ਪੁਸਤਕਾਂ ਉੱਪਰ ਵਿਦਵਤਾ-ਭਰਪੂਰ ਪੇਪਰ ਪੜ੍ਹੇ ਗਏ ਤੇ ਲੇਖਕ ਨੂੰ ਸੁੱਭ-ਇੱਛਾਵਾਂ ਦਿੱਤੀਆਂ ਗਈਆਂ
ਬਰੈਂਪਟਨ, (ਡਾ. ਝੰਡ) -ਲੰਘੇ ਸ਼ਨੀਵਾਰ 4 ਜਨਵਰੀ ਨੂੰ ਬਰੈਂਪਟਨ ਦੇ 'ਸਪਰੈਂਜ਼ਾ ਹਾਲ' ਵਿਚ ਸਾਹਿਤ-ਪ੍ਰੇਮੀਆਂ ਦੇ ਭਰਵੇਂ ਇਕੱਠ ਵਿਚ ਡਾ. ਗੁਰਬਖ਼ਸ਼ ਸਿੰਘ ਭੰਡਾਲ ਦੀਆਂ ਦੋ ਪੁਸਤਕਾਂ 'ਰੂਹ ਰੇਜ਼ਾ' (ਕਾਵਿ-ਸੰਗ੍ਰਹਿ) ਅਤੇ 'ਧੁੱਪ ਦੀਆਂ ਕਣੀਆਂ' (ਵਾਰਤਕ) ਬਰੈਂਪਟਨ ਦੇ ਦੋ ਪਾਰਲੀਮੈਂਟ ਮੈਂਬਰਾਂ ਕਮਲ ਖਹਿਰਾ ਅਤੇ ਰੂਬੀ ਸਹੋਤਾ ਵੱਲੋਂ ਲੋਕ-ਅਰਪਿਤ ਕੀਤੀਆਂ ਗਈਆਂ। ਵਿਦਵਾਨਾਂ ਵੱਲੋਂ ਇਨ੍ਹਾਂ ਦੋਹਾਂ ਪੁਸਤਕਾਂ ਅਤੇ ਡਾ. ਭੰਡਾਲ ਦੀ ਲਿਖਣ-ਕਲਾ ਦੇ ਵੱਖ-ਵੱਖ ਪਹਿਲੂਆਂ ਬਾਰੇ ਵਿਦਵਾਨਾਂ ਵੱਲੋਂ ਬੜੀ ਮਿਹਨਤ ਨਾਲ ਲਿਖੇ ਗਏ ਪੇਪਰ ਪੜ੍ਹੇ ਗਏ।
ਇਕਬਾਲ ਬਰਾੜ ਦੀ ਸੁਰੀਲੀ ਆਵਾਜ਼ ਵਿਚ ਡਾ. ਭੰਡਾਲ ਦੀ ਆਪਣੇ ਪਿੰਡ ਬਾਰੇ ਲਿਖੀ ਇਕ ਭਾਵੁਕ ਕਵਿਤਾ ਦੇ ਖ਼ੂਬਸੂਰਤ ਗਾਇਨ ਨਾਲ ਸਮਾਗ਼ਮ ਦੀ ਸ਼ੁਰੂਆਤ ਕਰਦਿਆਂ ਮੰਚ-ਸੰਚਾਲਕ ਕਵਿੱਤਰੀ ਤੇ ਰੰਗ-ਕਰਮੀ ਪਰਮਜੀਤ ਦਿਓਲ ਵੱਲੋਂ ਇਲੈੱਕਟ੍ਰਾਨਿਕ-ਮੀਡੀਆ ਨਾਲ ਲੰੇਮੇਂ ਸਮੇਂ ਤੋਂ ਜੁੜੇ ਇਕਬਾਲ ਮਾਹਲ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ ਜਿਨ੍ਹਾਂ ਨੇ ਡਾ. ਭੰਡਾਲ ਨਾਲ ਆਪਣੀ ਦੋਸਤੀ ਤੇ ਨੇੜਤਾ ਨੂੰ ਯਾਦ ਕਰਦਿਆਂ ਆਏ ਸਮੂਹ ਮਹਿਮਾਨਾਂ ਨੂੰ ਨਿੱਘੀ ਜੀ-ਆਇਆਂ ਕਹੀ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਦੀ ਵਾਰਤਕ ਕਵਿਤਾ ਵਰਗੀ ਹੈ ਅਤੇ ਉਸ ਦੀ ਖੁੱਲ੍ਹੀ ਕਵਿਤਾ ਕਈ ਵਾਰ ਵਾਰਤਕ ਦਾ ਭੁਲੇਖਾ ਪਾਉਂਦੀ ਹੈ। ਉਪਰੰਤ, ਬਰੈਂਪਟਨ ਵੈੱਸਟ ਦੀ ਐੱਮ.ਪੀ. ਤੇ ਪਾਰਲੀਮੈਂਟ ਸਕੱਤਰ ਕਮਲ ਖਹਿਰਾ ਅਤੇ ਬਰੈਂਪਟਨ ਨੌਰਥ ਦੀ ਪਾਰਲੀਮੈਂਟ ਮੈਂਬਰ ਰੂਬੀ ਸਹੋਤਾ ਵੱਲੋਂ ਡਾ. ਭੰਡਾਲ ਦੀਆਂ ਦੋਵੇਂ ਪੁਸਤਕਾਂ ਸਾਂਝੇ ਤੌਰ 'ਤੇ ਲੋਕ-ਅਰਪਿਤ ਕੀਤੀਆਂ ਗਈਆਂ। ਆਪਣੇ ਸੰਬੋਧਨਾਂ ਵਿਚ ਦੋਹਾਂ ਨੇ ਡਾ. ਭੰਡਾਲ ਨੂੰ ਪੰਜਾਬੀ ਸਾਹਿਤ ਵਿਚ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਲਈ ਸ਼ੁੱਭ-ਇੱਛਾਵਾਂ ਦਿੱਤੀਆਂ ਅਤੇ ਇਸ ਨਵੇਂ ਸਾਲ 2020 ਵਿਚ ਪੰਜਾਬੀ ਪੁਸਤਕਾਂ ਪੜ੍ਹਨ ਦੀ ਆਪਣੀ ਰੁਚੀ ਵਿਚ ਵਾਧਾ ਕਰਨ ਬਾਰੇ ਦੱਸਿਆ। ਰੂਬੀ ਸਹੋਤਾ ਵੱਲੋਂ ਇਸ ਮੌਕੇ ਡਾ. ਭੰਡਾਲ ਨੂੰ ਪ੍ਰਸ਼ੰਸਾ-ਸਰਟੀਫ਼ੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ।
ਸਮਾਗ਼ਮ ਦੇ ਅਗਲੇ ਪੜਾਅ ਵਿਚ ਵਿਦਵਾਨਾਂ ਵੱਲੋਂ ਦੋਹਾਂ ਪੁਸਤਕਾਂ ਸਬੰਧੀ ਆਪਣੇ ਪੇਪਰ ਪੜ੍ਹੇ ਗਏ। ਪਹਿਲੇ ਬੁਲਾਰੇ ਜਸਬੀਰ ਕਾਲਰਵੀ ਨੇ ਆਪਣੇ ਪੇਪਰ 'ਸੁਹਜ-ਯੁਕਤ ਤੇ ਰਾਜ਼ੀ ਰੂਹ ਦਾ ਲੈਅ-ਬੱਧ ਪ੍ਰਵਚਨ: ਰੂਹ ਰੇਜ਼ਾ' ਵਿਚ ਡਾ. ਭੰਡਾਲ ਦੀ ਕਵਿਤਾ ਨੂੰ ਰੂਹ ਨੂੰ ਰਾਜ਼ੀ ਕਰਨ ਵਾਲੀ ਕਵਿਤਾ ਕਿਹਾ। ਕਾਵਿ-ਪੁਸਤਕ 'ਰੂਹ ਰੇਜ਼ਾ' ਦੀ ਇਕ ਕਵਿਤਾ 'ਠਰੇ ਅਰਥ' ਦੇ ਕਈ ਵਿਰੋਧੀ ਸ਼ਬਦਾਂ 'ਮੌਲੀ-ਫ਼ਤਵਾ', 'ਔੜ-ਸਮੁੰਦਰ', ‘ਪੀੜਾ-ਮਰ੍ਹਮ’, 'ਮੰਗਤਾ-ਅੱਲਾ', ਆਦਿ ਦਾ ਹਵਾਲਾ ਦਿੰਦਿਆਂ ਉਨ੍ਹਾਂ ਕਿਹਾ ਕਿ ਸਾਡੇ ਜੀਵਨ ਵਿਚ ਬਹੁਤ ਕੁਝ ਮਸਨੂਈ ਹੈ ਜਿਸ ਵਿਚ ਸਾਡਾ ਬੋਲ-ਚਾਲ, ਵਰਤੋਂ-ਵਿਹਾਰ, ਇੱਥੋਂ ਤੀਕ ਕਿ ਸਾਡਾ ਹਾਸਾ-ਮਖ਼ੌਲ ਅਤੇ ਸਾਹਿਤ ਵੀ ਸ਼ਾਮਲ ਹੈ। ਅਗਲੇ ਬੁਲਾਰੇ ਉਂਕਾਰਪ੍ਰੀਤ ਨੇ ਆਪਣੇ ਪਰਚੇ 'ਰੂਹ ਰੇਜ਼ੇ ਸਮਿਆਂ ਦੀ ਸ਼ਾਇਰੀ' ਵਿਚ ਕਿਹਾ ਕਿ ਕਵਿਤਾ ਮਨੁੱਖੀ ਮਨ ਦਾ ਉਸ ਦੇ ਆਲੇ-ਦੁਆਲੇ ਚੱਲ ਰਹੀਆਂ ਸਮਾਜਿਕ-ਪ੍ਰਸਥਿਤੀਆਂ ਦਾ ਕਾਵਿਕ-ਪ੍ਰਗਟਾਅ ਹੈ। ਉਨ੍ਹਾਂ ਕਿਹਾ ਕਿ ਡਾ. ਭੰਡਾਲ ਦੀ ਕਵਿਤਾ ਬੇਸ਼ਕ ਛੰਦ-ਬੱਧ ਨਹੀਂ ਹੈ ਪਰ ਇਸ ਵਿਚ ਛੰਦਬੰਦੀ ਕਵਿਤਾ ਵਾਲੇ ਲੱਗਭੱਗ ਸਾਰੇ ਹੀੇ ਗੁਣ ਮੌਜੂਦ ਹਨ। ਉਨ੍ਹਾਂ ਅਨੁਸਾਰ ਇਸ ਪੁਸਤਕ ਦਾ ਬੰਦ-ਬੰਦ ਸ਼ਾਇਰਾਨਾ ਤੇ ਰੌਚਕਤਾ ਭਰਿਆ ਹੈ।
ਕਵਿੱਤਰੀ ਸੁਰਜੀਤ ਕੌਰ ਨੇ ਆਪਣੇ ਪੇਪਰ 'ਰੂਹ ਰੇਜ਼ਾ ਇਕ ਸਾਹਿਤਕ ਮੁਲਾਂਕਣ' ਵਿਚ ਕਿਹਾ ਡਾ. ਭੰਡਾਲ ਦੀ ਕਵਿਤਾ ਸਮੇਂ ਦੀ ਹਾਣੀ ਹੈ। ਇਸ ਵਿਚ ਸੁਹਜ, ਸਹਿਜ, ਉਦਾਸੀਨਤਾ, ਆਸ਼ਾ, ਨਿਰਾਸ਼ਾ, ਵੇਦਨਾ, ਸੰਵੇਦਨਾ, ਆਦਿ ਸੱਭ ਕੁਝ ਮੌਜੂਦ ਹੈ। ਭੰਡਾਲ ਕੋਲ ਸ਼ਬਦਾਂ ਦਾ ਭੰਡਾਰ ਹੈ ਅਤੇ ਉਸ ਕੋਲ ਇਨ੍ਹਾਂ ਨੂੰ ਜੜਨ ਦੀ ਸੋਹਣੀ ਜੁਗਤ ਹੈ। ਡਾ. ਜਤਿੰਦਰ ਰੰਧਾਵਾ ਨੇ ਭੰਡਾਲ ਦੀ ਸ਼ਾਇਰੀ ਦੇ ਕਾਵਿਕ ਰੰਗਾਂ ਸੁਹਜ, ਲੈਅ, ਅਲੰਕਾਰ, ਨਿਰਾਸ਼ਾਵਾਦ, ਵੈਣ ਆਦਿ ਬਾਰੇ ਗੱਲ ਕਰਦਿਆਂ ਕਿਹਾ ਕਿ ਇਸ ਵਿਚ ਮੌਲਿਕਤਾ ਦੀ ਖ਼ੁਸ਼ਬੋ ਹੈ। ਸ਼ਾਇਰ ਮਲਵਿੰਦਰ ਨੇ ਡਾ. ਭੰਡਾਲ ਦੀਆਂ ਦੋਹਾਂ ਪੁਸਤਕਾਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ ਲੇਖਕ ਨੂੰ ਸ਼ਾਇਰੀ ਅਤੇ ਵਾਰਤਕ ਦੋਹਾਂ ਖ਼ੇਤਰਾਂ ਵਿਚ ਵਿਸ਼ੇਸ਼ ਸਥਾਨ ਪ੍ਰਾਪਤ ਕਰਨ ਲਈ ਮੁਬਾਰਬਾਦ ਦਿੱਤੀ। ਪ੍ਰੋ.ਜਗੀਰ ਸਿੰਘ ਕਾਹਲੋਂ ਨੇ ਭੰਡਾਲ ਦੀ ਸ਼ਾਇਰੀ ਜਿਸ ਵਿਚ ਅੰਮ੍ਰਿਤਾ ਪ੍ਰੀਤਮ ਤੇ ਸਿ਼ਵ ਕੁਮਾਰ ਦੀ ਸਾ਼ਇਰੀ ਦੇ ਝਾਉਲੇ ਪੈਂਦੇ ਹਨ, ਨੂੰ ਪੰਜਾਬੀ ਕਵਿਤਾ ਦੀ ਵਿਰਾਸਤ ਨੂੰ ਸਾਂਭਣ ਦਾ ਯਤਨ ਦੱਸਿਆ। ਉਨਾਂ ਕਿਹਾ ਕਿ ਭੰਡਾਲ ਆਪਣੀ ਸ਼ਾਇਰੀ ਨੂੰ ਘੋਰ-ਸੰਕਟ ਵਿਚ ਫਸੇ ਮਨੁੱਖ ਦੀ ਬੰਦ-ਖ਼ਲਾਸੀ ਲਈ ‘ਹਾਅ ਦਾ ਨਾਅਰਾ’ ਮਾਰਦਾ ਹੈ ਅਤੇ ਇਹ ਨਾਅਰਾ ਉਸ ਦੇ ਨਾਲ ਕੁਝ ਮੇਲ਼ ਖਾਂਦਾ ਹੈ ਜੋ ਮਲੇਰਕੋਟਲੇ ਦੇ ਨਵਾਬ ਨੇ ‘ਛੋਟੇ-ਸਾਹਿਬਜ਼ਾਦਿਆਂ’ ਦੀ ਸ਼ਹੀਦੀ ਸਮੇਂ ਮਾਰਿਆ ਸੀ। ਨਾਵਲ ਤੇ ਕਹਾਣੀ ਲੇਖਕ ਕੁਲਜੀਤ ਮਾਨ ਨੇ 'ਹੋ ਸਕਣ' ਅਤੇ 'ਹੋ ਜਾਣ' ਦੇ ਫ਼ਰਕ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਕਿਹਾ ਕਿ ਕਈ ਵਾਰ ਮਨੁੱਖ ਦੀ ਚੁੱਪ ਹੀ ਸ਼ਬਦਾਂ ਨਾਲੋਂ ਵਧੇਰੇ ਕਈ ਕੁਝ ਪ੍ਰਗਟਾਅ ਜਾਂਦੀ ਹੈ। ਡਾ. ਭੰਡਾਲ ਦੀ ਕਾਵਿਕਤਾ ਦੀ ਸ਼ਲਾਘਾ ਕਰਦਿਆਂ ਹੋਇਆਂ ਉਨ੍ਹਾਂ ਕਿਹਾ ਕਿ ਭੰਡਾਲ ਦੀ ਕਵਿਤਾ ਉਸ ਚੁੱਪ ਨਾਲ ਸੰਵਾਦ ਰਚਾਉਂਦੀ ਹੈ।
'ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ' ਵੱਲੋਂ ਡਾ. ਸੁਖਦੇਵ ਸਿੰਘ ਝੰਡ ਨੇ ਡਾ. ਭੰਡਾਲ ਦੇ ਵਿਗਿਆਨਕ-ਪਿਛੋਕੜ ਦੀ ਗੱਲ ਕਰਦਿਆਂ ਹੋਇਆਂ ਉਨ੍ਹਾਂ ਵੱਲੋਂ ਵਿਗਿਆਨ ਸਬੰਧੀ ਲਿਖੀਆਂ ਗਈਆਂ ਪੁਸਤਕਾਂ 'ਗਾਡ ਪਾਰਟੀਕਲ' ਅਤੇ 'ਕਾਇਆ ਦੀ ਕੈਨਵੈੱਸ' ਦਾ ਵਿਸ਼ੇਸ਼ ਜਿ਼ਕਰ ਕਰਦਿਆਂ ਕਿਹਾ ਕਿ ਇਨ੍ਹਾਂ ਦੇ ਨਾਲ਼਼ ਹੀ ਭੰਡਾਲ ਨੇ ਬਹੁਤ ਵਧੀਆ ਕਵਿਤਾ ਅਤੇ ਵਾਰਤਕ ਲਿਖੀ ਹੈ ਜਿਸ ਦਾ ਪ੍ਰਤੱਖ ਸਬੂਤ ਉਨ੍ਹਾਂ ਦੀਆਂ ਡੇਢ ਦਰਜਨ ਤੋਂ ਵਧੀਕ ਪੁਸਤਕਾਂ ਹਨ। 'ਕਲਮਾਂ ਦਾ ਕਾਫ਼ਲਾ' ਦੇ ਕੋਆਰਡੀਨੇਟਰ ਕੁਲਵਿੰਦਰ ਖਹਿਰਾ ਨੇ ਆਪਣੇ ਸੰਬੋਧਨ ਵਿਚ ਡਾ. ਭੰਡਾਲ ਦੀ ਕਵਿਤਾ ਵਿਚ ਕਾਵਿਕਤਾ, ਰੌਚਕਤਾ ਅਤੇ ਰਵਾਨਗੀ ਹੈ। ਉਨ੍ਹਾਂ ਡਾ. ਭੰਡਾਲ ਦੇ ਨਿੱਘੇ ਸੁਭਾਅ, ਹਰੇਕ ਨਾਲ ਦੋਸਤੀ, ਪ੍ਰੇਮ-ਪਿਆਰ ਅਤੇ ਮਿਲਵਰਤਣ ਦੀ ਗੱਲ ਕੀਤੀ।
ਉੱਘੇ ਵਿਦਵਾਨ ਡਾ. ਨਾਹਰ ਸਿੰਘ ਨੇ ਡਾ. ਭੰਡਾਲ ਦੀ ਕਵਿਤਾ ਦੇ ਨਾਲ-ਨਾਲ਼ ਉਸ ਦੀ ਵਾਰਤਕ-ਸ਼ੈਲੀ ਦੀ ਭਰਪੂਰ ਸ਼ਲਾਘਾ ਕਰਦਿਆਂ ਹੋਇਆਂ ਉਸ ਨੂੰ ਵਾਰਤਕ ਵਿਚ ਵਿਗਿਆਨ ਦੇ ਬਾਰੇ ਲਿਖਣ ਦੀ ਪ੍ਰੇਰਨਾ ਕੀਤੀ। ਉਨ੍ਹਾਂ ਦਾ ਕਹਿਣਾ ਸੀ ਕਿ ਵਿਗਿਆਨ ਵਿਚ ਪੰਜਾਬੀ ਦੀਆਂ ਮਿਆਰੀ ਪੁਸਤਕਾਂ ਦੀ ਬੜੀ ਘਾਟ ਹੈ। ਭੰਡਾਲ ਕੋਲ ਪੰਜਾਬੀ ਦੇ ਸ਼ਬਦਾਂ ਦੀ ਭਰਮਾਰ ਹੈ ਅਤੇ ਉਹ ਇਸ ਨੂੰ ਵਿਗਿਆਨ ਦੇ ਖ਼ੇਤਰ ਵਿਚ ਬੜੀ ਆਸਾਨੀ ਨਾਲ ਵਰਤ ਸਕਦੇ ਹਨ। ਡਾ. ਭੰਡਾਲ ਦੀ ਕਾਵਿ ਪੁਸਤਕ 'ਰੂਹ-ਰੇਜ਼ਾ' ਦੀ ਪਹਿਲੀ ਕਵਿਤਾ 'ਸੁੱਖ਼ਨ-ਸਬੂਰੀ' ਦੇ ਹਵਾਲੇ ਨਾਲ ਸੱਭਿਆਚਾਰ ਤੋਂ ਆਪਣੀ ਗੱਲ ਸ਼ੁਰੂ ਕਰਦਿਆਂ ਵਿਦਵਾਨ ਪ੍ਰੋ. ਰਾਮ ਸਿੰਘ ਨੇ ਕਿਹਾ ਕਿ ਪਹਿਲਾਂ ਇਸ ਵਿੱਚੋਂ ਭਾਸ਼ਾ ਉਪਜਦੀ ਹੈ, ਫਿਰ ਧਰਮ ਪੈਦਾ ਹੁੰਦਾ ਹੈ ਅਤੇ ਇਸ ਦੇ ਨਾਲ ਹੀ ਸ਼ਬਦਾਂ ਦਾ ਵਿਰੋਧਾਭਾਸ ਸ਼ੁਰੂ ਹੁੰਦਾ ਹੈ। ਉਨ੍ਹਾਂ ਡਾ. ਭੰਡਾਲ ਵੱਲੋਂ ਆਪਣੀਆਂ ਪੁਸਤਕਾਂ ਵਿਚ ਵਰਤੇ ਗਏ ਕਈ ਨਵੇਂ ਸ਼ਬਦਾਂ ਲਈ ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਖ਼ਾਸ ਕਰਕੇ ਉਰਦੂ ਜ਼ਬਾਨ ਵਿੱਚੋਂ ਲਏ ਗਏ ਕਈ ਸ਼ਬਦਾਂ ਂਲਿਬਰੇਜ਼ੀ’,‘ਲਿਬਰੇਜ਼ਤਾ’,‘ਰੰਗਰੇਜ਼ਤਾ’, ‘ਨਿਆਜ਼ਤਾ’,‘ਸਹਿਜਤਾ’,‘ਸਾਇਸਤਗੀ’,‘ਪਾਕੀਜ਼ਗੀ’,ਆਦਿ ਦੇੇ ਪੰਜਾਬੀਕਰਨ ਦੀ ਭਰਪੂਰ ਸ਼ਲਾਘਾ ਕੀਤੀ। ਇਨ੍ਹਾਂ ਤੋਂ ਇਲਾਵਾ ਸਮਾਜ-ਸੇਵੀ ਇੰਦਰਜੀਤ ਸਿੰਘ ਬੱਲ, ਰੇਡੀਓ 'ਪੰਜਾਬੀ ਲਹਿਰਾਂ' ਦੇ ਸੰਚਾਲਕ ਸਤਿੰਦਰਪਾਲ ਸਿੱਧਵਾਂ, ਆਸਟ੍ਰੇਲੀਆ ਤੋਂ ਆਏ ਗ਼ਜ਼ਲਗੋ ਰੁਪਿੰਦਰ ਸੋਜ਼ ਅਤੇ ਕਈ ਹੋਰਨਾਂ ਨੇ ਵੀ ਇਸ ਮੌਕੇ ਆਪਣੇ ਵਿਚਾਰ ਪੇਸ਼ ਕੀਤੇ। ਸਮਾਗ਼ਮ ਦੇ ਅਖ਼ੀਰ ਵਿਚ ਡਾ. ਭੰਡਾਲ ਵੱਲੋਂ ਸਮੂਹ ਬੁਲਾਰਿਆਂ ਅਤੇ ਸਰੋਤਿਆਂ ਦਾ ਇਸ ਸਮਾਗ਼ਮ ਵਿਚ ਆਉਣ ਲਈ ਹਾਰਦਿਕ ਧੰਨਵਾਦ ਕੀਤਾ ਗਿਆ।
ਇਸ ਮੌਕੇ ਸਰੋਤਿਆਂ ਵਿਚ ਕਰਨ ਅਜਾਇਬ ਸਿੰਘ ਸੰਘਾ, ਬਲਰਾਜ ਚੀਮਾ, ਪੂਰਨ ਸਿੰਘ ਪਾਂਧੀ, ਗੁਰਦੇਵ ਸਿੰਘ ਮਾਨ, ਹਰਬੰਸ ਸਿੰਘ ਜੰਡਾਲੀ, ਤਲਵਿੰਦਰ ਮੰਡ, ਪਰਮਜੀਤ ਢਿੱਲੋਂ, ਪਰਮਜੀਤ ਸਿੰਘ ਗਿੱਲ, ਗੁਰਦਿਆਲ ਬੱਲ, ਬਲਦੇਵ ਦੂਹੜੇ, ਦਰਸ਼ਨ ਸਿੰਘ ਦਰਸ਼ਨ, ਜਸਵਿੰਦਰ ਸਿੰਘ, ਸੁਖਦੇਵ ਭੰਡਾਲ, ਗੁਰਬਚਨ ਸਿੰਘ ਛੀਨਾ, ਇਕਬਾਲ ਛੀਨਾ, ਨੀਟਾ ਬਲਵਿੰਦਰ, ਰਿੰਟੂ ਭਾਟੀਆ, ਸੁਰਿੰਦਰਜੀਤ, ਸਰਬਜੀਤ ਕਾਹਲੋਂ, ਸੁੰਦਰਪਾਲ ਰਾਜਾਸਾਂਸੀ ਤੇ ਹੋਰ ਬਹੁਤ ਸਾਰੇ ਸ਼ਾਮਲ ਸਨ। ਪੰਜਾਬੀ ਮੀਡੀਆ ਵੱਲੋਂ ‘ਪੰਜਾਬੀ ਪੋਸਟ’ ਦੇ ਮੁੱਖ-ਸੰਪਾਦਕ ਜਗਦੀਸ਼ ਗਰੇਵਾਲ, ‘ਖ਼ਬਰਨਾਮਾ ਦੇ ਮੁੱਖ-ਸੰਪਾਦਕ ਬਲਰਾਜ ਦਿਓਲ, ‘ਸਿੱਖ ਸਪੋਕਸਮੈਨ’ ਤੋਂ ਸੁਖਦੇਵ ਸਿੰਘ ਝੰਡ, ‘ਅਜੀਤ ਜਲੰਧਰ’ ਦੇ ਪ੍ਰਤੀਨਿਧ ਹਰਜੀਤ ਬਾਜਵਾ, ਰੇਡੀਓ 'ਸਰਗਮ' ਦੇ ਸੰਚਾਲਕ ਡਾ. ਬਲਵਿੰਦਰ, ‘ਪੰਜਾਬੀ ਲਹਿਰਾਂ’ ਦੇ ਸਤਿੰਦਰਪਾਲ ਸਿੱਧਵਾਂ, 'ਗੁਣਤਾਸ' ਦੇ ਮਿਸਟਰ ਤੱਗੜ, ‘ਜ਼ੀ ਪੰਜਾਬੀ’ ਤੇ ਹੋਰ ਪੰਜਾਬੀ ਟੀ.ਵੀ. ਚੈਨਲਾਂ ਦੀ ਨੁਮਾਂਇੰਦਗੀ ਕਰਨ ਵਾਲੇ ਚਮਕੌਰ ਮਾਛੀਕੇ ਅਤੇ ‘ਪਰਵਾਸੀ’, ‘ਹਮਦਰਦ’ ਤੇ ਕਈ ਹੋਰ ਟੀ.ਵੀ. ਚੈਨਲਾਂ ਦੇ ਨੁਮਾਂਇੰਦਿਆਂ ਨੇ ਭਰਪੂਰ ਸਿ਼ਰਕਤ ਕੀਤੀ।
