Welcome to Canadian Punjabi Post
Follow us on

10

July 2025
 
ਨਜਰਰੀਆ

ਸਿਹਤ ਤੇ ਸਿੱਖਿਆ ਸਹੂਲਤਾਂ ਲੋੜਦੇ ਦਲਿਤ

August 23, 2019 10:50 AM

-ਬੀਰਬਲ ਧਾਲੀਵਾਲ
ਪੰਜਾਬ ਦਾ ਹਰ ਵਰਗ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਕਰਜ਼ੇ ਦੇ ਮੱਕੜਜਾਲ ਵਿੱਚ ਫਸਣ ਕਾਰਨ ਕਿਸਾਨਾਂ ਦੀਆਂ ਖੁਦਕੁਸ਼ੀਆਂ ਦਾ ਸਿਲਸਿਲਾ ਘਟਣ ਦੀ ਬਜਾਏ ਹਰ ਸਾਲ ਵਧਦਾ ਜਾ ਰਿਹਾ ਹੈ। ਪੰਜਾਬ ਦਾ ਦਲਿਤ ਵਰਗ ਕਿਸਾਨਾਂ ਨਾਲੋਂ ਵੀ ਬਦਤਰ ਹਾਲਾਤ ਵਿੱਚ ਗੁਜ਼ਾਰਾ ਕਰ ਰਿਹਾ ਹੈ। ਪਿੰਡਾਂ ਵਿੱਚ ਦਲਿਤ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਦਲਿਤ ਸਮਾਜ ਨਾਲ ਸਬੰਧਤ ਲੋਕ ਜਿਨ੍ਹਾਂ ਨੂੰ ਸਰਕਾਰੀ ਨੌਕਰੀ ਮਿਲ ਜਾਂਦੀ ਹੈ, ਉਨ੍ਹਾਂ ਵਿੱਚੋਂ ਬਹੁਤੇ ਪਿੰਡਾਂ ਨੂੰ ਛੱਡ ਕੇ ਸ਼ਹਿਰਾਂ ਵੱਲ ਕੂਚ ਕਰ ਜਾਂਦੇ ਹਨ। ਉਨ੍ਹਾਂ ਦਾ ਤਰਕ ਹੁੰਦਾ ਹੈ ਕਿ ਸ਼ਹਿਰਾਂ ਵਿੱਚ ਹਰ ਤਰ੍ਹਾਂ ਦੀ ਸਹੂਲਤ ਹੈ ਅਤੇ ਬੱਚਿਆਂ ਦੀ ਪੜ੍ਹਾਈ ਜ਼ਰੂਰੀ ਹੈ। ਪਿੰਡਾਂ ਅੰਦਰ ਰਹਿੰਦੇ ਦਲਿਤ ਵਰਗ ਦੇ ਲੋਕ ਅੱਜ ਵੀ ਕਿਸਾਨਾਂ ਉਪਰ ਨਿਰਭਰ ਹਨ। ਉਹ ਕਿਸਾਨਾਂ ਦੇ ਘਰੀਂ ਕੰਮ ਕਰਨ ਬਦਲੇ ਪੂਰੇ ਸਾਲ ਦੇ ਪੈਸੇ ਇਕੋ ਵਾਰ ਲੈ ਲੈਂਦੇ ਹਨ। ਫਿਰ ਉਨ੍ਹਾਂ ਦੀਆਂ ਪਤਨੀਆਂ ਸਿਰਫ ਪੰਜ ਸੌ ਰੁਪਏ ਵਿੱਚ ਪੂਰਾ ਮਹੀਨਾ ਕਿਸਾਨ ਦੇ ਘਰ ਗੋਹਾ ਕੂੜਾ ਕਰਦੀਆਂ ਹਨ। ਇਸ ਕਾਰਨ ਇਸ ਵਰਗ ਦੇ ਜ਼ਿਆਦਾ ਲੋਕ ਆਪਣੇ ਬੱਚਿਆਂ ਨੂੰ ਸਹੀ ਤਰੀਕੇ ਨਾਲ ਨਹੀਂ ਪੜ੍ਹਾ ਸਕਦੇ ਅਤੇ ਉਹ ਵੀ ਆਪਣੇ ਬਾਪ ਦਾਦਿਆਂ ਵਾਂਗ ਕਿਸਾਨ ਪਰਵਾਰਾਂ ਕੋਲ ਜਾਂ ਸ਼ਹਿਰਾਂ ਵਿੱਚ ਮਿਹਨਤ ਮਜ਼ਦੂਰੀ ਕਰਨ ਲੱਗਦੇ ਹਨ। ਇਉਂ ਉਨ੍ਹਾਂ ਦੀ ਸਾਰੀ ਜ਼ਿੰਦਗੀ ਆਟੇ ਦਾਲ ਤੱਕ ਸੀਮਤ ਹੋ ਕੇ ਰਹਿ ਜਾਂਦੀ ਹੈ। ਇਹੀ ਕਾਰਨ ਹੈ ਕਿ ਦਲਿਤ ਵਰਗ ਦੇ ਬਹੁਤੇ ਬੱਚੇ ਅਨਪੜ੍ਹ ਰਹਿ ਜਾਂਦੇ ਹਨ। ਪੜ੍ਹੇ ਲਿਖੇ ਲੋਕਾਂ ਦੇ ਸ਼ਹਿਰਾਂ ਵਿੱਚ ਚਲੇ ਜਾਣ ਕਾਰਨ ਪਿੰਡਾਂ ਵਿੱਚ ਰਹਿੰਦੇ ਇਨ੍ਹਾਂ ਲੋਕਾਂ ਨੂੰ ਕੋਈ ਸਮਝਾਉਣ ਵਾਲਾ ਨਹੀਂ ਹੁੰਦਾ ਕਿ ਆਪਣੇ ਬੱਚਿਆਂ ਨੂੰ ਚੰਗੀ ਤਰ੍ਹਾਂ ਪੜ੍ਹਾ ਲਿਖਾ ਦੇਣ ਤਾਂ ਕਿ ਇਹ ਲੋਕ ਆਪਣੇ ਪੈਰਾਂ ਉੱਤੇ ਖੜੇ ਹੋ ਕੇ ਚੰਗੀ ਜ਼ਿੰਦਗੀ ਜਿਊਂ ਸਕਣ।
ਦਲਿਤ ਵਰਗ ਨੇ ਕੋਈ ਵਾਹਨ ਜਾਂ ਘਰੇਲੂ ਵਰਤੋਂ ਦਾ ਕੋਈ ਵੀ ਸਾਮਾਨ ਲੈਣਾ ਹੋਵੇ ਤਾਂ ਉਹ ਕਿਸ਼ਤਾਂ ਉਪਰ ਲੈਂਦੇ ਹਨ, ਜਿਸ ਦੀ ਕੰਪਨੀਆਂ ਬਹੁਤ ਜ਼ਿਆਦਾ ਕੀਮਤ ਵਸੂਲ ਕਰਦੀਆਂ ਹਨ। ਪੈਸੇ ਦੀ ਕਮੀ ਹੋਣ ਕਾਰਨ ਕਿਸ਼ਤਾਂ ਟੁੱਟਦੀਆਂ ਰਹਿੰਦੀਆਂ ਹਨ ਤਾਂ ਕਿਸ਼ਤਾਂ ਉਪਰ ਖਰੀਦੀ ਹੋਈ ਚੀਜ਼ ਦੁੱਗਣੀ ਕੀਮਤ ਵਿੱਚ ਪੈਂਦੀ ਹੈ। ਕਈ ਵਾਰ ਕਿਸ਼ਤਾਂ ਭਰੀਆਂ ਨਾ ਜਾਣ ਕਾਰਨ ਕੰਪਨੀਆਂ ਵਾਲੇ ਵਾਹਨ ਅਤੇ ਕਿਸ਼ਤਾਂ ਉਪਰ ਖਰੀਦਿਆ ਹੋਰ ਸਾਮਾਨ ਚੁੱਕ ਕੇ ਲੈ ਜਾਂਦੇ ਹਨ। ਫਿਰ ਇਨ੍ਹਾਂ ਲੋਕਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਅਤੇ ਇਨ੍ਹਾਂ ਵੱਲੋਂ ਦਿੱਤੇ ਹੋਏ ਪੈਸੇ ਵੀ ਖੂਹ ਖਾਤੇ ਜਾ ਪੈਂਦੇ ਹਨ। ਅਨਪੜ੍ਹਤਾ ਕਾਰਨ ਇਨ੍ਹਾਂ ਲੋਕਾਂ ਨੂੰ ਇਹ ਪਤਾ ਨਹੀਂ ਹੁੰਦਾ ਕਿ ਇਸ ਦੀ ਸ਼ਿਕਾਇਤ ਕਿੱਥੇ ਕੀਤੀ ਜਾਵੇ। ਦਲਿਤ ਵਰਗ ਵਿੱਚ ਦਿਨੋ-ਦਿਨ ਵਧ ਰਹੀ ਗਰੀਬੀ ਦਾ ਮੁੱਖ ਕਾਰਨ ਇਹ ਵੀ ਹੈ ਕਿ ਆਮਦਨ ਨਾਲੋਂ ਖਰਚਾ ਬਹੁਤ ਜ਼ਿਆਦਾ ਵਧਾ ਲਿਆ ਹੈ।
ਇਸ ਦੇ ਨਾਲ ਤਿੰਨ ਸੌ ਰੁਪਏ ਦੀ ਮਜ਼ਦੂਰੀ ਕਰਨ ਵਾਲਾ ਮਜ਼ਦੂਰ ਸ਼ਾਮ ਸਮੇਂ ਠੇਕੇ ਉਤੇ ਰੁਕ ਕੇ ਡੇਢ ਸੌ ਰੁਪਏ ਦੀ ਸ਼ਰਾਬ ਪੀ ਜਾਂਦਾ ਹੈ। ਸ਼ਰਾਬ ਦੀ ਮਾੜੀ ਲਤ ਕਾਰਨ ਘਰਾਂ ਵਿੱਚ ਕਲੇਸ਼ ਪਿਆ ਰਹਿੰਦਾ ਹੈ। ਕਈ ਵਾਰ ਗੱਲ ਕਤਲਾਂ ਤੱਕ ਵੀ ਪਹੁੰਚ ਜਾਂਦੀ ਹੈ। ਸ਼ਰਾਬ, ਗੋਲੀਆਂ ਅਤੇ ਤੰਬਾਕੂ ਆਦਿ ਨਸ਼ਿਆਂ ਦਾ ਖਾਤਮਾ ਹੋ ਜਾਵੇ ਅਤੇ ਦਲਿਤ ਵਰਗ ਇਨ੍ਹਾਂ ਕੁਰੀਤੀਆਂ ਦਾ ਤਿਆਗ ਕਰ ਦੇਵੇ ਤਾਂ ਇਸ ਨਾਲ ਆਉਣ ਵਾਲੀਆਂ ਨਸਲਾਂ ਵੀ ਬਚਾਈਆਂ ਜਾ ਸਕਣਗੀਆਂ।
ਦੇਸ਼ ਆਜ਼ਾਦ ਹੋਣ ਤੋਂ ਬਾਅਦ ਵੀ ਬਹੁਤੇ ਦਲਿਤ ਲੋਕਾਂ ਨੇ ਪੜ੍ਹਾਈ ਵੱਲ ਧਿਆਨ ਨਹੀਂ ਦਿੱਤਾ ਅਤੇ ਨਾ ਹੀ ਆਪਣੇ ਚੰਗੇ ਭਵਿੱਖ ਲਈ ਕੁਝ ਸੋਚਿਆ। ਨਸ਼ੇ ਸੋਚਣ ਸਮਝਣ ਦੀ ਸ਼ਕਤੀ ਖਤਮ ਕਰ ਰਹੇ ਹਨ। ਜ਼ਹਿਰੀਲੀ ਸ਼ਰਾਬ ਅਤੇ ਤੰਬਾਕੂ ਕਾਰਨ ਹਰ ਸਾਲ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ ਜਾਂ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਜਿਨ੍ਹਾਂ ਦਾ ਇਲਾਜ ਕਰਾਉਣਾ ਆਮ ਬੰਦੇ ਦੇ ਵੱਸ ਤੋਂ ਬਾਹਰ ਦੀ ਗੱਲ ਹੈ।
ਸੂਬਾਈ ਸਰਕਾਰਾਂ ਦਲਿਤ ਵਰਗ ਨੂੰ ਆਟਾ ਦਾਲ ਜਾਂ ਸ਼ਗਨ ਸਕੀਮਾਂ ਵਿੱਚ ਉਲਝਾਈ ਰੱਖਦੀਆਂ ਹਨ। ਸਰਕਾਰਾਂ ਨੂੰ ਚਾਹੀਦਾ ਹੈ ਕਿ ਅਜਿਹੀਆਂ ਯੋਜਨਾਵਾਂ ਦੀ ਥਾਂ ਬਿਹਤਰ ਸਿੱਖਿਆ ਅਤੇ ਸਿਹਤ ਸਹੂਲਤਾਂ ਦਿੱਤੀਆਂ ਜਾਣ। ਸਮਾਂ ਆ ਗਿਆ ਹੈ ਕਿ ਮੁਫਤ ਵਿੱਚ ਮਿਲਦੀਆਂ ਸਹੂਲਤਾਂ ਮੰਗਣ ਦੀ ਬਜਾਏ ਰੁਜ਼ਗਾਰ ਅਤੇ ਹੋਰ ਬਣਦੀਆਂ ਸਹੂਲਤਾਂ ਸਰਕਾਰ ਤੋਂ ਮੰਗੀਆਂ ਜਾਣ। ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਦਲਿਤ ਵਰਗ ਨੂੰ ਮੁਫਤ ਸਹੂਲਤਾਂ ਦੇ ਚੱਕਰਾਂ ਵਿੱਚ ਹੀ ਪਾ ਰੱਖਿਆ ਹੈ, ਸੋ ਇਨ੍ਹਾਂ ਨੂੰ ਆਪਣੇ ਹੱਕਾਂ ਲਈ ਲਾਮਬੰਦ ਹੋਣਾ ਪਵੇਗਾ।
ਪੰਜਾਬ ਦੀ ਰਾਜਨੀਤੀ ਵਿੱਚ ਦਲਿਤ ਸਮਾਜ ਦੀ ਅਗਵਾਈ ਕਰਦੇ ਬਹੁਤ ਘੱਟ ਆਗੂ ਹਨ। ਜਿਹੜੇ ਆਗੂ ਹਨ, ਉਨ੍ਹਾਂ ਵਿੱਚੋਂ ਵੀ ਬਹੁਤੇ ਸਿਰਫ ਆਪਣੇ ਪਰਵਾਰਾਂ ਦੇ ਵਿਕਾਸ ਬਾਰੇ ਸੋਚਦੇ ਹਨ। ਜਿਸ ਸਮਾਜ ਦੀਆਂ ਵੋਟਾਂ ਲੈ ਕੇ ਲੀਡਰ ਬਣਦੇ ਹਨ ਉਨ੍ਹਾਂ ਨੂੰ ਜਿੱਤਦੇ ਸਾਰ ਭੁੱਲ ਜਾਂਦੇ ਹਨ। ਕੁਝ ਦਲਿਤ ਆਗੂ ਪਿਛਲੇ ਲੰਬੇ ਸਮੇਂ ਤੋਂ ਦਲਿਤਾਂ ਦੇ ਨਾਂ 'ਤੇ ਲੀਡਰੀ ਕਰ ਰਹੇ ਹਨ, ਪਰ ਉਨ੍ਹਾਂ ਨੇ ਇਸ ਸਮਾਜ ਦੀ ਭਲਾਈ ਲਈ ਕੋਈ ਕੰਮ ਨਹੀਂ ਕੀਤਾ। ਇਹੀ ਕਾਰਨ ਹੈ ਕਿ ਲੋਕਾਂ ਦਾ ਅਜਿਹੇ ਆਗੂਆਂ ਤੋਂ ਮੋਹ ਭੰਗ ਹੋ ਰਿਹਾ ਹੈ। ਬਹੁਤ ਸਾਰੇ ਲੋਕ ਆਖਦੇ ਹਨ ਕਿ ਦਲਿਤ ਸਮਾਜ ਨੂੰ ਰਾਖਵਾਂਕਰਨ ਦਾ ਬਹੁਤ ਲਾਭ ਹੋਇਆ ਹੈ, ਜਦੋਂ ਕਿ ਸੱਚਾਈ ਇਹ ਹੈ ਕਿ ਸਰਕਾਰੀ ਨੌਕਰੀਆਂ ਵਿੱਚ ਰਾਖਵਾਂਕਰਨ ਦਾ ਲਾਭ ਜ਼ਿਆਦਾਤਰ ਅਮੀਰ ਦਲਿਤ ਹੀ ਉਠਾ ਰਹੇ ਹਨ। ਜੋ ਇਕ ਵਾਰ ਕਿਸੇ ਉਚੇ ਅਹੁਦੇ 'ਤੇ ਬਿਰਾਜਮਾਨ ਹੋ ਗਿਆ, ਉਸ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਰਕਾਰੀ ਨੌਕਰੀ ਮਿਲਦੀ ਰਹਿੰਦੀ ਹੈ। ਕੋਈ ਖੁਸ਼ਕਿਸਮਤ ਹੀ ਹੁੰਦਾ ਹੈ ਜੋ ਗਰੀਬੀ ਵਿੱਚੋਂ ਨਿਕਲ ਕੇ ਕੋਈ ਸਰਕਾਰੀ ਅਹੁਦਾ ਹਾਸਲ ਕਰਦਾ ਹੈ।
ਸ਼ਹਿਰਾਂ ਵਿੱਚ ਰਹਿੰਦੇ ਤੇ ਉਚੇ ਅਹੁਦਿਆਂ ਉਪਰ ਕੰਮ ਕਰ ਰਹੇ ਦਲਿਤ ਮੁਲਾਜ਼ਮ ਕਦੇ ਵੀ ਪਿੰਡਾਂ ਵਿੱਚ ਜਾ ਕੇ ਆਪਣੇ ਸਮਾਜ ਦੀ ਸਾਰ ਨਹੀਂ ਲੈਂਦੇ। ਉਨ੍ਹਾਂ ਨੂੰ ਪਿੰਡਾਂ ਵਿੱਚ ਜਾ ਕੇ ਨੌਜਵਾਨ ਪੀੜ੍ਹੀ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਕਿਵੇਂ ਪੜ੍ਹਾਈਆਂ ਕਰਕੇ ਉਚੇ ਅਹੁਦਿਆਂ ਉਪਰ ਬਿਰਾਜਮਾਨ ਹੋਏ ਹਨ। ਹੁਣ ਸਮਾਂ ਆ ਗਿਆ ਹੈ ਕਿ ਮੁਫਤ ਦੀਆਂ ਸਕੀਮਾਂ ਪਿੱਛੇ ਭੱਜਣ ਦੀ ਬਜਾਏ ਦਲਿਤ ਸਮਾਜ ਦੇ ਲੋਕ ਆਪਣੇ ਬੱਚਿਆਂ ਨੂੰ ਉਚ ਸਿੱਖਿਆ ਦਿਵਾਉਣ। ਨੌਜਵਾਨ ਪੀੜ੍ਹੀ ਨੂੰ ਵੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਪੜ੍ਹਾਈ ਕਰਕੇ ਆਪਣੇ ਮਾਪਿਆਂ ਦਾ ਨਾਂ ਰੌਸ਼ਨ ਕਰਨਾ ਚਾਹੀਦਾ ਹੈ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਵੇਖੋ ਜੀ! ਅਸੀਂ ਤਾਂ 'ਕੈਨੇਡਾ ਡੇਅ' ਪੰਜਾਬੀ ਫ਼ਿਲਮ 'ਸਰਦਾਰ ਜੀ 3' ਵੇਖ ਕੇ ਮਨਾਇਆ ਏਅਰ ਇੰਡੀਆ ਦਾ ਬੇੜਾ ਗਰਕ ਕੀਤਾ ਲੀਡਰਾਂ ਨੇ, ਅਜੇ ਵੀ ਸੁਧਰਨ ਦਾ ਸੰਕੇਤ ਨਹੀਂ ਮਿਲਦਾ ਡਾ. ਸੁਖਦੇਵ ਸਿੰਘ ਝੰਡ ਦੇ ਸਫ਼ਰਨਾਮੇ ‘ਪੁਰਖਿਆਂ ਦਾ ਦੇਸ’ ਸੰਗ ਸਫ਼ਰ ਕਰਦਿਆਂ - ਮਲਵਿੰਦਰ ਦਰਿਆਈ ਪਾਣੀ ਪੰਜਾਬ ਦੀ ਜਿੰਦ-ਜਾਨ : ਪ੍ਰਿੰਸੀਪਲ ਸਰਵਣ ਸਿੰਘ ਅਗਲੀਆਂ ਚੋਣਾਂ ਤੋਂ ਏਨਾ ਅਗੇਤਾ ਧਰੁਵੀਕਰਨ ਭਾਰਤ ਦੇ ਭਵਿੱਖ ਲਈ ਸੁਖਾਵਾਂ ਨਹੀਂ ਹੋਣ ਲੱਗਾ ਸੁਖਬੀਰ ਸਿੰਘ ਬਾਦਲ ਦਾ ਅਸਤੀਫਾ ਅਤੇ ਧਰਮ ਅਤੇ ਰਾਜਨੀਤੀ ਬਾਰੇ ਹਾਈਕੋਰਟ ਦਾ ਤਾਜ਼ਾ ਫੈਸਲਾ ਰਾਹੀ ਮਾਸੂਮ ਰਜ਼ਾ ਕਹਿੰਦਾ ਸੀ: ਯੇ ਮੌਸਮ ਖਤਮ ਹੋਨੇ ਕਾ ਨਾਮ ਹੀ ਨਹੀਂ ਲੇ ਰਹਾ ਕੈਨੇਡੀਅਨ ਸਮਾਜ ਦਾ ਦਰਪਣ : ਬਲਜੀਤ ਰੰਧਾਵਾ ਦੀ ਪੁਸਤਕ ‘ਲੇਖ ਨਹੀਂ ਜਾਣੇ ਨਾਲ਼’ ਸੜਕ ਏਥੇ ਦੀ ਏਥੇ ਤੇ ਦੇਸ਼ ਏਦਾਂ ਦਾ ਏਦਾਂ ਰਹੇਗਾ, ਪਤਾ ਨਹੀਂ ਕਦੋਂ ਤੱਕ! ਮੇਰਾ ਬਾਬਾ ਨਾਨਕ ਅਦੁੱਤੀ ਰੱਬੀ ਦੂਤ