ਵਾਸਿ਼ੰਗਟਨ, 27 ਨਵੰਬਰ (ਪੋਸਟ ਬਿਊਰੋ): ਅਮਰੀਕਾ 'ਚ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੀ ਸਰਕਾਰ ਲਈ ਅਹਿਮ ਅਹੁਦਿਆਂ 'ਤੇ ਨਿਯੁਕਤੀ ਕਰ ਰਹੇ ਹਨ। ਭਾਰਤੀ ਮੂਲ ਦੇ ਕੁਝ ਲੋਕਾਂ ਨੂੰ ਵੀ ਇਸ ਵਿੱਚ ਥਾਂ ਮਿਲੀ ਹੈ। ਟਰੰਪ ਨੇ ਭਾਰਤੀ ਮੂਲ ਦੇ ਡਾਕਟਰ ਅਤੇ ਅਰਥ ਸ਼ਾਸਤਰੀ ਡਾਕਟਰ ਜੈ ਭੱਟਾਚਾਰੀਆ ਨੂੰ ਨੈਸ਼ਨਲ ਇੰਸਟੀਚਿਊਟ ਆਫ਼ ਹੈਲਥ (ਐੱਨਆਈਐੱਚ) ਦਾ ਡਾਇਰੈਕਟਰ ਨਿਯੁਕਤ ਕਰਨ ਦਾ ਫੈਸਲਾ ਕੀਤਾ ਹੈ। ਜੈ ਭੱਟਾਚਾਰੀਆ ਦੇਸ਼ ਦੇ ਪ੍ਰਮੁੱਖ ਮੈਡੀਕਲ ਖੋਜ ਸੰਸਥਾਨ ਦੀ ਜਿ਼ੰਮੇਵਾਰੀ ਸੰਭਾਲਣਗੇ।
ਐੱਨਆਈਐੱਚ ਦੇ ਨਿਰਦੇਸ਼ਕ ਵਜੋਂ, ਭੱਟਾਚਾਰੀਆ 27 ਸੰਸਥਾਵਾਂ ਦੀ ਨਿਗਰਾਨੀ ਕਰਨਗੇ। ਇਹ ਸੰਸਥਾਵਾਂ ਟੀਕੇ ਤਿਆਰ ਕਰਨ ਅਤੇ ਮਹਾਂਮਾਰੀ ਲਈ ਨਵੀਆਂ ਦਵਾਈਆਂ ਵਿਕਸਿਤ ਕਰਨ ਦਾ ਕੰਮ ਕਰਦੀਆਂ ਹਨ।
ਭੱਟਾਚਾਰੀਆ ਨੇ ਐਕਸ 'ਤੇ ਪੋਸਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਭੱਟਾਚਾਰੀਆ ਨੇ ਕਿਹਾ-
ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਡਾਇਰੈਕਟਰ ਚੁਣੇ ਜਾਣ 'ਤੇ ਮੈਨੂੰ ਮਾਣ ਹੈ। ਅਸੀਂ ਅਮਰੀਕਾ ਦੀਆਂ ਵਿਗਿਆਨਕ ਸੰਸਥਾਵਾਂ ਨੂੰ ਸੁਧਾਰਾਂਗੇ ਤਾਂ ਜੋ ਉਨ੍ਹਾਂ 'ਤੇ ਦੁਬਾਰਾ ਭਰੋਸਾ ਕੀਤਾ ਜਾ ਸਕੇ ਅਤੇ ਅਮਰੀਕਾ ਨੂੰ ਦੁਬਾਰਾ ਸਿਹਤਮੰਦ ਬਣਾਉਣ ਲਈ ਵਿਗਿਆਨ ਦੀ ਬਿਹਤਰ ਵਰਤੋਂ ਕਰਾਂਗੇ।