Welcome to Canadian Punjabi Post
Follow us on

16

May 2025
 
ਨਜਰਰੀਆ

ਬਜ਼ੁਰਗ ਹੁੰਦੇ ਹਨ ਘਰਾਂ ਦੇ ਜਿੰਦਰੇ

March 12, 2020 07:23 AM

-ਮਨਪ੍ਰੀਤ ਕੌਰ
ਜ਼ਿੰਦਗੀ ਵਿੱਚ ਹਰ ਕੋਈ ਇਨਸਾਨ ਚਾਹੁੰਦਾ ਹੈ ਕਿ ਉਸ ਨੂੰ ਦੂਸਰੇ ਤੋਂ ਪੂਰਾ ਸਤਿਕਾਰ ਮਿਲੇ। ਅਸੀਂ ਜੋ ਵੰਡਾਂਗੇ, ਉਹੀ ਪਾਵਾਂਗੇ। ਜੇ ਅਸੀਂ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਦਿੰਦੇ ਹਾਂ ਤਾਂ ਸਾਨੂੰ ਸਤਿਕਾਰ ਮਿਲੇਗਾ। ਜਿਊਂਦੇ ਰਹਿਣ ਲਈ ਜਿਸ ਤਰ੍ਹਾਂ ਪਾਣੀ, ਭੋਜਨ, ਮਕਾਨ ਤੇ ਕੱਪੜੇ ਦੀ ਲੋੜ ਹੁੰਦੀ ਹੈ, ਉਸੇ ਤਰ੍ਹਾਂ ਜ਼ਿੰਦਗੀ ਨੂੰ ਖ਼ੁਸ਼ੀਆਂ ਨਾਲ ਭਰੀ ਰੱਖਣ ਲਈ ਮਾਣ-ਸਤਿਕਾਰ ਅਤੇ ਪਿਆਰ ਦੀ ਜ਼ਰੂਰਤ ਹੁੰਦੀ ਹੈ। ਮੌਜੂਦਾ ਦੌਰ ਵਿੱਚ ਜ਼ਿਆਦਾਤਰ ਲੋਕਾਂ ਕੋਲ ਵਿਹਲ ਘੱਟ ਹੈ। ਉਹ ਜ਼ਿਆਦਾ ਰੁੱਝੇ ਰਹਿਣ ਲੱਗ ਪਏ ਹਾਂ। ਸਵਾਰਥ ਭਾਰੂ ਹੋ ਗਿਆ ਹੈ। ਅਜਿਹੇ ਵਿੱਚ ਲੋਕਾਂ ਨੇ ਆਪਣੇ ਬਜ਼ੁਰਗਾਂ ਨੂੰ ਸਤਿਕਾਰ ਕਿੱਥੋਂ ਦੇਣਾ ਹੈ? ਸਾਡੇ ਕੋਲ ਤਾਂ ਉਨ੍ਹਾਂ ਕੋਲ ਅੱਧਾ ਕੁ ਘੰਟਾ ਬੈਠਣ ਦਾ ਸਮਾਂ ਵੀ ਨਹੀਂ ਹੈ।
ਮੈਂ ਬਹੁਤੇ ਲੋਕਾਂ ਨੂੰ ਗੱਲ ਕਰਦੇ ਸੁਣਿਆ ਹੈ ਕਿ ਉਹ ਜ਼ਿੰਦਗੀ ਵਿੱਚ ਕੁੜ ਜ਼ਿਆਦਾ ਖੁਸ਼ ਨਹੀਂ। ਉਨ੍ਹਾਂ ਨੂੰ ਸਕੂਨ ਜਿਹਾ ਨਹੀਂ ਮਿਲਦਾ। ਇਸ ਦੇ ਪਿੱਛੇ ਸਭ ਤੋਂ ਵੱਡਾ ਕਾਰਨ ਸਿੰਗਲ ਪਰਵਾਰਾਂ ਦਾ ਹੋਣਾ ਹੈ। ਅੱਜ ਦੇ ਲੋਕ ਵੱਡੇ ਪਰਵਾਰਾਂ ਵਿੱਚ ਰਹਿਣਾ ਪਸੰਦ ਨਹੀਂ ਕਰਦੇ। ਸਾਰਾ ਦਿਨ ਕੰਮ-ਧੰਦਿਆਂ ਵਿੱਚ ਲੱਗੇ ਰਹਿੰਦੇ ਹਨ ਜਿਸ ਕਾਰਨ ਆਪਣੇ ਬਜ਼ੁਰਗਾਂ ਖ਼ਾਸ ਤੌਰ 'ਤੇ ਮਾਪਿਆਂ ਲਈ ਸਮਾਂ ਨਹੀਂ ਕੱਢ ਸਕਦੇ। ਕਈ ਖ਼ੁਦਗਰਜ਼ ਤਾਂ ਆਪਣੇ ਮਾਪਿਆਂ ਨੂੰ ਬਿਰਧ ਆਸ਼ਰਮ ਛੱਡ ਆਉਂਦੇ ਹਨ। ਕਿਸੇ ਸਮੇਂ ਇਨ੍ਹਾਂ ਬਜ਼ੁਰਗਾਂ ਨੂੰ ਘਰ ਦਾ ਜਿੰਦਾ ਸਮਝਿਆਂ ਜਾਂਦਾ ਸੀ। ਘਰ ਵਿੱਚ ਇੱਕ ਬਜ਼ੁਰਗ ਦਾ ਹੋਣਾ ਵੀ ਬਹੁਤ ਵੱਡਾ ਸਹਾਰਾ ਸਮਝਿਆ ਜਾਂਦਾ ਸੀ। ਅਜੋਕੀ ਨੌਜਵਾਨ ਪੀੜ੍ਹੀ ਕੋਲ ਬਜ਼ੁਰਗਾਂ ਵਾਸਤੇ ਸਮਾਂ ਹੀ ਨਹੀਂ ਹੈ। ਇਸ ਦਾ ਕਾਰਨ ਇਹ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬੋਰਡਿੰਗ ਸਕੂਲਾਂ ਵਿੱਚ ਪੜ੍ਹਨ ਲਈ ਭੇਜ ਦਿੱਤਾ ਹੈ। ਉਨ੍ਹਾਂ ਨੂੰ ਅਸੀਂ ਆਪਣੇ ਤੋਂ ਦੂਰ ਕਰ ਦਿੱਤਾ ਹੈ। ਬੱਚੇ ਆਪਣੇ ਬਜ਼ੁਰਗਾਂ ਦਾ ਸਤਿਕਾਰ ਇਸ ਲਈ ਨਹੀਂ ਕਰਦੇ ਕਿ ਉਨ੍ਹਾਂ ਦੇ ਮਾਪੇ ਵੀ ਆਪਣੇ ਮਾਪਿਆਂ ਦਾ ਸਤਿਕਾਰ ਨਹੀਂ ਕਰਦੇ। ਬੱਚੇ ਬਜ਼ੁਰਗਾਂ ਨਾਲ ਗੱਲ ਕਰਨ ਦਾ ਲਹਿਜ਼ਾ ਆਪਣੇ ਘਰ-ਪਰਵਾਰ ਤੋਂ ਸਿੱਖਦੇ ਹਨ। ਜ਼ਿਆਦਾਤਰ ਬੱਚੇ ਜਾਂ ਨੌਜਵਾਨ ਆਪਣੇ ਘਰਾਂ ਤੋਂ ਦੂਰ ਹੋਸਟਲਾਂ ਵਿੱਚ ਰਹਿੰਦੇ ਹਨ ਜਿਸ ਕਾਰਨ ਜ਼ਿਆਦਾ ਰੋਕ-ਟੋਕ ਨਾ ਹੋਣ 'ਤੇ ਵਿਗੜ ਜਾਂਦੇ ਹਨ। ਜਦੋਂ ਕੋਈ ਵੀ ਇਕੱਲਾ ਰਹਿੰਦਾ ਹੈ ਤਾਂ ਉਸ ਨੂੰ ਇਕਲਾਪਾ ਵੱਢ-ਵੱਢ ਖਾਣ ਨੂੰ ਆਉਂਦਾ ਹੈ। ਬੱਚੇ ਇਕੱਲਤਾ ਨੂੰ ਦੂਰ ਕਰਨ ਲਈ ਟੀ ਵੀ ਦੇਖਦੇ ਹਨ ਜਾਂ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਹਨ।
