Welcome to Canadian Punjabi Post
Follow us on

03

July 2025
 
ਨਜਰਰੀਆ

ਰੰਗ-ਬਿਰੰਗਾ ਭਾਦੋਂ ਦਾ ਮਹੀਨਾ

September 02, 2020 09:53 AM

-ਹਰਕੰਵਲ ਸਿੰਘ ਕੰਗ
ਸਾਉਣ ਤੋਂ ਬਾਅਦ ਭਾਦੋਂ ਦਾ ਮਹੀਨਾ ਦਸਤਕ ਦਿੰਦਾ ਹੈ। ਦੇਸੀ ਸਾਲ ਦਾ ਇਹ ਛੇਵਾਂ ਮਹੀਨਾ ਹੈ। ਪੁਰਾਣੇ ਸਮਿਆਂ ਵਿੱਚ ਲੋਕ ਜਿਸ ਮਹੀਨੇ ਬੱਚੇ ਦਾ ਜਨਮ ਹੁੰਦਾ, ਉਸ ਮਹੀਨੇ ਉੱਤੇ ਉਸ ਦਾ ਨਾਂ ਰੱਖ ਲੈਂਦੇ, ਜਿਵੇਂ ਚੇਤ ਸਿੰਘ, ਵਿਸਾਖਾ ਸਿੰਘ, ਜੇਠਾ, ਸਾਉਣ ਸਿਉਂ, ਪਰ ਭਾਦੋਂ ਵਿੱਚ ਜੰਮਿਆਂ ਦਾ ਨਾਂਅ ਕਦੇ ਨਹੀਂ ਸੁਣਿਆ। ਸਾਉਣ ਵਿੱਚ ਪੰਜਾਬ ਦੀਆਂ ਧੀਆਂ ਪੇਕਿਆਂ ਵੱਲ ਵਹੀਰਾਂ ਘੱਤ ਦਿੰਦੀਆਂ ਅਤੇ ਭਾਦੋਂ ਚੜ੍ਹਦੀ ਸਾਰ ਉਨ੍ਹਾਂ ਨੂੰ ਆਪਣੇ ਸਹੁਰੇ ਘਰੀਂ ਜਾਣਾ ਪੈਂਦਾ ਹੈ। ਅੱਜ ਸਮਾਂ ਕਰਵਟ ਲੈ ਚੁੱਕਾ ਹੈ, ਪਰ ਲੋਕ ਧਾਰਾ ਵਿੱਚ ਭਾਦੋਂ ਦੇ ਮਹੀਨੇ ਨੂੰ ਵਿਛੋੜਾ ਪਾਉਣ ਵਾਲਾ ਮੰਨਿਆ ਗਿਆ ਹੈ। ਜਿਵੇਂ :
ਸਾਉਣ ਦੀ ਮੈਂ ਵੰਡਾਂ ਸੀਰਨੀ,
ਭਾਦੋਂ ਚੜ੍ਹਦੀ ਨੂੰ ਅੱਗ ਲੱਗ ਜਾਵੇ,
ਸਾਉਣ ਵੀਰ 'ਕੱਠੀਆਂ ਕਰੇ,
ਭਾਦੋਂ ਚੰਦਰੀ ਵਿਛੋੜੇ ਪਾਵੇ।
ਭਾਦੋਂ ਵਿੱਚ ਭੈਣਾਂ, ਭੈਣਾਂ ਕੋਲੋਂ, ਧੀਆਂ ਮਾਵਾਂ ਕੋਲੋਂ ਵਿੱਛੜ ਜਾਂਦੀਆਂ ਨੇ। ਸਾਉਣ ਮਹੀਨੇ ਦੇ ਤੀਆਂ ਵਾਂਗ ਲੰਘੇ ਦਿਨ ਵਿਛੋੜੇ ਤੋਂ ਪਹਿਲਾਂ ਵਾਰ-ਵਾਰ ਯਾਦ ਆਉਂਦੇ ਨੇ।
