Welcome to Canadian Punjabi Post
Follow us on

12

July 2025
 
ਸੰਪਾਦਕੀ

ਧਰਮ ਅਤੇ ਸਿਆਸਤ ਦਰਮਿਆਨ ਘੱਟਦੀਆਂ ਦੂਰੀਆਂ ਉੱਤੇ ਉੱਭਰਦੇ ਸੁਆਲ

December 10, 2019 09:46 AM

ਬੀਤੇ ਦਿਨੀਂ ਬਰੈਂਪਟਨ ਕਾਉਂਸਲ ਕੋਲ ਕੁੱਝ ਚਰਚਾਂ ਦੇ ਅਧਿਕਾਰੀ ਮੰਗ ਲੈ ਕੇ ਗਏ ਕਿ ਦਸੰਬਰ ਮਹੀਨੇ ਨੂੰ ‘ਕ੍ਰਿਸਚੀਅਨ ਹੈਰੀਟੇਜ ਮੰਥ’ ਵਜੋਂ ਮਨਾਇਆ ਜਾਣਾ ਚਾਹੀਦਾ ਹੈ ਕਿਉਂਕਿ ਕ੍ਰਿਸਮਿਸ ਹੋਣ ਕਾਰਣ ਇਹ ਈਸਾਈ ਮੱਤ ਦਾ ਸੱਭ ਤੋਂ ਅਹਿਮ ਮਹੀਨਾ ਹੈ। ਸਮਝਿਆ ਜਾਂਦਾ ਹੈ ਕਿ ਇਸ ਮੰਗ ਪਿੱਛੇ ਇੱਕ ਕਾਰਣ ਕੁੱਝ ਈਸਾਈ ਗਰੁੱਪਾਂ ਵਿੱਚ ਪੈਦਾ ਹੋਈ ਇਹ ਭਾਵਨਾ ਹੈ ਕਿ ਜਦੋਂ ਸਿੱਖ ਹੈਰੀਟੇਜ ਮੰਥ ਜਾਂ ਹਿੰਦੂ ਹੈਰੀਟੇਜ ਮੰਥ ਆਦਿ ਮਨਾਏ ਜਾਂਦੇ ਹਨ ਤਾਂ ਕ੍ਰਿਸੀਚੀਅਨ ਹੈਰੀਟੇਜ ਮੰਥ ਮਨਾਇਆ ਜਾਣਾ ਵੀ ਲਾਜ਼ਮੀ ਗੱਲ ਹੈ। ਬਰੈਂਪਟਨ ਕਾਉਂਸਲ ਨੇ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਕ੍ਰਿਸਚੀਅਨ ਮੰਥ ਨੂੰ ਆਗਿਆ ਦੇ ਦਿੱਤੀ ਹੈ। ਸਤਹੀ ਪੱਧਰ ਉੱਤੇ ਇਹ ਇੱਕ ਸੁਭਾਵਿਕ ਪ੍ਰਕਿਰਿਆ ਹੈ ਪਰ ਵਾਰਡ ਨੰਬਰ 3 ਅਤੇ 4 ਤੋਂ ਸਿਟੀ ਕਾਉਂਸਲਰ ਮਾਰਟਿਨ ਮੀਡੋਰਿਸ ਦਾ ਆਖਣਾ ਹੈ ਕਿ ਇਸ ਗੱਲ ਉੱਤੇ ਵਿਚਾਰ ਕਰਨੀ ਬਣਦੀ ਹੈ ਕਿ ਕਾਉਂਸਲ ਕਦੋਂ ਤੱਕ ਗਲਤ ਪਹਿਲਤਾਵਾਂ ਉੱਤੇ ਆਪਣਾ ਧਿਆਨ ਕੇਂਦਰਿਤ ਕਰਦੀ ਰਹੇਗੀ।

ਵਿਸ਼ਵਾਸ਼ ਵਜੋਂ ਕੈਥੋਲਿਕ ਈਸਾਈ ਮਾਰਟਿਨ ਮੀਡੋਰਿਸ ਦਾ ਗਲਤ ਪਹਿਲਤਾਵਾਂ ਤੋਂ ਭਾਵ ਸੀ ਕਿ ਸਿਟੀ ਕਾਉਂਸਲ ਦਾ ਮੁੱਖ ਕੰਮ ਸ਼ਹਿਰ ਵਿੱਚ ਮੁੱਢਲੀਆਂ ਸੇਵਾਵਾਂ ਨੂੰ ਪ੍ਰਦਾਨ ਕਰਨਾ ਹੈ ਅਤੇ ਜੇ ਕਾਉਂਸਲ ਧਾਰਮਿਕ ਉਤਸਵਾਂ, ਸੜਕਾਂ ਦੇ ਨਾਮਕਰਣ ਅਤੇ ਅਜਿਹੇ ਹੋਰ ਕੰਮਾਂ ਵਿੱਚ ਉਲਝੀ ਰਹੇਗੀ ਤਾਂ ਪਬਲਿਕ ਦੇ ਕੰਮ ਕੌਣ ਕਰੇਗਾ? ਚੇਤੇ ਰਹੇ ਕਿ ਜਦੋਂ ਗੁਰੂ ਨਾਨਕ ਦੇਵ ਜੀ ਦੇ ਨਾਮ ਉੱਤੇ ਬਰੈਂਪਟਨ ਵਿੱਚ ਸੜਕ ਦਾ ਨਾਮ ਰੱਖਿਆ ਗਿਆ ਸੀ, ਉਸ ਵੇਲੇ ਵੀ ਮਾਰਟਿਨ ਮੀਡੋਰਿਸ ਅਤੇ ਵਾਰਡ ਨੰਬਰ 7 ਅਤੇ 8 ਤੋਂ ਕਾਉਂਸਲਰ ਪੈਟ ਫੋਰਟਿਨੀ ਦੋਵਾਂ ਨੇ ਇਸ ਮੁੱਦੇ ਨੂੰ ਸਿਟੀ ਕਾਉਂਸਲ ਵਿੱਚ ਵੀ ਚੁੱਕਿਆ ਸੀ। ਵਰਨਣਯੋਗ ਹੈ ਕਿ ਪੀਟਰ ਰੌਬਰਟਸਨ ਬੂਲੇਵਾਰਡ ਦੇ ਇੱਕ ਹਿੱਸੇ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਰੱਖਣ ਉੱਤੇ ਹੋਰਾਂ ਦੇ ਨਾਲ 2 ਸਾਬਕਾ ਮੇਅਰ ਪੀਟਰ ਰੌਬਰਟਸਨ ਨੇ ਵੀ ਇਤਰਾਜ ਕੀਤਾ ਸੀ। ਆਪਣੇ ਨਾਮ ਵਿੱਚ ਹੋਈ ਕਟੌਤੀ ਤੋਂ ਖਫ਼ਾ ਰੌਬਰਟਸਨ ਨੇ ਸੜਕ ਦੇ ਨਾਮਕਰਣ ਨੂੰ ‘ਸੱਮਸਿਆਪੂਰਣ ਅਤੇ ਖਤਰਨਾਕ’ ਰੁਝਾਨ ਕਰਾਰ ਦਿੱਤਾ ਸੀ। 

ਧਰਮ ਦਾ ਮਾਮਲਾ ਇੱਕ ਗੰਭੀਰ ਮਸਲਾ ਹੈ ਜਿਸ ਬਾਰੇ ਮਾਰਟਿਨ ਮੀਡੋਰਿਸ ਨੇ ਬਿਆਨ ਦੇ ਕੇ ਬਹਿਸ ਤਾਂ ਛੇੜ ਦਿੱਤੀ ਹੈ ਪਰ ਕੋਈ ਹੱਲ ਤਜਵੀਜ਼ ਕਰਨ ਦੀ ਥਾਂ ਚੁੱਪ ਵੱਟ ਲਈ ਚੁੱਪ ਹੈ। ਐਸੀ ਚੁੱਪ ਕਿ ਉਸਨੇ ਖੁਦ ਇਹ ਆਖ ਕੇ ਦਸੰਬਰ ਨੂੰ ਕ੍ਰਿਸਚੀਅਨ ਮੰਥ ਕਰਾਰ ਦੇਣ ਦੇ ਹੱਕ ਵਿੱਚ ਵੋਟ ਪਾਈ ਹੈ ਕਿ ਉਹ ਬਲੀ ਦਾ ਬੱਕਰਾ ਨਹੀਂ ਬਣਨਾ ਚਾਹੁੰਦਾ। ਇਹ ਕੋਰੀ ਸਿਆਸੀ ਬੂਅ ਮਾਰਨ ਵਾਲੀ ਪਹੁੰਚ ਹੈ। ਮਾੜੀ ਸਿਆਸਤ ਕਰਨ ਵਾਲੇ ਲੋਕ ਵਿਵਾਦਪੂਰਣ ਮੁੱਦੇ ਛੇੜ ਤਾਂ ਦੇਂਦੇ ਹਨ ਜਦੋਂ ਕਿ ਮੁੱਦਿਆਂ ਦੇ ਹੱਲ ਵਿੱਚ ਉਹ ਕੋਈ ਦਿਲਚਸਪੀ ਨਹੀਂ ਰੱਖਦੇ ਹੁੰਦੇ। ਮਾਰਟਿਨ ਦੇ ਬਿਆਨ ਦੇਣ ਦਾ ਇੱਕ ਕਾਰਣ ਇਹ ਹੋ ਸਕਦਾ ਹੈ ਕਿ ਉਸਦੀ ਅੱਖ ਇੱਕ ਖਾਸ ਵਰਗ ਦੀਆਂ ਵੋਟਾਂ ਨੂੰ ਪੱਕਾ ਕਰਨ ਉੱਤੇ ਹੋਵੇ, ਉਹ ਵਰਗ ਜੋ ਧਰਮ ਨੂੰ ਲੈ ਕੇ ਚਿੰਤਾਵਾਂ ਅਤੇ ਖਦਸਿ਼ਆਂ ਨਾਲ ਭਰੇ ਹੁੰਦੇ ਹਨ। 

ਧਾਰਮਿਕ ਨੇਤਾਵਾਂ ਅਤੇ ਅਕੀਦਿਆਂ ਨੂੰ ਸਲਾਮ ਕਰਦੇ ਸਕੂਲ, ਕਾਲਜ, ਹਸਪਤਾਲ, ਇਮਾਰਤਾਂ, ਸੜਕਾਂ ਅਤੇ ਸ਼ਹਿਰਾਂ ਦੇ ਨਾਮ ਵਿਸ਼ਵ ਭਰ ਵਿੱਚ ਬਣੇ ਹੋਏ ਹਨ। ਬਹੁਤੀਆਂ ਥਾਵਾਂ ਉੱਤੇ ਇਹ ਧਰਮ ਅਤੇ ਧਰਮ-ਆਗੂਆਂ ਪ੍ਰਤੀ ਪਰੇਮ ਦੇ ਨਤੀਜੇ ਵਜੋਂ ਕੀਤਾ ਜਾਂਦਾ ਹੈ ਪਰ ਹਮਲਾਵਰਾਂ ਵੱਲੋਂ ਆਪਣੀ ਧਾਂਕ ਜਮਾਉਣ ਦੇ ਲਿਹਾਜ਼ ਨਾਲ ਵੀ ਇਹ ਆਮ ਕੀਤਾ ਜਾਂਦਾ ਰਿਹਾ ਹੈ ਅਤੇ ਇਹ ਸਿਲਸਿਲਾ ਅੱਜ ਵੀ ਜਾਰੀ ਹੈ। ਅਸਲ ਵਿੱਚ ਪਰਾਜਿਤ਼ ਕੀਤੀ ਜਨਤਾ ਦੇ ਮਨ-ਮਸਤਕ ਉੱਤੇ ਆਪਣੀ ਹੈਂਕੜ ਦੀ ਛਾਪ ਛੱਡਣ ਦਾ ਇੱਕ ਤਰੀਕਾ ਵਿਦੇਸ਼ੀ ਹਮਲਾਵਰਾਂ ਵੱਲੋਂ ਆਪਣੇ ਧਾਰਮਿਕ ਚਿੰਨਾਂ ਅਤੇ ਸੰਕੇਤਾਂ ਨੂੰ ਉਹਨਾਂ ਉੱਤੇ ਜਬਰੀ ਮੜਨ੍ਹਾ ਰਿਹਾ ਹੈ। 

