-ਇੰਡਸਟਰੀਅਲ ਪਲਾਟ ਧਾਰਕਾਂ ਨੂੰ ਲੀਜ਼ ਵਿੱਚੋਂ ਕੱਢ ਕੇ ਦਿੱਤੇ ਮਾਲਕੀ ਦੇ ਹੱਕ
-ਸਾਡੀ ਸਰਕਾਰ ਦੌਰਾਨ ਇਕ ਲੱਖ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ
ਅੰਮ੍ਰਿਤਸਰ, 19 ਅਗਸਤ (ਗਿਆਨ ਸਿੰਘ): ਸਨਅਤ ਅਤੇ ਬਿਜਲੀ ਮੰਤਰੀ ਸ੍ਰੀ ਸੰਜੀਵ ਅਰੋੜਾ ਨੇ ਅੰਮ੍ਰਿਤਸਰ ਵਿਖੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਸਾਰੇ ਸਨਅਤੀ ਫੋਕਲ ਪੁਆਇੰਟਾਂ ਦੀ ਸਾਂਭ ਸੰਭਾਲ ਲਈ ਇੱਕ ਵੱਖਰੀ ਅਥਾਰਟੀ ਬਣਾਉਣ ਜਾ ਰਹੀ ਹੈ, ਜਿਸ ਨਾਲ ਸਨਤਕਾਰਾਂ ਦੀਆਂ ਸਾਰੀਆਂ ਮੁਸ਼ਕਲਾਂ ਦਾ ਹੱਲ ਹੋ ਜਾਵੇਗਾ। ਉਹਨਾਂ ਦੱਸਿਆ ਕਿ ਫਿਲਹਾਲ ਅਸੀਂ ਫੋਕਲ ਪੁਆਇੰਟਾਂ ਨੂੰ ਅਪਗਰੇਡ ਕਰਨ ਲਈ 100 ਕਰੋੜ ਰੁਪਏ ਦੇ ਟੈਂਡਰ ਲਗਾਏ ਹਨ, ਜਿਸ ਨਾਲ ਉੱਥੇ ਸੀਵਰੇਜ਼, ਸੀਸੀਟੀਵੀ ਕੈਮਰੇ, ਲਾਈਟਾਂ, ਸੜਕਾਂ ਅਤੇ ਹੋਰ ਪ੍ਰਬੰਧ ਕੀਤੇ ਜਾ ਰਹੇ ਹਨ। ਅਰੋੜਾ ਨੇ ਦੱਸਿਆ ਕਿ ਸਨਅਤਕਾਰਾਂ ਦੀ ਸਹੂਲਤ ਲਈ ਅਸੀਂ ਮੁਹਾਲੀ, ਅੰਮ੍ਰਿਤਸਰ ਅਤੇ ਲੁਧਿਆਣਾ ਵਿੱਚ ਛੇਤੀ ਹੀ ਐਗਜੀਬਿਸ਼ਨ ਸੈਂਟਰ ਬਣਾਉਣ ਜਾ ਰਹੇ ਹਾਂ।
ਅਰੋੜਾ ਨੇ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀ ਦੇ ਵਿਕਾਸ ਲਈ ਸਾਰੇ ਵੱਡੇ ਸ਼ਹਿਰਾਂ ਵਿੱਚ ਰਾਈਜਿੰਗ ਪੰਜਾਬ- ਸੁਝਾਅ ਤੋਂ ਹੱਲ ਤੱਕ ਸਮਾਗਮ ਕੀਤੇ ਜਾ ਰਹੇ ਹਨ, ਜਿਸ ਦੀ ਅੱਜ ਅੰਮ੍ਰਿਤਸਰ ਤੋਂ ਸ਼ੁਰੂਆਤ ਕੀਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸਨਤਕਾਰਾਂ ਲਈ ਨਵੇਂ ਉਪਰਾਲੇ ਕਰ ਰਹੇ ਹਾਂ ਅਤੇ ਨਵੀਂ ਯੋਜਨਾਬੰਦੀ ਲੈ ਕੇ ਆ ਰਹੇ ਹਾਂ। ਹੁਣ ਤੱਕ ਕੀਤੀਆਂ ਗਈਆਂ ਪ੍ਰਾਪਤੀਆਂ ਦੀ ਗੱਲ ਕਰਦੇ ਕੈਬਨਿਟ ਮੰਤਰੀ ਨੇ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 14 ਹਜ਼ਾਰ ਕਰੋੜ ਰੁਪਏ ਦਾ ਨਿਵੇਸ਼ ਹੋਇਆ ਹੈ, ਜਿਸ ਨਾਲ ਸਾਢੇ ਚਾਰ ਲੱਖ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੈ। ਉਹਨਾਂ ਦੱਸਿਆ ਕਿ ਅਸੀਂ ਵਨ ਟਾਈਮ ਸੈਟਲਮੈਂਟ ਸਕੀਮ ਨਾਲ 42 ਸਾਲ ਪੁਰਾਣੇ ਮੁੱਦੇ ਹੱਲ ਕੀਤੇ ਹਨ, ਜਿਸ ਦਾ ਪਲਾਟ ਹੋਲਡਰਾਂ ਨੂੰ ਵੱਡਾ ਲਾਭ ਹੋਇਆ ਹੈ। ਉਹਨਾਂ ਦੱਸਿਆ ਕਿ ਅਸੀਂ ਸਨਤਕਾਰਾਂ ਨੂੰ ਲੀਜ਼ ਉੱਤੇ ਅਲਾਟ ਕੀਤੇ ਗਏ ਪਲਾਟ ਦੀ ਮਲਕੀਅਤ ਦੇ ਰਹੇ ਹਾਂ ਤਾਂ ਜੋ ਉਹ ਉਸ ਨਾਲ ਆਪਣੀ ਵਿੱਤੀ ਲੈਣ ਦੇਣ ਅਸਾਨੀ ਨਾਲ ਕਰ ਸਕਣ।
ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਇੰਡਸਟਰੀ ਲਗਾਉਣ ਲਈ ਸਾਰੀਆਂ ਪ੍ਰਵਾਨਗੀਆਂ 45 ਦਿਨਾਂ ਵਿੱਚ ਯਕੀਨੀ ਬਣਾਈਆਂ ਜਾ ਰਹੀਆਂ ਹਨ ਅਤੇ ਪ੍ਰਵਾਨਗੀਆਂ ਤੀਸਰੇ ਚੌਥੇ ਦਿਨ ਤੋਂ ਹੀ ਮਿਲਣੀਆਂ ਸ਼ੁਰੂ ਹੋ ਜਾਂਦੀਆਂ ਹਨ। ਉਹਨਾਂ ਦੱਸਿਆ ਕਿ ਇਸ ਲਈ ਕਿਸੇ ਦਫ਼ਤਰ ਦਾ ਕੋਈ ਚੱਕਰ ਨਹੀਂ ਲਗਾਉਣਾ ਪੈਂਦਾ, ਕੇਵਲ ਇੱਕ ਪੋਰਟਲ ਉੱਤੇ ਤੁਸੀਂ ਅਪਲਾਈ ਕਰਨਾ ਹੈ। ਉਹਨਾਂ ਦੱਸਿਆ ਕਿ ਸਾਡੇ ਅਧਿਕਾਰੀ ਸਨਤਕਾਰਾਂ ਦੇ ਜਿ਼ਆਦਾਤਰ ਮਸਲੇ ਫੋਨ ਉੱਤੇ ਹੀ ਹੱਲ ਕਰ ਰਹੇ ਹਨ ਅਤੇ ਕਿਸੇ ਵੀ ਸਨਅਤਕਾਰਾਂ ਨੂੰ ਕਿਸੇ ਦਫਤਰ ਵਿੱਚ ਜਾਣ ਦੀ ਲੋੜ ਮਹਿਸੂਸ ਨਹੀਂ ਹੁੰਦੀ। ਉਹਨਾਂ ਦੱਸਿਆ ਕਿ ਅਸੀਂ ਸਨਅਤ ਨੂੰ ਸ਼ਿਖਰਾਂ ਉੱਤੇ ਲਿਜਾਣ ਲਈ ਵੱਖ-ਵੱਖ ਖੇਤਰਾਂ ਦੀਆਂ 24 ਕਮੇਟੀਆਂ ਬਣਾਈਆਂ ਹਨ, ਜਿਨਾਂ ਵਿੱਚ ਕੋਈ ਮੈਂਬਰ ਵੀ ਰਾਜਸੀ ਨਹੀਂ ਲਿਆ ਬਲਕਿ ਸਾਰੇ ਮੈਂਬਰ ਉਸ ਸਨਅਤ ਨਾਲ ਸੰਬੰਧਿਤ ਲਏ ਹਨ ਜਿਵੇਂ ਕਿ ਅੰਮ੍ਰਿਤਸਰ ਵਿਖੇ ਹੋਸਪਿਟੈਲਿਟੀ ਅਤੇ ਫੂਡ ਪ੍ਰੋਸੈਸਿੰਗ ਦੀ ਇੰਡਸਟਰੀ ਵੱਧ ਹੋਣ ਕਾਰਨ, ਇੱਥੋਂ ਦੇ ਮੈਂਬਰ ਵੱਧ ਹਨ ਅਤੇ ਇਹ ਕਮੇਟੀਆਂ ਇੱਥੋਂ ਹੀ ਕੰਮ ਕਰਨਗੀਆਂ।
