ਓਟਵਾ, 22 ਅਗਸਤ (ਪੋਸਟ ਬਿਊਰੋ) : ਚੀਨ ਵਿੱਚ ਨਜ਼ਰਬੰਦ ਦੋ ਕੈਨੇਡੀਅਨਾਂ ਦੇ ਮਾਮਲੇ ਨੂੰ ਅਮਰੀਕਾ ਦੇ ਕਹਿਣ ਉੱਤੇ ਚੀਨ ਦੀ ਟੈਕਨੀਕਲ ਐਗਜ਼ੈਕਟਿਵ ਮੈਂਗ ਵਾਨਜ਼ੋਊ ਦੀ ਗ੍ਰਿਫਤਾਰੀ ਦੇ ਬਰਾਬਰ ਦਾ ਮੁੱਦਾ ਮੰਨਣ ਤੋਂ ਕੈਨੇਡਾ ਦੇ ਦੌਰੇ ਉੱਤੇ ਆਏ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੌਂਪੀਓ ਨੇ ਇਨਕਾਰ ਕਰ ਦਿੱਤਾ। ਇਸ ਨਾਲ ਪਹਿਲਾਂ ਤੋਂ ਹੀ ਕੈਨੇਡਾ ਤੇ ਚੀਨ ਦੇ ਸਬੰਧਾਂ ਵਿੱਚ ਆਈ ਕੁੜੱਤਣ ਹੋਰ ਵੱਧ ਸਕਦੀ ਹੈ।
ਜਿ਼ਕਰਯੋਗ ਹੈ ਕਿ ਇਰਾਨ ਉੱਤੇ ਲੱਗੀਆਂ ਪਾਬੰਦੀਆਂ ਦੀ ਫਰਾਡ ਨਾਲ ਉਲੰਘਣਾਂ ਕਰਨ ਦੇ ਦੋਸ਼ ਵਿੱਚ ਅਮਰੀਕਾ ਚੀਨੀ ਕੰਪਨੀ ਹੁਆਵੇਈ ਦੀ ਐਗਜ਼ੈਕਟਿਵ ਮੈਂਗ ਵਾਨਜ਼ੋਊ ਉੱਤੇ ਕਾਨੂੰਨੀ ਕਾਰਵਾਈ ਕਰਨੀ ਚਾਹੁੰਦਾ ਸੀ। ਅਮਰੀਕੀ ਅਧਿਕਾਰੀਆਂ ਦੇ ਕਹਿਣ ਉਪਰੰਤ ਹੀ ਮੈਂਗ ਨੂੰ ਵੈਨਕੂਵਰ ਵਿੱਚ ਗ੍ਰਿਫਤਾਰ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ ਕੁੱਝ ਦੇਰ ਬਾਅਦ ਹੀ ਕੈਨੇਡੀਅਨ ਨਾਗਰਿਕਾਂ ਮਾਈਕਲ ਕੋਵਰਿਗ ਤੇ ਮਾਈਕਲ ਸਪੇਵਰ ਨੂੰ ਚੀਨ ਵਿੱਚ ਨਜ਼ਰਬੰਦ ਕਰ ਲਿਆ ਗਿਆ ਸੀ। ਵਾਨਜ਼ੋਊ ਦੀ ਹਵਾਲਗੀ ਸਬੰਧੀ ਸੁਣਵਾਈ ਅਜੇ ਵੀ ਚੱਲ ਰਹੀ ਹੈ।
ਕੈਨੇਡਾ ਦੇ ਸਰਕਾਰੀ ਦੌਰੇ ਉੱਤੇ ਆਏ ਪੌਂਪੀਓ ਨੇ ਆਖਿਆ ਕਿ ਕੈਨੇਡੀਅਨ ਨਾਗਰਿਕਾਂ ਨੂੰ ਨਜ਼ਰਬੰਦ ਕੀਤੇ ਜਾਣ ਅਤੇ ਮੈਂਗ ਦੀ ਗ੍ਰਿਫਤਾਰੀ ਦਾ ਮਾਮਲਾ ਇੱਕੋ ਜਿਹਾ ਨਹੀਂ ਹੈ। ਉਨ੍ਹਾਂ ਇਹ ਵੀ ਸਪਸ਼ਟ ਕੀਤਾ ਕਿ ਇਨ੍ਹਾਂ ਦੋਵਾਂ ਮਾਮਲਿਆਂ ਨੂੰ ਰਲਾਈ ਜਾਣ ਦੀ ਗਲਤਫਹਿਮੀ ਬਾਰੇ ਹੀ ਚੀਨ ਗੱਲ ਕਰਨੀ ਚਾਹੁੰਦਾ ਹੈ ਤੇ ਇਸੇ ਨੁਕਤੇ ਨੂੰ ਹਵਾ ਦੇਣੀ ਚਾਹੁੰਦਾ ਹੈ। ਉਨ੍ਹਾਂ ਆਖਿਆ ਕਿ ਇਹ ਦੋਵੇਂ ਮੁੱਦੇ ਮੂਲ ਰੂਪ ਵਿੱਚ ਹੀ ਇੱਕ ਦੂਜੇ ਤੋਂ ਵੱਖਰੇ ਹਨ।
