* ਕਾਂਗਰਸ ਪਾਰਟੀ ਦੇ ਅੰਦਰ ਹਲਚਲ ਸ਼ੁਰੂ
ਚੰਡੀਗੜ੍ਹ, 27 ਫਰਵਰੀ, (ਪੋਸਟ ਬਿਊਰੋ)- ਪੰਜਾਬ ਦੇ ਸਾਬਕਾ ਲੋਕਲ ਬਾਡੀਜ਼ ਮੰਤਰੀ ਤੇ ਮੌਜੂਦਾ ਕਾਂਗਰਸੀ ਵਿਧਾਇਕ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਾਂਗਰਸ ਹਾਈ ਕਮਾਨ ਨਾਲ ਦੋ ਮੀਟਿੰਗ ਕਰਨ ਦੀ ਖਬਰ ਨੇ ਕਾਂਗਰਸ ਪਾਰਟੀ ਵਿੱਚ ਹਲਚਲ ਜਿਹੀ ਪੈਦਾ ਕਰ ਦਿੱਤੀ ਹੈ। ਖੁਦ ਨਵਜੋਤ ਸਿੰਘ ਸਿੱਧੂ ਨੇ ਅੱਜ ਇੱਕ ਪ੍ਰੈੱਸ ਬਿਆਨ ਰਾਹੀਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਨਾਲ ਆਪਣੀ ਫੋਟੋ ਜਾਰੀ ਕੀਤੀ ਹੈ।
ਇਸ ਸੰਬੰਧ ਵਿੱਚ ਨਵਜੋਤ ਸਿੰਘ ਸਿੱਧੂ ਵੱਲੋਂ ਜਾਰੀ ਕੀਤੇ ਗਏ ਇਕ ਸੰਖੇਪ ਪ੍ਰੈੱਸ ਬਿਆਨ ਵਿੱਚ ਕਿਹਾ ਗਿਆ ਹੈ ਕਿ ਮੈਨੂੰ ਕਾਂਗਰਸ ਹਾਈ ਕਮਾਂਡ ਨੇ ਦਿੱਲੀ ਸੱਦਿਆ ਸੀ। ਇਸ ਲਈ ਮੈਂ 25 ਫਰਵਰੀ,2020 ਨੂੰ ਕਾਂਗਰਸ ਦੇ ਜਨਰਲ ਸਕੱਤਰ ਸ੍ਰੀਮਤੀ ਪ੍ਰਿਅੰਕਾ ਗਾਂਧੀ ਨਾਲ ਉਨ੍ਹਾਂ ਦੀ ਰਿਹਾਇਸ਼ ਵਿਖੇ 40 ਮਿੰਟ ਮੁਲਾਕਾਤ ਕੀਤੀ। ਇਸੇ ਲੜੀ ਵਿੱਚ ਅਗਲੇ ਦਿਨ 26 ਫਰਵਰੀ 2020 ਨੂੰ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਜਨਰਲ ਸਕੱਤਰ ਦੋਵਾਂ ਨਾਲ ਦਸ ਜਨਪਥ ਵਿਖੇ ਇਕ ਘੰਟੇ ਤੋਂ ਵੱਧ ਸਮਾਂ ਮੁਲਾਕਾਤ ਕੀਤੀ। ਇਨ੍ਹਾਂ ਮੁਲਾਕਾਤਾਂ ਦੌਰਾਨ ਮੈਂ ਹਾਈ ਕਮਾਂਡ ਨੂੰ ਪੰਜਾਬ ਦੀ ਮੌਜੂਦਾ ਹਾਲਾਤ ਤੋਂ ਜਾਣੂ ਕਰਾਉਣ ਦੇ ਨਾਲ ਪੰਜਾਬ ਨੂੰ ਵਿਕਾਸ ਦੀਆਂ ਲੀਹਾਂ ਉੱਥੇ ਲਿਆਉਣ ਅਤੇ ਇਸ ਨੂੰ ਆਤਮ ਨਿਰਭਰ ਬਨਾਉਣ ਦੇ ਆਪਣੇ ਰੋਡ-ਮੈਪ ਤੋਂ ਵੀ ਜਾਣੂ ਕਰਾਇਆ। ਦੋਵੇਂ ਮੀਟਿੰਗਾਂ ਵਿਚ ਹਾਈ ਕਮਾਂਡ ਨੇ ਮੇਰੇ ਵਿਚਾਰਾਂ ਨੂੰ ਬੜੇ ਠਰੰਮੇ ਅਤੇ ਗੌਰ ਨਾਲ ਸੁਣਿਆ। ਪੰਜਾਬ ਨੂੰ ਇਸ ਦੀ ਗੁਆਚੀ ਖੁਸ਼ਹਾਲੀ ਦਿਵਾਉਣ ਤੇ ਇਸ ਨੂੰ ਪੈਰਾਂ ਸਿਰ ਖੜ੍ਹੇ ਕਰਨ ਦੇ ਆਪਣੇ ਰੋਡ-ਮੈਪ ਨੂੰ ਮੈਂ ਪਿਛਲੇ ਕਈ ਸਾਲਾਂ ਤੋਂ ਮੰਤਰੀ-ਮੰਡਲ ਅਤੇ ਆਮ ਲੋਕਾਂ ਵਿਚਕਾਰ ਰੱਖਦਾ ਰਿਹਾ ਹਾਂ।