ਜਦੋਂ ਬੱਚੇ ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਵਿੱਚ ਥੋੜ੍ਹਾ-ਥੋੜ੍ਹਾ ਵਰਤੋਂ 'ਚ ਲਿਆਉਣਾ ਸ਼ੁਰੂ ਕਰ ਦਿੰਦੇ ਹਨ ਤਾਂ ਇਹ ਚੀਜ਼ਾਂ ਉਨ੍ਹਾਂ ਦੀਆਂ ਆਦਤਾਂ ਵਿੱਚ ਸ਼ਾਮਲ ਹੋ ਜਾਂਦੀਆਂ ਹਨ। ਉਨ੍ਹਾਂ ਨੂੰ ਇਨ੍ਹਾਂ ਚੀਜ਼ਾਂ ਦੀ ਲਤ ਲੱਗ ਜਾਂਦੀ ਹੈ ਜਿਸ ਕਾਰਨ ਉਹ ਆਪਣੇ ਬਜ਼ੁਰਗਾਂ ਨੂੰ ਮਾਣ-ਸਤਿਕਾਰ ਨਹੀਂ ਦਿੰਦੇ। ਜੇ ਅਸੀਂ ਆਪਣੇ ਮਾਪਿਆਂ ਤੇ ਬਜ਼ੁਰਗਾਂ ਲਈ ਸਮਾਂ ਕੱਢੀਏ, ਉਨ੍ਹਾਂ ਪ੍ਰਤੀ ਦਿਲ ਵਿੱਚ ਪਿਆਰ ਰੱਖੀਏ ਤਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਜਾਣ ਦੀ ਲੋੜ ਨਹੀਂ ਪਵੇਗੀ। ਕਦੇ ਕਿਹਾ ਜਾਂਦਾ ਸੀ ਕਿ ਬਜ਼ੁਰਗ ਘਰ ਦੀ ਰੌਣਕ ਹੁੰਦੇ ਹਨ, ਅੱਜ ਉਹ ਰੌਣਕ ਬਿਰਧ ਆਸ਼ਰਮਾਂ ਵਿੱਚ ਜਾ ਲੁਕੀ ਹੈ।
ਅਸੀਂ ਨੌਜਵਾਨਾਂ ਨੂੰ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਸੈਮੀਨਾਰ ਲਗਾਉਂਦੇ ਹਾਂ ਪਰ ਮੇਰੇ ਹਿਸਾਬ ਨਾਲ ਜੇ ਬਜ਼ੁਰਗਾਂ ਦੇ ਸਤਿਕਾਰ ਪ੍ਰਤੀ ਵੀ ਸੈਮੀਨਾਰ ਲਗਾਏ ਜਾਣ ਤਾਂ ਹਰ ਘਰ ਵਿੱਚ ਬਜ਼ੁਰਗਾਂ ਦੀ ਠੰਢੀ ਛਾਂ ਹੋਵੇਗੀ ਅਤੇ ਬਿਰਧ ਆਸ਼ਰਮਾਂ ਵਿੱਚ ਉਹ ਰੋਣ-ਕੁਰਲਾਉਣ ਦੀ ਥਾਂ ਆਪਣੇ ਬੱਚਿਆਂ ਨਾਲ ਪਿਆਰ ਵੰਡਣਗੇ। ਮੈਂ ਕਈ ਲੋਕਾਂ ਨੂੰ ਇਹ ਕਹਿੰਦੇ ਸੁਣਿਆ ਹੈ ਕਿ ਉਨ੍ਹਾਂ ਨੂੰ ਇਕੱਲੇ ਰਹਿਣਾ ਪਸੰਦ ਨਹੀਂ, ਕਿਉਂਕਿ ਇਸ ਤਰ੍ਹਾਂ ਮਨ ਵਿੱਚ ਮਾੜੇ ਵਿਚਾਰ ਪੈਦਾ ਹੁੰਦੇ ਰਹਿੰਦੇ ਹਨ। ਉਸੇ ਤਰ੍ਹਾਂ ਅਸੀਂ ਇਹ ਕਿਉਂ ਨਹੀਂ ਸੋਚਦੇ ਕਿ ਸਾਡੇ ਬਜ਼ੁਰਗ ਵੀ ਸਾਡੇ ਸਾਥ ਤੋਂ ਬਿਨ੍ਹਾਂ ਇਕੱਲੇ ਨਹੀਂ ਰਹਿ ਸਕਦੇ।