ਜਦੋਂ ਰੁੱਤਾਂ ਦੇ ਹਿਸਾਬ ਨਾਲ ਦੇਖੀਏ ਤਾਂ ਭਾਦੋਂ ਵੀ ਸਾਉਣ ਦੀ ਤਰ੍ਹਾਂ ਬਰਸਾਤ ਰੁੱਤ ਦਾ ਮਹੀਨਾ ਹੈ। ਸਾਊਣ ਵਿੱਚ ਜਿੱਥੇ ਹਾੜ੍ਹ, ਜੇਠ ਦੀਆਂ ਤਪਦੀਆਂ ਧੁੱਪਾਂ ਤੋਂ ਮੀਂਹ ਨਾਲ ਰਾਹਤ ਮਿਲਦੀ ਹੈ, ਉਥੇ ਭਾਦੋਂ ਵਿੱਚ ਧਰਤੀ ਗਿੱਲੀ-ਸਿੱਲ੍ਹੀ ਹੋਣ ਕਾਰਨ ਮੌਸਮ ਵੀ ਸਿੱਲ੍ਹਾ ਹੋ ਜਾਂਦਾ ਹੈ। ਸਿੱਲ੍ਹੀ ਆਉਂਦੀ ਹਵਾ ਇੱਕ ਤਰ੍ਹਾਂ ਵਿਛੋੜੇ ਦੇ ਅਹਿਸਾਸ ਦਾ ਪ੍ਰਗਟਾਵਾ ਕਰਦੀ ਜਾਪਦੀ ਹੈ। ਇਸ ਮਹੀਨੇੇ ਮੌਸਮ ਕਈ ਤਰ੍ਹਾਂ ਦੇ ਰੰਗ ਬਦਲਦਾ ਹੈ। ਕਦੇ ਮੀਂਹ ਪੈਣ ਨਾਲ ਰਾਹਤ ਤੇ ਮੌਸਮ ਖੁਸ਼ਗਵਾਰ ਹੋ ਜਾਂਦਾ ਹੈ, ਕਦੇ ਤੇਜ਼ ਕੜਕਦੀ ਧੁੱਪ ਪੈਂਦੀ ਹੈ ਅਤੇ ਕਦੇ ਹਵਾ ਇਕਦਮ ਬੰਦ ਹੋ ਜਾਂਦੀ ਹੈ। ਕਦੇ ਸਾਹ ਰੁਕਣ ਲੱਗਦਾ ਹੈ ਤੇ ਕਦੇ ਦਿਨ ਛੁਪਣ ਵੇਲੇ ਕਿਸੇ ਪਾਸਿਓਂ ਠੰਢਾ ਬੁੱਲ੍ਹਾ ਤਪਦੇ ਸਰੀਰਾਂ ਨੂੰ ਠਾਰ ਜਾਂਦਾ ਹੈ। ਇਸ ਮਹੀਨੇ ਜਦੋਂ ਕਦੇ ਦਿਨ ਵਿੱਚ ਇਸ ਤਰ੍ਹਾਂ ਮੌਸਮ ਚਾਰ ਵਾਰ ਬਦਲ ਜਾਵੇ ਤਾਂ ਅਜਿਹੇ ਦਿਨ ਨੂੰ ਚੌਮਾਸਾ ਕਹਿ ਦਿੰਦੇ ਹਨ। ਭਾਦੋਂ ਤੋਂ ਅੱਕਿਆ ਜੱਟ ਸਾਧ ਹੋ ਗਿਆ ਤੇ ਗਲ ਵਿੱਚ ਗੰਢਿਆਂ ਦੀ ਮਾਲਾ ਪਾ ਬੈਠਾ ਸੀ। ਜੱਟ ਸਭ ਤੋਂ ਸਖਤ ਜਾਨ ਇਨਸਾਨ ਮੰਨਿਆ ਜਾਂਦਾ ਹੈ। ਜੇ ਜੱਟ ਸਾਧ ਹੋ ਜਾਂਦਾ ਹੈ ਤਾਂ ਫਿਰ ਦੇਖਣ ਵਾਲੀ ਗੱਲ ਹੈ ਕਿ ਭਾਦੋਂ ਦੀ ਗਰਮੀ ਕਿਹੋ ਜਿਹੀ ਹੁੰਦੀ ਹੋਵੇਗੀ।
ਭਾਦੋਂ ਦੇ ਮਹੀਨੇ ਬਾਰੇ ਗੁਰੂ ਅਰਜਨ ਦੇਵ ਜੀ ਬਾਰਾ ਮਾਂਹ ਵਿੱਚ ਮਨੁੱਖ ਰੂਪੀ ਇਸਤਰੀ ਨੂੰ ਪ੍ਰਭੂ ਚਰਨਾਂ ਨਾਲ ਜੁੜੇ ਰਹਿਣ ਦੀ ਪ੍ਰੇਰਨਾ ਦਿੰਦੇ ਨੇ :
