Welcome to Canadian Punjabi Post
Follow us on

11

July 2025
 
ਟੋਰਾਂਟੋ/ਜੀਟੀਏ

ਫ਼ਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਨੇ ‘ਫ਼ਾਦਰਜ਼ ਡੇਅ’ ਹੈਮਿਲਟਨ ਵਿਖੇ ਝੀਲ ਕਿਨਾਰੇ ਖ਼ੂਬਸੂਰਤ ਬੀਚ ‘ਤੇ ਮਨਾਇਆ

June 18, 2025 10:18 PM

ਹੈਮਿਲਟਨ, (ਡਾ. ਝੰਡ) – ਸਮਾਜ ਵਿੱਚ ਪਿਤਾ ਦੇ ਦਰਜੇ ਅਤੇ ਦਾਦਿਆਂ/ਨਾਨਿਆਂ ਤੇ ਹੋਰ ਵਡੇਰਿਆਂ ਦੀ ਅਹਿਮ ਭੂਮਿਕਾ ਨੂੰ ਮੁੱਖ ਰੱਖਦਿਆਂ ਹੋਇਆਂ ‘ਫਾਦਰਜ਼ ਡੇਅ’ ਨੂੰ ਵਧੀਆ ਤਰ੍ਹਾਂ ਮਨਾਉਣ ਲਈ ਬਰੈਂਪਟਨ ਦੀ ‘ਫਲਾਵਰ ਸਿਟੀ ਫ਼ਰੈਂਡਜ਼ ਸੀਨੀਅਰਜ਼ ਕਲੱਬ ਦੇ 100 ਤੋਂ ਵਧੀਕ ਮੈਂਬਰਾਂ ਨੇ ਲੰਘੇ ਐਤਵਾਰ ਹੈਮਿਲਟਨ ਦੇ ਕਨਫ਼ੈੱਡਰੇਸ਼ਨ ਪਾਰਕ ਜਾਣ ਦਾ ਪ੍ਰੋਗਰਾਮ ਬਣਾਇਆ। ਝੀਲ ਕਿਨਾਰੇ ਬੀਚ ਦੀ ਸੁੰਦਰਤਾ ਅਤੇ ਕਲੱਬ ਦੇ ਮੈਂਬਰਾਂ ਦੀਆਂ ਰਾਮ-ਕਹਾਣੀਆਂ, ਗੀਤਾਂ, ਕਵਿਤਾਵਾਂ ਅਤੇ ਨਾਚ-ਗਾਣੇ ਦੀ ਮਹਿਫ਼ਲ ਨੇ ਇਸ ਦੇ ਲਈ ‘ਸੋਨੇ ‘ਤੇ ਸੁਹਾਗੇ’ ਵਾਲਾ ਕੰਮ ਕੀਤਾ। ਇਹ ਕਲੱਬ ਵੱਲੋਂ ਆਪਣੇ ਮੈਂਬਰਾਂ ਨੂੰ ਆਪਸ ਵਿੱਚ ਜੋੜਨ ਤੇ ਮਿਲ਼ ਕੇ ਖ਼ੁਸ਼ੀਆਂ ਸਾਂਝੀਆਂ ਕਰਨ ਦੇ ਉਪਰਾਲਿਆਂ ਦਾ ਅਹਿਮ ਭਾਗ ਸੀ।

    

ਕਲੱਬ ਦੇ ਪ੍ਰਬੰਧਕਾਂ ਵੱਲੋਂ ਇਸ ਟੂਰ ਪ੍ਰੋਗਰਾਮ ਲਈ ਦੋ ਬੱਸਾਂ ਦਾ ਇੰਤਜ਼ਾਮ ਕੀਤਾ ਗਿਆ ਅਤੇਕਲੱਬ ਦੇ ਮੈਂਬਰ ਸਵੇਰੇ ਨੌਂ ਵਜੇ ਉਨ੍ਹਾਂ ‘ਤੇ ਸਵਾਰ ਹੋ ਕੇ ਬਰੈਂਪਟਨ ਤੋਂ ਹੈਮਿਲਟਨ ਵੱਲ ਚੱਲ ਪਏ। ਮੌਸਮ ਬੜਾ ਸੁਹਾਵਣਾ ਸੀ ਤੇ ਸੂਰਜ ਦੀ ਨਿੱਘੀ ਧੁੱਪ ਸਾਰਿਆਂ ਦਾ ਸੁਆਗ਼ਤ ਕਰ ਰਹੀ ਸੀ। ਹੈਮਿਲਟਨ ਵਿਖੇ ਆਪਣੀ ਮੰਜ਼ਲ ‘ਤੇ ਪਹੁੰਚ ਕੇ ਮੈਂਬਰਾਂ ਨੂੰ ਹਲਕਾ ਜਿਹਾ ਬਰੇਕ-ਫ਼ਾਸਟ ਦਿੱਤਾ ਗਿਆ ਅਤੇ ਨਾਲ ਗਰਮ-ਗਰਮ ਚਾਹ ਪਿਆਈ ਗਈ। ਬੀਚ ਦੇ ਕਿਨਾਰੇ ਰਲ਼-ਮਿਲ਼ ਬੈਠ ਕੇ ‘ਫ਼ਾਦਰਜ਼ ਡੇਅ’ ‘ਤੇ ਪਿਤਾਵਾਂ ਨੂੰ ਸਨਮਾਨਣਾ ਸਮੇਂ ਦੀ ਸਿਆਣਪ, ਕੁਰਬਾਨੀ ਅਤੇ ਸੁਯੋਗ ਅਗਵਾਈ ਨੂੰ ਸਨਮਾਨਣ ਵਾਲੀ ਗੱਲ ਸੀ ਜਿਸ ਸਦਕਾ ਸਾਡੀਆਂ ਪੀੜ੍ਹੀਆਂ ਅੱਗੇ ਤਰੱਕੀ ਦੀਆਂ ਮੰਜ਼ਲਾਂ ਵੱਲ ਵੱਧਦੀਆਂ ਹਨ। ਸਾਰਿਆਂ ਨੂੰ ਇਹ ਸੱਭ ਬਹੁਤ ਵਧੀਆ ਲੱਗ ਰਿਹਾ ਸੀ। 

ਸਮੂਹ ਕਲੱਬ ਮੈਂਬਰਾਂ ਦਾ ਸੁਆਗ਼ਤ ਕਰਦਿਆਂ ਕਲ੍ਬ ਦੇ ਚੇਅਰਪਰਸਨ ਗਿਆਨ ਪਾਲ ਨੇ ਕਿਹਾ, “ਸਮਾਜ ਵਿੱਚ ਪਿਤਾ ਬਣਨਾ ਕੇਵਲ ‘ਜੀਵ-ਵਿਗਿਆਨਕ ਤੰਦ’ ਹੀ ਨਹੀਂ ਹੈ, ਸਗੋਂ ਇਹ ਤਾਂ ਸੁਯੋਗ ਅਗਵਾਈ, ਤਾਕਤ ਅਤੇ ਬੇਗਰਜ਼਼ ਪਿਆਰ ਦਾ ਸੁਮੇਲ ਹੈ ਜੋ ਪਰਿਵਾਰ ਅਤੇ ਕਮਿਊਨਿਟੀ ਨੂੰ ਜੋੜ ਕੇ ਰੱਖਦਾ ਹੈ। ਅੱਜ ਅਸੀਂ ਸਾਰੇ ਮਿਲ਼ ਕੇ ਪਿਤਾਵਾਂ ਅਤੇ ਉਨ੍ਹਾਂ ਦੇ ਪਿੱਤਰਾਂ ਦਾ ਇਹ ਦਿਨ ਮਨਾ ਰਹੇ ਹਾਂ ਜਿਨ੍ਹਾਂ ਨੇ ਇਸ ਮਾਰਗ ਉੱਪਰ ਚੱਲਦਿਆਂ ਲੰਮਾਂ ਪੈਂਡਾ ਤੈਅ ਕੀਤਾ ਹੈ।“

