Welcome to Canadian Punjabi Post
Follow us on

01

May 2025
 
ਪੰਜਾਬ

ਪੰਜਾਬ ਵਿੱਚ ਪਹਿਲੀ ਵਾਰ, 'ਆਪ' ਸਰਕਾਰ ਨੇ ਇੱਕਲੇ ਪਿਤਾ ਅਤੇ ਗੰਭੀਰ ਅਪੰਗਤਾ ਵਾਲੇ ਬੱਚਿਆਂ ਲਈ ਚਾਈਲਡ ਕੇਅਰ ਲੀਵ ਦਾ ਕੀਤਾ ਐਲਾਨ: ਹਰਪਾਲ ਸਿੰਘ ਚੀਮਾ

April 22, 2025 10:25 AM

-ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪਿਤਾ ਨੂੰ ਵੀ ਮਿਲੇਗਾ
-40 ਫੀਸਦੀ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਦਿੱਤੀ ਗਈ ਛੋਟ
ਚੰਡੀਗੜ੍ਹ, 22 ਅਪ੍ਰੈਲ (ਪੋਸਟ ਬਿਊਰੋ): ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੱਚਿਆਂ ਦੀਆਂ ਵਿਸ਼ੇਸ਼ ਲੋੜਾਂ ਦਾ ਲੰਬੇ ਸਮੇਂ ਤੱਕ ਦੇਖਭਾਲ ਕਰਨ ਵਾਲੇ ਮਾਪਿਆਂ ਨੂੰ ਲੋੜੀਂਦੀ ਲਚਕਤਾ ਅਤੇ ਵਾਧੂ ਸਹਾਇਤਾ ਪ੍ਰਦਾਨ ਕਰਦਿਆਂ ਅੱਜ ਪੰਜਾਬ ਸਰਕਾਰ ਦੇ ਚਾਈਲਡ ਕੇਅਰ ਲੀਵ (ਸੀ.ਸੀ.ਐਲ) ਦੇ ਪ੍ਰਬੰਧਾਂ ਵਿੱਚ ਮਹੱਤਵਪੂਰਨ ਸੋਧਾਂ ਦਾ ਐਲਾਨ ਕੀਤਾ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਮਾਪੇ ਆਪਣੇ ਕੰਮਕਾਜ਼ ਨਾਲ ਸਮਝੌਤਾ ਕੀਤੇ ਬਿਨਾਂ ਆਪਣੇ ਬੱਚਿਆਂ ਦੀ ਭਲਾਈ ਲਈ ਲੋੜੀਂਦਾ ਸਮਾਂ ਸਮਰਪਿਤ ਕਰ ਸਕਣ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਇਸ ਬਾਰੇ ਜਾਣਕਾਰੀ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਸੋਧਾਂ ਕੰਮਕਾਜੀ ਮਾਪਿਆਂ, ਖਾਸ ਤੌਰ 'ਤੇ ਬੱਚਿਆਂ ਦੀ ਦੇਖਭਾਲ ਦੀਆਂ ਵਿਲੱਖਣ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੀਆਂ ਲੋੜਾਂ ਨੂੰ ਪੂਰਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਚਾਈਲਡ ਕੇਅਰ ਲੀਵ ਪਾਲਿਸੀ ਸਿਰਫ 18 ਸਾਲ ਤੋਂ ਘੱਟ ਉਮਰ ਦੇ ਨਾਬਾਲਗ ਬੱਚੇ ਵਾਲੀਆਂ ਮਹਿਲਾ ਸਰਕਾਰੀ ਕਰਮਚਾਰੀਆਂ ਲਈ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਇਸ ਸੁਵਿਧਾ ਨੇ ਕੰਮਕਾਜੀ ਮਾਵਾਂ ਨੂੰ ਜ਼ਰੂਰੀ ਸਹਾਇਤਾ ਪ੍ਰਦਾਨ ਕੀਤੀ, ਪਰ ਇਹ ਸਹੂਲਤ ਵਿਭਿੰਨ ਪਰਿਵਾਰਕ ਢਾਂਚੇ ਅਤੇ ਖਾਸ ਚੁਣੌਤੀਆਂ ਦਾ ਸਾਹਮਣਾ ਕਰਨ ਵਾਲੇ ਇਕੱਲੇ ਪਿਤਾ ਅਤੇ ਗੰਭੀਰ ਅਪਾਹਜਤਾ ਵਾਲੇ ਬੱਚਿਆਂ ਦੇ ਮਾਪਿਆਂ ਨੂੰ ਦਰਪੇਸ਼ ਚੁਣੌਤੀਆਂ ਲਈ ਨਾਕਾਫੀ ਸੀ।
ਵਿੱਤ ਮੰਤਰੀ ਨੇ ਕਿਹਾ ਕਿ ਇਨ੍ਹਾਂ ਘਾਟਾਂ ਨੂੰ ਪਛਾਣਦਿਆਂ ਪੰਜਾਬ ਸਰਕਾਰ ਨੇ ਮੌਜੂਦਾ ਸੀ.ਸੀ.ਐਲ ਪ੍ਰਬੰਧਾਂ ਵਿੱਚ ਦੋ ਮਹੱਤਵਪੂਰਨ ਸੋਧਾਂ ਪੇਸ਼ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਪਹਿਲੀ ਇਹ ਕਿ ਚਾਈਲਡ ਕੇਅਰ ਲੀਵ ਦਾ ਲਾਭ ਹੁਣ ਇਕੱਲੇ ਪੁਰਸ਼ ਮਾਪਿਆਂ ਨੂੰ ਦਿੱਤਾ ਗਿਆ ਹੈ, ਜਿਸ ਵਿੱਚ ਉਹ ਵਿਅਕਤੀ ਜਿੰਨ੍ਹਾ ਦੀ ਪਤਨੀ ਦਾ ਦਿਹਾਂਤ ਹੋ ਗਿਆ ਹੋਵੇ, ਤਲਾਕਸ਼ੁਦਾ ਪਿਤਾ ਅਤੇ ਅਣਵਿਆਹੇ ਪਿਤਾ ਸ਼ਾਮਲ ਹਨ, ਅਤੇ ਦੂਸਰੀ ਸੋਧ ਤਹਿਤ ਸਰਕਾਰ ਨੇ ਗੰਭੀਰ ਅਪਾਹਜਤਾ ਵਾਲੇ 40 ਪ੍ਰਤੀਸ਼ਤ ਅਪਾਹਜ ਬੱਚਿਆਂ ਲਈ 18 ਸਾਲ ਦੀ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਹੈ।
ਵਿੱਤ ਮੰਤਰੀ ਨੇ ਅੱਗੇ ਦੱਸਿਆ ਕਿ ਉਨ੍ਹਾਂ ਬੱਚਿਆਂ ਦੇ ਮਾਪੇ ਜੋ ਸੇਰੇਬ੍ਰਲ ਪਾਲਸੀ, ਮਾਸਕੂਲਰ ਡਾਇਸਟ੍ਰੋਫੀ, ਕ੍ਰੋਨਿਕ ਨਿਊਰੋਲੌਜੀਕਲ ਡਿਸਆਰਡਰਜ਼, ਗੰਭੀਰ ਅਤੇ ਡੂੰਘੀ ਬੌਧਿਕ ਅਸਮਰਥਤਾ, ਮਲਟੀਪਲ ਸਕਲੇਰੋਸਿਸ, ਅਤੇ ਮਲਟੀਪਲ ਡਿਸਏਬਿਲਿਟੀਜ਼ ਜਿੰਨ੍ਹਾਂ ਵਿੱਚ ਬਹਿਰਾਪਨ ਅਤੇ ਅੰਨ੍ਹਾਪਨ ਸ਼ਾਮਿਲ ਹੈ, ਆਦਿ ਨੂੰ ਦਰਪੇਸ਼ ਚੁਣੌਤੀਆਂ ਦਾ ਸਾਹਮਣਾ ਕਰਨ ਵਿੱਚ ਸਹਾਇਤਾ ਕਰੇਗੀ। ਉਨ੍ਹਾਂ ਕਿਹਾ ਕਿ ਇਸ ਪ੍ਰਗਤੀਸ਼ੀਲ ਉਪਰਾਲੇ ਤਹਿਤ ਬੱਚਿਆਂ ਦੀ ਦੇਖਭਾਲ ਵਿੱਚ ਪਿਤਾ ਦੀ ਅਹਿਮ ਭੂਮਿਕਾ ਨੂੰ ਵੀ ਸਵੀਕਾਰ ਕਰਦਿਆਂ ਇਹ ਯਕੀਨੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਨੂੰ ਮਾਪਿਆਂ ਦੇ ਫਰਜ਼ਾਂ ਦੇ ਨਾਲ ਉਹਨਾਂ ਦੀਆਂ ਪੇਸ਼ੇਵਰ ਜ਼ਿੰਮੇਵਾਰੀਆਂ ਨੂੰ ਸੰਤੁਲਿਤ ਕਰਨ ਵਿੱਚ ਸਹਾਇਤਾ ਮਿਲੇ। ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਇਕੱਲੇ ਪਿਤਾ ਲਈ ਇਹ ਸਹੂਲਤ ਪ੍ਰਦਾਨ ਕਰਕੇ ਸਰਕਾਰ ਨੇ ਆਧੁਨਿਕ ਪਰਿਵਾਰਾਂ ਦੀਆਂ ਹਕੀਕਤਾਂ ਅਨੁਸਾਰ ਆਪਣੀਆਂ ਨੀਤੀਆਂ ਅਤੇ ਆਪਣੇ ਰੁਖ ਨੂੰ ਹੋਰ ਮਜ਼ਬੂਤ ਕੀਤਾ ਹੈ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਸੋਧਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਕੰਮਕਾਜੀ ਸੱਭਿਆਚਾਰ ਨੂੰ ਉਤਸ਼ਾਹਤ ਕਰਨ ਦੀ ਉਸ ਅਟੱਲ ਵਚਨਬੱਧਤਾ ਨੂੰ ਦਰਸਾਉਂਦੀਆਂ ਹਨ ਜਿੰਨ੍ਹਾਂ ਤਹਿਤ ਕਰਮਚਾਰੀਆਂ ਦੀ ਭਲਾਈ ਨੂੰ ਤਰਜੀਹ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਸੋਧੀ ਹੋਈ ਨੀਤੀ ਕੰਮਕਾਜ ਵਾਲੇ ਮਾਪਿਆਂ, ਖਾਸ ਤੌਰ 'ਤੇ ਅਸਾਧਾਰਨ ਦੇਖਭਾਲ ਦੀਆਂ ਜ਼ਿੰਮੇਵਾਰੀਆਂ ਦਾ ਸਾਹਮਣਾ ਕਰ ਰਹੇ ਮਾਪਿਆਂ ਦੇ ਬੋਝ ਨੂੰ ਘੱਟ ਕਰੇਗੀ ਅਤੇ ਉਨ੍ਹਾਂ ਨੂੰ ਪੇਸ਼ੇਵਰ ਨੁਕਸਾਨ ਤੋਂ ਬਿਨਾਂ ਆਪਣੇ ਬੱਚਿਆਂ ਦਾ ਲੋੜੀਂਦਾ ਧਿਆਨ ਰੱਖਣ ਅਤੇ ਦੇਖਭਾਲ ਪ੍ਰਦਾਨ ਕਰਨ ਦੇ ਯੋਗ ਬਣਾਵੇਗੀ।

