-ਬਹਾਦਰ ਸਿੰਘ ਗੋਸਲ
ਕਦੇ ਸਮਾਂ ਹੁੰਦਾ ਸੀ ਕਿ ਵਿਆਹਾਂ ਵਿੱਚ ਨਿਉਂਦਾ ਪਾਉਣ ਦਾ ਰਿਵਾਜ ਬਹੁਤ ਪ੍ਰਚਲਿਤ ਸੀ। ਖਾਸ ਕਰ ਕੇ ਪੰਜਾਬ ਦੇ ਪੇਂਡੂ ਖੇਤਰ ਦੇ ਵਿਆਹਾਂ ਵਿੱਚ ਤਾਂ ਨਿਉਂਦਾ ਪਾਉਣਾ ਇੱਕ ਜ਼ਰੂਰੀ ਰਸਮ ਮੰਨੀ ਜਾਂਦੀ ਸੀ। ਸਮੇਂ ਅਨੁਸਾਰ ਇਹ ਰਸਮ ਬਹੁਤ ਲੋੜੀਂਦੀ ਤੇ ਲਾਭਕਾਰੀ ਹੁੰਦੀ ਸੀ। ਇਸ ਦਾ ਇੱਕ ਕਾਰਨ ਇਹ ਵੀ ਸੀ ਕਿ ਉਸ ਸਮੇਂ ਪਿੰਡਾਂ ਵਿੱਚ ਗਰੀਬੀ ਦਾ ਬੋਲਬਾਲਾ ਸੀ, ਦੂਜੇ ਪਾਸੇ ਅੱਜ ਵਾਂਗ ਬੈਂਕਾਂ ਨਹੀਂ ਸਨ, ਜਿੱਥੋਂ ਗਰੀਬ ਲੋਕ ਕਰਜ਼ਾ ਵਗੈਰਾ ਲੈ ਕੇ ਆਪਣੇ ਬੱਚਿਆਂ ਦੇ ਵਿਆਹਾਂ ਦੇ ਕਾਰਜ ਨੇਪਰੇ ਚਾੜ੍ਹ ਸਕਦੇ।
ਨਿਉਂਦਾ ਇੱਕ ਬਹੁਤ ਸਾਧਾਰਨ ਰਸਮ ਹੁੰਦੀ ਸੀ ਜਿਸ ਵਿੱਚ ਵਿਆਹ ਸ਼ੁਰੂ ਹੋਣ ਤੋਂ ਪਹਿਲਾਂ ਸ਼ਰੀਕੇ ਦੇ ਵਿਅਕਤੀ ਤੇ ਖਾਸ ਰਿਸ਼ਤੇਦਾਰ ਮਿਲ ਬੈਠਦੇ ਸਨ। ਮਕਸਦ ਹੁੰਦਾ ਸੀ ਵਿਆਹ ਵਾਲੇ ਪਰਵਾਰ ਦੀ ਮਾਲੀ ਮਦਦ ਕਰਨਾ। ਇਸ ਰਸਮ ਵਿੱਚ ਮੁਹੱਲੇ, ਪਿੰਡ ਜਾਂ ਰਿਸ਼ਤੇਦਾਰ ਆਪਣੇ ਵੱਲੋਂ ਕੁਝ ਰੁਪਏ ਨਕਦ ਵਿਆਹ ਵਾਲਿਆਂ ਨੂੰ ਦਿੰਦੇ ਤਾਂ ਕਿ ਉਸ ਪਰਵਾਰ ਨੂੰ ਵਿਆਹ ਵਿੱਚ ਖਰਚੇ ਦੀ ਕੋਈ ਮਾਇਕ ਦਿੱਕਤ ਨਾ ਆਵੇ। ਇਨ੍ਹਾਂ ਲੋਕਾਂ ਵੱਲੋਂ ਦਿੱਤੀ ਜਾਂਦੀ ਮਾਮੂਲੀ ਜਿਹੀ ਰਕਮ ਇੱਕ ਪੱਤਰੀ ਵਿੱਚ ਜਾਂ ਲਾਲ ਪੋਥੀ (ਵਹੀ) ਵਿੱਚ ਦਰਜ ਕੀਤੀ ਜਾਂਦੀ, ਜੋ ਇੱਕ ਤਰ੍ਹਾਂ ਦਾ ਉਧਾਰ ਹੀ ਮੰਨੀ ਜਾਂਦੀ ਸੀ, ਜੋ ਉਸ ਪਰਵਾਰ ਨੂੰ ਇਹ ਰਾਸ਼ੀ ਦੇਣ ਵਾਲਿਆਂ ਦੇ ਕਿਸੇ ਬੱਚੇ ਦੇ ਵਿਆਹ ਸਮੇਂ ਵਾਪਸ ਕਰਨਾ ਹੁੰਦਾ ਸੀ।
ਨਿਉਂਦੇ ਦੇ ਇਸ ਵਹੀ ਵਿੱਚ ਲਿਖਣ ਦੀ ਪ੍ਰਕਿਰਿਆ ਵੀ ਵਿਸ਼ੇਸ਼ ਸੀ ਤੇ ਇਸ ਨੂੰ ਦੋ ਜੋੜਾਂ ਦੇ ਰੂਪ ਵਿੱਚ ਲਿਖਿਆ ਜਾਂਦਾ ਸੀ, ਜਿਸ ਤਰ੍ਹਾਂ ਪ੍ਰਤਾਪ ਸਿੰਘ ਦੀ ਬੀਬੀ ਦੀ ਸ਼ਾਦੀ ਸਮੇਂ ਚੇਤ ਸਿੰਘ ਵੱਲੋਂ ਦਿੱਤਾ ਨਿਉਂਦਾ ਤਿੰਨ ਰੁਪਏ ਪੁਰਾਣੇ ਤੇ ਪੰਜ ਨਵੇਂ ਕੁੱਲ ਅੱਠ ਰੁਪਏ। ਕਹਿਣ ਦਾ ਭਾਵ ਚੇਤ ਸਿੰਘ ਵੱਲੋਂ ਨਿਉਂਦੇ ਵਿੱਚ ਕੁੱਲ ਅੱਠ ਰੁਪਏ ਦਿੱਤੇ ਗਏ। ਇਸੇ ਤਰ੍ਹਾਂ ਬਾਕੀ ਸਭ ਦਾ ਦਿੱਤਾ ਨਿਉਂਦਾ ਵੀ ਉਸ ਪੱਤਰੀ ਵਿੱਚ ਦਰਜ ਕੀਤਾ ਜਾਂਦਾ, ਜਿਸ ਦਾ ਹਿਸਾਬ ਸਾਲਾਂਬੱਧੀ ਚਲਦਾ ਰਹਿੰਦਾ ਤੇ ਵਿਆਹਾਂ ਸਮੇਂ ਇਹ ਪਤਰੀਆਂ ਬਹੁਤ ਕੰਮ ਆਉਂਦੀਆਂ ਸਨ। ਭਾਵੇਂ ਇਹ ਰਾਸ਼ੀ ਬਹੁਤ ਥੋੜ੍ਹੀ ਹੁੰਦੀ ਸੀ, ਪਰ ਕਹਿੰਦੇ ਨੇ ਬੂੰਦ-ਬੂੰਦ ਨਾਲ ਤਲਾਅ ਭਰ ਜਾਂਦਾ ਹੈ। ਇਸ ਤਰ੍ਹਾਂ ਹੀ ਹੁੰਦਾ ਸੀ। ਵਿਆਹ ਵਾਲੇ ਪਰਵਾਰ ਨੂੰ ਨਿਉਂਦੇ ਤੋਂ ਚੰਗੀ ਰਕਮ ਪ੍ਰਾਪਤ ਹੋ ਜਾਂਦੀ ਤੇ ਵਿਆਹ ਵਿੱਚ ਕੋਈ ਮਾਲੀ ਦਿੱਕਤ ਨਾ ਆਉਂਦੀ।