‘ਫ਼ਾਦਰਜ਼ ਡੇਅ’ ਦੇ ਇਸ ਈਵੈਂਟ ‘ਤੇ ਸੱਭ ਤੋਂ ਪਹਿਲੇ ਦੌਰ ਵਿੱਚ ਪਿਤਾਵਾਂ ਵੱਲੋਂ ਆਪਣੀਆਂ ਜੀਵਨ-ਕਹਾਣੀਆਂ ਸਾਂਝੀਆਂ ਕੀਤੀਆਂ ਗਈਆਂ ਜਿਸ ਵਿੱਚ ਉਨ੍ਹਾਂ ਨੇ ਆਪਣੇ ਜੀਵਨ ਦੀਆਂ ਵੱਡ-ਮੁੱਲੀਆਂ ਯਾਦਾਂ ਨਾਲ ਸਬੰਧਿਤ ਆਪਣੇ ਵੱਡਮੁੱਲੇ ਵਿਚਾਰ ਪੇਸ਼ ਕੀਤੇ। ਫਿਰ ‘ਪਿਤਾ-ਦਿਵਸ’ ਨਾਲ ਜੁੜੇ ਗਾਣਿਆਂ ‘ਤੇ ਨੱਚਣ-ਕੁੱਦਣ ਵਾਲਾ ਦੂਸਰਾ ਪੜਾਅ ਆਰੰਭ ਹੋ ਗਿਆ। ਇਸ ਦੇ ਤੀਸਰੇ ਮਰਹਲੇ ਵਿੱਚ ਪਹੁੰਚ ਕੇ ਕਲੱਬ ਦੀ ਸਰਗ਼ਰਮ ਵਾਲੰਟੀਅਰ ਤੇ ਇਸ ਪ੍ਰੋਗਰਾਮ ਦੀ ਕੋਆਰਡੀਨੇਟਰ ਰਛਪਾਲ ਸਿੱਧੂ ਵੱਲੋਂ ਪਿਤਾਵਾਂ ਲਈ ਕਈ ਮਨੋਰੰਜਕ ਗੇਮਾਂ ਦਾ ਤਿਆਰ ਕੀਤਾ ਗਿਆ ਸਪੈਸ਼ਲ ਪ੍ਰੋਗਰਾਮ ਪੇਸ਼ ਕੀਤਾ ਗਿਆ। ਹਾਸੇ-ਮਖ਼ੌਲ ਦੇ ਭਰਪੂਰ ਲਹਿਜ਼ੇ ‘ਚ ਉਨ੍ਹਾਂ ਕਿਹਾ, “ਅਸੀਂ ਸਾਰੇ ਪਿਤਾਵਾਂ ਨੂੰ ਮੁੜ ਜਵਾਨ ਵੇਖਣਾ ਚਾਹੁੰਦੇ ਹਾਂ ਅਤੇ ਅਸੀਂ ਉਨ੍ਹਾਂ ਦੇ ਚਿਹਰਿਆਂ ‘ਤੇ ਰੌਣਕਾਂ, ਖੁਸ਼ੀਆਂ ਤੇ ਹਾਸੇ ਲਿਆਉਣਾ ਚਾਹੁੰਦੇ ਹਾਂ।“

ਸਮਾਗ਼ਮ ਦਾ ਇੱਕ ਰੌਚਕ ਪਹਿਲੂ ਇਹ ਵੀ ਰਿਹਾ ਜਦੋਂ ਸਾਰਾ ਦਿਨ ਸਰਗ਼ਰਮ ਰਹੇ ਕਲੱਬ ਦੇ ਵਾਲੰਟੀਅਰਾਂ ਗੁਰਪ੍ਰੀਤ ਕੈਂਥ ਅਤੇ ਹਰਸਿਮਰਤ ਪਨਫੇਰ ਨੂੰ ਬਰੈਂਪਟਨ ਸਿਟੀ ਦੇ ਰੀਜਨਲ ਕੌਂਸਲਰ ਪਾਲ ਵਿਸੰਤੇ ਵੱਲੋਂ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਉਨ੍ਹਾਂ ਵੱਲੋਂ  ਇਸ ਕਲੱਬ ਦੇ ਮੈਂਬਰਾਂ ਤੇ ਅਹੁਦੇਦਾਰਾਂ ਦੀ ਭਰਵੀਂ ਸ਼ਲਾਘਾ ਕੀਤੀ ਗਈ ਜੋ ਸਾਰਾ ਸਾਲ ਕਲੱਬ ਦੀਆਂ ਵੱਖ-ਵੱਖ ਸਰਗ਼ਰਮੀਆਂ ਰਾਹੀਂ ਆਪਣੇ ਆਪ ਨੂੰ ਰੁੱਝੇ ਅਤੇ ਚੁਸਤ-ਦਰੁਸਤ ਰੱਖਦੇ ਹਨ।

