Welcome to Canadian Punjabi Post
Follow us on

04

July 2025
 
ਨਜਰਰੀਆ

ਇੱਕ ਵਿਚਾਰ ਇਹ ਵੀ: ਖਾਨਾਜੰਗੀ ਦੀ ਸ਼ਿਕਾਰ ਤਾਂ ਨਹੀਂ ਭਾਜਪਾ

December 03, 2019 09:11 AM

-ਸੰਜੇ ਗੁਪਤ
ਆਖਰ ਉਧਵ ਠਾਕਰੇ ਨੇ ਕਾਂਗਰਸ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਐੱਨ ਸੀ ਪੀ) ਦੀ ਮਦਦ ਨਾਲ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਅਹੁਦੇ 'ਤੇ ਬਿਰਾਜਮਾਨ ਹੋਣ ਮਗਰੋਂ ਭਰੋਸੇ ਦਾ ਵੋਟ ਹਾਸਲ ਕਰ ਲਿਆ। ਉਨ੍ਹਾਂ ਨੇ ਬੀਤੇ ਹਫਤੇ ਇਸ ਕੁਰਸੀ 'ਤੇ ਬੈਠਣਾ ਸੀ, ਪਰ ਇਸ ਵਿੱਚ ਦੇਰੀ ਇਸ ਲਈ ਹੋਈ ਕਿ ਇੱਕ ਅਣਕਿਆਸੇ ਘਟਨਾ ਚੱਕਰ ਤਹਿਤ ਭਾਜਪਾ ਦੇ ਦੇਵੇਂਦਰ ਫੜਨਵੀਸ ਨੇ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕ ਲਈ ਸੀ। ਇਸ ਦਾ ਕਾਰਨ ਐਨ ਸੀ ਪੀ ਦੇ ਅਜੀਤ ਪਵਾਰ ਦਾ ਚੁੱਪ ਚੁਪੀਤੇ ਢੰਗ ਨਾਲ ਉਨ੍ਹਾਂ ਨਾਲ ਚਲੇ ਜਾਣਾ ਸੀ। ਫੜਨਵੀਸ ਨੂੰ ਮੁੱਖ ਮੰਤਰੀ ਅਤੇ ਅਜੀਤ ਪਵਾਰ ਨੂੰ ਉਪ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁਕਾਉਣ ਲਈ ਬੀਤੇ ਸ਼ਨੀਵਾਰ ਸਵੇਰੇ ਲਗਭਗ ਸਾਢੇ ਪੰਜ ਵਜੇ ਰਾਸ਼ਟਰਪਤੀ ਸ਼ਾਸਨ ਹਟਾਇਆ ਗਿਆ ਸੀ। ਇਸ ਤੋਂ ਕੁਝ ਦੇਰ ਬਾਅਦ ਗਵਰਨਰ ਨੇ ਨਵੀਂ ਸਰਕਾਰ ਨੂੰ ਸਹੁੰ ਚੁਕਾ ਦਿੱਤੀ।
ਇਹ ਖਬਰ ਸਾਹਮਣੇ ਆਉਂਦੇ ਸਾਰ ਐੱਨ ਸੀ ਪੀ ਅਤੇ ਸ਼ਿਵ ਸੈਨਾ ਦੇ ਨੇਤਾ ਸੁਪਰੀਮ ਕੋਰਟ ਪੁੱਜ ਗਏ। ਸੁਪਰੀਮ ਕਰੋਟ ਨੇ ਫੜਨਵੀਸ ਸਰਕਾਰ ਨੂੰ ਬੁੱਧਵਾਰ ਨੂੰ ਬਹੁਮਤ ਸਿੱਧ ਕਰਨ ਦਾ ਨਿਰਦੇਸ਼ ਦਿੱਤਾ। ਇਸ ਦੇ ਇੱਕ ਦਿਨ ਪਹਿਲਾਂ ਅਜੀਤ ਪਵਾਰ ਨੇ ਅਸਤੀਫਾ ਦੇ ਦਿੱਤਾ। ਫਿਰ ਫੜਨਵੀਸ ਨੂੰ ਵੀ ਇਹੋ ਕਰਨ ਲਈ ਮਜਬੂਰ ਹੋਣਾ ਪਿਆ। ਇਹ ਕੁਝ ਹੋਣ ਦੇ ਆਸਾਰ ਉਦੋਂ ਹੀ ਬਣ ਗਏ ਸਨ ਜਦ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਬਹੁਤੇ ਵਿਧਾਇਕ ਅਜੀਤ ਪਵਾਰ ਦਾ ਸਾਥ ਛੱਡ ਕੇ ਸ਼ਰਦ ਪਵਾਰ ਕੋਲ ਚਲੇ ਗਏ ਸਨ। ਆਖਰ ਖੁਦ ਅਜੀਤ ਪਵਾਰ ਨੇ ਵੀ ਘਰ ਵਾਪਸੀ ਕਰ ਲਈ। ਅਜੀਤ ਪਵਾਰ ਨੇ ਜਿਸ ਤਰ੍ਹਾਂ ਕੁਝ ਘੰਟਿਆਂ ਅੰਦਰ ਘਰ ਵਾਪਸੀ ਕੀਤੀ ਤੇ ਉਥੇ ਉਨ੍ਹਾਂ ਦਾ ਜਿਸ ਤਰ੍ਹਾਂ ਸਵਾਗਤ ਹੋਇਆ, ਉਸ ਤੋਂ ਇਹੀ ਲੱਗਦਾ ਹੈ ਕਿ ਉਹ ਅਜਿਹੀ ਕਿਸੇ ਸਿਆਸੀ ਸਾਜ਼ਿਸ਼ ਦਾ ਹਿੱਸਾ ਸਨ, ਜਿਸ ਦਾ ਮਕਸਦ ਭਾਜਪਾ ਨੂੰ ਭੁਲੇਖੇ ਵਿੱਚ ਪਾ ਕੇ ਉਸ ਨੂੰ ਨੀਵਾਂ ਦਿਖਾਉਣਾ ਸੀ। ਅਜਿਹਾ ਲੱਗਦਾ ਹੈ ਕਿ ਭਾਜਪਾ ਵਿਰੁੱਧ ਸਿਆਸੀ ਜਾਲ ਬੁਣਨ ਦਾ ਕੰਮ ਵਿਧਾਨ ਸਭਾ ਚੋਣਾਂ ਦੇ ਸਮੇਂ ਹੀ ਸ਼ੁਰੂ ਹੋ ਗਿਆ ਸੀ। ਭਾਜਪਾ ਲਈ ਇਹ ਸਿਆਸੀ ਜਾਲ ਜਿਸ ਨੇ ਵੀ ਬੁਣਿਆ, ਉਹ ਆਪਣੇ ਮਕਸਦ ਵਿੱਚ ਸਫਲ ਰਿਹਾ। ਭਾਜਪਾ ਨੇ ਮਹਾਰਾਸ਼ਟਰ ਦੀ ਸਰਕਾਰ ਤੋਂ ਵੀ ਹੱਥ ਧੋਇਆ ਅਤੇ ਆਪਣੀ ਸਾਖ ਵੀ ਗੁਆ ਲਈ।