ਭਾਦੁਇ ਭਰਮਿ ਭੁਲਾਣੀਆ ਦੂਜੈ ਲਗਾ ਹੇਤੁ॥
ਲਖ ਸੀਗਾਰ ਬਣਾਇਆ ਕਾਰਜਿ ਨਾਹੀ ਕੇਤੁ॥
ਜਿਤੁ ਦਿਨਿ ਦੇਹ ਬਿਨਸਸੀ ਤਿਤੁ ਵੇਲੈ ਕਹਸਨਿ ਪ੍ਰੇਤੁ॥
ਪਕੜਿ ਚਲਾਇਨਿ ਦੂਤ ਜਮ ਕਿਸੈ ਨ ਦੇਨੀ ਭੇਤੁ॥
ਛਡਿ ਖੜੋਤੇ ਖਿਨੈ ਮਾਹਿ ਜਿਨ ਸਿਉ ਲਗਾ ਹੇਤੁ॥
ਹਥ ਮਰੋੜੈ ਤਨੁ ਕਪੇ ਸਿਆਹਹੁ ਹੋਆ ਸੇਤੁ॥
ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ॥
ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਥ ਪ੍ਰਭ ਦੇਤੁ॥
ਸੇ ਭਾਦੁਇ ਨਰਕਿ ਨ ਪਾਈਅਹਿ ਗੁਰੁ ਰਖਣ ਵਾਲਾ ਹੇਤੁ॥
ਇਸ ਤਰ੍ਹਾਂ ਗੁਰੂ ਅਰਜਨ ਦੇਵ ਮਨੁੱਖੀ ਜਨਮ ਨੂੰ ਸਫਲ ਕਰਨ ਦੀ ਸਿੱਖਿਆ ਦਿੰਦੇ ਹਨ। ਇਸ ਤੋਂ ਇਲਾਵਾ ਹਿੰਦੂ ਧਰਮ ਅਨੁਸਾਰ ਇਸ ਮਹੀਨੇ ਕ੍ਰਿਸ਼ਨ ਭਗਵਾਨ ਦੀ ਪੂਜਾ ਹੁੰਦੀ ਹੈ ਤੇ ਜਨਮ ਅਸ਼ਟਮੀ ਮਨਾਈ ਜਾਂਦੀ ਹੈ। ਮੰਦਰਾਂ ਤੇ ਘਰਾਂ ਵਿੱਚ ਮਿੱਠੇ ਪਕਵਾਨ ਬਣਾਏ ਜਾਂਦੇ ਹਨ। ਭਾਦੋਂ ਦੇ ਮਹੀਨੇ ਵਿਸ਼ੇਸ਼ ਤੌਰ 'ਤੇ ਗੁੱਗੇ ਦੀ ਪੂਜਾ ਹੁੰਦੀ ਹੈ। ਇੱਕ ਕਥਾ ਅਨੁਸਾਰ ਬੀਕਾਨੇਰ ਨੇੜੇ ਇੱਕ ਰਾਜੇ ਦੇ ਪੁੱਤਰ ਗੁੱਗਾ ਨੇ ਆਪਣੀ ਮੰਗ ਵਿਆਹੁਣ ਲਈ ਮਾਸੀ ਦੇ ਪੁੱਤਰ ਅਰਜਨ ਤੇ ਸੁਰਜਨ ਮਾਰ ਦਿੱਤੇ ਸਨ। ਇਸ ਮਗਰੋਂ ਉਸ ਦੀ ਮਾਂ ਵਿਯੋਗ ਵਿੱਚ ਚਲੇ ਗਈ। ਉਸ ਦੇ ਵਿਰਲਾਪ ਦੇਖ ਕੇ ਗੁੱਗਾ ਧਰਤੀ ਵਿੱਚ ਸਮਾ ਗਿਆ। ਉਹ ਨਾਗ ਦੇਵਤਾ ਦਾ ਪੁਜਾਰੀ ਸੀ। ਗੁੱਗੇ ਦੀ ਪੂਜਾ ਇੱਕ ਤਰ੍ਹਾਂ ਨਾਗ ਦੇਵਤਾ ਭਾਵ ਸੱਪਾਂ ਦੀ ਪੂਜਾ ਹੁੰਦੀ ਹੈ। ਇਸ ਪੂਜਾ ਲਈ ਸੇਵੀਆਂ ਬਣਦੀਆਂ ਹਨ। ਸੇਵੀਆਂ ਵੱਟਣ ਦੇ ਵੀ ਕਈ ਤਰੀਕੇ ਹਨ। ਆਮ ਤੌਰ 'ਤੇ ਲੋਕ ਮਸ਼ੀਨ ਨਾਲ ਸੇਵੀਆਂ ਵੱਟ ਲੈਂਦੇ ਨੇ, ਪਰ ਮੱਥਾ ਟੇਕਣ ਲਈ ਇੱਕ ਕੋਰੀ ਚਾਟੀ ਮੂਧੀ ਮਾਰ ਕੇ ਉਸ 'ਤੇ ਆਟੇ ਦੀਆਂ ਸੇਵੀਆਂ ਵੱਟੀਆਂ ਜਾਂਦੀਆਂ ਹਨ। ਇੱਕ ਵਿਸ਼ੇਸ਼ ਦਿਨ, ਜਿਵੇਂ ਨੌਵੀਂ-ਅੱਠੇ ਆਦਿ ਨੂੰ ਪਿੰਡਾਂ ਵਿੱਚ ਮਾੜੀਆਂ 'ਤੇ ਮੱਥਾ ਟੇਕਿਆ ਜਾਂਦਾ ਹੈ ਤੇ ਮਿੱਟੀ ਕੱਢੀ ਜਾਂਦੀ ਹੈ। ਮਾੜੀਆਂ ਨੂੰ ਕਈ ਇਲਾਕਿਆਂ ਵਿੱਚ ਮੈੜੀ ਵੀ ਕਿਹਾ ਜਾਂਦਾ ਹੈ। ਇਨ੍ਹਾਂ ਮੇਲਿਆਂ 'ਤੇ ਹੀ ਕੁਸ਼ਤੀਆਂ ਜਾਂ ਘੋਲਾਂ ਦੇ ਅਖਾੜੇ ਲੱਗਦੇ ਨੇ, ਜਿੱਥੋਂ ਪੰਜਾਬ ਦੇ ਗਾਮੇ ਤੇ ਦਾਰੇ ਪੈਦਾ ਹੁੰਦੇ ਨੇ। ਪੰਜਾਬ ਦੇ ਪਿੰਡਾਂ ਵਿੱਚ ਮਾੜੀ 'ਤੇ ਭਾਦੋਂ ਦੇ ਮਹੀਨੇ ਵਿਸ਼ੇਸ਼ ਮੇਲੇ ਲੱਗਦੇ ਨੇ। ਇਸ ਤੋਂ ਪਹਿਲਾਂ ਗੁੱਗੇ ਦੇ ਭਗਤ ਪਿੰਡਾਂ ਵਿੱਚ ਵਿਸ਼ੇਸ਼ ਛੜੀ ਘੁਮਾ ਕੇ ਗੁੱਗੇ ਦੇ ਨਾਂਅ 'ਤੇ ਘਰੋ-ਘਰੀ ਮੰਗਦੇ ਨੇ। ਅਸਲ ਵਿੱਚ ਧਰਤੀ ਗਿੱਲੀ ਹੋਣ ਕਾਰਨ ਸੱਪ ਬਾਹਰ ਆ ਜਾਂਦੇ ਨੇ ਤੇ ਉਨ੍ਹਾਂ ਦੀ ਦਹਿਸ਼ਤ ਤੇ ਖੌਫ ਤੋਂ ਬਚਣ ਲਈ ਇੱਕ ਤਰ੍ਹਾਂ ਲੋਕ ਮਾਨਸਿਕਤਾ ਦਾ ਪ੍ਰਗਟਾਵਾ ਹੈ, ਪਰ ਵਿਗਿਆਨਕ ਦਲੀਲਾਂ ਅੱਗੇ ਇਸ ਦਾ ਆਧਾਰ ਨਜ਼ਰ ਨਹੀਂ ਆਉਂਦਾ। ਭਾਦੋਂ ਦੇ ਮਹੀਨੇ ਹੋਰ ਸੱਪ, ਠੂੰਹੇਂ, ਕੰਨ ਸਲਾਈਆਂ, ਘੁਮਾਰ, ਭੱਬੂ ਕੁੱਤੇ, ਕਿਰਲੇ ਤੇ ਹੋਰ ਰੀਂਘਣ ਵਾਲੇ ਜੀਵ ਆਮ ਦਿਖਾਈ ਦਿੰਦੇ ਹਨ। ਇਸ ਨੂੰ ਕੱਚੀ ਰੁੱਤ ਵੀ ਕਿਹਾ ਜਾਂਦਾ ਹੈ। ਇਸ ਮਹੀਨੇ ਚਮੜੀ ਦੇ ਰੋਗ ਅਤੇ ਪੈਰਾਂ ਨੂੰ ਗੰਦਾ ਪਾਣੀ ਲੱਗਣ ਨਾਲ ਕਈ ਰੋਗ ਲੱਗਦੇ ਹਨ। ਕਈ ਵਾਰ ਪੇਟ ਦੇ ਰੋਗਾਂ ਤੇ ਅੰਤੜੀਆਂ ਦੀ ਮਾਰ ਵੀ ਪੈ ਜਾਂਦੀ ਹੈ।
ਪੰਜਾਬ ਵਿੱਚ ‘ਡੌਰੂ ਵੱਜਿਆ, ਬੱਦਲ ਭੱਜਿਆ’ ਅਖਾਣ ਕਾਫੀ ਮਸ਼ਹੂਰ ਹੈ। ਇੱਕ ਤਰ੍ਹਾਂ ਨਾਲ ਭਾਦੋਂ ਮਹੀਨੇ ਮੀਂਹ ਥੋੜ੍ਹੇ ਢਿੱਲੇੇ ਪੈ ਜਾਂਦੇ ਨੇ, ਪਰ ਮੌਸਮ ਦੇ ਮਿਜ਼ਾਜ ਨੂੰ ਕੋਈ ਨਹੀਂ ਸਮਝ ਸਕਿਆ। ਕਈ ਵਾਰ ਭਾਦੋਂ ਵਿੱਚ ਸਾਉਣ ਨਾਲੋਂ ਵੀ ਵੱਧ ਮੀਂਹ ਪੈਂਦੇ ਜਾਂਦੇ ਨੇ। ਆਮ ਤੌਰ 'ਤ ਭਾਦੋਂ ਵਿੱਚ ਮੀਂਹ ਬੰਨਾ ਛੱਡ ਜਾਂਦਾ ਹੈ। ਇਸ ਮਹੀਨੇ ਪੁਰਾਤਨ ਸਮਿਆਂ ਵਿੱਚ ਖੇਤਾਂ ਵਿੱਚ ਫਸਲਾਂ ਦੀ ਗੋਡੀ ਦਾ ਜ਼ੋਰ ਹੁੰਦਾ ਸੀ ਅਤੇ ਕਿਸਾਨ-ਮਜ਼ਦੂਰ ਮੁੜ੍ਹਕੋ ਮੁੜ੍ਹਕੀ ਹੋਏ ਰਹਿੰਦੇ। ਜੇ ਕਿਤੇ ਮੀਂਹ ਆ ਜਾਂਦਾ ਤਾਂ ਕੁਝ ਸਮੇਂ ਲਈ ਆਰਾਮ ਮਿਲ ਜਾਂਦਾ, ਨਹੀਂ ਤਾਂ ਇਸ ਮਹੀਨੇ ਹੱਥ 'ਚੋਂ ਖੁਰਪਾ ਨਹੀਂ ਛੁੱਟਦਾ ਸੀ।
ਗੁਰਬਾਣੀ ਦਾ ਕਥਨ ਹੈ :
ਬਲਿਹਾਰੀ ਕੁਦਰਤਿ ਵਸਿਆ॥
ਤੇਰਾ ਅੰਤੁ ਨ ਜਾਈ ਲਖਿਆ॥
ਭਾਦੋਂ 'ਚ ਛਪਾਰ, ਜਰਗ ਦਾ ਮੇਲਾ ਅਤੇ ਹੋਰ ਮੇਲੇ ਆ ਜਾਂਦੇ ਨੇ। ਇਨ੍ਹਾਂ ਵਿੱਚ ਹੀ ਕੋਟ ਗੰਗੂ ਰਾਇ ਵਿੱਚ ਨਾਗ ਤੇ ਭਾਗ ਦੀ ਯਾਦ ਵਿੱਚ ਮੇਲਾ ਲੱਗਦਾ ਹੈ। ਇਨ੍ਹਾਂ ਮੇਲੇ ਜਾਂਦੀਆਂ ਤੀਵੀਆਂ ਇਸ ਤਰ੍ਹਾਂ ਗਾਉਂਦੀਆਂ ਨੇ :
ਪੱਲੇ ਮੇਰੇ ਛੱਲੀਆਂ,
ਮੈਂ ਗੁੱਗਾ ਮਨਾਵਣ ਚੱਲੀ ਆਂ।
ਨੀਂ ਮੈਂ ਵਾਰੀ ਗੁੱਗਾ ਜੀ!