ਇਸ ਮੌਕੇ ਕਲੱਬ ਦੇ ਸਮੂਹ ਮੈਂਬਰਾਂ ਵੱਲੋਂ ਬੋਲਦਿਆਂ ਹੋਇਆਂ ਸੀਨੀਅਰ ਮੈਂਬਰ ਸੁਦਰਸ਼ਨ ਕੁਲਾਰ ਨੇ ਕਿਹਾ, “ਐੱਫ਼.ਸੀ.ਐੱਫ਼.ਸੀ. ਕਲੱਬ ਸੀਨੀਅਰਜ਼ ਲਈ ਬੜਾ ਸ਼ਾਨਦਾਰ ਕੰਮ ਕਰ ਰਹੀ ਹੈ। ਕਲੱਬ ਵੱਲੋਂ ਕੀਤੇ ਜਾਂਦੇ ਅਜਿਹੇ ਈਵੈਂਟ ਸਾਨੂੰ ਇਕੱਠੇ ਹੋ ਕੇ ਮਿਲ ਬੈਠਣ ਦੇ ਮੌਕੇ ਪ੍ਰਦਾਨ ਕਰਦੇ ਹਨ। ਅਸੀਂ ਇੱਥੇ ਆਪਣੀਆਂ ਖੁਸ਼ੀਆਂ ਸਾਂਝੀਆਂ ਕਰਦੇ ਹਾਂ, ਸਾਡੇ ਵਿੱਚ ਸਵੈ-ਵਿਸ਼ਵਾਸ ਪੈਦਾ ਹੁੰਦਾ ਹੈ ਅਤੇ ਸਾਨੂੰ ਹੱਸਣ- ਖੇਡਣ ਦਾ ਮੌਕਾ ਮਿਲਦਾ ਹੈ। ਮੈਂ ਕਲੱਬ ਵੱਲੋਂ ਕੀਤੇ ਜਾਂਦੇ ਅਜਿਹੇ ਉਪਰਾਲਿਆਂ ਦਾ ਆਪਣੇ ਵੱਲੋਂ ਤੇ ਸਮੂਹ ਮੈਂਬਰਾਂ ਵੱਲੋਂ ਧੰਨਵਾਦ ਕਰਦਾ ਹਾਂ।“

ਬੀਚ ਦਾ ਟੂਰ ਲਾਉਣ ਤੋਂ ਬਾਅਦ ਸਾਰੇ ਮੈਂਬਰ ਇੱਕ ਥਾਂ ਇਕੱਠੇ ਬੈਠ ਗਏ ਅਤੇ ਸਾਰਿਆਂ ਨੇ ਮਿਲ਼ ਕੇ ਗਰਮ-ਗਰਮ ਪੀਜ਼ੇ ਅਤੇ ਹੋਰ ਰਿਫ਼ਰੈੱਸ਼ਮੈਂਟਾਂ ਦਾ ਅਨੰਦ ਮਾਣਿਆਂ। ਉਪਰੰਤ, ਨੱਚਣ-ਗਾਉਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਜਿਸ ਨਾਲ ਇਸ ਬੀਚ ਪਾਰਟੀ ਵਿੱਚ ਹੋਰ ਵੀ ਵਧੇਰੇ ਖ਼ੁਸ਼ੀ ਦਾ ਮਾਹੌਲ ਬਣ ਗਿਆ। ਸ਼ਾਮ ਦੇ 4.30 ਵਜੇ ਇਸ ਬੀਚ ਪਾਰਟੀ ਦੀ ਸਮਾਪਤੀ ਹੋਈ।

