ਵਾਸਿ਼ੰਗਟਨ, 20 ਅਗਸਤ (ਪੋਸਟ ਬਿਊਰੋ) : ਪਿਛਲੇ 30 ਸਾਲਾਂ ਤੋਂ ਜਿਸ ਕਿਸਮ ਦੀ ਮਿਜ਼ਾਈਲ ਦਾ ਪ੍ਰੀਖਣ ਕਰਨ ਉੱਤੇ ਪਾਬੰਦੀ ਲੱਗੀ ਹੋਈ ਸੀ ਆਖਿਰਕਾਰ ਅਮਰੀਕਾ ਨੇ ਉਹ ਪ੍ਰੀਖਣ ਕਰ ਲਿਆ। ਜਿ਼ਕਰਯੋਗ ਹੈ ਕਿ ਇਸ ਮਹੀਨੇ ਅਮਰੀਕਾ ਤੇ ਰੂਸ ਦੋਵਾਂ ਨੇ ਅਜਿਹੀ ਸੰਧੀ ਨੂੰ ਖ਼ਤਮ ਕਰ ਦਿੱਤਾ ਜਿਹੜੀ ਇਹੋ ਜਿਹੇ ਹਥਿਆਰਾਂ ਦੇ ਪ੍ਰੀਖਣ ਉੱਤੇ ਰੋਕ ਲਾਉਣ ਲਈ 30 ਸਾਲ ਪਹਿਲਾਂ ਕੀਤੀ ਹੋਈ ਸੀ। ਇਹ ਜਾਣਕਾਰੀ ਪੈਂਟਾਗਨ ਨੇ ਦਿੱਤੀ।
ਐਤਵਾਰ ਨੂੰ ਕੈਲੇਫੋਰਨੀਆ ਦੇ ਤੱਟ ਉੱਤੇ ਕੀਤੇ ਗਏ ਇਸ ਪ੍ਰੀਖਣ ਤੋਂ ਬਾਅਦ ਹਥਿਆਰਾਂ ਦੀ ਦੌੜ ਮੁੜ ਸ਼ੁਰੂ ਹੋਣ ਦੀ ਸੰਭਾਵਨਾ ਵੱਧ ਗਈ ਹੈ ਜਿਸ ਕਾਰਨ ਵਿਸ਼ਲੇਸ਼ਕ ਚਿੰਤਤ ਹਨ ਕਿ ਇੱਕ ਵਾਰੀ ਫਿਰ ਰੂਸ ਤੇ ਅਮਰੀਕਾ ਦਰਮਿਆਨ ਤਣਾਅ ਵੱਧ ਜਾਵੇਗਾ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਉਹ ਫਾਇਦੇਮੰਦ ਹਥਿਆਰ ਨਿਯੰਤਰਣ ਵਿੱਚ ਦਿਲਚਸਪੀ ਲੈਂਦੇ ਰਹਿਣਗੇ ਪਰ ਉਨ੍ਹਾਂ ਸਵਾਲ ਕੀਤਾ ਕਿ ਸੰਧੀ ਵਿਚਲੀ ਵਚਨਬੱਧਤਾ ਨੂੰ ਨਿਭਾਉਣ ਦੀ ਇੱਛਾ ਨੂੰ ਕਾਇਮ ਰੱਖਣ ਵਿੱਚ ਮਾਸਕੋ ਕਿੰਨੀ ਕੁ ਰੂਚੀ ਵਿਖਾ ਰਿਹਾ ਹੈ।
ਪੈਂਟਾਗਨ ਨੇ ਆਖਿਆ ਕਿ ਉਨ੍ਹਾਂ ਵੱਲੋਂ ਨੇਵੀ ਟੌਮਹਾਕ ਕਰੂਜ਼ ਮਿਜ਼ਾਈਲ ਦਾ ਸੋਧਿਆ ਹੋਇਆ ਜ਼ਮੀਨ ਤੋਂ ਲਾਂਚ ਕੀਤੇ ਜਾਣ ਵਾਲੇ ਵਰਜ਼ਨ ਦਾ ਪ੍ਰੀਖਣ ਕੀਤਾ ਗਿਆ ਹੈ। ਇਸ ਨੂੰ ਸੈਨ ਨਿਕੋਲਸ ਆਈਲੈਂਡ ਤੋਂ ਲਾਂਚ ਕੀਤਾ ਗਿਆ ਤੇ 500 ਕਿਲੋਮੀਟਰ ਤੱਕ ਉਡਾਣ ਭਰਨ ਤੋਂ ਬਾਅਦ ਇਹ ਸਿੱਧਾ ਆਪਣੇ ਨਿਸ਼ਾਨੇ ਉੱਤੇ ਜਾ ਟਕਰਾਇਆ। ਇਹ ਮਿਜ਼ਾਈਲ ਪ੍ਰਮਾਣੂ ਨਹੀਂ ਸਗੋਂ ਰਵਾਇਤੀ ਹਥਿਆਰਾਂ ਨਾਲ ਲੈਸ ਸੀ।
ਰੱਖਿਆ ਅਧਿਕਾਰੀਆਂ ਨੇ ਪਿਛਲੇ ਸਾਲ ਮਾਰਚ ਵਿੱਚ ਦੱਸਿਆ ਸੀ ਕਿ ਇਸ ਮਿਜ਼ਾਈਲ ਦੀ ਸਮਰੱਥਾ 1000 ਕਿਲੋਮੀਟਰ ਤੱਕ ਮਾਰ ਕਰਨ ਦੀ ਹੈ ਤੇ ਇਹ ਅਗਲੇ 18 ਮਹੀਨਿਆਂ ਵਿੱਚ ਤਾਇਨਾਤ ਕੀਤੇ ਜਾਣ ਲਈ ਤਿਆਰ ਹੋਵੇਗੀ।