Welcome to Canadian Punjabi Post
Follow us on

03

July 2025
 
ਨਜਰਰੀਆ

ਫ਼ਰਿਸ਼ਤਿਆਂ ਦੀ ਆਮਦ

February 18, 2020 08:00 AM

-ਡਾ. ਗੁਰਤੇਜ ਸਿੰਘ
ਉਦੋਂ ਮੈਂ ਅੱਠਵੀ ਵਿੱਚ ਪੜ੍ਹਦਾ ਸੀ। ਪਿੰਡ ਦੇ ਇੱਕ ਅਣ-ਅਧਿਕਾਰਤ ਡਾਕਟਰ ਨੇ ਮੇਰੀ ਦਾਦੀ ਨਾਲ ਦੁਰਵਿਹਾਰ ਕੀਤਾ ਤਾਂ ਮਨੋ-ਮਨੀ ਦਿ੍ਰੜ੍ਹ ਨਿਸਚਾ ਕਰ ਲਿਆ ਕਿ ਡਾਕਟਰ ਹੀ ਬਣਨਾ ਹੈ, ਪਰ ਕਿਵੇਂ ਬਣਨਾ ਹੈ, ਕੀ ਪੜ੍ਹਾਈ ਕਰਨੀ ਹੈ, ਆਦਿ ਤੋਂ ਅਣਜਾਣ ਸੀ। ਮੇਰੇ ਸਹਿਪਾਠੀ ਜੇ ਈ ਟੀ ਦੀ ਤਿਆਰੀ ਕਰਨ ਲੱਗੇ ਸਨ ਅਤੇ ਮੇਰੇ ਸਾਇੰਸ ਅਧਿਆਪਕ ਨੇ ਮੈਨੂੰ ਵੀ ਫਾਰਮ ਭਰਨ ਲਈ ਕਿਹਾ ਸੀ। ਮੈਂ ਡਾਕਟਰ ਬਣਨ ਦੀ ਗੱਲ ਦੱਸਦਿਆਂ ਮਨਾ ਕਰ ਦਿੱਤਾ ਸੀ, ਉਨ੍ਹਾਂ ਦਾ ਜਵਾਬ ਕਮਾਲ ਸੀ, ‘ਜੇ ਤੇਰੇ ਕੋਲ ਆਹ ਛੋਟਾ ਜਿਹਾ ਕੋਰਸ ਕਰਨ ਦੀ ਸਮਰੱਥਾ ਨਹੀਂ ਤਾਂ ਫਿਰ ਉਸ ਪਹਾੜ ਨਾਲ ਮੱਥਾ ਕਿਵੇਂ ਲਾਵੇਂਗਾ?'' ਉਨ੍ਹਾਂ ਦੀ ਗੱਲ ਠੀਕ ਸੀ। ਮੈਡੀਕਲ ਦੀ ਮਹਿੰਗੀ ਸਿੱਖਿਆ ਆਮ ਲੋਕਾਂ ਦੀ ਪਹੁੰਚ ਤੋਂ ਦੂਰ ਹੈ। ਫਿਰ ਪੜ੍ਹਾਈ ਛੱਡ ਕੇ ਰੋਜ਼ੀ ਦੇ ਜੁਗਾੜ ਲਈ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ। ਉਂਜ ਡਾਕਟਰ ਬਣਨ ਦਾ ਜਨੂਨ ਚੈਨ ਨਾਲ ਬੈਠਣ ਨਹੀਂ ਸੀ ਦੇ ਰਿਹਾ। ਆਰਟਸ ਗਰੁੱਪ ਨਾਲ ਬਾਰ੍ਹਵੀਂ ਕੀਤੀ, ਨਾਲ ਕਿਸੇ ਡਾਕਟਰ ਕੋਲ ਕੰਮ ਸਿੱਖਣ ਜਾਂਦਾ ਸੀ ਕਿ ਚਲੋ ਅਧਿਕਾਰਿਤ ਨਾ ਸਹੀ, ਅਣਅਧਿਕਾਰਿਤ ਡਾਕਟਰ ਤਾਂ ਬਣ ਹੀ ਸਕਦਾ ਹਾਂ! ਉਸ ਤੋਂ ਬਾਅਦ ਨੇੜੇ ਮੌਜੂਦ ਪ੍ਰਾਈਵੇਟ ਕਾਲਜ ਤੇ ਹਸਪਤਾਲ ਵਿੱਚ ਗੈਸਟਰੋਐਂਟਰਾਲੋਜੀ ਵਿਭਾਗ ਵਿੱਚ ਵਾਰਡ ਬੁਆਏ ਦੀ ਨੌਕਰੀ ਸ਼ੁਰੂ ਕੀਤੀ। ਕਾਲਜ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਦੇਖਦਾ ਤਾਂ ਸੋਚਦਾ-ਕਾਸ਼! ਮੈਂ ਵੀ ਕਿਸੇ ਮੈਡੀਕਲ ਕਾਲਜ ਵਿੱਚ ਡਾਕਟਰੀ ਪੜ੍ਹ ਸਕਦਾ! ਆਰਥਿਕ ਮੰਦਹਾਲੀ ਕਾਰਨ ਘਰ ਦੀ ਹਾਲਤ ਡਾਵਾਂਡੋਲ ਹੋ ਸੀ, ਦੂਜਾ, ਦਾਦੀ ਬਿਮਾਰ ਰਹਿਣ ਲੱਗ ਪਏ ਅਤੇ ਆਖ਼ਿਰ ਇੱਕ ਦਿਨ ਦਮ ਤੋੜ ਗਏ।
ਦਾਦੀ ਮਾਂ ਦੀ ਮੌਤ ਤੋਂ ਬਾਅਦ ਟੁੱਟ ਗਿਆ, ਪਰ ਡਾਕਟਰ ਬਣਨ ਦਾ ਜਨੁੂਨ ਅਜੇ ਵੀ ਠਾਠਾਂ ਮਾਰ ਰਿਹਾ ਸੀ ਜਿਸ ਨੇ ਨੌਕਰੀ ਦੇ ਨਾਲ-ਨਾਲ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਲਈ ਮਜਬੂਰ ਕੀਤਾ। ਐਮਰਜੈਂਸੀ ਮੈਡੀਕਲ ਅਫਸਰ ਦੇ ਪਦ ਤੇ ਤਾਇਨਾਤ ਡਾਕਟਰ ਸਭ ਤੋਂ ਪਹਿਲਾਂ ਫ਼ਰਿਸ਼ਤਾ ਬਣ ਕੇ ਬਹੁੜੇ! ਆਰਥਿਕ ਮਦਦ ਦੇ ਨਾਲ-ਨਾਲ ਉਹ ਮੇਰੇ ਨਾਲ ਕੋਚਿੰਗ ਕਲਾਸ ਦਾ ਪ੍ਰਬੰਧ ਕਰਨ ਤੱਕ ਗਏ, ਪਰ ਮੁਸ਼ਕਿਲਾਂ ਦਾ ਦੌਰ ਅਜੇ ਖਤਮ ਨਹੀਂ ਹੋਇਆ ਸੀ। ਘਰ ਦੀ ਹਾਲਤ, ਨੌਕਰੀ ਨਾਲ ਦੁਬਾਰਾ ਬਾਰ੍ਹਵੀਂ (ਮੈਡੀਕਲ) ਦੀ ਪੜ੍ਹਾਈ ਵੱਡੀ ਵੰਗਾਰ ਸੀ। ਲੋਕਾਂ ਦੇ ਮਜ਼ਾਕ ਵੱਖਰੇ ਸਹਿਣੇ ਪੈਂਦੇ। ਡਾਕਟਰ ਨਾਲ ਦੋਸਤੀ ਹੋ ਗਈ, ਪਰ ਮੇਰੀ ਪੋਸਟ ਵਾਰਡ ਬੁਆਏ ਹੋਣ ਕਾਰਨ ਉਥੇ ਮੌਜੂਦ ਸਟਾਫ਼ ਨਰਸਾਂ ਮੈਨੂੰ ‘ਸੀਨੀਅਰ ਰੈਜ਼ੀਡੈਟ' ਆਖ ਕੇ ਮਜ਼ਾਕ ਉਡਾਉਂਦੀਆਂ। ਫਿਰ ਕੋਚਿੰਗ ਵੇਲੇ ਦੋ ਅਧਿਆਪਕ ਫਿਰ ਫ਼ਰਿਸ਼ਤੇ ਬਣ ਆਏ, ਉਨ੍ਹਾਂ ਮੁਫ਼ਤ ਪੜ੍ਹਾਇਆ। ਉਹ ਫਿਜਿਕਸ ਅਤੇ ਕੈਮਿਸਟਰੀ ਪੜ੍ਹਾਉਂਦੇ, ਬਾਇਓਲੌਜੀ ਮੈਂ ਖੁਦ ਪੜ੍ਹੀ। ਉਹ ਦੌਰ ਬੜਾ ਮੁਸ਼ਕਿਲ ਸੀ, ਸਾਰਾ ਦਿਨ ਨੌਕਰੀ ਤੇ ਫਿਰ ਪੜ੍ਹਾਈ। ਬੜੀ ਮੁਸ਼ਕਿਲ ਨਾਲ ਪ੍ਰਵੇਸ਼ ਪ੍ਰੀਖਿਆ ਦੀ ਤਿਆਰੀ ਕੀਤੀ। ਗਰੀਬੀ, ਮਜਬੂਰੀਆਂ ਆਪਣਾ ਰੰਗ ਦਿਖਾ ਰਹੀਆਂ ਸਨ। ਇਹ ਨਿੱਤ ਦਿਨ ਤੋੜਦੀਆਂ-ਭੰਨਦੀਆਂ, ਪਰ ਸਕਾਰਾਤਮਿਕ ਸਾਹਿਤ ਪੜ੍ਹਨ ਅਤੇ ਅਖ਼ਬਾਰਾਂ ਲਈ ਲਿਖਣ ਕਾਰਨ ਨਿਰਾਸ਼ਾ ਨੂੰ ਛੇਤੀ ਕੀਤੇ ਨੇੜੇ ਨਹੀਂ ਢੁੱਕਣ ਦਿੱਤਾ।
ਖੈਰ! 2012 ਵਿੱਚ ਪੰਜਾਬ ਮੈਡੀਕਲ ਪ੍ਰਵੇਸ਼ ਪ੍ਰੀਖਿਆ ਫ਼ਰੀਦਕੋਟ ਹੋਈ, ਮੈਂ ਦੁਬਾਰਾ ਬਾਰ੍ਹਵੀਂ (ਮੈਡੀਕਲ) ਕਰਕੇ ਦੂਜੀ ਵਾਰ ਪ੍ਰੀਖਿਆ ਦਿੱਤੀ ਸੀ। ਉਸ ਦਿਨ ਵੀ ਫ਼ਰਿਸ਼ਤਾ ਮਦਦ ਲਈ ਅਚਨਚੇਤ ਬਹੁੜਿਆ। ਹੋਇਆ ਇੰਜ ਕਿ ਕਿਸੇ ਕਾਰਨ ਸੜਕ ਜਾਮ ਸੀ। ਪ੍ਰੀਖਿਆ ਕੇਂਦਰ ਪੁੱਜਣਾ ਮੁਸ਼ਕਿਲ ਜਾਪ ਰਿਹਾ ਸੀ। ਬੱਸ ਵਿੱਚੋਂ ਉਤਰ ਕੇ ਇੱਕ ਸਕੂਟਰ ਸਵਾਰ ਦੀ ਮਿੰਨਤ ਕੀਤੀ ਤੇ ਉਹ ਝੱਟ ਮੈਨੂੰ ਉਥੇ ਛੱਡਣ ਲਈ ਰਾਜ਼ੀ ਹੋ ਗਿਆ। ਰਸਤੇ 'ਚ ਉਹ ਆਖ ਰਿਹਾ ਸੀ ਕਿ ਭਲਾਈ ਦਾ ਤਾਂ ਅੱਜਕੱਲ੍ਹ ਜ਼ਮਾਨਾ ਨਹੀਂ ਰਿਹਾ, ਲੋਕ ਗ਼ਲਤ ਲਾਭ ਉਠਾ ਲੈਂਦੇ ਹਨ। ਫਿਰ ਵੀ ਉਹ ਮੈਨੂੰ ਮੇਰੀ ਮੰਜ਼ਿਲ 'ਤੇ ਪਹੁੰਚਾਉਣ ਲਈ ਬਜ਼ਿੱਦ ਸੀ। ਵੇਲੇ ਸਿਰ ਪਸੀਨੋ-ਪਸੀਨੀ ਹੋਇਆ ਪ੍ਰੀਖਿਆ ਕੇਂਦਰ ਅੰਦਰ ਦਾਖ਼ਲ ਹੋਇਆ ਤੇ ਇਮਤਿਹਾਨ ਦਿੱਤਾ। ਅਗਲੇ ਦਿਨ ਡਿਉੂਟੀ ਉਤੇ ਸੀ ਤਾਂ ਕਿਸੇ ਡਾਕਟਰ ਦੀ ਮਿੰਨਤ ਕਰਕੇ ਨਤੀਜਾ ਦੇਖਣ ਲਈ ਕਿਹਾ। ਨਤੀਜਾ ਦੇਖਿਆ ਤਾਂ ਖ਼ੁਦ ਨੂੰ ਯਕੀਨ ਨਾ ਆਵੇ। ਮੈਂ ਪ੍ਰੀਖਿਆ ਪਾਸ ਕਰ ਲਈ ਸੀ ਅਤੇ ਕਿਸੇ ਮੈਡੀਕਲ ਕਾਲਜ ਵਿੱਚ ਐਮ ਬੀ ਬੀ ਐਸ ਕੋਰਸ ਵਿੱਚ ਦਾਖ਼ਲ ਅਰਾਮ ਨਾਲ ਮਿਲ ਜਾਣਾ ਸੀ। ਇਹ ਖ਼ਬਰ ਹਸਪਤਾਲ ਵਿੱਚ ਫੈਲ ਗਈ। ਸਾਰੇ ਡਾਕਟਰਾਂ ਨੇ ਵਧਾਈਆਂ ਦਿੱਤੀਆਂ। ਮੈਡੀਕਲ ਵਿਭਾਗ ਦੇ ਮੁਖੀ ਨੇ ਉਚੇਚਾ ਬੁਲਾ ਕੇ ਸ਼ਾਬਾਸ਼ ਦਿੱਤੀ। ਫਰਿਸ਼ਤਾ ਬਣ ਕੇ ਸਭ ਤੋਂ ਪਹਿਲਾਂ ਬਹੁੜੇ ਡਾਕਟਰ ਨੂੰ ਦੱਸਿਆ ਤਾਂ ਉਹ ਜੋਸ਼ ਨਾਲ ਭਰ ਗਏ, ‘‘ਵਾਹ ਸ਼ੇਰਾ! ਤੂੰ ਇਤਿਹਾਸ ਰਚ ਦਿੱਤਾ!''
