Welcome to Canadian Punjabi Post
Follow us on

04

July 2025
 
ਨਜਰਰੀਆ

ਦੀਵਾ ਬਲੈ ਅੰਧੇਰਾ ਜਾਇ..

November 15, 2020 08:45 AM

-ਡਾ. ਪ੍ਰਿਤਪਾਲ ਸਿੰਘ ਮਹਿਰੋਕ
ਦੀਵਾ ਜਗ ਰਿਹਾ ਹੈ। ਚਾਨਣ ਫੈਲ ਰਿਹਾ ਹੈ। ਹਨੇਰਾ ਮਿਟ ਰਿਹਾ ਹੈ। ਹਨੇਰੇ ਨੂੰ ਮਿਟਾਉਣਾ ਤੇ ਚਾਨਣ ਦਾ ਪਾਸਾਰ ਕਰਨਾ ਦੀਵੇ ਦਾ ਧਰਮ ਹੈ। ਦੀਵਾ ਘਰਾਂ ਦੀ ਬਰਕਤ ਹੁੰਦਾ ਹੈ। ਸਰਕਲ ਦੀ ਹਲੀਮੀ! ਗਿਆਨ, ਸੱਚ, ਉਜਾਲੇ, ਸ਼ਕਤੀ, ਖੁਸ਼ੀ, ਖੇੜੇ, ਜ਼ਿੰਦਗੀ ਦੇ ਹੱਸਦੇ ਪਾਸੇ, ਰੌਸ਼ਨ ਰਾਹਾਂ ਆਦਿ ਦਾ ਪ੍ਰਤੀਕ ਸਮਝਿਆ ਜਾਂਦਾ ਹੈ ਦੀਵੇ ਨੂੰ! ਹਰੇਕ ਸਮੇਂ ਦੇ ਸੱਚ ਅਤੇ ਅਸਲੀਅਤ ਦਾ ਸਿਰਨਾਵਾਂ ਹੁੰਦਾ ਹੈ ਦੀਵਾ! ਇਹ ਹਨੇਰੇ ਉਪਰ ਜਿੱਤ ਪ੍ਰਾਪਤ ਕਰਨ ਦਾ ਹੌਸਲਾ ਰੱਖਦਾ ਹੈ! ਹਾਲਾਤ ਨਾਲ ਮੁਕਾਬਲਾ ਕਰਨ ਦਾ ਹੌਸਲਾ ਰੱਖਦਾ ਹੈ! ਅੱਖ੍ਹੜਖਾਂਦ ਹਵਾਵਾਂ ਨਾਲ ਲੜਨ ਦਾ ਜਿਗਰਾ ਹੁੰਦਾ ਹੈ!
ਮਨੁੱਖੀ ਜ਼ਿੰਦਗੀ ਨੂੰ ਰੁਸ਼ਨਾਉਣ ਵਿੱਚ ਦੀਵੇ ਦੀ ਮੁੱਢਲੀ ਅਤੇ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਦੀਵੇ ਨੂੰ ਮਨੁੱਖ ਦੀਪ, ਦੀਪਕ, ਦੀਵੜਾ, ਦੀਵੜਿਆ ਆਦਿ ਕਹਿ ਕੇ ਉਸ ਪ੍ਰਤੀ ਆਪਣੀ ਸ਼ਰਧਾ ਤੇ ਸਤਿਕਾਰ ਨੂੰ ਪ੍ਰਗਟ ਕਰਦਾ ਆਇਆ ਹੈ। ਦੀਵੇ ਦੀ ਰੌਸ਼ਨੀ ਮਨੁੱਖ ਨੂੰ ਰਸਤੇ ਵਿਖਾਉਂਦੀ ਆਈ ਹੈ, ਉਸ ਦੇ ਰਾਹ ਰੁਸ਼ਨਾਉਂਦੀ ਆਈ ਹੈ, ਉਸ ਨੂੰ ਗਿਆਨ ਪ੍ਰਦਾਨ ਕਰਦੀ ਹੈ, ਉਸ ਨੂੰ ਤਾਕਤ ਬਖਸ਼ਦੀ ਆਈ ਹੈ। ਦੀਵੇ ਤੋਂ ਦੀਵਾ ਜਗਾਉਣ ਦਾ ਹੁਨਰ ਹੋ ਸਕਦਾ ਹੈ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੋਵੇ। ਪੰਜਾਬੀ ਲੋਕਧਾਰਾ ਵਿੱਚ ਦੀਵੇ ਦਾ ਜ਼ਿਕਰ ਕਈ ਪ੍ਰਸੰਗਾਂ ਵਿੱਚ ਹੋਇਆ ਮਿਲਦਾ ਹੈ:
ਦੀਵੜੇ ਵੱਟ
ਖੈਰੀਂ ਆਉਣ ਖੱਟ
ਦੀਵੜੇ ਤੇਲ
ਰੱਬਾ ਵਿੱਛੜੇ ਮੇਲ।
ਦੀਵਟ ਜਲੇ
ਸੰਧਿਆ ਟਲੇ
ਦੁੱਧ ਪੁੱਤ ਲੱਛਮੀ
ਘਰ ਪ੍ਰਕਾਸ਼ ਕਰੇ।
ਜਗਦਾ ਦੀਵਾ ਜਾਂ ਦੀਵੇ ਬਾਲਣਾ ਆਸਥਾ ਦੀ ਪ੍ਰਤੀਕ ਵੀ ਹੈ। ਪੀਰ, ਫਕੀਰ ਦੀ ਦਰਗਾਹ 'ਤੇ ਦੇਹਰੀ 'ਤੇ ਜਗਦਾ ਦੀਵਾ ਵੀ ਕਿਸੇ ਨੂੰ ਆਤਮਿਕ ਬਲ ਪ੍ਰਦਾਨ ਕਰਦਾ ਹੋ ਸਕਦਾ ਹੈ। ਕਿਸੇ ਨੂੰ ਸੇਧ ਦੇ ਰਿਹਾ ਹੋ ਸਕਦਾ ਹੈ। ਕਿਸੇ ਨੂੰ ਆਪੇ ਨੂੰ ਮਿਟਾ ਕੇ ਦੂਜਿਆਂ ਨੂੰ ਲੋਅ ਵੰਡਣ ਵਾਲੇ ਸਾਧਕ ਵਰਗਾ ਹੋ ਸਕਦਾ ਹੈ। ਦੀਵ ਦੀ ਰੌਸ਼ਨੀ ਰਾਹ ਦਰਸਾਉਂਦੀ ਹੈ। ਦਿਸ਼ਾ ਦੀ ਸੂਚਨਾ ਦਿੰਦੀ ਹੈ। ਦੀਵਾ ਮਨੁੱਖ ਨੂੰ ਆਸ਼ਾਵਾਦੀ ਹੋਣ ਦਾ ਸੰਦੇਸ਼ ਦਿੰਦਾ ਹੈ। ਜੀਵਨ ਦੀ ਆਸ ਨੂੰ ਪਕੇਰਿਆਂ ਕਰਦਾ ਹੈ:
ਆੜੂਏ ਦਾ ਬੂਟਾ
ਅਸਾਂ ਪਾਣੀ ਦੇ ਦੇ ਪਾਲਿਆ
ਆਸ ਵਾਲਾ ਦੀਵਾ
ਅਸਾਂ ਵਿਹੜੇ ਵਿੱਚ ਬਾਲਿਆ।
ਦੀਵੇ ਅਤੇ ਉਸ ਵਿਚਲੀ ਬੱਤੀ ਦਾ ਆਪਸ ਵਿੱਚ ਗੂੜ੍ਹਾ ਸਬੰਧ ਹੈ। ਦੋਵੇਂ ਇਕ ਦੂਜੇ ਦੇ ਪੂਰਕ ਹਨ। ਦੀਵੇ ਵਿਚਲਾ ਤੇਲ ਜਾਂ ਘਿਓ ਉਸ ਦੀ ਜ਼ਿੰਦ ਜਾਨ ਹੈ। ਸ਼ਾਲਾ! ਦੀਵਿਆਂ ਵਿਚਲੀਆਂ ਬੱਤੀਆਂ ਸਦਾ ਸਲਾਮਤ ਰਹਿਣ, ਦੀਵਿਆਂ ਵਿਚਲਾ ਤੇਲ, ਘਿਓ ਕਦੇ ਨਾ ਮੁੱਕੇ ਅਤੇ ਦੀਵੇ ਜਗਦੇ ਰਹਿਣ! ਦੀਵਾ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦੇ ਨਿਸ਼ਚੇ ਦਾ ਵੀ ਪ੍ਰਤੀਕ ਹੈ। ਅਰਜ਼ੋਈ ਕੀਤੀ ਜਾਂਦੀ, ‘ਐ ਮਾਲਕ, ਮੈਨੂੰ ਹਨੇਰੇ ਤੋਂ ਰੌਸ਼ਨੀ ਵੱਲ ਜਾਣ ਦਾ ਰਸਤਾ ਦੱਸ।' ਦੁਨੀਆ ਦੇ ਧਰਮ ਮਨੁੱਖ ਨੂੰ ਆਤਮਿਕ ਪ੍ਰਕਾਸ਼ ਹਾਸਲ ਕਰਨ ਲਈ ਰੌਸ਼ਨੀ ਵੱਲ ਜਾਂਦੇ ਰਾਹ ਦਰਸਾਉਂਦੇ ਹਨ। ਧਰਮ ਮਨ ਅੰਦਰ ਗਿਆਨ ਦਾ ਦੀਵਾ ਜਗਾਉਣ ਦੀ ਪ੍ਰੇਰਨਾ ਵੀ ਦਿੰਦੇ ਹਨ। ਅੱਖਾਂ ਦੀ ਬਾਹਰੀ ਤੇ ਦੁਨਿਆਵੀ ਰੌਸ਼ਨੀ ਦੇ ਨਾਲ-ਨਾਲ ਅੰਦਰ ਪ੍ਰਕਾਸ਼ ਕਰਨ ਲਈ ਵੀ ਦੀਵੇ ਜਗਾਉਣ ਦੀ ਲੋੜ ਹੈ। ਪੰਜਾਬੀ ਦੇ ਇਕ ਲੋਕ-ਗੀਤ ਦੀਆਂ ਤੁਕਾਂ ਹਨ:
ਅਸੀਂ ਸੰਗਤਾਂ ਦੀ ਸ਼ਰਣਾਈ,
ਨੇਮ ਵਾਲਾ ਦੀਵਾ ਬਾਲਿਆ।
ਸਾਡੇ ਸੰਗਤਾਂ ਦੇ ਬੂਹੇ ਉਤੇ,
ਸਿਆਲ ਦੇ ਹੁਨਾਲ ਬੀਤਦੇ।
ਸੰਗਤਾਂ ਦੀ ਜੋਤ ਸਵਾਈ,
ਰੱਬ ਵਾਲਾ ਦੀਵਾ ਬਲਦਾ।
ਦੀਵਾ, ਦੀਵੇ ਦੀ ਬੱਤੀ, ਦੀਵੇ ਦੀ ਲਾਟ, ਜਗਦੀ ਜੋਤ ਧਰਮ, ਲੋਕ ਧਰਮ, ਪੂਜਾ ਅਤੇ ਪੂਜਾ ਵਿਧੀਆਂ ਨਾਲ ਵੀ ਜੁੜਦੇ ਹਨ। ਇਸ ਖੇਤਰ ਵਿੱਚ ਵੀ ਦੀਵਾ ਪ੍ਰਕਾਸ਼ ਦੀ ਉਤਪਤੀ ਕਰਨ ਦਾ ਸਰੋਤ-ਵਸੀਲਾ ਬਣਦਾ ਹੈ। ਇਹ ਪ੍ਰਕਾਸ਼ ਬਹੁਤ ਗਹਿਰੇ ਅਤੇ ਵਿਸਥਾਰਤ ਅਰਥ ਗ੍ਰਹਿਣ ਕਰਦਾ ਹੈ।ਸਮਾਜ ਦੇ ਕਈ ਵਰਗਾਂ ਵਿੱਚ ਕਾਨਿਆਂ ਜਾਂ ਛਿੱਲੜਾਂ ਦੇ ਫੂਹੜ ਉਤੇ ਚਾਰ ਚੁਫੇਰੇ ਘਿਓ ਦੇ ਸੱਤ ਦੀਵੇ ਬਾਲ ਕੇ ਪੂਜਾ ਕਰਨ ਦੌਰਾਨ ਹੇਠ ਲਿਖੀਆਂ ਤੁਕਾਂ ਉਤਾਰੀਆਂ ਜਾਂਦੀਆਂ ਸਨ:
ਅੱਗੇ ਮੇਰੇ ਦੀਵੜਾ
ਪਿੱਛੇ ਮੇਰੇ ਦੀਵੜਾ
ਦੀਵਟ ਧਰੀ ਵਿਚਕਾਰ
ਰਾਮ ਉਤਾਰੇ ਪਾਰ।
ਜ਼ਿਆਦਾ ਦਿਨਾਂ ਤੱਕ ਬੱਦਲ ਛਾਏ ਰਹਿਣ ਅਤੇ ਮੀਂਹ ਵਧੇਰੇ ਪੈਣ 'ਤੇ ਦੁਖੀ ਹੋਏ ਲੋਕ ਸੂਰਜ ਨਾਲ ਗਿਲ੍ਹਾ ਪ੍ਰਗਟ ਕਰਦਿਆਂ ਛੇਤੀ ਵਿਖਾਈ ਦੇਣ ਲਈ ਕਹਿੰਦੇ ਹਨ। ਜੇ ਦਿਨ ਵੇਲੇ ਵੀ ਦੀਵਾ ਜਗਾਉਣ ਦੀ ਲੋੜ ਪੈ ਜਾਵੇ ਤਾਂ ਸੂਰਜ ਵਾਸਤੇ ਤਾਂ ਨਮੋਸ਼ੀ ਵਾਲੀ ਗੱਲ ਹੋਵੇਗੀ ਹੀ:
ਸੂਰਜਾ ਸੂਰਜਾ ਧੁੱਪ ਚੜ੍ਹਾ
ਧੁੱਪ ਚੜ੍ਹਾ ਕਿ ਬੱਦਲ ਉਡਾ
ਤੇਰੇ ਹੁੰਦਿਆਂ ਦੀਵਾ ਬਾਲਿਆ
ਲਈ ਤੂੰ ਲੱਜ ਲਵਾ!
