Welcome to Canadian Punjabi Post
Follow us on

03

July 2025
 
ਨਜਰਰੀਆ

ਚਿੰਤਾ ਦੀਰਘ ਰੋਗ ਹੈ

May 27, 2020 09:44 AM

-ਪ੍ਰੋਫੈਸਰ ਬਸੰਤ ਸਿੰਘ ਬਰਾੜ
ਅੱਜਕੱਲ੍ਹ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਦੇ ਡਰ ਤੇ ਚਿੰਤਾ ਕਾਰਨ ਤਣਾਅ ਵਿੱਚ ਹਨ। ਵਿਗਿਆਨ ਮੰਨਦਾ ਹੈ ਕਿ ਡਰ ਤੇ ਚਿੰਤਾ ਤਿਆਗਣ ਅਤੇ ਹਾਂ ਪੱਖੀ ਸੋਚ ਅਪਣਾਉਣ ਨਾਲ ਰੋਗ ਲੱਗਦੇ ਹੀ ਨਹੀਂ ਜਾਂ ਜਲਦੀ ਠੀਕ ਹੋ ਜਾਂਦੇ ਹਨ। ਚਿੰਤਾ ਚਿਤਾ ਬਰਾਬਰ ਹੈ, ਬੱਸ ਟਿੱਪੀ ਦਾ ਫਰਕ ਹੈ। ਆਮ ਹਾਲਾਤਾਂ ਵਿੱਚ ਵੀ ਆਪਣੇ ਸਮਾਜ ਵਿੱਚ ਹਰ ਕਿਸੇ ਦੀ ਜ਼ੁਬਾਨ 'ਤੇ ਟੈਂਸ਼ਨ ਦਾ ਮਾਰੂ ਰਾਗ ਰਹਿੰਦਾ ਹੈ। ਮਾਵਾਂ ਅਤੇ ਦਾਦੀਆਂ ਆਪਣੇ ਹਰ ਉਮਰ ਦੇ ਬੱਚੇ-ਬੱਚੀਆਂ ਦੇ ਵਿਅਰਥ ਫਿਕਰਾਂ ਵਿੱਚ ਵਾਲ ਚਿੱਟੇ ਕਰਵਾ ਲੈਂਦੀਆਂ ਹਨ। ਉਨ੍ਹਾਂ ਦੇ ਖਾਣ-ਪੀਣ, ਸੌਣ-ਉਠਣ, ਪੜ੍ਹਾਈ-ਨੌਕਰੀ, ਬਾਹਰ ਜਾ ਕੇ ਮੁੜਨ ਦੀ ਚਿੰਤਾ ਉਨ੍ਹਾਂ ਦੇ ਚਿਹਰੇ 'ਤੇ ਸਮੇਂ ਤੋਂ ਪਹਿਲਾਂ ਝੁਰੜੀਆਂ ਪਾ ਦਿੰਦੀ ਹੈ। ਕੋਵਿਡ 19 ਦੀ ਬਿਮਾਰੀ ਵਿੱਚ ਵੱਡਿਆਂ ਨੂੰ ਆਪਣੇ ਤੋਂ ਬੱਚਿਆਂ ਦੀ ਚਿੰਤਾ ਵੱਧ ਹੈ। ਚਿੰਤਾ ਸਿਰਫ ਮਾਨਸਿਕ ਨਹੀਂ, ਬਹੁਤ ਸਾਰੀਆਂ ਸਰੀਰਕ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਪੋਲੀਓ ਦੀਆਂ ਦੋ ਬੂੰਦਾਂ ਪਿਆਉਣ ਲਈ ਘੰਟੀ ਵੱਜਦੀ ਹੈ, ਚਿੰਤਾ ਰੋਗ ਤੋਂ ਬਚਣ ਦੀ ਸਲਾਹ ਕੋਈ ਨਹੀਂ ਦੇਂਦਾ।