ਉਨ੍ਹਾਂ ਦਿਨਾਂ ਵਿੱਚ ਭਾਵੇਂ ਮਹਿੰਗਾਈ ਘੱਟ ਸੀ, ਫਿਰ ਵੀ ਲੋਕ ਵਿਆਹਾਂ `ਤੇ ਆਪਣੀ ਵਿੱਤ ਅਨੁਸਾਰ ਕਾਫੀ ਖਰਚ ਕਰ ਦਿੰਦੇ ਸਨ। ਵਿਆਹ ਵਿੱਚ ਪੈਸੇ ਦੀ ਲੋੜ ਪੂਰੀ ਕਰਨ ਲਈ ਜੇ ਕੋਈ ਸ਼ਾਹੂਕਾਰਾਂ ਪਾਸੋਂ ਪੈਸੇ ਕਰਜ਼ੇ ਤੇ ਲੈਂਦਾ ਤਾਂ ਉਹ ਸ਼ਾਹੂਕਾਰ ਵਿਆਜ ਦਰ ਵਿਆਜ ਲਾ ਕੇ ਉਸ ਪੈਸੇ ਨੂੰ ਕਾਫੀ ਵਧਾ ਦਿੰਦੇ ਜਿਸ ਨੂੰ ਮੋੜਨਾ ਗਰੀਬ ਦੇ ਵੱਸ ਵਿੱਚ ਨਾ ਹੁੰਦਾ। ਇਹ ਕਰਜ਼ਾ ਮੋੜਦੇ-ਮੋੜਦੇ ਵਿਆਹ ਵਾਲੇ ਪਰਵਾਰ ਨੂੰ ਕਈ ਸਾਲ ਲੱਗ ਜਾਂਦੇ ਤੇ ਏਨੇ ਚਿਰ ਨੂੰ ਪਰਵਾਰ ਵਿੱਚ ਕੋਈ ਹੋਰ ਵਿਆਹ ਆ ਜਾਂਦਾ ਤੇ ਇਸ ਤਰ੍ਹਾਂ ਕਰਜ਼ੇ ਵਜੋਂ ਲਈ ਰਾਸ਼ੀ ਹੋਰ ਘੋਰ ਗਰੀਬੀ ਦਾ ਕਾਰਨ ਬਣਦੀ ਚਲੀ ਜਾਂਦੀ। ਇਸ ਲਈ ਅਜਿਹੇ ਕਰਜ਼ੇ ਤੋਂ ਬਚਣ ਲਈ ਸਾਡੇ ਬਜ਼ੁਰਗਾਂ ਨੇ ਨਿਉਂਦੇ ਦੀ ਸ਼ੁਰੂ ਕੀਤੀ ਸੀ। ਇਸ ਤਰ੍ਹਾਂ ਇਹ ਨਿਉਂਦੇ ਦੀ ਰਸਮ ਸਭ ਪਰਵਾਰਾਂ ਨੂੰ ਮਾਇਕ ਮਦਦ ਕਰਨ ਦੇ ਨਾਲ ਸਮਾਜਕ ਕੜੀਆਂ ਨੂੰ ਵੀ ਮਜ਼ਬੂਤ ਕਰਦੀ ਸੀ ਤੇ ਇਸ ਨਾਲ ਪਰਵਾਰਾਂ ਵਿੱਚ ਸਮਾਜਕ ਬੰਧਨ ਤੇ ਆਪਸੀ ਭਾਈਚਾਰੇ ਦੀ ਸਾਂਝ ਵਧਦੀ ਜਾਂਦੀ ਸੀ। ਕਿਸੇ ਪਰਵਾਰ ਵਿੱਚ ਹੋਣ ਵਾਲੇ ਕਿਸੇ ਮੁੰਡੇ-ਕੁੜੀ ਦੇ ਵਿਆਹ ਨੂੰ ਸ਼ਰੀਕੇ ਵਜੋਂ ਸਭ ਦਾ ਸਾਂਝਾ ਕਾਰਜ ਮੰਨਿਆ ਜਾਂਦਾ ਸੀ ਅਤੇ ਇਸ ਨੂੰ ਖੁਸ਼ੀ-ਖੁਸ਼ੀ ਨੇਪਰੇ ਚਾੜ੍ਹਨਾ ਹਰ ਕੋਈ ਆਪਣਾ ਫਰਜ਼ ਸਮਝਦਾ ਸੀ। ਇਸ ਤਰ੍ਹਾਂ ਇਹ ਨਿਉਂਦਾ ਪਾਉਣ ਦੀ ਰਸਮ ਇੱਕ ਸਮਾਜਕ ਲੋੜ ਵੀ ਬਣ ਗਈ।
