ਕੋਲੰਬੋ, 27 ਨਵੰਬਰ (ਪੋਸਟ ਬਿਊਰੋ): ਸ੍ਰੀਲੰਕਾ ਵਿੱਚ ਭਾਰੀ ਮੀਂਹ ਕਾਰਨ ਲੋਕਾਂ ਨੂੰ ਹੜ੍ਹਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੜ੍ਹ ਕਾਰਨ 4 ਲੋਕਾਂ ਦੀ ਮੌਤ ਹੋ ਗਈ ਹੈ। ਇਸ ਤੋਂ ਇਲਾਵਾ ਕਈ ਲਾਪਤਾ ਹਨ। ਮਰਨ ਵਾਲਿਆਂ ਵਿੱਚ ਦੋ ਬੱਚੇ ਵੀ ਸ਼ਾਮਿਲ ਹਨ। 2 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ।
ਸਮਾਚਾਰ ਏਜੰਸੀ ਪੀਟੀਆਈ ਮੁਤਾਬਕ ਭਾਰੀ ਮੀਂਹ ਅਤੇ ਤੇਜ਼ ਹਵਾ ਕਾਰਨ ਕੋਲੰਬੋ ਹਵਾਈ ਅੱਡੇ 'ਤੇ ਉਤਰਨ ਵਾਲੀਆਂ 6 ਉਡਾਨਾਂ ਨੂੰ ਮੋੜਨਾ ਪਿਆ। ਬੰਗਾਲ ਦੀ ਖਾੜੀ 'ਚ ਬਣੇ ਸਿਸਟਮ ਕਾਰਨ ਸ੍ਰੀਲੰਕਾ 'ਚ ਭਾਰੀ ਮੀਂਹ ਪੈ ਰਿਹਾ ਹੈ। ਪਿਛਲੇ 24 ਘੰਟਿਆਂ ਵਿੱਚ 75 ਮਿਲੀਮੀਟਰ ਤੋਂ ਵੱਧ ਮੀਂਹ ਪਿਆ ਹੈ।
ਲਗਾਤਾਰ ਮੀਂਹ ਪੈਣ ਦੇ ਬਾਵਜੂਦ ਉੱਚ ਦਬਾਅ ਵਾਲਾ ਖੇਤਰ ਬਣਿਆ ਹੋਇਆ ਹੈ। ਨਾਲ ਹੀ ਦੇਸ਼ ਭਰ ਵਿੱਚ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਮੌਸਮ ਵਿਭਾਗ ਮੁਤਾਬਕ ਮੀਂਹ ਦਾ ਸਿਸਟਮ ਹੌਲੀ-ਹੌਲੀ ਉੱਤਰ-ਪੱਛਮ ਵੱਲ ਵਧ ਰਿਹਾ ਹੈ, ਜੋ ਭਵਿੱਖ ਵਿੱਚ ਚੱਕਰਵਾਤ ਵਿੱਚ ਬਦਲ ਸਕਦਾ ਹੈ।
ਸ੍ਰੀਲੰਕਾ ਸਰਕਾਰ ਨੇ ਹੜ੍ਹ ਦੀ ਸਥਿਤੀ ਨਾਲ ਨਜਿੱਠਣ ਅਤੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਣ ਲਈ ਸੈਨਾ ਅਤੇ ਜਲ ਸੈਨਾ ਨੂੰ ਤਾਇਨਾਤ ਕੀਤਾ ਹੈ। ਫੌਜ ਦੇ ਜਵਾਨ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਭੋਜਨ ਅਤੇ ਹੋਰ ਜ਼ਰੂਰੀ ਸਮਾਨ ਮੁਹੱਈਆ ਕਰਵਾ ਰਹੇ ਹਨ।
ਦੂਜੇ ਪਾਸੇ ਪੁਲਸ ਨੇ ਅਮਪਾਰਾ ਜਿ਼ਲੇ੍ਹ 'ਚ ਮੰਗਲਵਾਰ ਨੂੰ ਲਾਪਤਾ ਹੋਏ 6 'ਚੋਂ 2 ਵਿਦਿਆਰਥੀਆਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਹਨ। ਲਾਪਤਾ ਵਿਦਿਆਰਥੀਆਂ ਦੀ ਉਮਰ 12 ਤੋਂ 16 ਸਾਲ ਦਰਮਿਆਨ ਸੀ। ਜਿਸ ਟਰੈਕਟਰ-ਟਰਾਲੀ ਵਿੱਚ ਉਹ ਸਵਾਰ ਸਨ, ਉਹ ਹੜ੍ਹ ਦੇ ਪਾਣੀ ਵਿੱਚ ਰੁੜ੍ਹ ਗਏ। ਹਾਲਾਂਕਿ ਟਰੈਕਟਰ ਚਾਲਕ ਅਤੇ 5 ਹੋਰ ਵਿਦਿਆਰਥੀਆਂ ਨੂੰ ਮੌਕੇ ਤੋਂ ਬਚਾ ਲਿਆ ਗਿਆ। ਇਸ ਤੋਂ ਇਲਾਵਾ ਮੀਂਹ ਕਾਰਨ ਪਹਾੜੀ ਇਲਾਕਿਆਂ 'ਚ ਰੇਲ ਸੇਵਾ ਵੀ ਬੰਦ ਕਰ ਦਿੱਤੀ ਗਈ ਹੈ।