍ਰੇਰਦੀ ਰਹਿੰਦੀ ਹੈ। ਕੁਝ ਦਿਨਾਂ ਤੋਂ ਸਵੇਰੇ-ਸਵੇਰੇ ਮੈਨੂੰ ਹਲਕਾ ਬੁਖਾਰ ਤੇ ਕੁਝ ਮਾਮੂਲੀ ਜਿਹੀ ਕਮਜ਼ੋਰੀ ਮਹਿਸੂਸ ਹੋ ਰਹੀ ਸੀ। ਮੈਂ ਮਾਂ ਨਾਲ ਇਹ ਸਾਂਝਾ ਨਹੀਂ ਕੀਤਾ। ਮਾਂ ਨੇ ਮੇਰੀ ਬੋਲ-ਬਾਣੀ ਤੇ ਚਾਲ-ਢਾਲ ਦੇਖ ਕੇ ਅਖੀਰ ਪੁੱਛ ਲਿਆ, ‘‘ਗੱਬੀ ਪੁੱਤਰ, ਕੀ ਗੱਲ ਠੀਕ ਤਾਂ ਹੈਂ ਨਾ ਤੂੰ...?” ‘‘ਹਾਂ, ਥੋੜ੍ਹਾ ਬੁਖਾਰ ਮਹਿਸੂਸ ਹੋ ਰਿਹਾ ਹੈ।” ਮੈਂ ਜਵਾਬ ਦਿੱਤਾ। ‘‘ਹਾਂ, ਤਦੇ ਕੁਝ ਕਮਜ਼ੋਰ ਲੱਗ ਰਿਹੈਂ, ਮੈਂ ਕਾਫੀ ਦਿਨਾਂ ਤੋਂ ਦੇਖ ਰਹੀ ਸੀ?” ਮਾਂ ਨੇ ਕਿਹਾ। ਮੈਂ ਮਾਂ ਦੀ ਹਾਂ ਵਿੱਚ ਹਾਂ ਮਿਲਾਉਂਦਿਆਂ ਕਿਹਾ ਕਿ ਹਾਂ, ਕੁਝ ਕਮਜ਼ੋਰੀ ਵੀ ਮਹਿਸੂਸ ਕਰ ਰਿਹਾ ਹਾਂ। ਮਾਂ ਨੇ ਕਿਹਾ ਕਿ ਕਮਜ਼ੋਰੀ ਕਰ ਕੇ ਹੀ ਤਾਂ ਤੈਨੂੰ ਬੁਖਾਰ ਚੜ੍ਹਿਆ ਹੈ। ਮੈਂ ਮਾਂ ਦੀ ਗੱਲ ਕੱਟਦਿਆਂ ਕਿਹਾ, ‘‘ਨਹੀਂ, ਉਂਝ ਹੀ ਕਮਜ਼ੋਰੀ ਮਹਿਸੂਸ ਹੋ ਰਹੀ ਹੈ...।”
‘‘ਪੁੱਤਰ! ਤੂੰ ਮੰਨਦਾ ਨਹੀਂ, ਪਰ ਕਮਜ਼ੋਰੀ ਕਰ ਕੇ ਹੀ ਤੈਨੂੰ ਬੁਖਾਰ ਚੜ੍ਹਿਐ, ਤੈਨੂੰ ਕਿੰਨੇ ਵਾਰੀ ਕਿਹਾ ਹੈ ਕਿ ਡੱਫਿਅ ਘੱਟ ਕਰ ਕੇ ਖਾਇਆ ਚੰਗਾ ਤੇ ਜ਼ਿਆਦਾ ਕਰ, ਪੁੱਤਰ, ਜੇ ਚੰਗਾ ਨਹੀਂ ਖਾਏਂਗਾ ਤਾਂ ਫਿਰ ਕਮਜ਼ੋਰ ਹੋਵੇਂਗਾ। ਜੇ ਕਮਜ਼ੋਰ ਹੋਵੇਂਗਾ ਤਾਂ ਬੁਖਾਰ ਨੇ ਚੜ੍ਹਨਾ ਹੀ ਹੈ। ਦੂਸਰਾ, ਮੌਸਮ ਬਦਲ ਰਿਹਾ ਹੈ। ਟੀ-ਸ਼ਰਟਾਂ ਨਹੀਂ, ਪੂਰੀਆਂ ਬਾਹਾਂ ਵਾਲਾ ਕੁੜਤਾ ਤੇ ਪਜਾਮਾ ਪਾਇਆ ਕਰ।” ਮਾਂ ਨੇ ਪੂਰੇ ਵਿਸ਼ਵਾਸ ਭਰੇ ਅੰਦਾਜ਼ ਵਿੱਚ ਮੈਨੂੰ ਸਮਝਾਇਆ। ਮੈਂ ਆਪਣੇ ਨਿੱਕੇ ਭਰਾ ਨਾਲ ਆਪਣੀ ਕਮਜ਼ੋਰੀ ਤੇ ਬੁਖਾਰ ਮੈਂ ਮਾਂ ਦੇ ਚਿਹਰੇ ਵੱਲ ਗਹੁ ਨਾਲ ਤੱਕਿਆ। ਉਸ ਦੇ ਚਿਹਰੇ ਦੀਆਂ ਝੁਰੜੀਆਂ ਦੱਸ ਰਹੀਆਂ ਸਨ ਕਿ ਇਹ ਉਹ ਨਹੀਂ, ਸਗੋਂ ਉਸ ਦਾ ਤਜਰਬਾ ਬੋਲ ਰਿਹਾ ਹੈ। ਮੈਨੂੰ ਯਾਦ ਹੈ ਕਿ ਇੱਕ ਵਾਰ ਟੀ ਵੀ ਉਪਰ ਮੈਂ ਇੱਕ ਕੌਮਾਂਤਰੀ ਕੰਪਨੀ ਦੇ ਤਕਨੀਕੀ ਮੁਖੀ ਦੀ ਇੰਟਰਵਿਊ ਸੁਣੀ ਸੀ। ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਸ ਨੇ ਆਪਣੇ ਕਸਬ ਦੀ ਪੜ੍ਹਾਈ ਲਿਖਾਈ ਕਿੱਥੋਂ ਕੀਤੀ ਤਾਂ ਉਸ ਦਾ ਜਵਾਬ ਸੀ ਕਿ ਉਹ ਕਦੇ ਸਕੂਲ ਨਹੀਂ ਗਿਆ। ਤਜਰਬੇ ਨਾਲ ਗਿਆਨ ਹਾਸਲ ਕੀਤਾ ਹੈ। ਮੈਂ ਕਈ ਵਾਰ ਨੋਟ ਕੀਤਾ ਹੈ ਕਿ ਮਾਂ ਨੇ ਵੀ ਆਪਣੇ ਤਜਰਬੇ ਨਾਲ ਕਈ ਵਾਰ ਪੜ੍ਹੇ-ਲਿਖਿਆਂ ਨੂੰ ਹੈਰਾਨ ਹੀ ਨਹੀਂ, ਸਗੋਂ ਆਪਣੀ ਕਾਬਲੀਅਤ 'ਤੇ ਦੋਬਾਰਾ ਸੋਚਣ ਵਾਸਤੇ ਮਜਬੂਰ ਕੀਤਾ ਹੈ।
ਛੱਬੀ-ਸੱਤਾਈ ਸਾਲ ਪਹਿਲਾਂ ਦੀ ਗੱਲ ਹੈ। ਸਾਡੇ ਘਰ ਪਹਿਲੇ ਬੱਚੇ ਦਾ ਜਨਮ ਹੋਣਾ ਸੀ। ਹੋਰਾਂ ਮਾਪਿਆਂ ਵਾਂਗ ਸਾਨੂੰ ਪਤੀ-ਪਤਨੀ ਨੂੰ ਵੀ ਮਾਤਾ-ਪਿਤਾ ਬਣਨ ਦੇ ਬੜੇ ਚਾਅ ਸਨ। ਸ਼ਹਿਰ ਦੀ ਇੱਕ ਪ੍ਰਸਿੱਧ ਮਹਿਲਾ ਡਾਕਟਰ ਦੇ ਨਿੱਜੀ ਕਲੀਨਿਕ ਵਿੱਚ ਮੈਂ ਆਪਣੀ ਗਰਭਵਤੀ ਪਤਨੀ ਨੂੰ ਸ਼ੁਰੂ ਤੋਂ ਵਿਖਾ ਰਿਹਾ ਸਾਂ। ਡਾਕਟਰ ਵੱਲੋਂ ਦਿੱਤੀ ਅਨੁਮਾਨਿਤ ਤਰੀਕ ਤੋਂ ਵੀਹ ਦਿਨ ਪਹਿਲਾਂ ਇੱਕ ਦਿਨ ਅਚਾਨਕ ਪਤਨੀ ਨੂੰ ਜਣਨ ਪੀੜਾਂ ਤੇ ਦਰਦਾਂ ਮਹਿਸੂਸ ਹੋਈਆਂ। ਮੇਰੀ ਮਾਂ ਨੇ ਆਪਣੀ ਨੂੰਹ ਨੂੰ ਟੋਹਿਆ ਤੇ ਪਰਖਿਆ। ‘‘ਗੱਬੀ, ਪੁੱਤਰ ਚੱਲ ਕੱਢ ਗੱਡੀ ਤੇ ਡਾਕਟਰ ਕੋਲ ਲੈ ਚੱਲ। ਅੱਜ ਬੱਚੇ ਦੇ ਜਨਮ ਹੋਣ ਦੇ ਪੂਰੇ ਲੱਛਣ ਵਿਖਾਈ ਦੇ ਰਹੇ ਨੇ।” ਮਾਂ ਨੇ ਹੁਕਮ ਸੁਣਾ ਦਿੱਤਾ। ਮੈਂ ਨਾਂਹ-ਨੁੱਕਰ ਕਰਦਿਆਂ ਕਿਹਾ, ‘‘ਅਜੇ ਤਾਂ ਵੀਹ ਦਿਨ ਬਚੇ ਨੇ, ਕੋਈ ਹੋਰ ਸਮੱਸਿਆ ਹੋਣੀ ਹੈ।” ਮਾਂ ਨੇ ਮੇਰੀ ਇੱਕ ਨਾ ਸੁਣੀ। ਕੁਝ ਦੇਰ ਬਾਅਦ ਅਸੀਂ ਕਲੀਨਿਕ ਪਹੁੰਚ ਗਏ। ਡਾਕਟਰ ਨੇ ਮੇਰੀ ਪਤਨੀ ਨੂੰ ਅੰਦਰ ਲਿਜਾ ਕੇੇ ਦੇਖਿਆ-ਪਰਖਿਆ ਤੇ ਕਿਹਾ ਕਿ ਐਸੀ ਕੋਈ ਗੱਲ ਨਹੀਂ, ਕੁਝ ਤਕਲੀਫ ਹੈ, ਪਰ ਬੱਚੇ ਦੇ ਜਨਮ ਨਾਲ ਉਸ ਦਾ ਕੋਈ ਸੰਬੰਧ ਨਹੀਂ, ਅਜੇ ਪੰਦਰਾਂ-ਵੀਹ ਦਿਨ ਪਏ ਨੇ ਬੱਚੇ ਦੇ ਜਨਮ ਨੂੰ। ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ। ਤੁਸੀਂ ਇਸ ਨੂੰ ਘਰ ਵਾਪਸ ਲੈ ਜਾਓ।
‘‘ਡਾਕਟਰ ਜੀ, ਤੁਸੀਂ ਮੇਰੀ ਨੂੰਹ ਨੂੰ ਦਾਖਲ ਕਰੋ। ਬੱਚਾ ਕਿਸੇ ਵੇਲੇ ਵੀ ਹੋ ਸਕਦਾ ਹੈ।” ਮੇਰੀ ਮਾਂ ਨੇ ਡਾਕਟਰ ਨੂੰ ਹੁਕਮ ਸੁਣਾ ਦਿੱਤਾ। ਡਾਕਟਰ ਮਾਂ ਨਾਲ ਤਾਂ ਨਹੀਂ ਉਲਝੀ, ਪਰ ਉਸ ਨੇ ਮੈਨੂੰ ਆਪਣੇ ਕੈਬਿਨ ਵਿੱਚ ਬੁਲਾਇਆ ਤੇ ਬੋਲੀ, ‘‘ਦੇਖੋ! ਇਹ ਅਨਪੜ੍ਹ ਮਾਈਆਂ ਏਦਾਂ ਹੀ ਬੋਲਦੀਆਂ ਰਹਿੰਦੀਆਂ ਨੇ। ਮੈਂ ਚੈੱਕ ਕਰ ਲਿਆ ਹੈ। ਤੁਸੀਂ ਇਸ ਨੂੰ ਘਰ ਲੈ ਜਾਓ। ਇੱਥੇ ਦਾਖਲ ਕਰਵਾਓਗੇ ਤਾਂ ਰੋਜ਼ ਦਾ ਵਾਧੂ ਖਰਚਾ ਪਵੇਗਾ। ਮੈਂ ਕੁਝ ਦਵਾਈਆਂ ਲਿਖ ਦਿੰਦੀ ਹਾਂ। ਤੁਸੀਂ ਲੈ ਆਓ। ਤਦ ਤੀਕ ਮੈਂ ਮਾਈ ਨੂੰ ਸਮਝਾਉਂਦੀ ਆਂ। ਮੈਂ ਦਵਾਈ ਲਿਖੀ ਪਰਚੀ ਲੈ ਕੇ ਦਵਾਈਆਂ ਦੀ ਦੁਕਾਨ ਵੱਲ ਚਲਾ ਗਿਆ। ਦੁਕਾਨ 'ਤੇ ਭੀੜ ਵੱਧ ਸੀ। ਮੈਨੂੰ ਪੌਣਾ ਕੁ ਘੰਟਾ ਆਪਣੀ ਵਾਰੀ ਦਾ ਇੰਤਜ਼ਾਰ ਕਰਦਿਆਂ ਲੱਗ ਗਿਆ।
‘‘ਵਧਾਈਆਂ ਹੋਣ ਵੀਰ ਜੀ। ਧੀ ਪੈਦਾ ਹੋਈ ਹੈ। ਡਾਕਟਰ ਕਹਿੰਦੀ ਹੈ ਕਿ ਉਹ ਦਵਾਈਆਂ ਲਿਆਉਣ ਦੀ ਲੋੜ ਨਹੀਂ ਹੈ।” ਸਾਡੇ ਨਾਲ ਗਏ ਮੇਰੇ ਇੱਕ ਦੋਸਤ ਨੇ ਦੁਕਾਨ 'ਤੇ ਆ ਕੇ ਮੈਨੂੰ ਜਾਣਕਾਰੀ ਦਿੱਤੀ। ਹੈਰਾਨੀ ਭਰਿਆ ਮੈਂ ਵਾਪਸ ਕਲੀਨਿਕ ਗਿਆ ਤਾਂ ਉਹ ਡਾਕਟਰ ਸਾਡੀ ਨਵਜੰਮੀ ਧੀ ਨੂੰ ਮੇਰੀ ਮਾਂ ਨੂੰ ਫੜਾਉਂਦੇ ਹੋਏ ਵਧਾਈਆਂ ਦੇ ਰਹੀ ਸੀ ਤੇ ਨਾਲ ਮੁਆਫੀ ਮੰਗ ਰਹੀ ਸੀ। ‘‘ਡਾਕਟਰ ਕੁੜੀਏ, ਮੈਂ ਪੰਜ ਬੱਚੇ ਆਪ ਜਣੇ ਨੇ ਅਤੇ ਸੈਂਕੜੇ ਹੋਰਾਂ ਮਾਵਾਂ ਨੂੰ ਬੱਚੇ ਜਣਦਿਆਂ ਦੇਖਿਆ ਤੇ ਜਣਨ ਵਿੱਚ ਮਦਦ ਕੀਤੀ ਹੈ। ਨੂੰਹ ਦੇ ਲੱਛਣ ਦੱਸਦੇ ਸਨ ਕਿ ਬੱਚਾ ਅੱਜ ਹੀ ਹੋਵੇਗਾ।” ਬੋਲਦੇ ਹੋਏ ਮੇਰੀ ਮਾਂ ਨੇ ਪੰਦਰਾਂ ਮਿੰਟ ਪਹਿਲਾਂ ਜਨਮੀ ਸਾਡੀ ਧੀ ਨੂੰ ਮੇਰੀ ਗੋਦ ਵਿੱਚ ਪਾ ਦਿੱਤਾ। ਮੈਂ ਕਦੇ ਧੀ, ਕਦੇ ਆਪਣੀ ਮਾਂ ਅਤੇ ਕਦੇ ਡਾਕਟਰ ਵੱਲ ਦੇਖਦਾ ਸੋਚ ਰਿਹਾ ਸਾਂ ਕਿ ਵਾਕਿਆ ਹੀ ਦੁਨੀਆ ਵਿੱਚ ਤਜਰਬੇ ਤੋਂ ਵੱਡੀ ਕੋਈ ਪਾਠਸ਼ਾਲਾ ਨਹੀਂ ਹੁੰਦੀ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