- ਪੰਜਾਬ ਸਰਕਾਰ ਵੱਲੋਂ ਸੂਬੇ 'ਚ 13,000 ਅਤਿ ਆਧੁਨਿਕ ਖੇਡ ਮੈਦਾਨ ਬਣਾਉਣ ਦੀ ਯੋਜਨਾ
- ਪਹਿਲੇ ਪੜਾਅ ਅਧੀਨ 3 ਹਜ਼ਾਰ ਤੋਂ ਜ਼ਿਆਦਾ ਖੇਡ ਮੈਦਾਨ ਹੋਣਗੇ ਤਿਆਰ: ਤਰੁਨਪ੍ਰੀਤ ਸਿੰਘ ਸੌਂਦ
ਚੰਡੀਗੜ੍ਹ, 20 ਅਗਸਤ (ਪੋਸਟ ਬਿਊਰੋ): ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਉੱਭਰਦੇ ਖਿਡਾਰੀਆਂ ਨੂੰ ਓਲੰਪਿਕ ਅਤੇ ਹੋਰ ਵਿਸ਼ਵ ਪੱਧਰੀ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਦੇ ਯੋਗ ਬਣਾਉਣ ਲਈ 13,000 ਅਤਿ ਆਧੁਨਿਕ ਪੇਂਡੂ ਖੇਡ ਮੈਦਾਨ ਬਣਾਉਣ ਦੀ ਯੋਜਨਾ ਲਾਗੂ ਕੀਤੀ ਹੈ। ਇਸ ਬਾਬਤ ਜ਼ਿਆਦਾ ਜਾਣਕਾਰੀ ਦਿੰਦਿਆਂ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਦੱਸਿਆ ਕਿ ਪਹਿਲੇ ਪੜਾਅ ਤਹਿਤ ਪਿੰਡਾਂ ਵਿੱਚ 3073 ਖੇਡ ਮੈਦਾਨਾਂ ਦੀ ਉਸਾਰੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਸੌਂਦ ਨੇ ਕਿਹਾ ਕਿ ਖੇਡ ਬੁਨਿਆਦੀ ਢਾਂਚੇ ਦੇ ਵਿਕਾਸ ਜਾਂ ਨੌਜਵਾਨਾਂ ਦੇ ਓਵਰਆਲ ਵਿਕਾਸ ਲਈ ਇਸ ਤੋਂ ਪਹਿਲਾਂ ਕੋਈ ਸਾਰਥਕ ਕਦਮ ਨਹੀਂ ਚੁੱਕੇ ਗਏ ਸਨ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਖੇਡਾਂ ਨੂੰ ਉਤਸ਼ਾਹਿਤ ਕਰਨ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਪੇਂਡ ਖੇਤਰਾਂ ਵਿਚ ਖੇਡ ਮੈਦਾਨ ਬਣਾਉਣ ਨਾਲ ਖੇਡ ਸੱਭਿਆਚਾਰ ਪ੍ਰਫੁੱਲਤ ਹੋਵੇਗਾ ਅਤੇ ਨੌਜਵਾਨਾਂ ਨੂੰ ਨਸ਼ਿਆਂ ਦੀ ਲਾਹਨਤ ਤੋਂ ਦਰ ਰੱਖਣ ਵਿਚ ਮਦਦ ਮਿਲੇਗੀ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਨਸ਼ਾ ਵਿਰੋਧੀ ਮੁਹਿੰਮ 'ਯੁੱਧ ਨਸ਼ਿਆਂ ਵਿਰੁੱਧ' ਸਦਕਾ ਸੂਬੇ ਦੇ ਹਾਲਾਤ ਹੁਣ ਦਿਨ-ਬ-ਦਿਨ ਬਦਲ ਰਹੇ ਹਨ ਅਤੇ ਖੇਡ ਮੈਦਾਨਾਂ ਦੇ ਕਾਰਜਸ਼ੀਲ ਹੋਣ ਤੋਂ ਬਾਅਦ ਨੌਜਵਾਨ ਨਸ਼ਿਆਂ ਦੀ ਲਾਹਨਤ ਦਾ ਸਦਾ ਲਈ ਤਿਆਗ ਕਰ ਦੇਣਗੇ। ਉਨ੍ਹਾਂ ਕਿਹਾ ਕਿ ਖੇਡ ਮੈਦਾਨਾਂ ਸਦਕਾ ਨੌਜਵਾਨੀ ਦੀ ਦਿਲਚਸਪੀ ਖੇਡਾਂ ਵਿੱਚ ਜਾਗੇਗੀ ਅਤੇ ਉਹ ਬੁਰੀਆਂ ਅਲਾਮਤਾਂ ਤੋਂ ਖੁਦ ਕੋਹਾਂ ਦੂਰ ਹੋ ਜਾਣਗੇ।
ਪੰਚਾਇਤ ਮੰਤਰੀ ਨੇ ਅੱਗੇ ਕਿਹਾ ਕਿ ਸੂਬਾ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਮੌਕੇ ਅਤੇ ਵਿਸ਼ਵ ਪੱਧਰੀ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਪੱਧਰ 'ਤੇ ਭਾਰਤ ਦੀ ਨੁਮਾਇੰਦਗੀ ਕਰਨ ਵਾਲੇ ਹੋਣਹਾਰ ਖਿਡਾਰੀਆਂ ਨੂੰ ਉੱਭਰਦੇ ਖਿਡਾਰੀਆਂ ਨੂੰ ਸਿਖਲਾਈ ਦੇਣ ਵਾਸਤੇ ਕੋਚ ਵਜੋਂ ਨਿਯੁਕਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਸੂਬੇ ਦੀ ਗੁਆਚੀ ਸ਼ਾਨ ਬਹਾਲ ਕਰਨ ਸਬੰਧੀ ਆਪਣੇ ਯਤਨਾਂ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੇਗੀ।
ਜਿ਼ਕਰਯੋਗ ਹੈ ਕਿ ਪੰਜਾਬ ਦੇਸ਼ ਦਾ ਪਹਿਲਾ ਸੂਬਾ ਹੈ, ਜਿਸ ਨੇ ਖਿਡਾਰੀਆਂ ਨੂੰ ਕੌਮਾਂਤਰੀ ਮੁਕਾਬਲਿਆਂ ਤੋਂ ਪਹਿਲਾਂ ਤਿਆਰੀਆਂ ਲਈ ਵਿੱਤੀ ਸਹਾਇਤਾ ਦਿੱਤੀ ਹੈ, ਜਿਸ ਦੇ ਸਾਰਥਕ ਨਤੀਜੇ ਸਾਹਮਣੇ ਆ ਚੁੱਕੇ ਹਨ। ਹੁਣ ਪੇਂਡੂ ਖੇਡ ਮੈਦਾਨਾਂ ਸਦਕਾ ਪੰਜਾਬ ਕੌਮਾਂਤਰੀ ਨਕਸ਼ੇ 'ਤੇ ਨਵੇਂ ਮੀਲ ਪੱਥਰ ਸਥਾਪਤ ਕਰਨ ਦੀ ਦਿਸ਼ਾ ਵੱਲ ਕਦਮ ਵਧਾ ਰਿਹਾ ਹੈ। ਸੌਂਦ ਨੇ ਆਸ ਪ੍ਰਗਟਾਈ ਕਿ ਪੰਜਾਬ ਸਰਕਾਰ ਦੇ ਯਤਨਾਂ ਦੇ ਸਾਰਥਕ ਨਤੀਜੇ ਮਿਲਣਗੇ, ਜਿਸ ਨਾਲ ਪੰਜਾਬ ਦੇ ਨੌਜਵਾਨ ਹਰ ਖੇਤਰ ਵਿੱਚ ਸੂਬੇ ਦਾ ਨਾਮ ਰੌਸ਼ਨ ਕਰਨਗੇ।