ਵਹਿਮ ਦਾ ਇਲਾਜ ਲੁਕਮਾਨ ਹਕੀਮ ਕੋਲ ਵੀ ਨਹੀਂ ਸੀ। ਇਹ ਨਿਰੋਲ ਸਾਡੇ ਆਪਣੇ ਹੱਥ ਹੈ। ਚਿੰਤਾ ਨਾਲ ਤਣਾਅ ਤੇ ਘਬਰਾਹਟ ਪੈਦਾ ਹੁੰਦੀ ਹੈ। ਇਹ ਪੇਟ ਦੀਆਂ ਰਗਾਂ/ ਨਸਾਂ 'ਤੇ ਸਿੱਧਾ ਅਸਰ ਪਾਉਂਦੀ ਹੈ। ਉਸ ਵਿੱਚ ਪੈਦਾ ਹੋਣ ਵਾਲੇ ਲਾਭਕਾਰੀ ਰਸਾਂ ਨੂੰ ਪ੍ਰਭਾਵਤ ਕਰ ਦਿੰਦੀ ਹੈ ਅਤੇ ਅੰਤੜੀਆਂ ਵਿੱਚ ਫੋੜੇ ਬਣਾ ਦਿੰਦੀ ਹੈ। ਪੇਟ ਦੇ ਫੋੜੇ ਇਸ ਨਾਲ ਨਹੀਂ ਹੁੰਦੇ ਕਿ ਤੁਸੀਂ ਕੀ ਖਾ-ਪੀ ਰਹੇ ਹੋ, ਸਗੋਂ ਇਸ ਲਈ ਹੁੰਦੇ ਹਨ ਕਿ ਤੁਹਾਨੂੰ ਅੰਦਰੋਂ-ਅੰਦਰ ਕੀ ਖਾ ਰਿਹਾ ਹੈ। ਡਰ, ਚਿੰਤਾ, ਈਰਖਾ, ਨਫਰਤ, ਸਵਾਰਥ, ਹਕੀਕਤ ਤੋਂ ਮੂੰਹ ਮੋੜਨਾ, ਬੀਤੇ ਸਮੇਂ ਬਾਰੇ ਝੂਰਨਾ ਆਦਿ ਸਾਨੂੰ ਅੰਦਰੋਂ ਥੋਥਾ ਕਰ ਦਿੰਦੇ ਹਨ। ਇਸ ਨਾਲ ਸਰੀਰ ਦੀ ਰੋਗਾਂ ਤੋਂ ਸੁਰੱਖਿਆ ਦੇਣ ਵਾਲੀ ਪ੍ਰਣਾਲੀ ਕਮਜ਼ੋਰ ਹੋ ਜਾਂਦੀ ਹੈ। ਵਿਗਿਆਨੀ ਮੰਨਦੇ ਹਨ। ਪੇਟ ਦੇ ਫੋੜੇ, ਬਦਹਜ਼ਮੀ, ਦਿਲ ਦੇ ਰੋਗ, ਨੀਂਦ ਦੀ ਕਮੀ, ਸਿਰ-ਪੀੜ, ਥਾਇਰਾਈਡ, ਵਾਲ ਚਿੱਟੇ ਹੋਣੇ ਤੇ ਝੜਨੇ, ਕਈ ਕਿਸਮ ਦੇ ਅਧਰੰਗ, ਗਠੀਆ, ਮਧੂ-ਮੇਹ ਆਦਿ ਦੀਆਂ ਬਿਮਾਰੀਆਂ ਪਿੱਛੇ ਚਿੰਤਾ ਦਾ ਬੜਾ ਵੱਡਾ ਹੱਥ ਹੁੰਦਾ ਹੈ।
ਕਈ ਸਰੀਰਕ ਬਿਮਾਰੀਆਂ ਤੋਂ ਸੁਰੱਖਿਆ ਦੇਣ ਵਾਲੀਆਂ ਦਵਾਈਆਂ ਬਣ ਗਈਆਂ ਹਨ ਅਤੇ ਕੋਵਿਡ 19 ਤੋਂ ਸੁਰੱਖਿਆ ਦੇਣ ਵਾਲੀ ਵੈਕਸੀਨ ਬਣਾਉਣ ਲਈ ਅਰਬਾਂ, ਖਰਬਾਂ ਦੇ ਬਜਟ ਬਣ ਗਏ, ਪਰ ਮਨ ਦੀ ਸਿਹਤ ਵੱਲ ਧਿਆਨ ਘੱਟ-ਵੱਧ ਹੀ ਦਿੱਤਾ ਜਾਂਦਾ ਹੈ। ਚਿੰਤਾ ਤੋਂ ਮੁਕਤੀ ਤੇ ਹਾਂ ਪੱਖੀ ਸੋਚ ਦੇ ਚਮਤਕਾਰਾਂ ਦੇ ਤਿੰਨ ਸਿਖਿਆਦਾਇਕ ਉਦਾਹਰਣ ਪੇਸ਼ ਹਨ। ਹਬਸ਼ੀਆਂ ਨੂੰ ਗੁਲਾਮੀ ਤੋਂ ਮੁਕਤੀ ਦੇਣ ਲਈ ਅਮਰੀਕਾ 'ਚ ਰਾਸ਼ਟਰਪਤੀ ਅਬਰਾਹਮ ਲਿੰਕਨ ਦੀ ਅਗਵਾਈ ਵਿੱਚ ਚੱਲ ਰਹੇ ਗ੍ਰਹਿ ਯੁੱਧ (1861-64) ਦੇ ਆਖਰੀ ਦਿਨ ਸਨ। ਜਨਰਲ ਗ੍ਰਾਂਟ ਦੀ ਫੌਜੀ ਟੁਕੜੀ ਨੇ ਵਿਰੋਧੀ ਧਿਰ ਦੇ ਜਨਰਲ ਰਾਬਰਟ ਲੀ ਦੀ ਫੌਜ ਨੂੰ ਰਿਚਮੌਂਡ ਸ਼ਹਿਰ ਵਿੱਚ ਨੌਂ ਮਹੀਨੇ ਘੇਰੀ ਰੱਖਿਆ। ਬਹੁਤ ਤਬਾਹੀ ਹੋਈ। ਜਨਰਲ ਗ੍ਰਾਂਟ ਦੀ ਫੌਜ ਅੱਗੇ ਵਧ ਰਹੀ ਸੀ, ਪਰ ਜ਼ਿਆਦਾ ਸਿਰ ਪੀੜ ਨੇ ਉਸ ਨੂੰ ਇੱਕ ਕਿਸਾਨ ਦੇ ਘਰ ਰਾਤ ਕੱਟਣ ਨੂੰ ਮਜਬੂਰ ਕਰ ਦਿੱਤਾ। ਕਿਸਾਨ ਨੇ ਪੇਂਡੂ ਨੁਸਖੇ ਅਨੁਸਾਰ ਸਰ੍ਹੋਂ ਰਗੜ ਕੇ ਦੋਵਾਂ ਗੁੱਟਾਂ ਅਤੇ ਧੌਣ ਪਿੱਛੇ ਗਿੱਚੀ 'ਤੇ ਲਾ ਦਿੱਤੀ ਅਤੇ ਉਸ ਦੇ ਪੈਰ ਸਰ੍ਹੋਂ ਦੇ ਤੇਲ ਵਾਲੇ ਗਰਮ ਪਾਣੀ ਵਿੱਚ ਪਵਾ ਦਿੱਤੇ। ਕੁਝ ਆਰਾਮ ਮਿਲਣ 'ਤੇ ਗ੍ਰਾਂਟ ਸੌਂ ਗਿਆ, ਪਰ ਜਦ ਅੱਖ ਖੁੱਲ੍ਹੀ ਤਾਂ ਸਿਰ-ਪੀੜ ਉਵੇਂ ਦੀ ਉਵੇਂ ਅੱਖਾਂ ਚੀਰ ਰਹੀ ਸੀ। ਇੰਨੇ ਵਿੱਚ ਇੱਕ ਘੋੜਸਵਾਰ ਨੇ ਉਸ ਨੂੰ ਜਨਰਲ ਲੀ ਵੱਲੋਂ ਲਿਖੀ ਇੱਕ ਚਿੱਠੀ ਦਿੱਤੀ, ਜਿਸ ਵਿੱਚ ਲੀ ਨੇ ਆਤਮ ਸਮਰਪਣ ਦੀ ਪੇਸ਼ਕਸ਼ ਕੀਤੀ ਸੀ। ਜਨਰਲ ਗ੍ਰਾਂਟ ਨੇ ਆਤਮ ਕਥਾ ਵਿੱਚ ਲਿਖਿਆ ਹੈ ਕਿ ਚਿੱਠੀ ਪੜ੍ਹ ਕੇ ਉਸ ਦੀ ਸਿਰ ਪੀੜ ਦੂਰ ਹੋਣ ਲੱਗਿਆਂ ਇੱਕ ਸਕਿੰਟ ਨਹੀਂ ਲੱਗਾ। ਚਿੰਤਾ ਤੇ ਡਰ ਖਤਮ, ਸਿਰ ਪੀੜ ਖਤਮ। ਇਹ ਜਾਦੂ ਕਈ ਹੋਰ ਤਕੀਲਫਾਂ ਵਿੱਚ ਵੀ ਹੋ ਜਾਂਦਾ ਹੈ।
ਦੂਜੀ ਮਿਸਾਲ ਇੱਕ ਉਦਯੋਗਪਤੀ ਦੀ ਹੈ। ਉਸ ਦੇ ਪੇਟ ਵਿੱਚ ਫੋੜੇ/ ਜ਼ਖਮ ਹੋ ਗਏ ਸਨ। ਡਾਕਟਰਾਂ ਨੇ ਬਹੁਤ ਟੈਸਟ ਕੀਤੇ, ਮਹਿੰਗੀਆਂ ਦਵਾਈਆਂ ਦਿੱਤੀਆਂ, ਪਰ ਕੋਈ ਫਰਕ ਨਾ ਪਿਆ। ਆਖਰ ਉਨ੍ਹਾਂ ਨੇ ਕੋਰਾ ਜਵਾਬ ਦੇ ਕੇ ਉਸ ਨੂੰ ਘਰ ਦਿੱਤਾ। ਉਸ ਨੇ ਚਿੰਤਾ ਅਤੇ ਮੌਤ ਦਾ ਡਰ ਮਨ 'ਚੋਂ ਕੱਢ ਦਿੱਤਾ। ਉਸ ਨੂੰ ਬੜੀ ਦੇਰ ਤੋਂ ਸਮੁੰਦਰਾਂ ਦੀ ਭੱਜ-ਨੱਸ ਨੇ ਅਜਿਹਾ ਕਰਨ ਦਾ ਮੌਕਾ ਨਹੀਂ ਦਿੱਤਾ ਸੀ। ਉਸ ਨੇ ਸੋਚਿਆ ਕਿ ਮਰਨ ਤੋਂ ਪਹਿਲਾਂ ਦੁਨੀਆ ਤਾਂ ਘੁੰਮ ਲਈਏ। ਉਹ ਇੱਕ ਸਮੁੰਦਰੀ ਜਹਾਜ਼ ਵਿੱਚ ਨਿਕਲ ਪਿਆ। ਸਭ ਦਵਾਈਆਂ ਛੱਡ ਦਿੱਤੀਆਂ। ਸਭ ਕੁਝ ਖਾਣਾ-ਪੀਣਾ, ਮੁਸਾਫਰਾਂ ਨਾਲ ਨੱਚਣਾ-ਗਾਉਣਾ ਸ਼ੁਰੂ ਕਰ ਦਿੱਤਾ। ਹੌਲੀ-ਹੌਲੀ ਤਕਲੀਫ ਖਤਮ ਹੋ ਗਈ। ਛੇ ਮਹੀਨਿਆਂ ਬਾਅਦ ਜਦ ਵਾਪਸ ਆਪਣੇ ਦੇਸ਼ ਗਿਆ ਤਾਂ ਉਸ ਦਾ ਭਾਰ ਤੀਹ ਕਿਲੋ ਵੱਧ ਚੁੱਕਾ ਸੀ। ਟੈਸਟ ਕਰਵਾਏ, ਬਿਮਾਰੀ ਖਤਮ। ਕਾਰੋਬਾਰ ਦੀਆਂ ਚਿੰਤਾਵਾਂ ਨੇ ਬਿਮਾਰੀ ਲਾਈ ਸੀ। ਚਿੰਤਾ ਖਤਮ, ਬਿਮਾਰੀ ਖਤਮ। ਰੋਗ/ ਸਰੀਰਕ ਤਕਲੀਫ ਤੋਂ ਛੁਟਕਾਰਾ ਪਾਉਣ 'ਚ ਦਿ੍ਰੜ ਇੱਛਾ ਸ਼ਕਤੀ ਦੇ ਯੋਗਦਾਨ ਦੀ ਮਿਸਾਲ ਮੋਰਿਸ ਗੁੱਡਮੈਨ ਦੀ ਕਿਤਾਬ ‘ਇੱਕ ਚਮਤਕਾਰੀ ਆਦਮੀ, ਮਨੁੱਖੀ ਹੌਸਲੇ ਦੀ ਸੱਚੀ ਕਹਾਣੀ’ ਵਿੱਚ ਮਿਲਦੀ ਹੈ। ਸੰਨ 1961 ਵਿੱਚ ਉਹ ਸ਼ੌਕੀਆ ਛੋਟਾ ਜਿਹਾ ਜਹਾਜ਼ ਉਡਾ ਰਿਹਾ ਸੀ ਕਿ ਇੰਜਣ ਅਚਾਨਕ ਬੰਦ ਹੋ ਗਿਆ। ਉਤਾਰਨ ਦੀ ਕੋਸ਼ਿਸ਼ ਵੇਲੇ ਜਹਾਜ਼ ਬਿਜਲੀ ਦੀਆਂ ਤਾਰਾਂ ਵਿੱਚ ਉਲਝ ਕੇ ਝਟਕੇ ਨਾਲ ਡਿੱਗ ਪਿਆ। ਉਸ ਦੀ ਰੀੜ੍ਹ ਦੀ ਹੱਡੀ ਦਬ ਗਈ ਅਤੇ ਗਰਦਨ ਦੇ ਦੋ ਮਣਕੇ ਹਿੱਲਣ ਨਾਲ ਅਧਰੰਗ ਹੋ ਗਿਆ। ਉਹ ਸਿਰਫ ਅੱਖਾਂ ਝਪਕ ਸਕਦਾ ਸੀ। ਡਾਕਟਰਾਂ ਨੇ ਕਿਹਾ ਕਿ ਉਹ ਸਾਰੀ ਉਮਰ ਗਤੀਹੀਣ ਰਹੇਗਾ, ਪਰ ਗੁੱਡਮੈਨ ਨੇ ਮਨ 'ਚ ਤੰਦਰੁਸਤ ਹੋਣ ਦੀ ਠਾਣ ਲਈ। ਲੰਬੇ ਅਭਿਆਸ ਤੋਂ ਬਾਅਦ ਉਹ ਮਸ਼ੀਨ ਦੀ ਮਦਦ ਬਿਨਾਂ ਸਾਹ ਲੈਣ ਲੱਗ ਪਿਆ। ਬੋਲਣਾ ਸਿੱਖਣ ਦੇ ਅਭਿਆਸ ਨਾਲ ਉਸ ਨੇ ਪਹਿਲਾ ਸ਼ਬਦ ‘ਮਾਮਾ' ਬੋਲਿਆ।
ਬਹਾਲੀ ਵਾਲੇ ਕੇਂਦਰ ਵਿੱਚ ਉਸ ਨੇ ਭੋਜਨ ਖਾਣਾ ਅਤੇ ਤੁਰਨਾ ਸਿੱਖਣਾ ਸ਼ੁਰੂ ਕਰ ਦਿੱਤਾ। ਲੰਬੀ ਸਰੀਰਕ ਥੈਰੇਪੀ ਨਾਲ ਉਹ ਖੜ੍ਹਾ ਹੋਣ ਲੱਗ ਪਿਆ। ਆਪਣੇ ਮਨ ਵਿੱਚ ਮਿੱਥੇ ਹੋਏ ਦਿਨ ਉਹ ਤੁਰ ਕੇ ਹਸਪਤਾਲ ਤੋਂ ਬਾਹਰ ਗਿਆ। ਉਸ ਦਾ ਸੰਦੇਸ਼ ਹੈ : “ਆਦਮੀ ਜੋ ਸੋਚਦਾ ਹੈ, ਉਸੇ ਤਰ੍ਹਾਂ ਬਣ ਜਾਂਦਾ ਹੈ।” ਕੋਵਿਡ 19 ਵਰਗੀਆਂ ਗੰਭੀਰ ਬਿਮਾਰੀਆਂ ਵਿੱਚ ਵੀ ਇਸ ਤੋਂ ਬਚਣ ਤੇ ਠੀਕ ਹੋਣ ਵਿੱਚ ਪ੍ਰਬਲ ਇੱਛਾ ਸ਼ਕਤੀ ਬਹੁਤ ਮਦਦ ਕਰ ਸਕਦੀ ਹੈ। ਇਸ ਨਾਲ ਹੀ ਅਣਗਿਣਤ ਲੋਕ ਠੀਕ ਵੀ ਹੋਏ ਹਨ। ਇੱਛਾ ਸ਼ਕਤੀ ਘੱਟ ਹੋਣ ਕਾਰਨ ਕਈ ਲੋਕ ਸ਼ੱਕ ਪੈਣ 'ਤੇ ਕੋਰੋਨਾ ਦੇ ਟੈਸਟ ਨਹੀਂ ਕਰਵਾਉਂਦੇ। ਕਈ ਹਸਪਤਾਲਾਂ 'ਚੋਂ ਭੱਜ ਕੇ ਲਾਗ ਫੈਲਾ ਦਿੰਦੇ ਹਨ ਅਤੇ ਕਈ ਫਜ਼ੂਲ ਤਣਾਅ ਸਹੇੜ ਕੇ ਖੁਦਕੁਸ਼ੀ ਕਰ ਗਏ। ਬਹੁਤ ਸਾਰੇ ਲੋਕਾਂ ਦੇ ਮੂੰਹ ਤੋਂ ਚਿੰਤਾ ਝਲਕਦੀ ਹੈ। ਆਪਣੀ ਸੁਰੱਖਿਆ ਦਾ ਪੂਰਾ ਧਿਆਨ ਰੱਖ ਕੇ ਆਪਣੀ ਆਤਮਿਕ ਸ਼ਕਤੀ ਤੇ ਮਨੋਬਲ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਵਿੱਚ ਹੀ ਸਭ ਦੀ ਭਲਾਈ ਹੈ। ਚੰਗਾ ਸੋਚੋ, ਹੌਸਲਾ ਬੁਲੰਦ ਰੱਖੋ, ਸੋਸ਼ਲ ਮੀਡੀਆ 'ਤੇ ਫਜ਼ੂਲ ਦੀਆਂ ਮੱਤਾਂ ਦੇਣ ਅਤੇ ਅੰਕੜੇ ਸੁਣਾਉਣ ਵਾਲਿਆਂ ਤੋਂ ਬਚੋ। ਇਹ ਬੁਰੇ ਦਿਨ ਵੀ ਲੰਘ ਜਾਣਗੇ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