ਸਮਾਪਤੀ ਸਮੇਂ ਕਲੱਬ ਦੇ ਚੇਅਰਪਰਸਨ ਗਿਆਨ ਪਾਲ ਨੇ ਸਮੂਹ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ, “ਮੈਂ ਹਰੇਕ ਮੈਂਬਰ, ਵਾਲੰਟੀਅਰ ਤੇ ਸੁਪੋਰਟਰ ਦਾ ਹਾਦਿਕ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮਿਲ਼ਕੇ ਇਸ ਈਵੈਂਟ ਨੂੰ ਯਾਦਗਾਰੀ ਬਣਾਉਣਵਿੱਚ ਆਪਣਾ ਯੋਗਦਾਨ ਪਾਇਆ ਹੈ। ਤੁਹਡੀ ਊਰਜਾ ਤੇ ਤੁਹਾਡਾ ਪਿਆਰ ਨੇ ਇਸ ਕਲੱਬ ਨੂੰ ਇੱਕ ਵਧੀਆ ਪਰਿਵਾਰ ਦਾ ਰੂਪ ਦੇ ਦਿੱਤਾ ਹੈ। ਅਸੀਂ ਇੱਕ ਜੁਲਾਈ ਨੂੰ ਕੈਨੇਡਾ-ਡੇਅ ਮਨਾਉਣ ਲਈ ਮੁੜ ਮਿਲ ਬੈਠਾਂਗੇ।“

 

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਹਰ ਸਲਾਹ ਲਏ ਬਿਨ੍ਹਾਂ ਆਨਲਾਈਨ ਇਲਾਜ ਕਰਨ ਵਾਲਿਆਂ ਲਈ ਓਐੱਮਏ ਦੇ ਡਾਕਟਰਾਂ ਦੀ ਚਿਤਾਵਨੀ ਟੋਰਾਂਟੋ ਵਿੱਚ ਜਾਅਲੀ ਇੰਮੀਗ੍ਰੇਸ਼ਨ ਸੇਵਾਵਾਂ ਦੀ ਪੇਸ਼ਕਸ਼ ਕਰਨ ਵਾਲੀ ਔਰਤ ਗ੍ਰਿਫ਼ਤਾਰ ਗਾਰਡੀਨਰ ਵਿੱਚ ਕਈ ਵਾਹਨਾਂ ਦੀ ਭਿਆਨਕ ਟੱਕਰ, 1 ਵਿਅਕਤੀ ਦੀ ਮੌਤ, 4 ਜ਼ਖਮੀ ਕੈਨੇਡਾ `ਚ ਵੇਚੇ ਜਾਣ ਵਾਲੇ ਗੈਰ-ਅਲਕੋਹਲਿਕ ਪੀਣ ਵਾਲੇ ਪਦਾਰਥਾਂ `ਚ ਮਿਲੀ ਉੱਲੀ, ਮੰਗਵਾਏ ਵਾਪਿਸ ਸੀਨੀਅਰਾਂ ਦੀ ਭਲਾਈ ਨਾਲ ਜੋੜ ਕੇ ਫ਼ਲਾਵਰ ਸਿਟੀ ਫ਼ਰੈਂਡਜ਼ ਕਲੱਬ ਨੇ ਮਨਾਇਆ ‘ਕੈਨੇਡਾ ਡੇਅ’ ਸੋਨੀਆ ਸਿੱਧੂ ਵੱਲੋਂ ‘ਕੈਨੇਡਾ ਡੇਅ’ ਮੌਕੇ ਸਲਾਨਾ ‘ਬਾਰ-ਬੀਕਿਊ’ ਦੌਰਾਨ ਵੱਡੀ ਗਿਣਤੀ ਵਿੱਚ ਲੋਕਾਂ ਨੇ ਲਿਆ ਹਿੱਸਾ ਛੁਰੇਬਾਜ਼ੀ ਦੌਰਾਨ ਮਾਰੇ ਗਏ ਲੜਕੇ ਦੀ ਪੁਲਿਸ ਨੇ ਕੀਤੀ ਪਛਾਣ ਮਿਸੀਸਾਗਾ ਵਿੱਚ ਹਾਈਵੇਅ 401 'ਤੇ ਕਈ ਵਾਹਨਾਂ ਦੀ ਟੱਕਰ ਵਿੱਚ 2 ਗੰਭੀਰ ਜ਼ਖਮੀ ਵੁੱਡਬਾਈਨ ਪਾਰਕ ਨੇੜੇ ਛੁਰੇਬਾਜ਼ੀ ਦੀ ਘਟਨਾ `ਚ ਨਾਬਾਲਿਗ ਦੀ ਮੌਤ ਗੌਰਡਨ ਰੈਂਡਲ ਸੀਨੀਅਰ ਕਲੱਬ ਵੱਲੋਂ ਮਨਾਈ ਗਈ ਪਿਕਨਿਕ