ਭਾਜਪਾ ਦੇ ਨਾਲ ਮੋਦੀ ਸਰਕਾਰ ਲਈ ਇਸ ਸਵਾਲ ਦਾ ਜਵਾਬ ਦੇਣਾ ਮੁਸ਼ਕਲ ਹੈ ਕਿ ਆਖਰ ਵਿਸ਼ੇਸ ਨਿਯਮ ਦੀ ਵਰਤੋਂ ਕਰਦੇ ਹੋਏ ਗੁੱਪ-ਚੁੱਪ ਢੰਗ ਨਾਲ ਰਾਸ਼ਟਰਪਤੀ ਸ਼ਾਸਨ ਹਟਾਉਣ ਦੀ ਕੀ ਲੋੜ ਸੀ? ਧਿਆਨ ਰਹੇ, ਇਸ ਨਿਯਮ ਦੀ ਵਰਤੋਂ ਖਾਸ ਮੌਕੇ ਅਤੇ ਅਸਾਧਾਰਨ ਹਾਲਾਤ ਵਿੱਚ ਕੀਤੀ ਜਾਂਦੀ ਹੈ। ਭਾਜਪਾ ਕੋਲ ਇਸ ਸਵਾਲ ਦਾ ਜਵਾਬ ਵੀ ਨਹੀਂ ਕਿ ਸਵੇਰੇ ਇੰਨੀ ਜਲਦੀ ਸਹੁੰ ਚੁੱਕਣ ਦੀ ਕੀ ਜ਼ਰੂਰਤ ਸੀ? ਕੀ ਉਸ ਨੂੰ ਇਹ ਡਰ ਸੀ ਕਿ ਕਿਤੇ ਕਾਂਗਰਸ ਅਤੇ ਐੱਨ ਸੀ ਪੀ ਸ਼ਿਵ ਸੈਨਾ ਦੇ ਪੱਖ ਵਿੱਚ ਗਵਰਨਰ ਨੂੰ ਸਮਰਥਨ ਪੱਤਰ ਨਾ ਸੌਂਪ ਦੇਣ?
ਸੱਚਾਈ ਜੋ ਵੀ ਹੋਵੇ, ਇਨ੍ਹਾਂ ਸਵਾਲਾਂ ਨੇ ਭਾਜਪਾ ਨੂੰ ਕਸੂਤੇ ਫਸਾਉਣ ਦਾ ਕੰਮ ਕੀਤਾ ਹੈ। ਇਹ ਸਹੀ ਹੈ ਕਿ ਸ਼ਿਵ ਸੈਨਾ ਨੇ ਭਾਜਪਾ ਨੂੰ ਧੋਖਾ ਦਿੱਤਾ, ਪਰ ਉਸ ਨੂੰ ਇਸ ਦਾ ਅਹਿਸਾਸ ਪਹਿਲਾਂ ਤੋਂ ਹੋਣਾ ਚਾਹੀਦਾ ਸੀ ਕਿ ਚੋਣ ਨਤੀਜਿਆਂ ਤੋਂ ਬਾਅਦ ਉਹ ਉਸ ਤੋਂ ਪਾਸਾ ਵੱਟ ਸਕਦੀ ਹੈ। ਮਹਾਰਾਸ਼ਟਰ ਦੇ ਚੋਣ ਨਤੀਜੇ ਇਹ ਕਹਿ ਰਹੇ ਸਨ ਕਿ ਸਰਕਾਰ ਫੜਨਵੀਸ ਦੀ ਅਗਵਾਈ ਹੇਠ ਬਣਨੀ ਚਾਹੀਦੀ ਹੈ, ਪਰ ਸ਼ਿਵ ਸੈਨਾ ਵਾਰੀ-ਵਾਰੀ ਮੁੱਖ ਮੰਤਰੀ ਬਣਾਉਣ ਦੀ ਗੱਲ 'ਤੇ ਅੜ ਗਈ। ਇਹ ਪਹਿਲਾਂ ਵੀ ਹੋ ਚੁੱਕਾ ਹੈ। ਸੰਨ 1999 ਵਿੱਚ ਭਾਜਪਾ ਵਾਰੀ-ਵਾਰੀ ਮੁੱਖ ਮੰਤਰੀ ਦੇ ਫਾਰਮੂਲੇ 'ਤੇ ਜ਼ੋਰ ਦੇ ਰਹੀ ਸੀ, ਪਰ ਉਦੋਂ ਸ਼ਿਵ ਸੈਨਾ ਇਸ ਦੇ ਲਈ ਉਸੇ ਤਰ੍ਹਾਂ ਤਿਆਰ ਨਹੀਂ ਹੋਈ ਜਿਸ ਤਰ੍ਹਾਂ ਇਸ ਵਾਰ ਭਾਜਪਾ ਤਿਆਰ ਨਹੀਂ ਹੋਈ। ਇਸ ਦਾ ਲਾਭ ਕਾਂਗਰਸ ਅਤੇ ਐੱਨ ਸੀ ਪੀ ਨੇ ਚੁੱਕਿਆ। ਦੋਵੇਂ ਇੱਕ ਦੂਜੀ ਦੇ ਖਿਲਾਫ ਚੋਣਾਂ ਲੜੀਆਂ ਸਨ, ਫਿਰ ਵੀ ਸੱਤਾ ਵਾਸਤੇ ਇਕੱਠੀਆਂ ਹੋ ਗਈਆਂ। ਇਹ ਗਠਜੋੜ ਲੰਬਾ ਚੱਲਿਆ ਅਤੇ ਲਗਭਗ 15 ਸਾਲ ਸ਼ਿਵ ਸੈਨਾ ਨੂੰ ਸੱਤਾ ਵਿੱਚ ਆਉਣ ਦਾ ਮੌਕਾ ਨਹੀਂ ਮਿਲਿਆ। ਸੰਨ 2014 ਦੀਆਂ ਵਿਧਾਨ ਸਭਾ ਚੋਣਾਂ ਦੋਵੇਂ ਪਾਰਟੀਆਂ ਨੇ ਅਲੱਗ ਹੋ ਕੇ ਲੜੀਆਂ। ਭਾਜਪਾ ਨੂੰ ਸ਼ਿਵ ਸੈਨਾ ਦੇ ਮੁਕਾਬਲੇ ਕਿਤੇ ਵੱਧ ਸੀਟਾਂ ਮਿਲੀਆਂ। ਉਹ ਮਜਬੂਰੀ ਵਿੱਚ ਭਾਜਪਾ ਸਰਕਾਰ ਨੂੰ ਸਮਰਥਨ ਦੇਣ ਲਈ ਤਿਆਰ ਹੋਈ। ਇਸ ਤੋਂ ਬਾਅਦ ਉਸ ਨੇ ਭਾਜਪਾ ਨੂੰ ਖਰੀਆਂ-ਖੋਟੀਆਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ ਸਨ। ਇਹ ਸਿਲਸਿਲਾ ਲੋਕ ਸਭਾ ਚੋਣਾਂ ਤੱਕ ਚੱਲਦਾ ਰਿਹਾ। ਅਮਿਤ ਸ਼ਾਹ ਦੇ ਮਨਾਉਣ ਉੱਤੇ ਉਹ ਲੋਕ ਸਭਾ ਚੋਣਾਂ ਮਿਲ ਕੇ ਲੜਨ ਲਈ ਤਿਆਰ ਹੋਈਆਂ। ਇਹ ਮੇਲ ਮਿਲਾਪ ਵਿਧਾਨ ਸਭਾ ਚੋਣਾਂ ਵਿੱਚ ਵੀ ਬਣਿਆ ਰਿਹਾ ਸੀ, ਪਰ ਸ਼ਾਇਦ ਸ਼ਿਵ ਸੈਨਾ ਭਾਜਪਾ ਨੂੰ ਵੱਡੇ ਭਰਾ ਦੀ ਭੂਮਿਕਾ ਵਿੱਚ ਦੇਖਣ ਲਈ ਤਿਆਰ ਨਹੀਂ ਸੀ ਤੇ ਇਸੇ ਲਈ ਚੋਣਾਂ ਤੋਂ ਬਾਅਦ ਉਹ ਉਸ ਨਾਲੋਂ ਤੋੜ ਵਿਛੋੜਾ ਕਰ ਗਈ। ਉਸ ਦੀ ਪੀੜਾ ਸਮਝ ਆ ਰਹੀ ਸੀ, ਪਰ ਇਹ ਨਹੀਂ ਮੰਨਿਆ ਜਾ ਰਿਹਾ ਸੀ ਕਿ ਉਹ ਸੱਤਾ ਲਈ ਆਪਣੀ ਵਿਚਾਰਧਾਰਾ ਨੂੰ ਛਿੱਕੇ ਟੰਗ ਕੇ ਆਪਣੀ ਕੱਟੜ ਵਿਰੋਧੀ ਕਾਂਗਰਸੀ ਅਤੇ ਐੱਨ ਸੀ ਪੀ ਨਾਲ ਹੱਥ ਮਿਲਾਉਣਾ ਪਸੰਦ ਕਰੇਗੀ। ਉਸ ਨੇ ਇਹੋ ਕੀਤਾ। ਸ਼ਿਵ ਸੈਨਾ ਜਿਵੇਂ ਆਪਣੀਆਂ ਵਿਰੋਧੀ ਪਾਰਟੀਆਂ ਨਾਲ ਗਈ, ਉਸ ਨਾਲ ਭਾਰਤੀ ਸਿਆਸਤ ਦੇ ਮੌਕਾਪ੍ਰਸੀਤ ਵਾਲੇ ਚਰਿੱਤਰ ਦੀ ਪੁਸ਼ਟੀ ਹੋਈ ਹੈ।
ਜੇ ਬਾਲ ਠਾਕਰੇ ਜਿੰਦਾ ਹੁੰਦੇ ਤਾਂ ਸ਼ਾਇਦ ਇਹ ਸਭ ਨਾ ਹੋਇਆ ਹੰੁਦਾ। ਜੋ ਵੀ ਹੋਵੇ, ਮਹਾਰਾਸ਼ਟਰ ਦੇ ਸਿਆਸੀ ਘਟਨਾ ਚੱਕਰ ਨੇ ਇਹੀ ਦਿਖਾਇਆ ਹੈ ਕਿ ਸਿਆਸੀ ਪਾਰਟੀਆਂ ਲੋਕ ਫਤਵੇ ਨਾ ਮਨਮਰਜ਼ੀ ਨਾਲ ਵਰਤੋਂ ਕਰਨ ਲਈ ਕਿਸੇ ਵੀ ਹੱਦ ਤੱਕ ਜਾ ਸਕਦੀਆਂ ਹਨ। ਕਾਇਦੇ ਕਾਨੂੰਨ ਨਾਲ ਤੇ ਸਿਆਸੀ ਨੈਤਿਕਤਾ ਦੇ ਹਿਸਾਬ ਨਾਲ ਮਹਾਰਾਸ਼ਟਰ ਵਿੱਚ ਸਰਕਾਰ ਭਾਜਪਾ-ਸ਼ਿਵ ਸੈਨਾ ਦੀ ਬਣਨੀ ਚਾਹੀਦੀ ਸੀ, ਕਿਉਂਕਿ ਲੋਕ ਫਤਵਾ ਇਸੇ ਗਠਜੋੜ ਦੇ ਵਾਸਤੇ ਵਿੱਚ ਸੀ। ਇਸ ਲੋਕ ਫਤਵੇ ਨੂੰ ਅੰਗੂਠਾ ਦਿਖਾ ਦਿੱਤਾ ਗਿਆ। ਜ਼ਾਹਰ ਹੈ ਕਿ ਇਸ ਸਭ ਨਾਲ ਉਹ ਲੋਕ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਹੋਣਗੇ, ਜਿਨ੍ਹਾਂ ਨੇ ਭਾਜਪਾ-ਸ਼ਿਵ ਸੈਨਾ ਸਰਕਾਰ ਬਣਾਉਣ ਦੇ ਮਕਸਦ ਨਾਲ ਵੋਟਾਂ ਪਾਈਆਂ ਸਨ।
ਫਿਲਹਾਲ ਮਹਾਰਾਸ਼ਟਰ ਵਿੱਚ ਠਾਕਰੇ ਸਰਕਾਰ ਦੇ ਹੁਕਮਰਾਨ ਹੋਣ ਦੇ ਨਾਲ ਹੀ ਇੱਕ ਹੋਰ ਸੂਬਾ ਭਾਜਪਾ ਦੇ ਹੱਥੋਂ ਨਿਕਲ ਗਿਆ। ਇਹ ਉਦੋਂ ਹੋਇਆ ਜਦ ਪ੍ਰਧਾਨ ਮੰਤਰੀ ਮੋਦੀ ਅਤੇ ਅਮਿਤ ਸ਼ਾਹ ਭਾਜਪਾ ਦੀ ਕੌਮੀ ਪੱਧਰ 'ਤੇ ਪ੍ਰਵਾਨਗੀ ਵਧਾਉਣ ਵਿੱਚ ਕਾਮਯਾਬੀ ਹਾਸਲ ਕਰ ਰਹੇ ਹਨ। ਇੱਕ ਕਾਮਯਾਬੀ ਦਾ ਕਾਰਨ ਪ੍ਰਧਾਨ ਮੰਤਰੀ ਮੋਦੀ ਵੱਲੋਂ ਪੰਜ ਸਾਲ ਤੱਕ ਇੱਕ ਸਾਫ ਸੁਥਰੀ ਸਰਕਾਰ ਚਲਾਉਣਾ ਤੇ ਇਸ ਦੌਰਾਨ ਕਈ ਵੱਡੇ ਹੌਸਲੇ ਵਾਲੇ ਫੈਸਲੇ ਲੈਣਾ ਹੈ। ਦੂਜੇ ਕਾਰਜਕਾਲ ਵਿੱਚ ਵੀ ਇਹ ਸਰਕਾਰ ਹੌਸਲੇ ਵਾਲੇ ਫੈਸਲੇ ਲੈਣ ਲੱਗੀ ਹੋਈ ਹੈ।
ਅਜਿਹੇ ਮਾਹੌਲ ਵਿੱਚ ਭਾਜਪਾ ਨੂੰ ਇਸ 'ਤੇ ਚਿੰਤਨ ਕਰਨਾ ਹੀ ਹੋਵੇਗਾ ਕਿ ਮੋਦੀ-ਸ਼ਾਹ ਦੀ ਕਾਮਯਾਬ ਜੋੜੀ ਦੀ ਮੌਜੂਦਗੀ ਵਿੱਚ ਉਸ ਨੂੰ ਰਾਜਾਂ ਵਿੱਚ ਆਸ ਮੁਤਾਬਕ ਸਫਲਤਾ ਕਿਉਂ ਨਹੀਂ ਮਿਲ ਰਹੀ? ਇਸ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਮਹਾਰਾਸ਼ਟਰ ਵਿੱਚ ਭਾਜਪਾ ਨੂੰ ਆਸ ਮੁਤਾਬਕ ਸਿਆਸੀ ਸਫਲਤਾ ਨਹੀਂ ਮਿਲੀ। ਸੂਬੇ ਦੇ ਕੁਝ ਇਲਾਕਿਆਂ ਵਿੱਚ ਪਾਰਟੀ ਦੇ ਬਿਹਤਰ ਪ੍ਰਦਰਸ਼ਨ ਦੀ ਆਸ ਪੂਰੀ ਨਹੀਂ ਹੋ ਸਕੀ। ਕਿਤੇ ਅਜਿਹਾ ਤਾਂ ਨਹੀਂ ਕਿ ਭਾਜਪਾ ਦੇ ਨੇਤਾ ਹੀ ਮੋਦੀ-ਸ਼ਾਹ ਦੀ ਜੋੜੀ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਅੰਦਰਖਾਤੇ ਵਾਰ ਕਰਨ ਵਿੱਚ ਲੱਗੇ ਹੋਣ? ਇਹ ਉਹ ਖਦਸ਼ਾ ਹੈ ਜਿਸ ਤੋਂ ਇਨਕਾਰ ਨਹੀ ਕੀਤਾ ਜਾ ਸਕਦਾ। ਉਂਜ ਵੀ ਆਪਣੇ ਦੇਸ਼ ਦੀ ਸਿਆਸਤ ਵਿੱਚ ਸਭ ਕੁਝ ਸੰਭਵ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