ਕਰਾਚੀ, 23 ਅਗਸਤ (ਪੋਸਟ ਬਿਊਰੋ)- ਪਾਕਿਸਤਾਨ `ਚ ਕਰਾਚੀ ਦੇ ਲਿਆਰੀ ਸ਼ਹਿਰ ਵਿਚਲੇ ਲਗਭਗ ਅੱਸੀ ਸਾਲ ਪੁਰਾਣੇ ਹਨੂੰਮਾਨ ਮੰਦਰ ਤੇ ਉਸ ਦੇ ਦੁਆਲੇ ਆਬਾਦ ਹਿੰਦੂਆਂ ਦੇ ਵੀਹ ਦੇ ਕਰੀਬ ਘਰ ਢਾਹ ਦਿੱਤੇ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਸ਼ਹਿਰ ਦੀ ਫ਼ਿਦਾ ਹੁਸੈਨ ਸ਼ੇਖ਼ ਰੋਡ ਉੱਤੇ ਮੌਜੂਦ ਉਕਤ ਮੰਦਰ ਅਤੇ ਘਰਾਂ `ਤੇ ਉਥੋਂ ਦੇ ਇੱਕ ਸਥਾਨਕ ਬਿਲਡਰ ਨੇ ਕਾਲੋਨੀ ਬਣਾਉਣ ਲਈ ਬੁਲਡੋਜ਼ਰ ਚਲਵਾਇਆ ਹੈ। ਪੀੜਤ ਹਿੰਦੂਆਂ ਨੇ ਦੋਸ਼ ਲਾਇਆ ਕਿ ਮੰਦਰ ਢਾਹੇ ਜਾਣ ਤੋਂ ਬਾਅਦ ਉਸ ਵਿੱਚੋਂ ਮੂਰਤੀਆਂ ਵੀ ਗ਼ਾਇਬ ਕਰ ਦਿੱਤੀਆਂ ਗਈਆਂ ਹਨ, ਪਰ ਸਥਾਨਕ ਪ੍ਰਸ਼ਾਸਨ ਨੇ ਉਨ੍ਹਾਂ ਦੀ ਇਸ ਵਿੱਚ ਕੋਈ ਮੱਦਦ ਨਹੀਂ ਕੀਤੀ। ਮੰਦਰ ਦੇ ਪੁਜਾਰੀ ਹਰਸੀ ਲਾਲ ਨੇ ਦੋਸ਼ ਲਾਇਆ ਹੈ ਕਿ ਤਕਰੀਬਨ ਛੇ ਮਹੀਨੇ ਪਹਿਲਾਂ ਇੱਕ ਬਿਲਡਰ ਨੇ ਇਹ ਜ਼ਮੀਨ ਖਰੀਦੀ ਸੀ ਤੇ ਉਹ ਇੱਥੇ ਇੱਕ ਕਾਲੋਨੀ ਬਣਾਉਣਾ ਚਾਹੁੰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਿਲਡਰ ਨੇ ਉਨ੍ਹਾਂ ਨਾਲ ਵਾਅਦਾ ਕੀਤਾ ਸੀ ਕਿ ਮੰਦਰ ਨੂੰ ਕੋਈ ਨੁਕਸਾਨ ਨਹੀਂ ਪੁਚਾਇਆ ਜਾਵੇਗਾ, ਪਰ ਉਸ ਨੇ ਰਾਤ ਵੇਲੇ ਮੰਦਰ ਤੇ ਘਰਾਂ ਨੂੰ ਢਾਹ ਦਿੱਤਾ। ਉਸ ਦੀ ਇਸ ਕਾਰਵਾਈ ਦੇ ਮੁਕੰਮਲ ਹੋਣ ਉਤੇ ਪੁਲਸ ਉਥੇ ਪਹੁੰਚ ਗਈ ਅਤੇ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ। ਕਮਿਸ਼ਨਰ ਅਬਦੁੱਲ ਕਰੀਮ ਮੇਮਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਖਾਸ ਗੱਲ ਇਹ ਹੈ ਕਿ ਖੇਤਰ `ਚ ਰਹਿਣ ਵਾਲਾ ਬਲੋਚ ਭਾਈਚਾਰਾ ਵੀ ਮੰਦਰ ਨੂੰ ਢਾਹੇ ਜਾਣ ਦਾ ਵਿਰੋਧ ਕਰ ਰਿਹਾ ਹੈ। ਬਲੋਚ ਨੇਤਾ ਇਰਸ਼ਾਦ ਬਲੋਚ ਨੇ ਕਿਹਾ ਕਿ ਅਸੀਂ ਇਸ ਕਾਰਵਾਈ ਤੋਂ ਬਹੁਤ ਦੁਖੀ ਹਾਂ। ਬਚਪਨ ਤੋਂ ਹੀ ਇਸ ਮੰਦਰ ਨੂੰ ਵੇਖ ਰਹੇ ਸਾਂ ਤੇ ਇਹ ਸਾਡੀ ਵਿਰਾਸਤ ਦਾ ਪ੍ਰਤੀਕ ਸੀ।