ਥੋੜ੍ਹੇ ਦਿਨ ਪਹਿਲਾਂ ਮੈਂ ਇੱਕ ਦੁਰਘਟਨਾ ਦੇਖੀ, ਜਿਸ ਨੇ ਮੈਨੂੰ ਹਿਲਾ ਕੇ ਰੱਖ ਦਿੱਤਾ। ਮੈਂ ਕਾਲਜ ਤੋਂ ਘਰ ਪਰਤ ਰਹੀ ਸਾਂ ਕਿ ਇੱਕ ਬਜ਼ੁਰਗ ਸਾਈਕਲ 'ਤੇ ਆ ਰਿਹਾ ਸੀ। ਉਸ ਦੀ ਇੱਕ ਬਾਂਹ ਨਹੀਂ ਸੀ। ਉਸ ਨੇ ਸਾਈਕਲ ਪਿੱਛੇ ਇੱਕ ਲਿਫ਼ਾਫ਼ਾ ਬੰਨ੍ਹਿਆ ਹੋਇਆ ਸੀ ਜੋ ਅਚਾਨਕ ਡਿੱਗ ਗਿਆ। ਉਥੋਂ ਕੁਝ ਨੌਜਵਾਨ ਲੰਘ ਰਹੇ ਸਨ, ਪਰ ਕਿਸੇ ਨੇ ਵੀ ਉਸ ਦੀ ਮਦਦ ਨਾ ਕੀਤੀ। ਆਖ਼ਰ ਉਸ ਨੇ ਆਪ ਹੀ ਇੱਕ ਬਾਂਹ ਨਾਲ ਲਿਫ਼ਾਫ਼ਾ ਦੁਬਾਰਾ ਸਾਈਕਲ 'ਤੇ ਟੰਗਿਆ। ਇਹੀ ਨਹੀਂ, ਰੋਜ਼ ਮੈਂ ਕਿੰਨੇ ਲੋਕਾਂ ਨੂੰ ਬਜ਼ੁਰਗਾਂ ਪ੍ਰਤੀ ਮਾੜੇ ਬੋਲ ਬੋਲਦੇ ਸੁਣਿਆ ਹੈ। ਦੇਸ਼ ਨੂੰ ਬਦਲਣ ਦੀ ਬਹੁਤ ਜ਼ਿਆਦਾ ਜ਼ਰੁੂਰਤ ਹੈ। ਜਦੋਂ ਬਜ਼ੁਰਗ ਕਈ ਵਾਰ ਘਰ ਵਿੱਚ ਆਪਣਾ ਕੋਈ ਸੁਝਾਅ ਦਿੰਦੇ ਹਨ ਤਾਂ ਅਸੀਂ ਕਹਿੰਦੇ ਹਾਂ ਕਿ ਬੁੱਢੇ ਨੂੰ ਕਈ ਪਤਾ?
ਕਿਹਾ ਗਿਆ ਹੈ ਕਿ ਬੱਚੇ ਤੇ ਬਜ਼ੁਰਗ ਇੱਕ ਸਮਾਨ ਹੁੰਦੇ ਹਨ। ਜਿਵੇਂ ਬੱਚਾ ਅੜੀ ਕਰਦਾ ਹੈ, ਉਵੇਂ ਹੀ ਜ਼ਿੰਦਗੀ ਦੇ ਇੱਕ ਪੜਾਅ 'ਤੇ ਵੱਡੇ ਵੀ ਅੜੀ ਕਰਨ ਲੱਗਦੇ ਹਨ। ਸਾਨੂੰ ਉਨ੍ਹਾਂ ਨੂੰ ਕੁਝ ਬੋਲਣ ਤੋਂ ਪਹਿਲਾਂ ਇਹ ਗੱਲ ਸੋਚਣੀ ਚਾਹੀਦੀ ਹੈ ਕਿ ਕੱਲ੍ਹ ਨੂੰ ਅਸੀਂ ਵੀ ਇਸ ਉਮਰ 'ਚੋਂ ਲੰਘਣਾ ਹੈ। ਇੱਕ ਹੋਰ ਦੁਰਘਟਨਾ ਜੋ ਮੈਂ ਦੇਖੀ ਉਸ ਨੂੰ ਯਾਦ ਕਰਕੇ ਅੱਜ ਵੀ ਮੇਰੀਆਂ ਅੱਖਾਂ 'ਚ ਅੱਥਰੂ ਆ ਜਾਂਦੇ ਹਨ। ਇੱਕ ਬਜ਼ੁਰਗ ਰੋਜ਼ਾਨਾ ਦੁਪਹਿਰੇ ਫ਼ਤਹਿਗੜ੍ਹ ਸਾਹਿਬ ਵੱਲ ਨੂੰ ਜਾਂਦਾ ਹੈ। ਉਸ ਤੋਂ ਚੰਗੀ ਤਰ੍ਹਾਂ ਤੁਰਿਆ ਨਹੀਂ ਜਾਂਦਾ। ਉਹ ਦੋ ਕੁ ਕਦਮ ਪੁੱਟਣ ਲਈ ਘੱਟੋ-ਘੱਟ ਦੋ ਮਿੰਟ ਲਾ ਦਿੰਦਾ ਹੈ। ਕਈ ਲੋਕ ਦੇਖ ਕੇ ਕਹਿੰਦੇ ਹਨ ਕਿ ਇਸ ਦਾ ਦਿਮਾਗ਼ ਫਿਰ ਗਿਆ ਹੈ। ਇਸ ਤੋਂ ਟਿਕ ਕੇ ਘਰੇ ਨਹੀਂ ਬੈਠਿਆ ਜਾਂਦਾ। ਅਜਿਹਾ ਬੋਲ ਕੇ ਉਹ ਅੱਗੇ ਲੰਘ ਜਾਂਦੇ ਹਨ। ਸ਼ਾਇਦ ਹੀ ਕੋਈ ਹੋਵੇਗਾ ਜੋ ਉਸ ਦੀਆਂ ਮਜਬੂਰੀਆਂ ਦਾ ਅਹਿਸਾਸ ਕਰੇਗਾ।
ਸਾਨੂੰ ਆਪਣੀ ਸੋਚ, ਵਤੀਰੇ 'ਚ ਤਬਦੀਲੀ ਲਿਆਉਣ ਦੀ ਲੋੜ ਹੈ। ਸਾਡੀ ਸੋਚ, ਸਾਡਾ ਵਤੀਰਾ ਤਦੇ ਬਦਲੇਗਾ ਜਦ ਅਸੀਂ ਆਪਣੇ ਹੀ ਆਲਮ 'ਚੋਂ ਥੋੜ੍ਹਾ ਬਾਹਰ ਆ ਕੇ ਬਜ਼ੁਰਗਾਂ ਨਾਲ ਰਲ-ਮਿਲ ਕੇ ਬੈਠਣਾ ਸ਼ੁਰੂ ਕਰਾਂਗੇ। ਇਸ ਲਈ ਆਓ! ਬਜ਼ੁਰਗਾਂ ਦੇ ਦੁੱਖ-ਦਰਦ ਸੁਣੀਏ ਕਿਉਂਕਿ ਉਨ੍ਹਾਂ ਨੂੰ ਵੀ ਆਪਣਾ ਦੁੱਖ-ਸੁੱਖ ਸਾਂਝਾ ਕਰਨ ਲਈ ਸਾਡੀ ਜ਼ਰੂਰਤ ਹੈ। ਇਸ ਲਈ ਸਾਨੂੰ ਆਪਣੀ ਸੋਚ ਬਦਲਣੀ ਜ਼ਰੂਰੀ ਹੈ। ਇੱਕ ਕਹਾਵਤ ਹੈ ਕਿ ‘ਜੋ ਬੀਜੋਗੇ, ਉਹੀ ਵੱਢੋਗੇ।' ਇਸ ਲਈ ਬਜ਼ੁਰਗਾਂ ਵਾਸਤੇ ਆਪਣੇ ਦਿਲ ਵਿੱਚ ਪਿਆਰ ਤੇ ਸਤਿਕਾਰ ਬੀਜੋ। ਜੇ ਅਸੀਂ ਬਜ਼ੁਰਗਾਂ ਦਾ ਸਤਿਕਾਰ ਕਰਾਂਗੇ ਤਾਂ ਕੱਲ੍ਹ ਨੂੰ ਸਾਡੇ ਬੱਚੇ ਵੀ ਸਾਡਾ ਸਤਿਕਾਰ ਕਰਨਗੇ। ਮੁੱਕਦੀ ਗੱਲ ਇਹ ਕਿ ਸਾਨੂੰ ਸਾਰਿਆਂ ਨੂੰ ਬਜ਼ੁਰਗਾਂ ਪ੍ਰਤੀ ਆਦਰ-ਸਤਿਕਾਰ ਵਾਲਾ ਵਤੀਰਾ ਅਪਨਾਉਣ ਦੀ ਬੇਹੱਦ ਜ਼ਰੂਰਤ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ ਇਤਿਹਾਸ ਦੱਸਦੈ ਅਕਾਲੀ ਦਲ ਦਾ ਪਾਟਕ ਪੰਜਾਬ ਉੱਤੇ ਕੀ ਅਸਰ ਪਾ ਸਕਦੈ! ਮਹਾਰਾਸ਼ਟਰ, ਝਾਰਖੰਡ ਦੇ ਨਾਲ ਪੰਜਾਬ ਦੀਆਂ ਚਾਰ ਸੀਟਾਂ ਲਈ ਚੋਣਾਂ ਨਵੇਂ ਸਬਕ ਦੇਣ ਵਾਲਾ ਸਾਬਤ ਹੋਇਆ ਹਰਿਆਣੇ ਅਤੇ ਜੰਮੂ-ਕਸ਼ਮੀਰ ਦੀਆਂ ਚੋਣਾਂ ਦਾ ਨਤੀਜਾ