ਜਗਦੇ ਦੀਵੇ ਨੂੰ ਬਹੁਤ ਸ਼ੁਭ ਸਮਝਿਆ ਜਾਂਦਾ ਹੈ। ਦੀਵਾ ਸੂਰਜ ਦਾ ਸਥਾਨ ਨਹੀਂ ਲੈ ਸਕਦਾ, ਪਰ ਰਾਤ ਦੇ ਹਨੇਰੇ ਨੂੰ ਕੁਝ ਹੱਦ ਤੱਕ ਛੱਡਣ ਦਾ ਯਤਨ ਤਾਂ ਕਰਦਾ ਹੈ। ਦੀਵੇ ਦਾ ਇਹ ਉਪਰਾਲਾ ਸਗਦੀਆਂ ਤੋਂ ਜਾਰੀ ਹੈ। ਉਪਰਾਲਾ ਕਰਨ ਅਤੇ ਆਸ ਰੱਖਣ ਦਾ ਮੰਤਰ ਵੀ ਤਾਂ ਮਨੁੱਖ ਨੇ ਦੀਵੇ ਕੋਲੋਂ ਹੀ ਸਿੱਖਿਆ ਹੈ।
ਜਾ ਦੀਵਿਆ ਘਰ ਆਪਣੇ
ਤੇਰੀ ਮਾਂ ਉਡੀਕੇ ਵਾਰ।
ਆਈਂ ਅਵੇਰੇ, ਜਾਈਂ ਸਵੇਰੇ
ਸਭੇ ਸ਼ਗਨ ਵਿਚਾਰ।
ਜਾ ਦੀਵਿਆ ਘਰ ਆਪਣੇ
ਸੁੱਖ ਵਸਾਈਂ ਰਾਤ
ਰਿਜ਼ਕ ਲਿਆਈਂ ਭਾਲ
ਤੇਲ ਲਿਆਈਂ ਨਾਲ।
ਦੀਵੇ ਨਾਲ ਅਨੇਕ ਤਰ੍ਹਾਂ ਦੇ ਲੋਕ ਵਿਸ਼ਵਾਸ ਜੁੜੇ ਹਨ। ਖੁਸ਼ੀ ਦੇ ਪ੍ਰਗਟਾਵੇ ਲਈ ਜਿੱਤ ਦੇ ਜਸ਼ਨ ਮਨਾਉਣ ਲਈ ਦੀਵੇ ਜਗਾਏ ਜਾਂਦੇ ਤੇ ਖੁਸ਼ੀਆਂ ਮਨਾਈਆਂ ਜਾਂਦੀਆਂ ਹਨ। ਦੀਵਾਲੀ ਰੌਸ਼ਨੀਆਂ ਦਾ, ਜਗਦੇ ਦੀਵਿਆਂ ਦਾ ਤਿਉਹਾਰ ਹੈ। ਜਗਦੇ ਦੀਵਿਆਂ ਦੀ ਕਤਾਰ ਦੇ ਮਨਮੋਹਕ ਦਿ੍ਰਸ਼ ਕੋਲੋਂ ਕੋਈ ਖੁਸ਼ੀਆਂ ਸਾਂਝੀਆਂ ਕਰਨ ਅਤੇ ਖੁਸ਼ੀਆਂ ਨੂੰ ਵਿਸਥਾਰ ਦੇਣ ਦੀ ਜਾਚ ਸਿੱਖੋ। ਖੁੱਲ੍ਹ ਕੇ ਜਿਊਣ ਦਾ ਸਲੀਕਾ ਦੀਵੇ ਤੋਂ ਸਿੱਖਿਆ ਜਾ ਸਕਦਾ ਹੈ। ਕਿਸੇ ਆਪਣੇ ਨੂੰ ਘਰ/ ਸਮਾਗਮ ਉੱਤੇ ਬੁਲਾਉਣਾ ਹੋਵੇ ਤਾਂ ਕਹਿ ਲਿਆ ਜਾਂਦਾ ਹੈ, ‘ਤੁਸੀਂ ਜ਼ਰੂਰ ਆਇਓ, ਤੁਹਾਡੀ ਆਮਦ ਨਾਲ ਹੀ ਸ਼ਾਇਦ ਰੌਸ਼ਨੀ ਦੀ ਕੋਈ ਕਿਰਨ ਸਾਡੇ ਦਰ ਤੱਕ ਆ ਪਹੁੰਚੇ, ਜਿਨ੍ਹਾਂ ਰਾਹਾਂ ਤੋਂ ਤੁਸੀਂ ਆਓਗੇ, ਉਨ੍ਹਾਂ ਰਾਹਾਂ ਨੂੰ ਅਸੀਂ ਦੀਵੇ ਬਾਲ ਕੇ ਰੁਸ਼ਨਾਵਾਂਗੇ..।'
