-ਗੁਰਸ਼ਰਨ ਸਿੰਘ ਨਰੂਲਾ
ਬੁਢਾਪਾ ਸਭ ਉੱਤੇ ਆਉਣਾ ਹੈ। ਇਹ ਅਟੱਲ ਸੱਚਾਈ ਅਤੇ ਜੀਵਨ ਦਾ ਹਿੱਸਾ ਹੈ। ਪਹਿਲਾਂ ਬਚਪਨ, ਮਾਪਿਆਂ ਦੇ ਆਸਰੇ, ਫਿਰ ਲੜਕਪਣ, ਖੇਡਣਾ ਕੁੱਦਣਾ, ਖੁੱਲ੍ਹੇ ਸੁਪਨੇ ਲੈਣੇ, ਜਵਾਨ ਮਨ ਵਿੱਚ ਅਨੇਕਾ ਤਰੰਗਾਂ, ਰਗ-ਰਗ ਵਿੱਚ ਜੋਸ਼। ਫਿਰ ਅਧੇੜ ਉਮਰ ਕੀਤੇ ਕੰਮਾਂ 'ਤੇ ਨਜ਼ਰਸਾਨੀ ਕਰਨ ਦਾ ਸੋਚਾਂ ਦਾ ਦੌਰ। ਕੀਤੇ ਨੂੰ ਸੰਭਾਲਣ ਦਾ ਦੌਰ। ਜ਼ਿੰਮੇਵਾਰੀਆਂ ਨਿਭਾਉਣ ਦਾ ਦੌਰ ਤੇ ਅੰਤ ਬੁਢਾਪਾ। ਇਹ ਕਦੋਂ ਸ਼ੁਰੂ ਹੋੋਣਾ ਹੈ, ਤੁਸੀਂ ਆਪ ਤੈਅ ਕਰਨਾ ਹੈ। ਇਹ ਜੀਵਨ ਦਾ ਆਖਰੀ ਭਾਗ ਹੈ, ਪਰ ਨਿਰਾਰਥਕ ਬਿਲਕੁਲ ਨਹੀਂ। ਇਕ ਕਥਨ ਅਨੁਸਾਰ ਇਹ ਜਵਾਨੀ ਤੋਂ ਵਾਧੇ ਵਾਲਾ ਹੈ, ਕਿਉਂਕਿ ਹਰ ਬੁੱਢੇ ਆਦਮੀ ਨੇ ਜਵਾਨੀ ਵੇਖੀ ਹੈ, ਪਰ ਜਵਾਨ ਨੇ ਬੁਢਾਪਾ ਅਜੇ ਵੇਖਣਾ ਹੈ। ਉਸ ਕੋਲ ਇਹ ਅਨੁਭਵ ਅਜੇ ਨਹੀਂ ਆਇਆ।
ਇਹ ਠੀਕ ਹੈ ਕਿ ਬੁਢਾਪੇ ਵਿੱਚ ਕੁਝ ਅੰਗ ਢਿੱਲੇ ਪੈ ਜਾਂਦੇ ਹਨ। ਤੁਹਾਡੀ ਸਖਤ ਕੰਮ ਕਰਨ ਦੀ ਸਮਰੱਥਾ ਘਟ ਜਾਂਦੀ ਹੈ, ਪਰ ਇਸ ਦੇ ਉਲਟ ਜਿਹੜਾ ਗਿਆਨ ਅਤੇ ਸਿਆਣਪ ਤੁਸੀਂ ਗ੍ਰਹਿਣ ਕੀਤੀ ਹੈ, ਉਹ ਤੁਹਾਡੀ ਗੁਆਚ ਚੁੱਕੀ ਜਾਂ ਘਟ ਗਈ ਸਰੀਰਕ ਤਾਕਤ ਦਾ ਖੱਪਾ ਪੂਰਾ ਕਰਦੀ ਹੈ। ਤੁਸੀਂ ਕੱਲ੍ਹ ਤੋਂ ਅੱਜ ਜ਼ਿਆਦਾ ਸੁੱਘੜ ਤੇ ਸਿਆਣੇ ਹੋ। ਬੁੱਢੇ ਹੋ ਕੇ ਤੁਸੀਂ ਸਿਰਫ ਸਰੀਰਕ ਬਲ ਦਾ ਕੁਝ ਭਾਗ ਗੁਆਇਆ ਹੈ। ਅਜੇ ਤੁਹਾਡੀਆਂ ਸਾਰੀਆਂ ਇੰਦਰੀਆਂ ਕੰਮ ਕਰਦੀਆਂ ਹਨ। ਤੁਹਾਡੀਆਂ ਅੱਖਾਂ, ਕੰਨ, ਦਿਮਾਗ, ਸੁੰਘਣ ਤੇ ਚਖਣ ਸ਼ਕਤੀਆਂ ਸਭ ਕਾਇਮ ਹਨ। ਤੁਹਾਨੂੰ ਧੰਨਵਾਦੀ ਹੋਣਾ ਚਾਹੀਦਾ ਹੈ ਕਿ ਤੁਸੀਂ ਉਨ੍ਹਾਂ ਨਾਲੋਂ ਵੱਧ ਭਾਗਾਂ ਵਾਲੇ ਹੋ, ਜੋ ਇਨ੍ਹਾਂ ਨੇਮਤਾਂ ਤੋਂ ਵਾਂਝੇ ਹਨ। ਸਿਰਫ ਆਪਣੀ ਇੱਛਾ ਸ਼ਕਤੀ ਕਾਇਮ ਰੱਖੋ, ਤੁਹਾਨੂੰ ਸੁਪਨੇ ਲੈਣ ਤੋਂ ਅਜੇ ਵੀ ਕੋਈ ਨਹੀਂ ਰੋਕਦਾ। ਆਪਣੇ ਤਜਰਬੇ ਪਰਵਾਰ ਤੇ ਸੱਜਣਾਂ ਮਿੱਤਰਾਂ ਨਾਲ ਸਾਂਝੇ ਕਰਨ 'ਤੇ ਵੀ ਕੋਈ ਰੋਕ ਟੋਕ ਨਹੀਂ। ਇਹ ਠੀਕ ਹੈ ਕਿ ਤੁਹਾਡੀਆਂ ਗੱਲਾਂ ਸੁਣਨ ਵਾਲੇ ਚਾਹੀਦੇ ਹਨ। ਜੇ ਤੁਸੀਂ ਉਨ੍ਹਾਂ ਦੀਆਂ ਸੁਣਦੇ ਹੋ ਤਾਂ ਉਹ ਤੁਹਾਡੀਆਂ ਵੀ ਜ਼ਰੂਰ ਸੁਣਨਗੇ। ਇਸ ਤਰ੍ਹਾਂ ਕਰਦੇ ਰਹੋਗੇ ਤਾਂ ਢਹਿੰਦਿਆਂ ਕਲਾਂ ਵਿੱਚ ਨਹੀਂ ਜਾਓਗੇ। ਮੌਤ ਦਾ ਡਰ ਨਹੀਂ ਸਤਾਏਗਾ। ਸਦਾ ਪ੍ਰਸੰਨ ਚਿੱਤ ਰਹੋਗੇ। ਲੰਮੀ ਉਮਰ ਤੱਕ ਜੀਓਗੇ।
ਬੁਢਾਪਾ ਤਾਂ ਇਸਤਰੀਆਂ 'ਤੇ ਵੀ ਆਉਂਦਾ ਹੈ, ਪਰ ਉਨ੍ਹਾਂ ਕੋਲ ਗੱਲਾਂ ਸੁਣਨ ਵਾਲੇ ਬਹੁਤ ਹੁੰਦੇ ਹਨ। ਪਰਵਾਰ ਤੇ ਗਲੀ ਮੁਹੱਲੇ ਦੇ ਲੋਕ ਹੁੰਦੇ ਹਨ। ਦੂਜਾ ਗੁਣ ਜੋ ਉਨ੍ਹਾਂ ਦੇ ਹੱਕ ਵਿੱਚ ਜਾਂਦਾ ਹੈ, ਉਹ ਹੈ ਉਨ੍ਹਾਂ ਦਾ ਕੰਮ ਵਿੱਚ ਮਗਨ ਹੋਣਾ। ਉਨ੍ਹਾਂ ਕੋਲ ਘਰੇਲੂ ਕੰਮ ਦੀ ਘਾਟ ਨਹੀਂ ਹੁੰਦੀ। ਉਨ੍ਹਾਂ ਦਾ ਕੰਮ ਉਨ੍ਹਾਂ ਨੂੰ ਨਿਰਾਸ਼ਤਾ ਦੀਆਂ ਗੱਲਾਂ ਸੋਚਣ ਦੀ ਵਿਹਲ ਨਹੀਂ ਦਿੰਦਾ। ਕੰਮ ਦਾ ਰੁਝੇਵਾਂ ਜੀਵਨ ਨੂੰ ਸੰਤੁਲਨ ਰੱਖਣ ਲਈ ਅਤਿ ਜ਼ਰੂਰੀ ਹੈ। ਮਰਦ ਵੀ ਜੇ ਆਪਣੇ ਰੁਝੇਵੇਂ ਦਾ ਪ੍ਰਬੰਧ ਕਰ ਲੈਣ ਤਾਂ ਯਕੀਨੀ ਸਵੈ-ਮਾਣ ਨਾਲ ਜਿਉਣਗੇ ਅਤੇ ਖਿੜੇ ਰਹਿਣਗੇ। ਇਸ ਰੁਝੇਵੇਂ ਲਈ ਉਨ੍ਹਾਂ ਦੇ ਸ਼ੌਕ ਸਹਾਈ ਹੋ ਸਕਦੇ ਹਨ। ਕਿਤਾਬਾਂ ਪੜ੍ਹਨਾ ਬੜਾ ਵਧੀਆ ਸ਼ੌਕ ਹੈ। ਚੰਗੇ ਲੇਖਕਾਂ ਦੀਆਂ ਕਿਤਾਬਾਂ ਪੜ੍ਹਨ ਨਾਲ ਮਨ ਦਾ ਖਜ਼ਾਨਾ ਖਾਲੀ ਨਹੀਂ ਹੁੰਦਾ, ਸਦਾ ਭਰਪੂਰ ਰਹਿੰਦਾ ਹੈ। ਇਹ ਅਮੀਰੀ ਤੁਹਾਨੂੰ ਆਪਣੇ ਅਤੇ ਦੂਜੇ ਸਾਥੀਆਂ ਨਾਲ ਸਾਂਝੀ ਕਰਨ 'ਤੇ ਸਵੈ-ਮਾਣ ਬਖਸ਼ਦੀ ਹੈ। ਤੁਹਾਡੀ ਗੱਲ ਸੁਣੀ ਜਾਂਦੀ ਹੈ। ਇਹ ਬੇਸ਼ਕੀਮਤੀ ਗੱਲ ਹੈ। ਜੇ ਤੁਹਾਨੂੰ ਲਿਖਣ ਦਾ ਸ਼ੌਕ ਹੈ ਤਾਂ ਇਹ ਉਮਰ ਤੁਹਾਨੂੰ ਖੁੱਲ੍ਹਾ ਮੌਕਾ ਦੇਂਦੀ ਹੈ। ਖੁੱਲ੍ਹ ਕੇ ਲਿਖੋ। ਵੇਖਣ ਵਿੱਚ ਆਇਆ ਹੈ ਕਿ ਲੇਖਕ ਤੇ ਚਿੰਤਕ ਲੰਮੀ ਉਮਰ ਭੋਗਦੇ ਹਨ। ਬਾਗਬਾਨੀ, ਪੌਦਿਆਂ ਦੀ ਦੇਖਭਾਲ, ਉਨ੍ਹਾਂ ਨੂੰ ਛਾਂਗਣਾ ਅਤੇ ਪਾਣੀ ਦੇਣਾ ਸ਼ੌਕ ਹੈ। ਸਿਆਣੇ ਲੋਕ ਫੁੱਲਾਂ ਨਾਲ ਗੱਲਾਂ ਕਰਦੇ ਹਨ। ਜੇ ਇਹ ਸ਼ੌਕ ਜਵਾਨੀ ਵੇਲੇ ਤੋਂ ਹੈ ਤਾਂ ਚੰਗੀ ਗੱਲ ਹੈ, ਵੱਡੀ ਉਮਰ ਵਿੱਚ ਵੀ ਇਹ ਅਪਣਾਇਆ ਜਾ ਸਕਦਾ ਹੈ।
ਜਿਹੜੇ ਲੋਕ ਆਰਥਿਕ ਪੱਖੋਂ ਅਮੀਰ ਹਨ, ਉਨ੍ਹਾਂ ਨੇ ਕਲੱਬ ਮੈਂਬਰੀ ਲੈ ਰੱਖੀ ਹੈ। ਲਗਭਗ ਸਾਰੇ ਸ਼ਹਿਰਾਂ ਵਿੱਚ ਸੀਨੀਅਰ ਸਿਟੀਜ਼ਨ ਕਲੱਬ ਹਨ। ਉਨ੍ਹਾਂ ਵਿੱਚ ਜਾਣਾ ਚੰਗਾ ਕਦਮ ਹੈ। ਇਕ ਦੂਜੇ ਨਾਲ ਮਿਲ ਬੈਠ ਕੇ ਦੁਖ ਸੁਖ ਸਾਂਝੇ ਹੋ ਜਾਂਦੇ ਹਨ। ਮਨ ਹੌਲਾ ਹੋ ਜਾਂਦਾ ਹੈ। ਕਈ ਦੇਸ਼ਾਂ ਵਿੱਚ ਅਜਿਹੇ ਪ੍ਰਬੰਧ ਹਨ ਕਿ ਕਲੱਬ ਵਾਲੇ ਤੁਹਾਨੂੰ ਘਰ ਤੋਂ ਕਲੱਬ ਤੱਕ ਲੈ ਜਾਂਦੇ ਹਨ। ਭਾਰਤ ਵਿੱਚ ਵੀ ਕਈ ਸ਼ਹਿਰਾਂ ਵਿੱਚ ਇਹ ਪ੍ਰਬੰਧ ਹੋਣਗੇ। ਇਨ੍ਹਾਂ ਦਾ ਫਾਇਦਾ ਉਠਾਓ। ਕੋਈ ਨਵੀਂ ਭਾਸ਼ਾ ਸਿੱਖਣੀ ਜਾਂ ਕੋਈ ਹੋਰ ਹੁਨਰ ਸਿੱਖਣਾ ਜਾਂ ਵਿਕਸਤ ਕਰਨਾ ਵੀ ਸੰਭਵ ਹੈ। ਸਿਰਫ ਤੁਹਾਡੀ ਇੱਛਾ ਸ਼ਕਤੀ ਤੇ ਆਤਮ ਬਲ ਹੋਣਾ ਚਾਹੀਦਾ ਹੈ। ਮੇਰੇ ਇਕ ਨੇਵੀ ਤੋਂ ਸੇਵਾ ਮੁਕਤ ਮਿੱਤਰ, ਜੋ ਮੇਰੀ ਉਮਰ (ਭਾਵ 78 ਸਾਲ) ਦੇ ਹਨ, ਨੇ ਇਸ ਉਮਰ ਵਿੱਚ ਫਰੈਂਚ ਦਾ ਡਿਪਲੋਮਾ ਪ੍ਰਾਪਤ ਕੀਤਾ, ਤਬਲਾ ਵਜਾਉਣਾ ਸਿੱਖਿਆ ਤੇ ਕੰਪਿਊਟਰ 'ਤੇ ਪੰਜਾਬੀ ਟਾਈਪਿੰਗ ਕਰਨੀ ਸਿੱਖੀ ਹੈ। ਇਹ ਸਭ ਉਸ ਨੇ ਸਿਰਫ ਘਰ ਬੈਠੇ ਹੀ ਕੀਤਾ ਹੈ। ਤਬਲਾ ਵਜਾਉਣ ਲਈ ਉਸ ਨੇ ਇੱਕ ਤਬਲਾ ਮਾਸਟਰ ਤੋਂ ਸਿਖਲਾਈ ਜ਼ਰੂਰ ਲਈ ਹੈ, ਜੋ ਉਸ ਨੂੰ ਘਰ ਸਿਖਾਉਣ ਆਉਂਦਾ ਸੀ। ਅੱਜ ਕੱਲ੍ਹ ਉਹ ਆਪਣੀਆਂ ਲਿਖਤਾਂ ਆਪ ਟਾਈਪ ਕਰਦਾ ਹੈ। ਉਸ ਨੂੰ ਪੰਜਾਬੀ, ਅੰਗਰੇਜ਼ੀ, ਹਿੰਦੀ, ਉਰਦੂ ਅਤੇ ਉੜੀਆ ਭਾਸ਼ਾਵਾਂ ਦਾ ਗਿਆਨ ਪਹਿਲਾਂ ਹੀ ਸੀ, ਉਸ ਨੇ ਬੰਗਾਲੀ ਭਾਸ਼ਾ ਆਪਣੀ ਨੂੰਹ ਕੋਲੋਂ ਸਿੱਖ ਲਈ ਹੈ। ਇਹ ਕਰਾਮਾਤ ਸਾਰੀ ਸ਼ੌਕਾਂ ਦੀ ਹੈ। ਇਸ ਲਈ ਆਪਣੇ ਸ਼ੌਕ ਵਧਾਓ।