ਮੇਰੀ ਮਿਹਨਤ 'ਤੇ ਗਰੀਬੀ ਫਿਰ ਭਾਰੀ ਪੈ ਗਈ ਤੇ ਪ੍ਰਾਈਵੇਟ ਕਾਲਜ ਵਿੱਚ ਮਿਲੀ ਐਮ ਬੀ ਬੀ ਐਸ ਦੀ ਸੀਟ ਮਜਬੂਰੀ ਵਸ ਛੱਡਣੀ ਪਈ। ਮਦਦ ਲਈ ਕਈਆਂ ਕੋਲ ਪਹੁੰਚ ਕੀਤੀ, ਬੈਂਕ ਤੋਂ ਐਜੂਕੇਸ਼ਨ ਲੋਨ ਲਈ ਦੁਹਾਈ ਪਾਈ ਪਰ ਖੇਤ ਮਜ਼ਦੂਰ ਦਾ ਬੱਚਾ ਹੋਣ ਕਾਰਨ ਗੱਲ ਸਿਰੇ ਨਾ ਲੱਗੀ, ਮੰਜ਼ਿਲ ਨੇੜੇ ਪੁੱਜ ਕੇ ਪੈਰ ਫਿਰ ਪਿਛਾਂਹ ਆ ਗਏ। ਅੰਦਰ ਹੀ ਅੰਦਰ ਬੜਾ ਕੁਝ ਤਿੜਕਿਆ। ਇਥੇ ਵੀ ਸਾਹਿਤ ਨੇ ਮੇਰੀ ਬਾਂਹ ਫੜੀ। 2013 'ਚ ਮਿਲੀ ਬੀ ਡੀ ਐਸ ਸੀਟ ਮੈਂ ਆਪੇ ਛੱਡ ਦਿੱਤੀ ਸੀ, ਅੱਗੋਂ ਬੀ ਏ ਐਮ ਐਸ ਕੋਰਸ ਕਰਨ ਦਾ ਮਨ ਬਣਾਇਆ। ਇਸ ਕੋਰਸ ਦੀ ਫੀਸ ਐਮ ਬੀ ਬੀ ਐਸ ਦੇ ਮੁਕਾਬਲੇ ਕਾਫੀ ਘੱਟ ਸੀ। ਇਥੇ ਵੀ ਬਹੁਤੇ ਲੋਕਾਂ ਨੇ ਆਪਣੀ ਨੇਕ ਕਮਾਈ ਨਾਲ ਮੇਰੀ ਫੀਸ ਭਰੀ ਅਤੇ ਡਿਗਰੀ ਦੇ ਨਾਲ ਕੰਮ ਕਰਨ ਦੀ ਆਦਤ ਨੇ ਸਿਰੜ ਕਾਇਮ ਰੱਖਿਆ। ਇਸ ਰਾਜ ਪੱਧਰੀ ਪ੍ਰਵੇਸ਼ ਪ੍ਰੀਖਿਆ 'ਚ ਮੇਰਾ 99ਵੇਂ ਰੈਂਕ ਆਇਆ ਤੇ ਇੱਕ ਨਾਮਵਰ ਪ੍ਰਾਈਵੇਟ ਮੈਡੀਕਲ ਕਾਲਜ ਤੋਂ ਬੀ ਏ ਐਮ ਐਸ ਦੀ ਡਿਗਰੀ ਪੂਰੀ ਕਰਕੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਜ਼ੀਡੈਂਟ ਮੈਡੀਕਲ ਅਫਸਰ ਲੱਗਾ ਹਾਂ। ਵਾਰਡ ਬੁਆਏ ਤੋਂ ਡਾਕਟਰ ਬਣਨ ਦੇ ਇਸ ਸਫ਼ਰ ਦੌਰਾਨ ਮਦਦ ਲਈ ਬਹੁੜੇ ਲੋਕਾਂ ਨੇ ਸਦਾ ਫ਼ਰਿਸ਼ਤਿਆਂ ਦੀ ਆਮਦ ਦਾ ਅਹਿਸਾਸ ਦਿਵਾਇਆ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