ਇਸ ਸਮੁੱਚੀ ਸਥਿਤੀ ਦੇ ਪਰੀਪੇਖ ਵਿੱਚ ਧਰਮ ਦੇ ਮਨੁੱਖੀ ਜੀਵਨ ਵਿੱਚ ਰੋਲ ਦੇ ਕੇਂਦਰੀ ਸਿਧਾਂਤ ਨੂੰ ਮੁੜ-ਗੌਲਣ ਦੀ ਲੋੜ ਹੈ। ਕੋਈ ਵੀ ਧਰਮ ਹੋਵੇ, ਹਰ ਇੱਕ ਦਾ ਕੇਂਦਰੀ ਸਿਧਾਂਤ ‘ਪਰੇਮ’ ਹੈ- ਨਿਰਛਲ, ਨਿਰਵੈਰ ਅਤੇ ਨਿਰ-ਸੁਆਰਥ ਪਰੇਮ। ਕੈਨੇਡਾ ਦਾ ਇੱਕ ਮੁਲਕ ਵਜੋਂ ਕੇਂਦਰੀ ਸਿਧਾਂਤ ਧਰਮ-ਨਿਰਪੱਖਤਾ ਅਤੇ ਮਲਟੀਕਲਚਰਜਿ਼ਮ ਹੈ। ਇਹਨਾਂ ਦੋਵਾਂ ਸਿਧਾਂਤਾਂ ਨੂੰ ਮਨੁੱਖਤਾ ਦੀ ਭਲਾਈ ਲਈ ਵਰਤਣ ਦਾ ਇੱਕ ਚੰਗੀ ਮਿਸਾਲ ਕੈਰਾਬਰਾਮ ਜਸ਼ਨਾਂ ਤੋਂ ਲਈ ਜਾ ਸਕਦੀ ਹੈ। ਕੈਰਾਬਰਾਮ ਦੌਰਾਨ ਬਰੈਂਪਟਨ ਵਿੱਚ ਵੱਖੋ ਵੱਖਰੇ ਮੁਲਕਾਂ ਦੇ ਸਟਾਲ ਲਾਏ ਜਾਂਦੇ ਹਨ ਜਿਸਦਾ ਹਰ ਵਰਗ ਦੇ ਲੋਕ ਆਨੰਨ ਮਾਣਦੇ ਹਨ। ਉਸੇ ਤਰਜ਼ ਉੱਤੇ ਸਾਲ ਵਿੱਚ ਇੱਕ ਹਫ਼ਤਾ ਅਜਿਹਾ ਮਨਾਇਆ ਜਾਵੇ ਜਿਸ ਦੌਰਾਨ ਵੱਖੋ ਵੱਖਰੇ ਧਰਮ ਆਪੋ ਆਪਣੇ ਸਟਾਲ ਲਾਉਣ, ਧਾਰਮਿਕ ਸਹਿਣਸ਼ੀਲਤਾ ਦੀ ਭਾਵਨਾ ਨੂੰ ਮਜ਼ਬੂਤ ਕਰਨ ਦਾ ਸੁਨੇਹਾ ਦੇਣ। ਸਿਆਸੀ ਆਗੂ ਸਿਆਸਤ ਦੇ ਤੰਗ ਨੁਕਤੇ-ਨਜ਼ਰ ਤੋਂ ਸਹੀ ਹੋ ਸਕਦੇ ਹਨ ਪਰ ਜਿਹੋ ਜਿਹਾ ਬਰੈਂਟਪਨ ਦਾ ਅੱਜ ਸਰੂਪ ਹੈ, ਉਸਨੂੰ ਹੋਰ ਖੂਬਸੂਰਤ ਬਣਾਉਣ ਲਈ ਧਰਮ ਨੂੰ ਜਨ-ਜੀਵਨ ਵਿੱਚੋਂ ਮਨਫੀ ਨਹੀਂ ਸਗੋਂ ਧਰਮ ਦੇ ਚੰਗੇ ਗੁਣਾਂ ਤੋਂ ਲਾਭ ਲੈਣ ਦੀ ਲੋੜ ਹੈ।