ਜੇ ਤੁਸੀਂ ਪੜ੍ਹੇ ਲਿਖੇ ਹੋ ਤਾਂ ਗਲੀ ਮੁਹੱਲੇ ਦੇ ਬੱਚਿਆਂ ਨੂੰ ਮੁਫਤ ਟਿਊਸ਼ਨ ਦੇ ਸਕਦੇ ਹੋ। ਇਸ ਨਾਲ ਤੁਹਾਡਾ ਮਨ ਲੱਗਾ ਰਹੇਗਾ ਤੇ ਬੱਚਿਆਂ ਦਾ ਭਲਾ ਹੋਵੇਗਾ। ‘ਪ੍ਰੀਤਲੜੀ' ਦੇ ਬਾਨੀ ਗੁਰਬਖਸ਼ ਸਿੰਘ ਨੇ ਇਕ ਲੇਖ ਵਿੱਚ ਸੁਝਾਅ ਦਿੱਤਾ ਸੀ ਕਿ ਘਰੋਂ ਬਾਹਰ ਨਿਕਲੋ, ਤੁਹਾਨੂੰ ਕੋਈ ਰਾਹ ਪੁੱਛਣ ਵਾਲਾ ਮਿਲ ਜਾਏਗਾ। ਕਿਸੇ ਹਸਪਤਾਲ ਦੇ ਬਾਹਰ ਖੜੇ ਹੋਵੋ ਤੇ ਅਣਜਾਨ ਰਾਹੀਆਂ ਨੂੰ ਗਾਇਡੈਂਸ ਦਿਓ। ਜੇ ਇਹ ਨਹੀਂ ਤਾਂ ਤੁਸੀਂ ਪਤਨੀ ਦੀ ਸਬਜ਼ੀ ਕੱਟਣ ਵਿੱਚ ਮਦਦ ਕਰ ਸਕਦੇ ਹੋ। ਮੰਤਵ ਸਿਰਫ ਇਹ ਹੈ ਕਿ ਆਪਣੇ ਆਪ ਨੂੰ ਰੁੱਝੇ ਰੱਖੋ। ਕੰਮ ਦੀ ਚੋਣ ਤੁਹਾਡੀ ਆਪਣੀ ਮਰਜ਼ੀ 'ਤੇ ਨਿਰਭਰ ਕਰਦੀ ਹੈ।
ਵਡੇਰੀ ਉਮਰ ਦੇ ਬਹੁਤ ਫਾਇਦੇ ਹਨ। ਤੁਹਾਡੇ ਦੁਆਲੇ ਖੇਡਦੇ ਪੋਤੇ, ਪੋਤੀਆਂ ਦੀਆਂ ਪਿਆਰੀਆਂ ਕਿਲਕਾਰੀਆਂ ਸੁਣੋ। ਉਨ੍ਹਾਂ ਦੀ ਤੋਤਲੀ ਜ਼ੁਬਾਨ ਦੀਆਂ ਫਰਮਾਇਸ਼ਾਂ ਪੂਰੀਆਂ ਕਰੋ। ਉਹ ਤੁਹਾਡੇ ਸਜੀਵ ਖਿਡਾਉਣੇ ਹਨ। ਆਪਣੇ ਆਪ ਨੂੰ ਚਿੰਤਾ ਮੁਕਤ ਰੱਖੋ। ਹਮੇਸ਼ਾ ਆਪਣੇ ਮਨ ਦੀਆਂ ਤਰੰਗਾਂ ਨੂੰ ਜਵਾਨ ਰੱਖੋ। ਸੁਸਤੀ ਦਾ ਜੀਵਨ ਤਿਆਗੋ। ਇਕ ਥਾਂ ਬੈਠੇ ਨਾ ਰਹੋ, ਤੁਰੋ ਫਿਰੋ। ਆਪਣੀ ਸਮਰੱਥਾ ਮੁਤਾਬਕ ਕਸਰਤ ਕਰੋ। ਨਹੀਂ ਤਾਂ ਜਿੰਨੀ ਹੋ ਸਕੇ, ਸੈਰ ਕਰੋ। ਜੇ ਬੈਠਣਾ ਹੈ ਤਾਂ ਇਕ ਅੱਧਾ ਨਾਵਲ ਜਾਂ ਕਹਾਣੀਆਂ ਦੀ ਕਿਤਾਬ ਕੋਲ ਰੱਖੋ ਤੇ ਉਸ ਨੂੰ ਨਿਰੰਤਰ ਪੜ੍ਹਦੇ ਰਹੋ। ਵਕਤ ਸੋਹਣਾ ਬੀਤ ਜਾਵੇਗਾ। ਹਰ ਸਵੇਰ ਉਠਣ ਤੋਂ ਬਾਅਦ ਹਫੀਜ਼ ਜਲੰਧਰੀ ਦੀ ਕਵਿਤਾ ਨੂੰ ਦੁਹਰਾਉਂਦਿਆਂ ਬੋਲੋ:
ਅਭੀ ਤੋ ਮੈਂ ਜਵਾਨ ਹੂੰ..।