ਸਮੇਂ ਦੇ ਨਾਲ ਜਿੱਥੇ ਵਿਆਹ-ਸ਼ਾਦੀਆਂ ਦੇ ਦੂਜੇ ਰੀਤੀ ਰਿਵਾਜ ਬਦਲ ਗਏ, ਉਥੇ ਨਿਉਂਦੇ ਦੀਆਂ ਪੱਤਰੀਆਂ ਵੀ ਲੁਪਤ ਹੋਣ ਲੱਗੀਆਂ। ਬੈਂਕਾਂ ਦੇ ਪਸਾਰ ਨੇ ਵੀ ਨਿਉਂਦੇ ਦੀ ਰਸਮ ਨੂੰ ਲੋਕਾਂ ਤੋਂ ਦੂਰ ਕੀਤਾ ਅਤੇ ਕਿਸੇ ਨੂੰ ਵੀ ਬੈਂਕਾਂ ਤੋਂ ਮੰਗਿਆ ਕਰਜ਼ਾ ਆਸਾਨੀ ਨਾਲ ਮਿਲਣ ਲੱਗਾ, ਦੂਜੇ ਲੋਕਾਂ ਨੇ ਵੀ ਸ਼ਰੀਕੇ ਵਾਲਿਆਂ ਜਾਂ ਰਿਸ਼ਤੇਦਾਰਾਂ ਤੋਂ ਥੋੜ੍ਹਾ ਥੋੜ੍ਹਾ ਪੈਸਾ ਮੰਗਣਾ ਤਿਆਗ ਦਿੱਤਾ। ਭੁੱਲ ਗਏ ਉਹ ਤਿੰਨ ਪੁਰਾਣੇ ਤੇ ਪੰਜ ਨਵੇਂ ਨਿਉਂਦੇ ਦੀਆਂ ਗੱਲਾਂ, ਪਰ ਇਸ ਨਾਲ ਸਮਾਜਕ ਸਾਂਝ ਵਿੱਚ ਜ਼ਰੂਰ ਤਰੇੜ ਆਈ। ਵਿਆਹ ਵੀ ਵੱਡੇ ਵੱਡੇ ਮੈਰਿਜ ਪੈਲੇਸਾਂ ਵਿੱਚ ਹੋਣ ਲੱਗੇ ਤੇ ਵਿਆਹਾਂ ਦਾ ਸਮਾਂ ਵੀ ਕਈ-ਕਈ ਦਿਨਾਂ ਤੋਂ ਘਟ ਕੇ ਸਿਰਫ ਕੁਝ ਘੰਟਿਆਂ ਤੱਕ ਸੀਮਿਤ ਹੋ ਗਿਆ ਅਤੇ ਲੋਕਾਂ ਨੇ ਨਿਉਂਦੇ ਲਈ ਸਮਾਂ ਕੱਢਣਾ ਬੰਦ ਕਰ ਦਿੱਤਾ। ਅੱਜਕੱਲ੍ਹ ਕੋਈ ਨਹੀਂ ਕਹਿੰਦਾ ਆਪਣੇ ਸਾਕ-ਸੰਬੰਧੀਆਂ ਜਾਂ ਮੁਹੱਲੇ ਵਾਲਿਆਂ ਨੂੰ ਕਿ ਉਹ ਵਿਆਹ ਵਿੱਚ ਨਿਉਂਦਾ ਪਾਉਣ, ਪਰ ਉਸ ਪੁਰਾਣੇ ਨਿਉਂਦੇ ਨੇ ਅੱਜਕੱਲ੍ਹ ਸ਼ਗਨ ਦੇ ਰੂਪ ਵਿੱਚ ਨਵੀਂ ਰਸਮ ਚਾਲੂ ਕਰ ਲਈ ਹੈ।