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ 11 ਨਵ-ਨਿਯੁਕਤ ਸੈਕਸ਼ਨ ਅਫਸਰਜ਼ ਨੂੰ ਨਿਯੁਕਤੀ ਪੱਤਰ ਸੌਂਪੇ ਪੰਜਾਬ ਪੁਲਿਸ ਨੇ ਪੁਲਿਸ ਅਦਾਰਿਆਂ 'ਤੇ ਸੰਭਾਵੀ ਗ੍ਰਨੇਡ ਹਮਲੇ ਨੂੰ ਕੀਤਾ ਨਾਕਾਮ; ਜੀਵਨ ਫੌਜੀ ਸਮਰਥਿਤ ਬੀਕੇਆਈ ਮਾਡਿਊਲ ਦੇ ਪੰਜ ਮੈਂਬਰ ਗ੍ਰਨੇਡ ਤੇ ਪਿਸਤੌਲ ਸਮੇਤ ਕਾਬੂ ਭਗਵੰਤ ਸਿੰਘ ਮਾਨ ਨੇ ਪੰਜਾਬ ਦੇ ਪਾਣੀਆਂ ’ਤੇ ਸਾਜ਼ਿਸ਼ਾਂ ਘੜਨ ਲਈ ਭਾਜਪਾ ਨੂੰ ਘੇਰਿਆ, ਸਾਡੇ ਕੋਲ ਇਕ ਵੀ ਬੂੰਦ ਵਾਧੂ ਪਾਣੀ ਨਹੀਂ-ਮੁੱਖ ਮੰਤਰੀ ਜਸਵੀਰ ਸਿੰਘ ਗੜ੍ਹੀ ਵਲੋਂ ਕੌਮੀ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਨਾ ਨਾਲ ਮੁਲਾਕਾਤ ਬਿਜਲੀ ਮੰਤਰੀ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਦੇ ਮੋਹਾਲੀ ਸਥਿਤ ਨਵੇਂ ਕਾਲ ਸੈਂਟਰ ਦੀ ਪ੍ਰਬੰਧਨ ਪ੍ਰਣਾਲੀ ਦੇ ਵਿਸਥਾਰ ਦਾ ਐਲਾਨ ਉਦਯੋਗ ਬਣੇ ਨਵੇਂ ਕਲਾਸਰੂਮ: ਹਰਜੋਤ ਸਿੰਘ ਬੈਂਸ ਨੇ ਪੰਜਾਬ ਦੇ ਨਿਵੇਕਲੇ ਬੀ.ਟੈਕ ਪ੍ਰੋਗਰਾਮ ਦਾ ਕੀਤਾ ਆਗ਼ਾਜ਼ ਹਰੇਕ ਪਿੰਡ ਅਤੇ ਵਾਰਡ ਤੱਕ ਮਈ-ਜੂਨ 2025 ਤੱਕ ਪਹੁੰਚ ਕਰਨ ਲਈ ਪੰਜਾਬ ਨੇ 'ਨਸ਼ਾ ਮੁਕਤੀ ਯਾਤਰਾ' ਕੀਤੀ ਸ਼ੁਰੂ ਡੀਜੀਪੀ ਗੌਰਵ ਯਾਦਵ ਨੇ ਸਾਰੇ ਐਸਐਸਪੀਜ਼ ਅਤੇ ਸੀਪੀਜ਼ ਨਾਲ ਸਮੀਖਿਆ ਮੀਟਿੰਗ ਬੁਲਾਈ ਕਿਸਾਨਾਂ ਲਈ ਵੱਡਾ ਹੁਲਾਰਾ: ਹਰਪਾਲ ਚੀਮਾ ਵੱਲੋਂ ‘ਫੂਡ ਪ੍ਰੋਸੈਸਿੰਗ ਕੰਪਲੈਕਸ’ ਦੇ ਉਦਘਾਟਨ ਦੌਰਾਨ ਪੀਏਯੂ ਨੂੰ 40 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ 4.37 ਕਰੋੜ ਰੁਪਏ ਦੀ ਲਾਗਤ ਨਾਲ ਖੰਨਾ ਵਿੱਚ ਸਿੱਖਿਆ ਦੇ ਖੇਤਰ ਵਿੱਚ ਕ੍ਰਾਂਤੀਕਾਰੀ ਬਦਲਾਅ