-ਪੰਜਾਬ ਸਰਕਾਰ ਵੱਲੋਂ ਔਰਤਾਂ ਵਿਰੁੱਧ ਹਿੰਸਾਂ ਖਿ਼ਲਾਫ਼ ਜੰਗ ਜਾਰੀ, ਹਰ ਜ਼ਿਲ੍ਹੇ 'ਚ ਸਖੀ ਵਨ ਸਟਾਪ ਸੈਂਟਰਾਂ ਰਾਹੀ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਸੇਵਾਵਾਂ ਉਪਲਬੱਧ
-ਮਾਨ ਸਰਕਾਰ ਵੱਲੋਂ 21397 ਲੋੜਵੰਦ ਔਰਤਾਂ ਨੂੰ ਵਨ ਸਟਾਪ ਸੈਂਟਰ ਰਾਹੀਂ ਸਹਾਇਤਾ
ਚੰਡੀਗੜ੍ਹ, 12 ਮਈ (ਪੋਸਟ ਬਿਊਰੋ): ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੀਆਂ ਔਰਤਾਂ ਨੂੰ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਲੜੀ ਤਹਿਤ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ ਬਲਜੀਤ ਕੌਰ ਨੇ ਕਿਹਾ ਕਿ 31 ਮਾਰਚ 2025 ਤੱਕ ਲਗਭਗ 21,397 ਲੋੜਵੰਦ ਔਰਤਾਂ ਨੂੰ ਵਨ ਸਟਾਪ ਸੈਂਟਰਾਂ ਵੱਲੋਂ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਮੁਫ਼ਤ ਸੇਵਾਵਾਂ ਦਿੱਤੀਆਂ ਜਾ ਚੁੱਕੀਆਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕਿਹਾ ਕਿ ਔਰਤਾਂ ਵਿਰੁੱਧ ਹਿੰਸਾਂ ਨੂੰ ਰੋਕਣ ਲਈ ਹਰੇਕ ਜ਼ਿਲ੍ਹੇ ਵਿੱਚ ਨਿੱਜੀ ਅਤੇ ਜਨਤਕ ਥਾਵਾਂ 'ਤੇ ਸਖੀ ਵਨ ਸਟਾਪ ਸੈਂਟਰ ਸਥਾਪਿਤ ਕੀਤੇ ਹੋਏ ਹਨ।
ਉਨ੍ਹਾਂ ਕਿਹਾ ਕਿ ਇਹ ਵਨ ਸਟਾਪ ਸੈਂਟਰ ਔਰਤਾਂ ਵਿਰੁੱਧ ਕਿਸੇ ਵੀ ਤਰ੍ਹਾਂ ਦੀ ਹਿੰਸਾਂ ਵਿਰੁੱਧ ਲੜਨ ਲਈ ਇੱਕ ਹੀ ਛੱਤ ਹੇਠ ਐਮਰਜੈਂਸੀ ਅਤੇ ਗੈਰ ਐਮਰਜੈਂਸੀ ਸਮੇਂ ਮੁਫ਼ਤ ਡਾਕਟਰੀ ਸਹਾਇਤਾ, ਕਾਨੂੰਨੀ ਸਹਾਇਤਾ, ਪੁਲਸ ਨਾਲ ਸਬੰਧਤ ਸੇਵਾਵਾਂ, ਕਾਉਂਸਲਿੰਗ ਅਤੇ ਰਹਿਣ ਲਈ ਸੁਰੱਖਿਅਤ ਜਗਾ ਅਤੇ ਭੋਜਨ ਮੁਹਈਆ ਕਰਵਾਇਆ ਜਾਂਦਾ ਹੈ।
ਡਾ. ਬਲਜੀਤ ਕੌਰ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੀ ਔਰਤਾਂ ਲਈ ਸੁਰੱਖਿਅਤ ਵਾਤਾਵਰਣ ਮੁਹੱਈਆ ਕਰਵਾਉਣ ਵੱਲ ਲਗਾਤਾਰ ਯਤਨ ਕਰ ਰਹੀ ਹੈ ਤਾਂ ਜੋ ਸੂਬੇ ਦੀਆਂ ਔਰਤਾਂ ਨੂੰ ਸਮਾਜ ਦੀ ਮੁੱਖ ਧਾਰਾ ਵਿੱਚ ਲਿਆਂਦਾ ਜਾ ਸਕੇ।
ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਕਿਸੇ ਵੀ ਸਮਾਜ ਦਾ ਵਿਕਾਸ ਉਥੇ ਦੀਆਂ ਔਰਤਾਂ ਦੇ ਵਿਕਾਸ ਅਤੇ ਭਲਾਈ 'ਤੇ ਨਿਰਭਰ ਕਰਦਾ ਹੈ। ਇਸ ਲਈ ਸੂਬੇ ਦੀਆਂ ਔਰਤਾਂ ਲਈ ਸੁਰੱਖਿਅਤ ਅਤੇ ਸਹਿਯੋਗੀ ਵਾਤਾਵਰਣ ਮੁਹੱਈਆ ਕਰਵਾਉਣਾ ਸਾਡੀ ਸਰਕਾਰ ਦੀ ਮੁੱਖ ਤਰਜੀਹ ਹੈ।