ਜਲੰਧਰ, 25 ਮਈ (ਗਿਆਨ ਸਿੰਘ): ਨੌਜਵਾਨਾਂ ਨੂੰ ਵੱਡੇ ਸੁਪਨੇ ਦੇਖਣ ਅਤੇ ਜੀਵਨ ਵਿੱਚ ਸ਼੍ਰੇਸ਼ਠਤਾ ਹਾਸਲ ਕਰਨ ਲਈ ਉਤਸ਼ਾਹਤ ਕਰਨ ਦੇ ਉਦੇਸ਼ ਨਾਲ, ਸੰਗਰੂਰ ਦੇ ਡਿਪਟੀ ਕਮਿਸ਼ਨਰ ਸੰਦੀਪ ਰਿਸ਼ੀ ਨੇ ਬੀਤੇ ਦਿਨ ਵਿਦਿਆਰਥੀਆਂ ਵਿੱਚ ਜੋਸ਼ ਭਰਦੇ ਹੋਏ ਉਨ੍ਹਾਂ ਨੂੰ ਵੱਡੇ ਸੁਪਨੇ ਦੇਖਣ, ਅਟੁੱਟ ਸਮਰਪਣ ਨਾਲ ਉਨ੍ਹਾਂ ਦਾ ਪਿੱਛਾ ਕਰਨ ਅਤੇ ਮੇਹਨਤ ਅਤੇ ਦ੍ਰਿੜਤਾ ਨਾਲ ਅਸੰਭਵ ਚੁਣੌਤੀਆਂ ਨੂੰ ਪਾਰ ਕਰਨ ਦੀ ਪ੍ਰੇਰਣਾ ਦਿੱਤੀ।
ਪੰਜਾਬ ਸਰਕਾਰ ਦੇ ਸਕੂਲ ਮੈਨਟਰਸ਼ਿਪ ਪ੍ਰੋਗਰਾਮ ਦੇ ਤਹਿਤ, ਸ਼ਾਹਕੋਟ ਦੇ ਨੇੜੇ ਸਥਿਤ ਸਕੂਲ ਆਫ ਐਮੀਨੇੰਸ, ਬਾਜਵਾ ਕਲਾਂ ਵਿੱਚ ਵਿਦਿਆਰਥੀਆਂ ਨਾਲ ਗੱਲਬਾਤ ਕਰਦੇ ਹੋਏ ਸ਼੍ਰੀ ਸੰਦੀਪ ਰਿਸ਼ੀ ਨੇ 10ਵੀਂ, 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਆਪਣੇ ਸੁਪਨੇ ਜੋਸ਼ ਅਤੇ ਲਗਾਤਾਰ ਕੋਸ਼ਿਸ਼ ਨਾਲ ਪੂਰੇ ਕਰਨ ਲਈ ਪ੍ਰੇਰਿਤ ਕੀਤਾ।
ਰਿਸ਼ੀ ਨੇ ਕਿਹਾ ਕਿ "ਤੁਸੀਂ ਆਪਣੇ ਭਾਗ ਦੇ ਖੁਦ ਰਚੇਤਾ ਹੋ", ਅਤੇ ਉਨ੍ਹਾਂ ਨੇ ਸਾਫ਼ ਅਤੇ ਉੱਚੇ ਟੀਚੇ ਨਿਰਧਾਰਤ ਕਰਨ ਦੇ ਮਹੱਤਵ 'ਤੇ ਜ਼ੋਰ ਦਿੱਤਾ। "ਵੱਡੇ ਸੁਪਨੇ ਦੇਖੋ, ਉੱਚਾ ਟੀਚਾ ਰੱਖੋ, ਅਤੇ ਮਹਾਨਤਾ ਹਾਸਲ ਕਰਨ ਤੋਂ ਤੁਹਾਨੂੰ ਕੁਝ ਵੀ ਨਾ ਰੋਕ ਸਕੇ।" ਉਨ੍ਹਾਂ ਨੇ ਵਿਦਿਆਰਥੀਆਂ ਨੂੰ ਯਾਦ ਦਿਵਾਇਆ ਕਿ ਭਾਰਤ ਨੂੰ ਇੱਕ ਗਲੋਬਲ ਮਹਾਂ ਸ਼ਕਤੀ ਬਣਾਉਣ ਦੀ ਜ਼ਿੰਮੇਵਾਰੀ ਉਨ੍ਹਾਂ ਉੱਤੇ ਹੈ ਅਤੇ ਉਨ੍ਹਾਂ ਨੂੰ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕੇਂਦਰਿਤ ਅਤੇ ਦ੍ਰਿੜ ਰਹਿਣ ਲਈ ਕਿਹਾ। ਉਹਨਾਂ ਕਿਹਾ ਕਿ "ਅਸਫਲਤਾਵਾਂ ਰੁਕਾਵਟ ਨਹੀਂ, ਸਫਲਤਾ ਵੱਲ ਲੈ ਜਾਂਦੀਆਂ ਪੌੜੀਆਂ ਹਨ।"