 
Have something to say? Post your comment
ਹੋਰ ਸੰਪਾਦਕੀ ਖ਼ਬਰਾਂ
ਬਰੈਂਪਟਨ `ਚ ਮਾਰਗ ਦਰਸ਼ਕ ਅਤੇ ਪ੍ਰੇਰਨਾ ਸਰੋਤ - ਮੱਘਰ ਸਿੰਘ ਟਰੂਡੋ ਲਈ ਮੁਸੀਬਤ ਬਣੇ ਪਰਵਾਸੀ ਫੋਨਾਂ ਤੇ ਟੈਕਸਟਿੰਗ ਨੂੰ ਪਾਸੇ ਰੱਖ ਕੇ ਆਪਣੇ ਬੱਚਿਆਂ ਨਾਲ ਜਾਤੀ ਮੇਲ ਮਿਲਾਪ ਨੂੰ ਤਰਜੀਹ ਦਿਉ, ਆਪਣੇ ਬੱਚੇ ਲਈ ਇੱਕ ਆਦਰਸ਼ ਪਰਿਵਾਰਕ ਮਾਹੌਲ ਬਣਾਉ ਮੁੱਖ ਮੰਤਰੀਆਂ ਦੀ ਮੀਟਿੰਗ ਵਿੱਚ ਪਾਣੀਆਂ ਬਾਰੇ ਪੰਜਾਬ ਦਾ ਪੱਖ ਹੋਰ ਵੀ ਮਜ਼ਬੂਤ ਹੋ ਗਿਐ ਭਾਰਤ ਵਿੱਚ ਅਧੋਗਤੀ ਵਰਤਾਰੇ ਲਈ ਧਰਮ ਨਿਰਪੱਖ ਧਿਰਾਂ ਵੀ ਘੱਟ ਜਿ਼ਮੇਵਾਰ ਨਹੀਂ ਭਾਰਤ ਲਈ ਹਨੇਰਾ ਸਮਾਂ ਹੈ, ਜਿੱਥੇ ਰਾਹ ਦਿਖਾਉਣ ਵਾਲਾ ਜੁਗਨੂੰ ਵੀ ਕੋਈ ਨਹੀਂ ਲੱਭਦਾ ਲੀਡਰਾਂ ਨੇ ਪੈਦਾ ਕੀਤੀ ਹੈ ‘ਕੋਈ ਲੀਡਰ ਭਰੋਸੇ ਦੇ ਯੋਗ ਨਹੀਂ’ ਵਾਲੀਆਮ ਲੋਕਾਂ ਦੀ ਮਾਨਸਿਕਤਾ ਆਉ ਇਸ ਦੀਵਾਲੀ ਤੇ ਇੰਨਸਾਨੀਅਤ ਦੇ ਨਾਤੇ ਪੂਰੇ ਸੰਸਾਰ ਲਈ ਅਮਨ – ਅਮਾਨ , ਸ਼ਾਤੀ ਲਈ ਅਰਦਾਸ ਕਰੀਏ ਵੱਖੋ-ਵੱਖੋ ਰਾਜਾਂ ਵਿੱਚ ਗਵਰਨਰਾਂ ਦੀ ਮੌਕੇ ਮੁਤਾਬਕ ਮਰਜ਼ੀ ਸੰਵਿਧਾਨ ਦੇ ਮੁਤਾਬਕ ਨਹੀਂ ਮੰਨੀ ਜਾ ਸਕਦੀ ਇਜ਼ਰਾਈਲ ਅਤੇ ਹਮਾਸ ਵਿਚਕਾਰ ਸੰਘਰਸ਼ ਨੂੰ ਸ਼ਾਂਤੀਪੂਰਵਕ ਹੱਲ ਕੀਤਾ ਜਾਣਾ ਚਾਹੀਦਾ ਹੈ