ਰੋਹੀ ਵਾਲਿਆ ਗੁੱਗਿਆ ਵੇ,
ਭਰਿਆ ਕਟੋਰਾ ਦੁੱਧ ਦਾ,
ਮੇਰਾ ਗੁੱਗਾ ਮਾੜੀ ਵਿੱਚ ਕੁੱਦਦਾ,
ਨੀਂ ਮੈਂ ਵਾਰੀ ਗੁੱਗੇ ਤੋਂ।
ਇਸ ਤੋਂ ਇਲਾਵਾ ਸਾਡੀਆਂ ਲੋਕ ਬੋਲੀਆਂ ਵਿੱਚ ਮੇਲਿਆਂ 'ਤੇ ਮੇਲੀਆਂ, ਬੋਲੀਆਂ ਅਤੇ ਵੈਲੀਆਂ ਵਾਲੇ ਰੰਗ ਵੀ ਦੇਖਣ ਨੂੰ ਮਿਲਦੇ ਨੇ :
ਆਰੀ ਆਰੀ ਆਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
`ਕੱਠ ਮੁਸ਼ਟੰਡਿਆਂ ਦਾ,
ਉਥੇ ਬੋਤਲਾਂ ਮੰਗਾ 'ਲੀਆਂ ਚਾਲ੍ਹੀ,
ਤਿੰਨ ਸੇਰ ਸੋਨਾ ਚੁੱਕਿਆ,
ਭਾਨ ਚੁੱਕ 'ਲੀ ਹੱਟੀ ਦੀ ਸਾਰੀ,
ਰਤਨ ਸਿੰਘ ਰੱਕੜਾਂ ਦਾ,
ਜੀਹ 'ਤੇ ਚੱਲ ਰਹੇ ਮੁਕੱਦਮੇ ਚਾਲੀ੍ਹ,
ਠਾਣੇਦਾਰ ਤਿੰਨ ਚੜ੍ਹਗੇ,
ਨਾਲੇ ਪੁਲਸ ਚੜ੍ਹੀ ਸਰਕਾਰੀ,
ਈਸੂ ਧੂਰੀ ਦਾ,
ਜਿਹੜਾ ਡਾਂਗ ਦਾ ਬਹਾਦਰ ਭਾਰੀ,
ਮੰਗੂ ਖੇੜੀ ਦਾ,
ਪੁੱਠੇ ਹੱਥ ਦੀ ਗੰਡਾਸੀ ਉਹਨੇ ਮਾਰੀ,
ਠਾਣੇਦਾਰ ਇਉਂ ਡਿੱਗਿਆ,
ਜਿਵੇਂ ਹੱਲ 'ਚੋਂ ਡਿੱਗੇ ਪੰਜਾਲੀ,
ਕਾਹਨੂੰ ਛੇੜੀ ਸੀ, ਨਾਗਾਂ ਦੀ ਪਟਾਰੀ,
ਮੇਲਾ ਤਾਂ ਛਪਾਰ ਲੱਗਦਾ,
ਜਿਹੜਾ ਲੱਗਦਾ ਜਗਤ ਤੋਂ ਭਾਰੀ।
ਦਰਅਸਲ ਇਹ ਮੇਲੇ ਪੰਜਾਬੀਆਂ ਦੀ ਜਾਨ ਨੇ ਤੇ ਭਾਦੋਂ ਦੇ ਮੇਲਿਆਂ ਦਾ ਵਿਸ਼ੇਸ਼ ਮਹੱਤਵ ਹੈ। ਇਸੇ ਤਰ੍ਹਾਂ ਭਾਦੋਂ ਤੋਂ ਬਾਅਦ ਅਗਲਾ ਮਹੀਨਾ ਅੱਸੂ ਦਾ ਹੁੰਦਾ ਹੈ। ਮੀਂਹ ਤੋਂ ਛੁਟਕਾਰਾ ਮਿਲਣ ਅਤੇ ਜਨ-ਜੀਵਨ ਸੌਖਾਲਾ ਹੋ ਜਾਣ ਕਾਰਨ ਲੋਕ ਅੱਸੂ ਵਿੱਚ ਹੀ ਆਪਣੇ ਸਾਕ ਜਾਂ ਹੋਰ ਸ਼ੁੱਭ ਕਾਰਜ ਕਰਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