ਕੈਬਨਿਟ ਮੰਤਰੀ ਨੇ ਦੱਸਿਆ ਕਿ ਅਸੀਂ 13 ਅਤੇ 14 ਮਾਰਚ ਨੂੰ ਮੁਹਾਲੀ ਵਿੱਚ ਪੰਜਾਬ ਨਿਵੇਸ਼ ਸੰਮੇਲਨ ਕਰਨ ਜਾ ਰਹੇ ਹਾਂ ਜਿਸ ਵਿੱਚ ਅਸੀਂ ਆਪਣੇ ਸਾਰੇ ਸਨਤਕਾਰਾਂ, ਵਪਾਰੀਆਂ, ਐਨਆਰਆਈ ਭਰਾਵਾਂ ਅਤੇ ਵਿਦੇਸ਼ੀ ਕੰਪਨੀਆਂ ਨੂੰ ਸੱਦਾ ਦੇਵਾਂਗੇ, ਤਾਂ ਜੋ ਵੱਧ ਤੋਂ ਵੱਧ ਨਿਵੇਸ਼ ਪੰਜਾਬ ਵਿੱਚ ਕਰ ਸਕਣ। ਉਹਨਾਂ ਇਹ ਵੀ ਦੱਸਿਆ ਕਿ ਰਾਈਟ ਟੂ ਬਿਜਨਸ ਵਿੱਚ ਜੋ ਪਹਿਲਾਂ ਪ੍ਰਵਾਨਗੀ 25 ਕਰੋੜ ਰੁਪਏ ਤੱਕ ਦੀ ਸੀ, ਨੂੰ ਵਧਾ ਕੇ 125 ਕਰੋੜ ਰੁਪਏ ਕਰ ਦਿੱਤਾ ਗਿਆ ਹੈ ਅਤੇ ਇਹ ਪ੍ਰਵਾਨਗੀਆਂ ਪੰਜ ਤੋਂ 15 ਦਿਨਾਂ ਤੱਕ ਮਿਲਣੀਆਂ ਯਕੀਨੀ ਬਣਾਈਆਂ ਜਾ ਰਹੀਆਂ ਹਨ। ਉਹਨਾਂ ਕਿਹਾ ਕਿ ਸਾਡੀ ਕੋਸ਼ਿਸ਼ ਹੈ ਕਿ ਸਨਤਕਾਰਾਂ ਵੱਲੋਂ ਦਿੱਤਾ ਗਿਆ ਟੈਕਸ ਉਹਨਾਂ ਦੇ ਫੋਕਲ ਪੁਆਇੰਟਾਂ, ਉਹਨਾਂ ਦੇ ਇੰਡਸਟਰੀਅਲ ਪਾਰਕਾਂ ਉੱਤੇ ਹੀ ਲੱਗੇ ਅਤੇ ਇਸ ਲਈ ਅਸੀਂ ਵਿਸ਼ੇਸ਼ ਅਥਾਰਟੀ ਬਣਾਉਣ ਜਾ ਰਹੇ ਹਾਂ।
ਅਰੋੜਾ ਨੇ ਦੱਸਿਆ ਕਿ ਅਸੀਂ ਪਿਛਲੇ ਸਾਲ ਸਨਤਕਾਰਾਂ ਨੂੰ 90 ਕਰੋੜ ਰੁਪਏ ਦੇ ਇਨਸੈਂਟਿਵ ਦਿੱਤੇ ਸਨ ਅਤੇ ਹੁਣ ਪੰਜ ਮਹੀਨਿਆਂ ਵਿੱਚ ਹੀ 222 ਕਰੋੜ ਰੁਪਏ ਵੰਡ ਚੁੱਕੇ ਹਾਂ। ਉਹਨਾਂ ਇਹ ਵੀ ਕਿਹਾ ਕਿ ਅਸੀਂ ਸਨਤਕਾਰਾਂ ਕੋਲੋਂ ਕਦੇ ਵੀ ਭਵਿੱਖ ਵਿੱਚ ਬੈਂਕ ਗਰੰਟੀ ਨਹੀਂ ਲਵਾਂਗੇ। ਸ੍ਰੀ ਅਰੋੜਾ ਨੇ ਅੱਜ ਅਧਿਕਾਰੀਆਂ ਨੂੰ ਨਾਲ ਲੈ ਕੇ ਅੰਮ੍ਰਿਤਸਰ ਦੇ ਫੋਕਲ ਪੁਆਇੰਟਾਂ ਦਾ ਦੌਰਾ ਵੀ ਕੀਤਾ ਅਤੇ ਇਹ ਸਾਰੀਆਂ ਮੁਸ਼ਕਿਲਾਂ ਛੇਤੀ ਹੱਲ ਕਰਨ ਦੀਆਂ ਹਦਾਇਤਾਂ ਅਧਿਕਾਰੀਆਂ ਨੂੰ ਕੀਤੀਆਂ। ਇਸ ਮੌਕੇ ਉਹਨਾਂ ਨਾਲ ਵਿਧਾਇਕ ਜੀਵਨਜੋਤ ਕੌਰ, ਸੁਰਭੀ ਮਲਿਕ ਮੈਨਜਿੰਗ ਡਾਇਰੈਕਟਰ, ਰਾਹੁਲ ਚਾਬਾ ਵਧੀਕ ਸੀਈਓ ਇਨਵੈਸਟ ਪੰਜਾਬ, ਜਸਕਰਨ ਬਦੇਸ਼ਾ ਇੰਚਾਰਜ ਲੋਕ ਸਭਾ, ਸ਼ਹਿਰੀ ਪ੍ਰਧਾਨ ਪ੍ਰਭਬੀਰ ਬਰਾੜ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।