ਭਾਰਤ ਦੇ ਆਜ਼ਾਦੀ ਸੰਗਰਾਮੀਆਂ ਅਤੇ ਸ਼ਹੀਦਾਂ ਤੋਂ ਪ੍ਰੇਰਣਾ ਲੈਂਦੇ ਹੋਏ, ਰਿਸ਼ੀ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਕੁਰਬਾਨੀਆਂ ਦਾ ਆਦਰ ਕਰਨ ਅਤੇ ਸ਼੍ਰੇਸ਼ਠਤਾ ਵੱਲ ਯਤਨ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ, "ਇਨ੍ਹਾਂ ਵੀਰਾਂ ਨੇ ਸਾਡੀ ਆਜ਼ਾਦੀ ਲਈ ਸਭ ਕੁਝ ਕੁਰਬਾਨ ਕਰ ਦਿੱਤਾ। ਤੁਸੀਂ ਭਾਰਤ ਦਾ ਭਵਿੱਖ ਹੋ ਅਤੇ ਤੁਹਾਨੂੰ ਵੀ ਉਸੇ ਹੀ ਹੌਸਲੇ ਅਤੇ ਵਚਨਬੱਧਤਾ ਨਾਲ ਇਕ ਚਮਕਦੇ ਅਤੇ ਸ਼ਕਤੀਸ਼ਾਲੀ ਦੇਸ਼ ਦੀ ਨਿਰਮਾਣ ਕਰਨਾ ਹੋਵੇਗਾ।"
ਰਿਸ਼ੀ ਨੇ ਵਿਦਿਆਰਥੀਆਂ ਨਾਲ ਸਿੱਧਾ ਗੱਲ ਕਰਦਿਆਂ ਆਪਣੇ ਸਕੂਲੀ ਜੀਵਨ ਅਤੇ ਆਈਏਐਸ ਬਣਨ ਦੇ ਫੈਸਲੇ ਬਾਰੇ ਦੱਸਿਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਗਲੇ ਸੈਸ਼ਨ ਲਈ ਆਪਣਾ ਟੀਚਾ ਲਿਖ ਕੇ ਲਿਆਉਣ ਲਈ ਕਿਹਾ ਅਤੇ ਨਿੱਜੀ ਮਾਰਗਦਰਸ਼ਨ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ, "ਆਪਣੇ ਸੁਪਨੇ ਮੇਰੇ ਨਾਲ ਸਾਂਝੇ ਕਰੋ, ਅਸੀਂ ਇਕੱਠੇ ਉਹਨਾਂ ਨੂੰ ਪੂਰਾ ਕਰਨ ਦਾ ਰਾਹ ਬਣਾਵਾਂਗੇ," ਜਿਸ ਨਾਲ ਵਿਦਿਆਰਥੀਆਂ ਵਿੱਚ ਵਿਸ਼ਵਾਸ ਅਤੇ ਮੈਨਟਰਸ਼ਿਪ ਦੀ ਭਾਵਨਾ ਪੈਦਾ ਹੋਈ।
ਗੱਲਬਾਤ ਦੌਰਾਨ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਆਪਣੇ ਵੱਖ-ਵੱਖ ਸੁਪਨੇ ਡਿਪਟੀ ਕਮਿਸ਼ਨਰ ਨਾਲ ਸਾਂਝੇ ਕੀਤੇ, ਜਿਨ੍ਹਾਂ ਵਿੱਚ ਆਈਏਐਸ ਅਤੇ ਆਈਪੀਐਸ ਅਧਿਕਾਰੀ, ਡਾਕਟਰ, ਵਿਗਿਆਨੀ, ਫੌਜੀ ਅਫਸਰ, ਕਲਾਕਾਰ, ਕ੍ਰਿਕਟਰ, ਫੈਸ਼ਨ ਡਿਜ਼ਾਈਨਰ, ਮੇਕਅਪ ਆਰਟਿਸਟ, ਏਅਰ ਹੋਸਟਸ, ਨਿਊਜ਼ ਐਂਕਰ ਆਦਿ ਬਣਨ ਦੀਆਂ ਇੱਛਾਵਾਂ ਸ਼ਾਮਲ ਸਨ।
ਉਹਨਾਂ ਨੇ ਹਰ ਵਿਦਿਆਰਥੀ ਦੀ ਗੱਲ ਧਿਆਨ ਨਾਲ ਸੁਣੀ ਅਤੇ ਕਿਹਾ ਕਿ ਜੇਕਰ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੋਵੇ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।
ਇਸ ਮੌਕੇ 'ਤੇ ਸਕੂਲ ਦੇ ਪ੍ਰਿੰਸੀਪਲ ਹਰਪ੍ਰੀਤ ਸਿੰਘ ਸੰਧੀ ਅਤੇ ਸਟਾਫ ਮੈਂਬਰ ਵੀ ਮੌਜੂਦ ਸਨ। ਇਸ ਮੌਕੇ 'ਤੇ 8ਵੀਂ, 10ਵੀਂ ਅਤੇ 12ਵੀਂ ਜਮਾਤ ਦੇ ਟੌਪ ਕਰਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਤ ਵੀ ਕੀਤਾ ਗਿਆ।