ਵਿਦੇਸ਼ ਮੰਤਰੀ ਕ੍ਰਿਸਟੀਆ ਫਰੀਲੈਂਡ ਨਾਲ ਮੀਟਿੰਗ ਤੋਂ ਬਾਅਦ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪੌਂਪੀਓ ਨੇ ਉਕਤ ਗੱਲਾਂ ਆਖੀਆਂ। ਇੱਕ ਪੱਤਰਕਾਰ ਵੱਲੋਂ ਫਰੀਲੈਂਡ ਤੋਂ ਇਹ ਸਵਾਲ ਪੁੱਛਿਆ ਗਿਆ ਕਿ ਕੋਵਰਿਗ ਤੇ ਸਪੇਵਰ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਕੀ ਕੈਨੇਡਾ ਨੇ ਅਮਰੀਕਾ ਤੋਂ ਮੈਂਗ ਦੀ ਹਵਾਲਗੀ ਦੀ ਬੇਨਤੀ ਵਾਪਿਸ ਲੈਣ ਦੀ ਮੰਗ ਰੱਖੀ ਹੈ। ਇਸ ਉੱਤੇ ਪੌਂਪੀਓ ਨੇ ਆਖਿਆ ਕਿ ਜਦੋਂ ਤੁਸੀਂ ਅਜਿਹੇ ਸਵਾਲ ਪੁੱਛਦੇ ਹੋਂ ਤਾਂ ਤੁਸੀਂ ਆਪ ਹੀ ਦੋ ਵੱਖੋ ਵੱਖਰੇ ਮਾਮਲਿਆਂ ਨੂੰ ਜੋੜ ਦਿੰਦੇ ਹੋਂ ਤੇ ਚੀਨ ਵੀ ਇਹੋ ਗੱਲ ਕਰਨੀ ਚਾਹੁੰਦਾ ਹੈ।
ਇੱਥੇ ਦੱਸਣਾ ਬਣਦਾ ਹੈ ਕਿ ਚੀਨ ਨੇ ਵੀਰਵਾਰ ਨੂੰ ਇਹ ਬਿਆਨ ਜਾਰੀ ਕੀਤੇ ਸਨ ਕਿ ਦੋ ਕੈਨੇਡੀਅਨਾਂ ਦੀ ਹੋਣੀ ਤੇ ਕੈਨੇਡਾ-ਚੀਨ ਦੇ ਸਬੰਧਾਂ ਵਿੱਚ ਵੱਧ ਰਹੀਆਂ ਔਕੜਾਂ ਅਸਲ ਵਿੱਚ ਕੈਨੇਡਾ ਦੀ ਹੀ ਗਲਤੀ ਹਨ ਤੇ ਇਨ੍ਹਾਂ ਦਾ ਸਿੱਧਾ ਸਿੱਧਾ ਸਬੰਧ ਮੈਂਗ ਦੀ ਗ੍ਰਿਫਤਾਰੀ ਨਾਲ ਹੈ। ਪੌਂਪੀਓ ਨੇ ਇਹ ਵੀ ਦੱਸਿਆ ਕਿ ਚੀਨ ਦੇ ਰਾਸ਼ਟਰਪਤੀ ਜ਼ੀ ਜਿ਼ੰਨਪਿੰਗ ਨਾਲ ਪਿੱਛੇ ਜਿਹੇ ਕੀਤੀ ਮੁਲਾਕਾਤ ਦੌਰਾਨ ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਇਹ ਸਪਸ਼ਟ ਕਰ ਦਿੱਤਾ ਸੀ ਕਿ ਚੀਨ ਦੇ ਅਢੁੱਕਵੇਂ ਵਿਵਹਾਰ ਲਈ ਅਮਰੀਕਾ ਚਿੰਤਤ ਹੈ। ਉਨ੍ਹਾਂ ਦੱਸਿਆ ਕਿ ਅਮਰੀਕੀ ਅਧਿਕਾਰੀ ਕੋਵਰਿਗ ਤੇ ਸਪੇਵਰ ਦੀ ਰਿਹਾਈ ਲਈ ਆਪਣੇ ਪੱਧਰ ਉੱਤੇ ਡਿਪਲੋਮੈਟਿਕ ਗਤੀਵਿਧੀਆਂ ਵਿੱਚ ਰੁੱਝੇ ਹੋਏ ਹਨ।