ਕੈਲੇਫੋਰਨੀਆ, 23 ਅਕਤੂਬਰ (ਪੋਸਟ ਬਿਊਰੋ) : ਅਮਰੀਕਾ ਦੇ ਰੈਗੂਲੇਟਰਜ਼ ਵੱਲੋਂ ਵੀਰਵਾਰ ਨੂੰ ਕੋਵਿਡ-19 ਸਬੰਧੀ ਪਹਿਲੀ ਦਵਾਈ ਰੈਮਡੈਜ਼ਵੀਅਰ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ| ਇਹ ਐਂਟੀਵਾਇਰਲ ਦਵਾਈ ਹੈ ਜੋ ਕਿ ਹਸਪਤਾਲ ਵਿੱਚ ਦਾਖਲ ਮਰੀਜ਼ਾਂ ਨੂੰ ਆਈਵੀ ਰਾਹੀਂ ਦਿੱਤੀ ਜਾਵੇਗੀ|
ਯੂਐਸ ਨੈਸ਼ਨਲ ਇੰਸਟੀਚਿਊਟਸ ਆਫ ਹੈਲਥ ਵੱਲੋਂ ਕਰਵਾਏ ਗਏ ਅਧਿਐਨ ਅਨੁਸਾਰ ਇਸ ਦਵਾਈ, ਜਿਸ ਨੂੰ ਕੈਲੇਫੋਰਨੀਆ ਸਥਿਤ ਜਿਲੀਅਡ ਸਾਇੰਸਿਜ਼ ਇਨਕਾਰਪੋਰੇਸ਼ਨ ਵੱਲੋਂ ਵੈਕਲਰੀ ਆਖਿਆ ਜਾਂਦਾ ਹੈ, ਨਾਲ ਕਿਸੇ ਮਰੀਜ਼ ਦੀ ਰਿਕਵਰੀ ਪੰਜ ਦਿਨਾਂ ਵਿੱਚ ਹੋ ਜਾਵੇਗੀ| ਪਹਿਲਾਂ ਇਸ ਰਿਕਵਰੀ ਦਾ ਸਮਾਂ ਔਸਤਨ 15 ਤੋਂ 10 ਦਿਨ ਸੀ|ਇਸ ਦਵਾਈ ਨੂੰ ਹਾਲ ਦੀ ਘੜੀ ਬਸੰਤ ਤੱਕ ਸਿਰਫ ਐਮਰਜੰਸੀ ਅਧਾਰ ਉੱਤੇ ਹੀ ਵਰਤਣ ਦੀ ਇਜਾਜ਼ਤ ਦਿੱਤੀ ਗਈ ਹੈ ਤੇ ਹੁਣ ਇਹ ਕੋਵਿਡ-19 ਦੇ ਇਲਾਜ ਲਈ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਪੂਰੀ ਤਰ੍ਹਾਂ ਮਨਜ਼ੂਰਸ਼ੁਦਾ ਪਹਿਲੀ ਦਵਾਈ ਬਣ ਗਈ ਹੈ|
ਇਸ ਮਹੀਨੇ ਦੇ ਸੁਰੂ ਵਿੱਚ ਜਦੋਂ ਰਾਸ਼ਟਰਪਤੀ ਡੌਨਲਡ ਟਰੰਪ ਕੋਵਿਡ-19 ਪਾਜ਼ੀਟਿਵ ਪਾਏ ਗਏ ਤਾਂ ਉਨ੍ਹਾਂ ਨੂੰ ਇਹ ਦਵਾਈ ਦਿੱਤੀ ਗਈ ਸੀ| ਵੈਕਲਰੀ ਦੀ ਡੋਜ਼ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਂਦੀ ਹੈ ਜਿਨ੍ਹਾਂ ਦੀ ਉਮਰ 12 ਸਾਲ ਤੇ ਇਸ ਤੋਂ ਵੱਧ ਹੋਵੇ ਤੇ ਜਿਨ੍ਹਾਂ ਦਾ ਵਜ਼ਨ 88 ਪਾਊਂਡ (40 ਕਿੱਲੋ) ਹੋਵੇ ਤੇ ਜਿਹੜੇ ਕਰੋਨਾਵਾਇਰਸ ਕਾਰਨ ਹਸਪਤਾਲ ਵਿੱਚ ਜੇਰੇ ਇਲਾਜ ਹੋਣ| 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਐਫਡੀਏ ਕੁੱਝ ਮਾਮਲਿਆਂ ਵਿੱਚ ਹੀ ਇਸ ਦਵਾਈ ਨੂੰ ਵਰਤਣ ਦੀ ਇਜਾਜ਼ਤ ਦੇਵੇਗੀ|
ਇਹ ਵਾਇਰਸ ਸ਼ਰੀਰ ਵਿੱਚ ਆਪਣੀਆਂ ਕਾਪੀਆਂ ਬਣਾਉਂਦਾ ਹੈ ਤੇ ਇਹ ਦਵਾਈ ਇਸ ਨੂੰ ਅਜਿਹਾ ਕਰਨ ਤੋਂ ਰੋਕਦੀ ਹੈ| ਇਹ ਦਵਾਈ ਦਿੱਤੇ ਜਾਣ ਤੋਂ ਪਹਿਲਾਂ ਮਰੀਜ਼ਾਂ ਦੇ ਕਿਡਨੀ ਤੇ ਲਿਵਰ ਸਬੰਧੀ ਕੁੱਝ ਟੈਸਟ ਵੀ ਕੀਤੇ ਜਾਣੇ ਜ਼ਰੂਰੀ ਹਨ ਤਾਂ ਕਿ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਹ ਦਵਾਈ ਉਨ੍ਹਾਂ ਲਈ ਸੇਫ ਹੈ ਤੇ ਉਸ ਦੇ ਕੋਈ ਸਾਈਡ ਇਫੈਕਟਸ ਤਾਂ ਨਹੀਂ ਹਨ|ਇਸ ਦੇ ਲੇਬਲ ਉੱਤੇ ਇੱਕ ਚੇਤਾਵਨੀ ਦਿੱਤੀ ਗਈ ਹੈ ਕਿ ਇਸ ਨੂੰ ਮਲੇਰੀਆ ਦੀ ਦਵਾਈ ਹਾਈਡਰੌਕਸੀਕਲੋਰੋਕੁਇਨ ਨਾਲ ਨਾ ਦਿੱਤਾ ਜਾਵੇ ਕਿਉਂਕਿ ਇਹ ਇਸ ਦੇ ਪ੍ਰਭਾਵ ਨੂੰ ਘਟਾਉਂਦੀ ਹੈ|