ਇਸ ਤਰ੍ਹਾਂ ਇਹ ਸਮਾਗ਼ਮ ਅਦੀਬਾਂ, ਵਿਦਵਾਨਾਂ, ਮੀਡੀਆ-ਕਰਮੀਆਂ ਅਤੇ ਸਾਹਿਤ-ਪ੍ਰੇਮੀਆਂ ਦਾ ਇਕ ਵੱਡਾ ਸਮੂਹ ਸੀ ਜਿਸ ਵਿਚ ਡਾ. ਭੰਡਾਲ ਦੀਆਂ ਦੋਹਾਂ ਪੁਸਤਕਾਂ ਦਾ ਲੋਕ-ਅਰਪਨ ਬੜੈ ਸ਼ਾਨੋ-ਸ਼ੋਕਤ ਨਾਲ ਹੋਇਆ ਅਤੇ ਇਨ੍ਹਾਂ ਬਾਰੇ ਭਰਪੂਰ ਚਰਚਾ ਹੋਈ। ਇੱਥੇ ਇਹ ਵੀ ਜਿ਼ਕਰਯੋਗ ਹੈ ਕਿ ਇਸ ਸਮਾਗ਼ਮ ਵਿਚ ਡਾ. ਭੰਡਾਲ ਦੀ ਕਵਿਤਾ ਦੀ ਪੁਸਤਕ ‘ਰੂਹ ਰੇਜ਼ਾ’ ਦੀ ਚਰਚਾ ਵਾਰਤਕ-ਪੁਸਤਕ ‘ਧੁੱਪ ਦੀਆਂ ਕਣੀਆਂ’ ਨਾਲੋਂ ਵਧੇਰੇ ਹੋਈ। ਇਸ ਦਾ ਕਾਰਨ ਸ਼ਾਇਦ ਪੇਪਰ ਪੜ੍ਹਨ ਵਾਲਿਆਂ ਤੇ ਬੁਲਾਰਿਆਂ ਵਿਚ ਕਵੀਆਂ ਦੀ ਗਿਣਤੀ ਵੱਧ ਹੋਣਾ ਜਾਂ ਫਿਰ ਲੋਕਾਂ ਦੀ ਕਵਿਤਾ ਵਿਚ ਵਧੇਰੇ ਦਿਲਚਸਪੀ ਹੋਣਾ ਸੀ। ਇਸ ਦੇ ਨਾਲ ਹੀ ਸਮਾਗ਼ਮ ਵਿਚ ਬੁਲਾਰਿਆਂ ਦੀ ਗਿਣਤੀ ਵਧੇਰੇ ਹੋਣ ਕਾਰਨ ਕਾਫ਼ੀ ਲੰਮਾਂ ਸਮਾਂ ਚੱਲੇ ਇਸ ਸਮਾਗ਼ਮ ਦਾ ਪਿਛਲਾ ਭਾਗ ਸਰੋਤਿਆਂ ਲਈ ਕੁਝ ਉਕਾਊ ਵੀ ਹੋ ਗਿਆ। ਇਸ ਤੋਂ ਇਲਾਵਾ ਰਾਜਸੀ-ਨੇਤਾਵਾਂ ਵੱਲੋਂ ਪੁਸਤਕ ਦੇ ਲੋਕ-ਅਰਪਣ ਅਤੇ ਭਾਸ਼ਨ ਕਰਨ ਤੋਂ ਬਾਅਦ ਜਲਦੀ ਹੀ ਉੱਥੋਂ ਜਾਣ ਸਮੇਂ ਚੱਲ ਰਹੇ ਸਮਾਗ਼ਮ ਵਿਚ ਇਕ ਵਾਰ ਤਾਂ ਕਾਫ਼ੀ ਵਿਘਨ ਜਿਹਾ ਪੈ ਗਿਆ। ਚੰਗਾ ਹੁੰਦਾ, ਜੇਕਰ ਇਸ ਸਮਾਗ਼ਮ ਨੂੰ ਰਾਜਸੀ-ਰੰਗਤ ਦੇਣ ਤੋਂ ਦੂਰ ਨਿਰੋਲ ਸਾਹਿਤਕ ਹੀ ਰਹਿਣ ਦਿੱਤਾ ਜਾਂਦਾ।