ਮੋਗਾ, 1 ਜੂਨ (ਪੋਸਟ ਬਿਊਰੋ): ਐਤਵਾਰ ਸਵੇਰੇ ਲਗਭਗ 5:30 ਵਜੇ ਪੰਜਾਬ ਦੇ ਮੋਗਾ ਰੋਡ `ਤੇ ਪਿੰਡ ਪੰਜਗਰਾਈਂ ਕਲਾਂ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨ ਦੋਸਤਾਂ ਦੀ ਮੌਤ ਹੋ ਗਈ, ਜਦੋਂ ਉਨ੍ਹਾਂ ਦਾ ਮੋਟਰਸਾਈਕਲ ਪੀਆਰਟੀਸੀ ਬੱਸ ਨਾਲ ਟਕਰਾਅ ਗਿਆ। ਮ੍ਰਿਤਕਾਂ ਦੀ ਪਛਾਣ ਵੰਸ਼, ਲਵ ਅਤੇ ਹੈਪੀ ਵਜੋਂ ਹੋਈ ਹੈ, ਜੋ ਬਾਘਾਪੁਰਾਣਾ (ਮੋਗਾ) ਦੇ ਵਸਨੀਕ ਹਨ।
ਪੁਲਿਸ ਅਨੁਸਾਰ ਤਿੰਨੋਂ ਨੌਜਵਾਨ ਮੋਟਰਸਾਈਕਲ `ਤੇ ਬਾਘਾਪੁਰਾਣਾ ਤੋਂ ਕੋਟਕਪੂਰਾ ਜਾ ਰਹੇ ਸਨ ਕਿ ਉਨ੍ਹਾਂ ਦੀ ਪੀਆਰਟੀਸੀ ਬੱਸ ਨਾਲ ਟੱਕਰ ਹੋ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ `ਤੇ ਹੀ ਮੌਤ ਹੋ ਗਈ, ਜਦੋਂਕਿ ਤੀਜੇ ਨੌਜਵਾਨ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ।
ਪੰਜਗਰਾਈਂ ਕਲਾਂ ਚੌਕੀ ਇੰਚਾਰਜ ਨਵਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਤਿੰਨਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਸ਼ੁਰੂਆਤੀ ਜਾਂਚ ਵਿੱਚ ਬੱਸ ਦੀ ਤੇਜ਼ ਰਫ਼ਤਾਰ ਨੂੰ ਹਾਦਸੇ ਦਾ ਕਾਰਨ ਮੰਨਿਆ ਜਾ ਰਿਹਾ ਹੈ, ਪਰ ਪੁਲਿਸ ਸਾਰੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।