ਜਾਣਕਾਰ ਸੂਤਰਾਂ ਦਾ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਇਨ੍ਹਾਂ ਉੱਚ ਪੱਧਰੀ ਬੈਠਕਾਂ ਦੇ ਦੌਰਾਨ ਪੰਜਾਬ ਦੀਆਂ ਅਗਲੀਆਂ ਵਿਧਾਨ ਸਭਾ ਚੋਣਾਂ ਮੌਕੇ ਸਿੱਧੂ ਦੀ ਕਾਂਗਰਸ ਵਿੱਚ ਭੂਮਿਕਾ ਬਾਰੇ ਵੀ ਵਿਚਾਰ ਹੋਈ ਹੈ। ਸਿੱਧੂ ਨੂੰ ਇੱਕ ਵਾਰ ਫਿਰ ਪੰਜਾਬ ਕੈਬਨਿਟ ਵਿੱਚ ਲੈਣ ਤੇ ਡਿਪਟੀ ਮੁੱਖ ਮੰਤਰੀ ਤੱਕ ਬਣਾਉਣ ਦੇ ਚਰਚੇ ਵੀ ਜ਼ੋਰਾਂ ਉੱਤੇ ਹਨ, ਪਰ ਇਹ ਵੀ ਕਿਹਾ ਜਾਂਦਾ ਹੈ ਕਿ ਨਵਜੋਤ ਸਿੰਘ ਸਿੱਧੂ ਨੇ ਇਨ੍ਹਾਂ ਸਾਰੀਆਂ ਪੇਸ਼ਕਸ਼ਾਂ ਨੂੰ ਠੁਕਰਾ ਦਿੱਤਾ ਹੈ ਤੇ ਉਹ ਇਸ ਵੇਲੇ ਤੋਂ ਹੀ ਅਗਲੀਆਂ ਵਿਧਾਨ ਸਭਾ ਚੋਣਾਂ ਬਾਰੇ ਆਪਣੀ ਭੂਮਿਕਾ ਅਤੇ ਸਥਿਤੀ ਸਪੱਸ਼ਟ ਕਰਨਾ ਚਾਹੁੰਦੇ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਸਿੱਧੂ ਜਲਦੀ ਹੀ ਸਿਆਸੀ ਗੁਪਤਵਾਸ ਛੱਡ ਕੇ ਰਾਜਨੀਤੀ ਵਿੱਚ ਸਰਗਰਮ ਹੋ ਸਕਦੇ ਹਨ।
ਵਰਨਣ ਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੀਆਂ ਕਾਂਗਰਸ ਹਾਈ ਕਮਾਨ ਨਾਲ ਇਹ ਦੋਵੇਂ ਬੈਠਕਾਂ ਓਦੋਂ ਹੋਈਆਂ ਹਨ, ਜਦੋਂ ਆਮ ਆਦਮੀ ਪਾਰਟੀ, ਟਕਸਾਲੀ ਅਕਾਲੀ ਦਲ ਅਤੇ ਹੋਰ ਫਰੰਟ ਉਸ ਨੂੰ ਪੰਜਾਬ ਵਿੱਚ ਅਗਲੀਆਂ ਚੋਣਾਂ ਵੇਲੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਉਭਾਰਨ ਦੀ ਪੇਸ਼ਕਸ਼ ਕਰ ਰਹੇ ਹਨ। ਪਿਛਲੀਆਂ ਪਾਰਲੀਮੈਂਟ ਚੋਣਾਂ ਦੌਰਾਨ ਬਠਿੰਡਾ ਹਲਕੇ ਵਿੱਚ ਜਦੋਂ ਕਾਂਗਰਸ ਪਾਰਟੀ ਹਾਰ ਗਈ ਤਾਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਸ ਵਾਸਤੇ ਨਵਜੋਤ ਸਿੰਘ ਸਿੱਧੂ ਦੀ ਬੇਤੁਕੀ ਬਿਆਨਬਾਜ਼ੀ ਨੂੰ ਦੋਸ਼ ਦਿੱਤਾ ਤੇ ਇਹ ਵੀ ਕਿਹਾ ਸੀ ਕਿ ਲੋਕਲ ਬਾਡੀਜ਼ ਵਿਭਾਗ ਵਿੱਚ ਸਿੱਧੂ ਦੀ ਕਾਰਗੁਜ਼ਾਰੀ ਸਹੀ ਨਹੀਂ ਰਹੀ। ਇਸ ਪਿੱਛੋਂ ਅਚਾਨਕ ਸਿੱਧੂ ਤੋਂ ਇਹ ਵਿਭਾਗ ਲੈ ਕੇ ਬਿਜਲੀ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਗਈ ਸੀ, ਪਰ ਸਿੱਧੂ ਓਦੋਂ ਤੋਂ ਸਿਆਸੀ ਗੁਪਤਵਾਸ ਵਿੱਚ ਚਲੇ ਗਏ ਸਨ।