ਦੀਵੇ ਜਗਦੇ ਤਾਂ ਮਨ ਨੂੰ ਖੁਸ਼ੀ ਮਿਲਦੀ ਹੈ, ਸ਼ਾਂਤੀ ਮਿਲਦੀ ਹੈ। ਜੇ ਮਨੁੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਅਗਵਾਈ ਲੈ ਕੇ ਆਪਣੇ ਅੰਦਰ ਗਿਆਨ ਦੇ ਦੀਵੇ ਬਾਲੇ ਤਾਂ ਉਹ ਅਗਿਆਨਤਾ, ਅੰਧਕਾਰ, ਵਿਕਾਰਾਂ, ਮਨ ਦੀਆਂ ਕਾਲਖਾਂ ਤੋਂ ਛੁਟਕਾਰਾ ਪਾ ਸਕਦਾ ਹੈ। ਗੁਰਵਾਕ ਹੈ:
‘ਦੀਵਾ ਬਲੈ ਅੰਧੇਰਾ ਜਾਇ'
‘ਗੁਰਮਤਿ' ਅਰਥਾਂ ਵਿੱਚ ਦੀਵਾ ‘ਗੁਰੂ ਜੋਤਿ' ਅਤੇ ਉਸ ਤੋਂ ਹੁੰਦਾ ਪ੍ਰਕਾਸ਼ ਹੈ। ਭਾਈ ਗੁਰਦਾਸ ਜੀ ਆਪਣੀ 19ਵੀਂ ਵਾਰ ਵਿੱਚ ਲਿਖਦੇ ਹਨ:
ਦੀਵਾਲੀ ਦੀ ਰਾਤਿ ਦੀਵੇ ਬਾਲੀਅਨਿ।
ਤਾਰੇ ਜਾਤਿ ਸਨਾਤਿ ਅੰਬਰਿ ਭਾਲਿਅਨਿ।
ਹੁਣ, ਆਟੇ, ਮਿੱਟੀ ਦੇ ਦੀਵਿਆਂ ਦੀ ਥਾਂ ਬਿਜਲਈ ਬਲਬਾਂ, ਵੰਨ ਸੁਵੰਨੀਆਂ ਰੰਗ ਬਿਰੰਗੀਆਂ ਰੌਸ਼ਨੀਆਂ, ਐਲ ਈ ਡੀ ਰੌਸ਼ਨੀਆਂ ਆਦਿ ਨੇ ਲੈ ਲਈ ਹੈ। ਉਂਜ ਦੀਵਾਲੀ ਦੀ ਖੁਸ਼ੀ ਘਰ ਵਿੱਚ ਇਕ ਦੀਵਾ ਬਾਲ ਕੇ ਵੀ ਮਨਾਈ ਜਾ ਸਕਦੀ ਹੈ। ਇਸ ਅਵਸਰ 'ਤੇ ਵਿਸ਼ੇਸ਼ ਕਰਕੇ ਰੌਸ਼ਨ ਦਿਮਾਗਾਂ ਨੂੰ ਦੀਵੇ ਜਗਾਉਣੇ ਚਾਹੀਦੇ ਹਨ। ਉਨ੍ਹਾਂ ਲਈ ਵੀ ਇਕ ਦੀਵਾ ਜਗਾਉਣਾ ਚਾਹੀਦਾ ਹੈ, ਜਿਨ੍ਹਾਂ ਕੋਲ ਨਾ ਤੇਲ ਹੈ, ਨਾ ਬੱਤੀ ਹੈ, ਨਾ ਦੀਵਾ ਹੈ। ਜਿਥੇ-ਜਿਥੇ ਹਨੇਰਾ ਹੈ, ਉਥੇ-ਉਥੇ ਰੌਸ਼ਨੀ ਪਹੁੰਚੇ। ਜਿਥੇ-ਜਿਥੇ ਝੂਠ ਹੈ, ਉਥੇ-ਉਥੇ ਸੱਚ ਪਹੁੰਚੇ! ਦੀਵੇ ਜਗਦੇ ਰਹਿਣ!

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